ਸਾਡੇ ਸਕੂਲ ਅਤੇ ਘਰ ਬੱਚਿਆਂ ਨੂੰ ਜੇਲ੍ਹਾਂ ਕਿਉਂ ਲੱਗਣ ਲੱਗ ਪੈਂਦੇ ਹਨ?

ਪ੍ਰਿੰਸੀਪਲ ਵਿਜੈ ਕੁਮਾਰ

ਸਾਡੇ ਦੇਸ਼ ਦੀਆਂ ਖਾਮੀਆਂ ਭਰਪੂਰ ਸਿੱਖਿਆ ਨੀਤੀਆਂ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਾਡੀ ਸਿੱਖਿਆ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਿੱਖਿਆ ਦੇ ਉਦੇਸ਼ ਕੇਵਲ ਡਾਕਟਰ,ਇੰਜੀਨੀਅਰ,ਆਈ ਏ ਐਸ, ਆਈ ਪੀ ਐਸ, ਪੀ ਸੀ ਐਸ, ਜੱਜ, ਨਾਮੀ ਵਕੀਲ, ਵਿਗਿਆਨਕ ਅਤੇ ਹੋਰ ਉੱਚ ਅਧਿਕਾਰੀ ਬਣਨ ਬ ਣਾਉਣ ਤੱਕ ਮਹਿਦੂਦ ਕਰਕੇ ਰੱਖ ਦਿੱਤਾ ਹੈ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ `ਚ ਇਸ ਉਦੇਸ਼ ਨੂੰ ਪੂਰਾ ਕਰਨ ਲਈ ਅੰਨੀ ਦੌੜ ਲੱਗੀ ਹੋਈ ਹੈ। ਬੱਚੇ ਕੀ ਬਣਨਾ ਚਾਹੁੰਦੇ ਹਨ ਤੇ ਕੀ ਨਹੀਂ, ਉਨ੍ਹਾਂ ਦੀ ਇਹ ਇੱਛਾ,ਪਸੰਦ ਨਾ ਪਸੰਦ ਤੇ ਉਨ੍ਹਾਂ ਦਾ ਇਹ ਅਧਿਕਾਰ ਉਨ੍ਹਾਂ ਦੀ ਸਕੂਲੀ ਪੜ੍ਹਾਈ ਸ਼ੁਰੂ ਹੁੰਦਿਆਂ ਸਾਰ ਹੀ ਖੋਹ ਲਿਆ ਜਾਂਦਾ ਹੈ। ਸਾਡੇ ਦੇਸ਼ `ਚ ਬੱਚਾ ਉਹ ਨਹੀਂ ਬਣਦਾ ਜੋ ਉਸਦੀ ਇੱਛਾ ਹੁੰਦੀ ਹੈ ਸਗੋਂ ਉਹ ਬਣਦਾ ਹੈ ਜੋ ਉਸਦੇ ਮਾਪੇ ਚਾਹੁੰਦੇ ਹੁੰਦੇ ਹਨ। ਬੱਚਿਆਂ ਉੱਪਰ ਉਨ੍ਹਾਂ ਦੇ ਮਾਪਿਆਂ ਵਲੋਂ ਆਪਣੀਆਂ ਇੱਛਾਵਾਂ ਥੋਪੀਆਂ ਜਾਂਦੀਆਂ ਹਨ। ਪ੍ਰੀ ਨਰਸਰੀ ਤੋਂ ਹੀ ਉਸਨੂੰ ਤੋਤੇ ਵਾਂਗ ਰਟਾਇਆ ਜਾਂਦਾ ਹੈ ਕਿ ਉਸਨੇ ਕੀ ਬਣਨਾ ਹੈ। ਬੱਚੇ ਸਕੂਲ ਜਾਣ ਦੇ ਦਿਨਾਂ ਤੋਂ ਹੀ ਆਪਣੇ ਮਾਪਿਆਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਜਾਂਦੇ ਹਨ। ਉਨ੍ਹਾਂ ਦਾ ਹਾਸਾ, ਅਜ਼ਾਦੀ, ਕਿਲਕਾਰੀਆਂ, ਖੇਡਣਾ ਅਤੇ ਮੋਜਮਸਤੀ ਸਭ ਕੁੱਝ ਖੋਹ ਲਏ ਜਾਂਦੇ ਹਨ। 

