Taazi Double Roti ਤਾਜ਼ੀ ਡਬਲ-ਰੋਟੀ 

ਤਾਜ਼ੀ ਡਬਲ-ਰੋਟੀ

- ਅਮਨਦੀਪ ਸਿੰਘ

ਪੰਜਾਬ ਦੀ ਇੱਕ ਸਵੇਰ - ਠੰਡੀ ਫ਼ੁਹਾਰ ਚੱਲ ਰਹੀ ਸੀ। ਅਜੇ ਪਹੁ ਨਹੀਂ ਫੁੱਟ ਰਹੀ ਸੀ। ਸੂਰਜ ਅਜੇ ਚੜ੍ਹਨ ਲਈ ਆਪਣੀ ਲਾਲੀ ਸਮੇਟ ਰਿਹਾ ਸੀ ! ਦੂਰ ਕਿਤੇ ਖੇਤਾਂ ਵਲ੍ਹੋਂ ਚਿੜੀਆਂ ਦੇ ਚੁੱਕਣ ਦੀ ਆਵਾਜ਼ ਆ ਰਹੀ ਸੀ, ਜੋ ਆਪਣੇ ਬੋਟਾਂ ਲਈ ਸ਼ਾਇਦ ਖਾਣ ਦਾ ਉਪਰਾਲਾ ਕਰਨ ਜਾ ਰਹੀਆਂ ਸਨ। ਗਲ਼ੀ ਦੇ ਵਿੱਚ ਇੱਕ ਫ਼ਕੀਰ ਪ੍ਰਮਾਤਮਾ ਦਾ ਨਾਮ ਜੱਪਦਾ ਹੋਇਆ, ਸ਼ਹਿਦ ਜਿਹੀ ਮਿੱਠੀ ਅਵਾਜ਼ ਨਾਲ਼ ਗਾਉਂਦਾ ਜਾ ਰਿਹਾ ਸੀ - ਉਹ ਕੁੱਝ ਮੰਗ ਨਹੀਂ ਰਿਹਾ ਸੀ - ਸਿਰਫ਼ ਤੇ ਸਿਰਫ਼ ਰੱਬ ਦਾ ਜੱਸ ਸੁਣਾ ਕੇ ਲੋਕਾਂ ਨੂੰ ਉਠਾ ਰਿਹਾ ਸੀ।

ਤੜਕੇ ਦੇ ਇਸ ਖੂਬਸੂਰਤ ਮਾਹੌਲ ਵਿੱਚ ਬਿੱਟੂ ਦੀ ਜਾਗ ਖੁੱਲ੍ਹ ਗਈ !

'ਮਾਤਾ ਜੀ, ਮੈਨੂੰ ਭੁੱਖ ਲੱਗੀ ਹੈ !'

ਮਾਤਾ ਜੀ ਨੇ ਅਜੇ ਚਾਟੀ ਵਿੱਚ ਮਧਾਣੀ ਪਾਈ ਹੀ ਸੀ, ਜਲਦੀ ਨਾਲ਼ ਉਨ੍ਹਾਂ ਨੇ ਅੱਧ-ਰਿੜਕਾ ਲਿਆ ਕਿ ਬਿੱਟੂ ਨੂੰ ਦੇ ਦਿੱਤਾ। ਅਣਮਨੇ ਜਿਹੇ ਢੰਗ ਨਾਲ਼ ਉਹ ਅੱਧ-ਰਿੜਕਾ ਪੀਣ ਲੱਗਿਆ। ਉਹ ਤਾਂ ਚਾਹ ਤੇ ਪੀਪੇ ਵਾਲ਼ੇ ਬਿਸਕੁਟ ਦੀ ਇੱਛਾ ਕਰ ਰਿਹਾ ਸੀ, ਜਾਂ ਫਿਰ ਤਾਜ਼ੀ ਡਬਲ-ਰੋਟੀ ਦੀ। ਪਰ ਉਸਨੂੰ ਅੱਧ-ਰਿੜਕਾ ਇੰਨਾ ਵੀ ਬੇਸੁਆਦਾ ਨਹੀਂ ਸੀ ਲਗਦਾ। ਮਾਤਾ ਜੀ ਕਹਿੰਦੇ ਸਨ ਕਿ ਅੱਧ-ਰਿੜਕਾ ਪੀਣ ਨਾਲ਼ ਚੰਗੀ ਸਿਹਤ ਬਣਦੀ ਹੈ। ਇਸ ਕਰਕੇ ਉਹ ਉਸਨੂੰ ਗਟਾ ਗਟ ਕਰਕੇ ਪੀ ਜਾਂਦਾ ਸੀ।

ਇੰਨੇ ਨੂੰ ਬਾਹਰ ਗਲ਼ੀ ਵਿੱਚ ਆਵਾਜ਼ ਆਈ - 'ਤਾਜ਼ੀ ਡਬਲ-ਰੋਟੀ ਲੈ ਲਓ !'

