ਗੁਰੂ ਅਮਰਦਾਸ ਜੀ Guru Amardas ji

ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ l ਆਪ ਜੀ ਦਾ ਜਨਮ 1479 ਈ: ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅਮ੍ਰਿਤਸਰ ਪਿਤਾ ਤੇਜਭਾਨ ਤੇ ਮਾਤਾ ਲੱਖੋ ਜੀ ਦੇ ਗ੍ਰਹਿ ਵਿਖੇ ਭੋਲਾ ਘਰਾਣੇ 'ਚ ਹੋਇਆl ਆਪ ਜੀ ਦੇ ਧਰਮ-ਪਤਨੀ ਮਾਤਾ ਮਨਸਾ ਦੇਵੀ ਜੀ ਸਨ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ l

ਆਪ ਜੀ ਨੂੰ 1552 ਈ: ਵਿੱਚ ਗੁਰਗੱਦੀ ਪ੍ਰਾਪਤ ਹੋਈ l ਆਪਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੋਕਾ ਕੰਮ ਕੀਤੇ ਜਿਵੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ , ਲੰਗਰ ਪ੍ਰਥਾ ਦਾ ਵਿਸਥਾਰ ਆਦਿ l ਆਪ ਜੀ ਨੇ ਜਾਤੀ - ਪ੍ਰਥਾ, ਛੂਤ - ਛਾਤ , ਪਰਦੇ ਦਾ ਰਿਵਾਜ ਅਤੇ ਜਾਤੀ- ਪ੍ਰਥਾ ਜਿਹੀਆਂ ਕੁਰੀਤੀਆਂ ਦਾ ਸੁਧਾਰ ਕੀਤਾ l

ਆਪ ਜੀ ਦੀਆਂ ਪ੍ਰਮੁੱਖ ਬਾਣੀਆਂ: ਅਨੰਦ ਸਾਹਿਬ ,ਪੱਟੀ ਅਤੇ ਚਾਰ ਵਾਰਾਂ ਹਨ l ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁੱਲ 31 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਰਚੀl ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ-ਭਾਵ ਤੇ ਭਰਮ-ਕਰਮਾਂ ਦਾ ਨਿਵਾਰਨ ਹੈ l ਆਪ ਜੀ 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ-ਜੋਤ ਸਮਾਂ ਗਏ l

ਏ ਸਰੀਰਾ ਮੇਰਿਆ

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ {ਪੰਨਾ 922}

ਪਦਅਰਥ: ਕਿਆ ਕਰਮ—ਕੇਹੜੇ ਕੰਮ? ਹੋਰ ਹੋਰ ਕੰਮ ਹੀ । ਜਿਨਿ ਹਰਿ—ਜਿਸ ਹਰੀ ਨੇ । ਤੇਰਾ ਰਚਨੁ ਰਚਿਆ—ਤੈਨੂੰ ਪੈਦਾ ਕੀਤਾ । ਮਨਿ—ਮਨ ਵਿਚ । ਮੰਨਿ—ਮਨ ਵਿਚ । ਜਿਨਿ—ਜਿਸ ਮਨੁੱਖ ਨੇ । ਪਰਵਾਣੁ—ਕਬੂਲ, ਸਫਲ ।

ਅਰਥ: ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ । ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ ਪ੍ਰਭੂ-ਸਿਮਰਨ ਤੋਂ ਬਿਨਾ ਹੋਰ ਹੋਰ ਕੰਮ ਹੀ ਕਰਦਾ ਰਿਹਾ । ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ ।

ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ? ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ, ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ।

ਨਾਨਕ ਆਖਦਾ ਹੈ—ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, ਉਸ ਦਾ ਇਹ ਸਰੀਰ ਸਫਲ ਹੋ ਜਾਂਦਾ ਹੈ, ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਉਸਨੂੰ ਬਣਾਇਆ ਗਿਆ।

ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਮੁੜ ਮੁੜ ਉਹੋ ਜਿਸੇ ਕਰਮ ਹੀ ਕਰਦਾ ਰਹਿੰਦਾ ਹੈ । ਪਰਮਾਤਮਾ ਦਾ ਨਾਮ ਸਿਮਰਨ ਵਾਲੇ ਪਾਸੇ ਆਪਣੇ ਆਪ ਪਰਤ ਨਹੀਂ ਸਕਦਾ । ਫਿਰ ਆਤਮਕ ਆਨੰਦ ਕਿਥੋਂ ਮਿਲੇ? ਚੰਗੇ ਭਾਗਾਂ ਨਾਲ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਦੀ ਜ਼ਿੰਦਗੀ ਕਾਮਯਾਬ ਹੁੰਦੀ ਹੈ ।

ਏ ਮਨ ਪਿਆਰਿਆ

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥

ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥

ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥ {ਪੰਨਾ 918}

ਪਦਅਰਥ: ਸਮਾਲੇ—ਸਮਾਲਿ, ਚੇਤੇ ਰੱਖ । ਜਿ—ਜੇਹੜਾ । ਮੂਲੇ ਨ—ਬਿਲਕੁਲ ਨਹੀਂ । ਕੀਚੈ—ਕਰਨਾ ਚਾਹੀਦਾ । ਜਿਤੁ—ਜਿਸ ਕਰਕੇ । ਅੰਤਿ—ਅੰਤ ਵੇਲੇ, ਆਖ਼ਰ ਨੂੰ ।

ਅਰਥ: ਹੇ ਪਿਆਰੇ ਮਨ! ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ ਸਦਾ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ! ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ ।

ਹੇ ਭਾਈ! ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ ।

ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ ।

ਹੇ ਭਾਈ! ਸਤਿਗੁਰੂ ਦੀ ਸਿੱਖਿਆ ਗਹੁ ਨਾਲ ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ ।

ਨਾਨਕ ਆਖਦਾ ਹੈ—ਹੇ ਪਿਆਰੇ ਮਨ! ਜੇ ਤੂੰ ਆਨੰਦ ਲੋੜਦਾ ਹੈਂ ਤਾਂ ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖ ।੧੧।

ਭਾਵ: ਸਦਾ ਦੇ ਆਤਮਕ ਆਨੰਦ ਦੀ ਪ੍ਰਾਪਤੀ ਦਾ ਇਕੋ ਇਕ ਤਰੀਕਾ ਹੈ ਕਿ ਮਨੁੱਖ ਦੁਨੀਆ ਵਾਲੇ ਮੋਹ ਵਿਚ ਫਸੇ ਰਹਿਣ ਦੀ ਥਾਂ ਆਪਣੇ ਮਨ ਵਿਚ ਪਰਮਾਤਮਾ ਦੀ ਯਾਦ ਵਸਾਈ ਰੱਖੇ । ਬੱਸ! ਇਹੀ ਹੈ ਗੁਰੂ ਦੀ ਸਿੱਖਿਆ ਜੋ ਕਦੇ ਭੁਲਾਣੀ ਨਹੀਂ ਚਾਹੀਦੀ।