ਉਨ੍ਹਾਂ ਨੂੰ ਮਦਾਰੀ ਦੇ ਬਾਂਦਰ ਵਾਂਗ ਨਚਾਇਆ ਜਾਂਦਾ ਹੈ। ਘਰ ਆਏ ਮਹਿਮਾਨਾ ਸਾਹਮਣੇ ਤੇ ਕਿਸੇ ਦੇ ਘਰ ਮਹਿਮਾਨ ਬਣਕੇ ਜਾਣ ਤੇ ਬੱਚਿਆਂ ਤੋਂ ਜ਼ਬਰਦਸਤੀ ਕਹਾਕੇ ਕਿ ਉਸਨੇ ਕੀ ਬਣਨਾ ਹੈ, ਮਾਪੇ ਬਹੁਤ ਖੁਸ਼ ਹੁੰਦੇ ਹਨ। ਪਰ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸੋਚਣਾ ਚਾਹੀ ਦਾ ਹੈ ਕਿ ਅਜਿਹਾ ਕਰਨ ਨਾਲ ਬੱਚੇ ਮਨੋਵਿਗਿਆਨਕ ਦਬਾਅ`ਚ ਆ ਜਾਂਦੇ ਹਨ। ਬੱਚਿਆਂ ਦੇ ਮਾਪੇ ਉਨ੍ਹਾਂ ਲਈ ਨਰਸਰੀ ਤੋਂ ਹੀ ਅਜਿਹੇ ਸਕੂਲ ਦੀ ਚੋਣ ਕਰਨ ਦਾ ਯਤਨ ਕਰਦੇ ਹਨ, ਜਿਸ ਵਿੱਚ ਅੰਗਰੇਜੀ ਮਾਧਿਅਮ ਚ ਬੜੀਆਂ ਔਖੀਆਂ ਬਹੁਤ ਸਾਰੀਆਂ ਪੁਸਤਕਾਂ ਲੱਗੀਆਂ ਹੋਣ। ਐਨਾ ਬੋਝ ਬੱਚੇ ਦਾ ਨਹੀਂ ਹੁੰਦਾ ਜਿੰਨਾ ਉਸਦੇ ਬਸਤੇ ਦਾ ਹੁੰਦਾ ਹੈ। 

ਜਦੋਂ ਬੱਚਿਆਂ ਦਾ ਸੌਣ ਦਾ ਸਮਾਂ ਹੁੰਦਾ ਹੈ,ਉਦੋਂ ਉਨ੍ਹਾਂ ਨੂੰ ਬੱਸਾਂ`ਚ ਬਿਠਾ ਦਿੱਤਾ ਜਾਂਦਾ ਹੈ। ਬੱਚੇ ਸੌਣਾ ਚਾਹੁੰਦੇ ਹੁੰਦੇ ਹਨ ਪਰ ਉਨ੍ਹਾਂ ਨੂੰ ਜ਼ਬਰਦਸਤੀ ਸਕੂਲ ਭੇਜਿਆ ਜਾਂਦਾ ਹੈ। ਬੱਚੇ ਰੋਂਦੇ ਹੋਏ ਸਕੂਲਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸਾਰਾ ਦਿਨ ਬੱਸਾਂ ਵਿਚ ਘੁੰਮਦਿਆਂ ਨਿਕਲ ਜਾਂਦਾ ਹੈ। ਸਕੂਲੋਂ ਆਉਂਦਿਆਂ ਹੀ ਉਹ ਟਿਊਸ਼ਨਾਂ ਤੇ ਹੋਮ ਵਰਕ ਦੇ ਮਕੜਜਾਲ `ਚ ਫਸ ਜਾਂਦੇ ਹਨ। ਟਿਉਸ਼ਨ ਤੋਂ ਆਕੇ ਸਕੂਲ ਟੈਸਟ ਯਾਦ ਕਰਾਉਣੇ ਸ਼ੁਰੂ ਹੋ ਜਾਂਦੇ ਹਨ। ਬੱਚੇ ਖੇਡਣਾ, ਖੁੱਲਾ ਘੁੰਮਣਾ, ਮਨੋਰੰ ਜਨ ਕਰਨਾ ਚਾਹੁੰਦੇ ਹੁੰਦੇ ਹਨ ਪਰ ਉਨ੍ਹਾਂ ਤੋਂ ਇਹ ਸਾਰਾ ਕੁੱਝ ਖੋਹਕੇ ਉਨ੍ਹਾਂ ਉੱਤੇ ਉਹ ਥੋਪਿਆ ਜਾਂਦਾ ਹੈ ਜੋ ਕੁੱਝ ਉਹ ਨਹੀਂ ਚਾਹੁੰਦੇ ਹੁੰਦੇ। ਸਕੂਲ ਤੋਂ ਆਉਣ ਤੋਂ ਬਾਅਦ ਬੱਚੇ ਨੂੰ ਮਾਪੇ ਇਹ ਨਹੀਂ ਪੁੱਛਦੇ ਕਿ ਉਸਨੇ ਖਾਣਾ ਖਾਧਾ ਕਿ ਨਹੀਂ, ਉਸਦੀ ਸਿਹਤ ਕਿਵੇਂ ਹੈ ? ਉਸਦੀ ਸਕੂਲ ਦੀ ਵਰਦੀ ਵੀ ਨਹੀਂ ਖੋਲੀ ਜਾਂਦੀ ਬਲਕਿ ਉਸ ਦੀਆਂ ਸਾਰੀਆਂ ਕਿਤਾਬਾਂ ਕਾਪੀਆਂ ਫੋਲਕੇ ਉਸ ਨੂੰ ਛੱਤੀ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਬੱਚੇ ਦੇ ਕਿਸੇ ਟੈਸਟ `ਚੋਂ ਅੰਕ ਘੱ ਟ ਆਉਣ ਤੇ ਕਿਸੇ ਵਿਸ਼ੇ ਦਾ ਕੰਮ ਠੀਕ ਢੰਗ ਨਾਲ ਨਾ ਕਰਨ ਤੇ ਬੱਚੇ ਨੂੰ ਡਾਂਟਿਆ ਜਾਂਦਾ ਹੈ। ਬਹੁਤ ਸਾਰੇ ਵਿਸ਼ੇ, ਔਖੀਆਂ ਪੁਸਤਕਾਂ, ਹੋਮ ਵਰਕ ਦਾ ਬੋਝ, ਸਕੂਲਾਂ ਦਾ ਜਿਆਦਾ ਸਮਾਂ , ਸਕੂਲਾਂ  ਦਾ ਸਖ਼ਤ ਅਨੁਸ਼ਾਸ਼ਨ ਤੇ ਸਕੂਲਾਂ ਦੇ ਬਹੁਤ ਸਾਰੇ ਟੈਸਟ ਇਸ ਸਾਰੇ ਤਾਣੇ ਬਾਣੇ ਨੇ ਬੱ ਚਿਆਂ ਨੂੰ ਮਾਨਸਿਕ ਦਬਾਅ ਵਿਚ ਲੈ ਆਉਂਦਾ ਹੈ। ਉਹ ਮਨੋਵਿਗਿਆਨਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦਾ ਬੌਧਿਕ ਵਿਕਾਸ ਤਾਂ  ਜ਼ਰੂਰ ਹੋਇਆ ਹੈ ਪਰ ਸ਼ਰੀਰਕ ਤੇ ਮਾ ਨਸਿਕ ਵਿਕਾਸ ਪਖੋਂ ਉਹ ਪਛੜ ਰਹੇ ਹਨ। ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਐਨਕ ਲੱਗ ਜਾਂਦੀ ਹੈ। ਸਕੂਲ ਅਤੇ ਘਰ ਉਨ੍ਹਾਂ ਨੂੰ ਜੇਲ੍ਹ ਲੱਗਣ ਲੱਗ ਜਾਂਦੇ ਹਨ। ਉਹ ਸਕੂਲ ਜਾਂਦੇ ਤਾਂ ਹਨ ਪਰ ਮਜ਼ਬੂਰੀ ਵਸ। ਘਰ ਆਕੇ ਉਨ੍ਹਾਂ ਦਾ ਮਨ ਖੇਡਣ ਅਤੇ ਮਨੋਰੰਜਨ ਕਰਨ ਲਈ ਕਰਦਾ ਹੈ ਪਰ ਉਨ੍ਹਾਂ ਨੂੰ ਜ਼ਬਬਰਦਸਤੀ ਟਿਉਸ਼ਨ ਲਈ ਭੇਜ ਦਿੱਤਾ ਜਾਂਦਾ ਹੈ। ਟਿਊਸ਼ਨਾਂ ਪੜ੍ਹਕੇ ਟੈਸ  ਤਿਆਰ ਕਰਕੇ ਉਹ ਥੱਕ ਟੁੱਟਕੇ ਸੋਂ ਜਾਂਦੇ ਹਨ। ਸਕੂਲ ਤੋਂ ਚੱਲਣ ਲੱਗਿਆਂ ਉਨ੍ਹਾਂ ਨੂੰ ਇਹ ਨਹੀਂ ਲੱਗਦਾ ਕਿ ਉਹ ਘਰ ਜਾ ਰਹੇ ਹਨ ਸਗੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇੱਕ ਜੇਲ੍ਹ ਛੱਡਕੇ ਦੂਜੀ ਜੇਲ੍ਹ `ਚ ਰਾਤ ਕੱਟਣ ਲਈ ਜਾ ਰਹੇ ਹਨ ਤੇ ਸਵੇਰੇ ਮੁੜ ਇਸੇ ਜੇਲ੍ਹ ਨੂੰ ਆਉਣਾ ਹੈ। 

ਜਿਵੇਂ ਜਿਵੇਂ ਬੱਚਿਆਂ ਦੀਆਂ ਜਮਾਤਾਂ ਵੱਧਦੀਆਂ ਜਾਂਦੀਆਂ ਹਨ। ਉਨ੍ਹਾਂ ਤੇ ਪੜ੍ਹਾਈ ਦਾ ਬੋਝ ਵੱਧਦਾ ਜਾਂਦਾ ਹੈ। ਪਾਠਕ੍ਰਮ, ਵਿਸ਼ਿਆਂ, ਪੜ੍ਹਾਈ ਤੇ ਟਿਊਸ਼ਨਾਂ ਦਾ ਦਬਾਅ ਹੋਰ ਵੱਧਦਾ ਜਾਂਦਾ ਹੈ। ਬੱਚਿਆਂ ਲਈ ਉਸ ਬੋਰਡ ਦੀ ਚੋਣ ਕੀਤੀ ਜਾਂਦੀ ਹੈ ਜਿੱਥੇ ਵੱਧ ਤੋਂ ਵੱਧ ਵਿਸ਼ੇ ਹੋਣ ਤੇ ਔਖੀ ਤੋਂ ਔਖੀ ਪੜ੍ਹਾਈ ਹੋਵੇ। ਬੱਚਿਆਂ ਲਈ ਅਜਿਹੇ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ ਜਿਨ੍ਹਾ ਵਿਚ ਬੱਚਿਆਂ ਨੂੰ ਜ਼ਰਾ ਵੀ ਫੁਰਸਤ ਨਾ ਹੋਵੇ। ਉਨ੍ਹਾਂ ਉੱਤੇ ਪੂਰੀ ਸਖ਼ਤੀ ਹੋਵੇ। ਬੱਚੇ ਸਕੂਲਾਂ ਤੇ ਘਰਾਂ ਦੇ ਸਖ਼ਤੀ ਭਰੇ ਮਾਹੌਲ ਵਿੱਚ ਘੁਟਣ ਮਹਿਸੂਸ ਕਰਨ ਲੱਗ ਪੈਂਦੇ ਹਨ। ਉਹ ਛੁੱਟੀ ਤੋਂ ਬਾਅਦ ਸਕੂਲ ਤੋਂ ਬਾਹਰ ਇੰਜ ਦੌੜਦੇ ਹਨ ਜਿਵੇਂ ਉਨ੍ਹਾਂ ਨੂੰ ਕਿਸੇ ਜੇਲ੍ਹ ਤੋਂ ਅਜ਼ਾਦੀ ਮਿਲੀ ਹੋਵੇ। ਬੱਚੇ ਸਕੂਲਾਂ ਨੂੰ ਚਾਈਂ ਚਾਈਂ ਨਹੀਂ ਸਗੋਂ ਆਪਣੇ ਮਨਾਂ ਤੇ ਬੋਝ ਲੈਕੇ ਜਾਂਦੇ ਹਨ। ਸਕੂਲਾਂ ਦੀ ਪ੍ਰਾਰਥਨਾ ਸਭਾ ਤੋਂ ਲੈਕੇ ਛੁੱਟੀ ਹੋਣ ਤੱਕ ਦੇ ਸਮੇਂ ਦੇ ਸਖ਼ਤ ਮਹੌਲ`ਚ ਰਹਿੰਦਿਆਂ ਬੱਚੇ ਛੁੱਟੀ ਦੀ ਘੰਟੀ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੇ ਹਨ। ਬੇਹਤਰ ਨਤੀਜੇ ਵਿਖਾਕੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਬੱਚਿਆਂ ਦੇ ਪੀਰੀਅਡਾਂ ਲਗਾਏ ਜਾਂਦੇ ਹਨ। ਸਿਲੇਬਸ ਖਤਮ ਕੀਤੇ ਜਾਂਦੇ ਹਨ ਬੱਚਿਆਂ ਨੂੰ ਮੈਰਿਟਾਂ ਅਤੇ ਵੱਧ ਤੋਂ ਵੱਧ ਅੰਕ ਦਿਵਾਉਣ ਲਈ ਪ੍ਰੀਖਿਆਵਾਂ ਦੀ ਤਿਆਰੀ ਇਸ

ਢੰਗ ਨਾਲ ਕਰਾਈ ਜਾਂਦੀ ਹੈ ਕਿ ਬੱਚੇ ਪੜ੍ਹਾਈ ਦੇ ਬੋਝ ਥੱਲੇ ਦਬਕੇ ਰਹਿ ਜਾਂਦੇ ਹਨ। ਚੰਗੀ ਮੱਧਵਰਗੀ ਆਮਦਨ ਵਾਲੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਨੌਵੀਂ ਦਸਵੀਂ ਜਮਾਤ ਤੋਂ ਹੀ ਵੱਡੇ ਸ਼ਹਿਰਾਂ ਦੇ ਕੋਚਿੰਗ ਸੈਂਟਰਾਂ ਦੇ ਚੱਕਰ ਵਿੱਚ ਪਾ ਦਿੰਦੇ ਹਨ। ਘੱਟ ਆਮਦਨ ਵਾਲੇ ਮਾਪੇ ਅਮੀਰ ਮਾਪਿਆਂ ਦੇ ਰੀਸੋ ਰੀਸੀ ਆਪਣੀ ਪਹੁੰਚ ਵਾਲੇ ਕੋਚਿੰਗ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਕੋਚਿੰਗ ਦਵਾਉਣਾ ਸ਼ੁਰੂ ਕਰ ਦਿੰਦੇ ਹਨ। ਸਕੂਲਾਂ ਦੀ ਪੜ੍ਹਾਈ,ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਤੇ ਕੋਚਿੰਗ ਸੈਂਟਰਾਂ ਦੀ ਕੋਚਿੰਗ ਵਿੱਚ ਬੱਚੇ ਅਜਿਹੀ ਬੁਰੀ ਤਰ੍ਹਾਂ ਫਸਦੇ ਹਨ ਕਿ ਉਨ੍ਹਾਂ ਨੂੰ ਜਿੰਦਗੀ ਅਤੇ ਪੜ੍ਹਾਈ ਬੋਝ ਲੱਗਣ ਲੱਗ ਪੈਂਦੀ ਹੈ। ਘੱਟ ਤੇ ਔਸਤ ਬੌਧਿਕ ਯੋਗਤਾ ਵਾਲੇ ਬੱਚੇ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਜ਼ਬਰਦਸਤੀ ਕੋਚਿੰਗ ਸੈਂਟਰਾਂ ਤੋਂ ਕੋਚਿੰਗ ਲੈਣ ਲਈ ਮਜ਼ਬੂਰ ਕਰਦੇ ਹਨ, ਪੜ੍ਹਾਈ ਦੇ ਦਬਾਅ ਨੂੰ ਨਾ ਝੱਲਦਿਆਂ ਆਤਮ ਹਤਿਆ, ਘਰ ਆਤੇ ਕੋਚਿੰਗ ਸੈਂਟਰ ਤੋਂ ਭੱਜਣ ਵਰਗਾ ਕਦਮ ਵੀ ਚੁੱਕ ਬੈਠਦੇ ਹਨ। ਜੇਕਰ ਬੱਚੇ ਕੋਚਿੰਗ ਲੈਣ ਦੇ ਬਾਵਜੂਦ ਦਾਖਲਾ ਟੈਸਟ ਪਾਸ ਨਾ ਕਰ ਪਾਉਣ ਤਾਂ ਬੱਚਿਆਂ ਦੇ ਮਨਾਂ ਉੱਤੇ ਹੋਰ ਦਬਾਅ ਵੱਧ ਜਾਂਦਾ ਹੈ। ਸਕੂਲਾਂ, ਘਰਾਂ, ਪੜ੍ਹਾਈ ਤੇ ਬੱਚਿਆਂ ਦੇ ਮਾਪਿਆਂ ਦੀਆਂ ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਦੇ ਕਾਰਨ ਬੱਚੇ ਘਰਾਂ ਤੋਂ ਭਜ ਜਾਂਦੇ ਹਨ। ਸਕੂਲਾਂ ਅਤੇ ਟਿਊਸ਼ਨਾਂ ਤੋਂ ਗੈਰਹਾਜ਼ਰ ਹੋਣ ਲੱਗ ਪੈਂਦੇ ਹਨ। ਮਾਪਿਆਂ ਅੱਗੇ ਸੋ ਤਰ੍ਹਾਂ ਦੇ ਝੂਠ ਬੋਲਣ ਲੱਗ ਪੈਂਦੇ ਹਨ ਤੇ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ। 

ਸਾਡੀਆਂ ਸਰਕਾਰਾਂ ਨੂੰ ਦੇਸ਼ ਦੀਆਂ ਸਿੱਖਿਆ ਨੀਤੀਆਂ ਵੱਲ ਬਣਦਾ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਉਤੋਂ ਪੜ੍ਹਾਈ ਦਾ ਵਾਧੂ ਬੋਝ ਘਟਣਾ ਚਾਹੀਦਾ ਹੈ। ਸਾਰੇ ਦੇਸ਼ ਦੇ ਬੋਰਡਾਂ ਦੇ ਸਿਲੇਬਸ ਤੇ ਪੜ੍ਹਾਈ ਇੱਕੋ ਜਿਹੇ ਹੋਣੇ ਚਾਹੀਦੇ ਹਨ। ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੀਆਂ ਕਿਤਾਬਾਂ, ਵਿਸ਼ੇ ਅਤੇ ਸਿਲੇਬਸ ਇੱਕੋ ਜਿਹੇ ਹੋਣੇ ਚਾਹੀਦੇ ਹਨ। ਪੱਛਮੀ ਦੇਸ਼ਾਂ ਵਾਂਗ ਮਿਡਲ ਪੱਧਰ ਤੱਕ ਘੱਟ ਤੋਂ ਘੱਟ ਵਿਸ਼ੇ ਤੇ ਪੜ੍ਹਾਈ ਦਾ ਬਹੁਤ ਘੱਟ ਬੋਝ ਹੋਣਾ ਚਾਹੀਦਾ ਹੈ। ਬੱਚਿਆਂ ਦੇ ਮਾ ਪਿਆਂ ਨੂੰ ਉਨ੍ਹਾਂ ਲਈ ਖੇਤਰ ਦੀ ਚੋਣ ਉਨ੍ਹਾਂ ਦੀ ਬੌਧਿਕ ਯੋਗਤਾ ਅਨੁਸਾਰ ਕਰਨੀ ਚਾਹੀਦੀ ਹੈ। ਸਕਲੀ ਪੜ੍ਹਾਈ ਦਾ ਪੱਧਰ ਇਨ੍ਹਾਂ ਮਿਆਰੀ ਹੋਵੇ ਕਿ ਬੱਚਿਆਂ ਨੂੰ ਕੋਚਿੰਗ ਦੀ ਲੋੜ ਹੀ ਨਾ ਪਵੇ। ਸਕੂਲਾਂ ਵਿਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਮਨੋਰੰਜਕ ਗਤੀਵਿਧੀਆਂ ਨੂੰ ਵੀ ਤਰਜੀਹ ਦਿੱਤੀ ਜਾਵੇ। ਸਕੂਲਾਂ ਤੇ ਘਰਾਂ ਦਾ ਮਾਹੌਲ ਐਨਾ ਸੁਖਾਵਾਂ ਬਣਾਇਆ ਜਾਵੇ ਕਿ ਉਹ ਬੱਚਿਆਂਨੂੰ ਜੇਲ੍ਹਾਂ ਨਾ ਲੱਗਣ।