ਬਿੱਟੂ ਨੇ ਮਾਤਾ ਜੀ ਨੂੰ ਡਬਲ-ਰੋਟੀ ਲੈਣ ਲਈ ਪਿਆਰ ਨਾਲ਼ ਗ਼ੁਜ਼ਾਰਿਸ਼ ਕੀਤੀ। ਮਾਤਾ ਜੀ ਮੰਨ ਗਏ ਤੇ ਬਿੱਟੂ ਫਟਾ ਫਟ ਬਾਹਰ ਗਲ਼ੀ ਵਿੱਚ ਡਬਲ-ਰੋਟੀ ਲੈਣ ਲਈ ਚਲਾ ਗਿਆ। ਡਬਲ-ਰੋਟੀ ਵਾਲ਼ੇ ਭਾਈ ਨੇ ਸਾਇਕਲ ਦੇ ਪਿੱਛੇ ਇੱਕ ਲੱਕੜੀ ਦੇ ਬਕਸੇ ਵਿੱਚ ਡਬਲ-ਰੋਟੀਆਂ ਪਾਈਆਂ ਹੋਈਆਂ ਸਨ। ਇਹ ਨਵਾਂ ਭਾਈ ਸੀ ਤੇ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਬਿੱਟੂ ਨੂੰ ਪਹਿਲਾ ਭਾਈ ਚੰਗਾ ਲਗਦਾ ਸੀ ਜੋ ਬੜੇ ਪਿਆਰ ਨਾਲ਼ ਡਬਲ-ਰੋਟੀ ਦਿੰਦਾ ਸੀ। ਇਹ ਭਾਈ ਚੁੱਪ ਰਹਿੰਦਾ ਸੀ ਤੇ ਡਬਲ-ਰੋਟੀ ਦੇ ਹੌਕੇ ਤੋਂ ਇਲਾਵਾ ਹੋਰ ਗੱਲ ਨਹੀਂ ਕਰਦਾ ਸੀ। ਇਹ ਸ਼ਾਇਦ ਪਹਿਲੇ ਭਾਈ ਦਾ ਬੇਟਾ ਸੀ, ਪਰ ਬਿੱਟੂ ਉਸਨੂੰ ਇਹ ਗੱਲ ਪੁੱਛਣ ਦੀ ਹਿੰਮਤ ਨਹੀਂ ਕਰ ਸਕਦਾ ਸੀ। ਖ਼ੈਰ, ਬਿੱਟੂ ਆਪਣੇ ਲਈ ਡਬਲ-ਰੋਟੀ ਲੈ ਕੇ ਅੰਦਰ ਆ ਗਿਆ। ਇੰਨੇ ਨੂੰ ਮਾਤਾ ਜੀ ਨੇ ਚਾਹ ਵੀ ਬਣਾ ਲਈ ਸੀ, ਬਿੱਟੂ ਨੇ ਬੜੇ ਸੁਆਦ ਨਾਲ਼ ਡਬਲ-ਰੋਟੀ ਚਾਹ ਵਿੱਚ ਡੋਬ ਕੇ ਖਾਧੀ। ਇਸ ਤਰ੍ਹਾਂ ਡਬਲ-ਰੋਟੀ ਖਾਣੀ ਉਸਨੂੰ ਬੜੀ ਭਾਉਂਦੀ ਸੀ।

ਬਿੱਟੂ ਨੂੰ ਡਬਲ-ਰੋਟੀ ਵੇਚਣ ਵਾਲ਼ਾ ਭਾਈ ਅਜੀਬ ਤੇ ਸਖਤ ਜਿਹਾ ਲਗਦਾ ਸੀ। ਕਦੇ ਕਦੇ ਉਹ ਸ਼ਾਮ ਨੂੰ ਵੀ ਡਬਲ-ਰੋਟੀ ਵੇਚਣ ਆਉਂਦਾ ਸੀ, ਜਦੋਂ ਬਿੱਟੂ ਬਾਹਰ ਖੇਲ੍ਹਦਾ ਸੀ। ਪਰ ਉਹ ਕਦੇ ਕੁੱਝ ਨਹੀਂ ਬੋਲਦਾ ਸੀ, ਸਿਰਫ਼ ਆਪਣੇ ਕੰਮ ਨਾਲ਼ ਕੰਮ ਰੱਖਦਾ ਸੀ। ਬਿੱਟੂ ਵੀ ਉਸ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ। ਗੋਲ-ਗੱਪਿਆਂ ਤੇ ਕੁਲਫ਼ੀ ਵੇਚਣ ਵਾਲ਼ੇ ਭਾਈ ਬੜੇ ਪਿਆਰ ਨਾਲ਼ ਗੱਲਬਾਤ ਕਰਦੇ ਸਨ। ਬਿੱਟੂ ਸੋਚਦਾ ਸੀ ਕਿ ਉਹ ਸ਼ਾਇਦ ਅਧੇੜ ਉਮਰ ਦੇ ਸਨ ਇਸ ਕਰਕੇ ਉਹਨਾਂ ਨੂੰ ਗੱਲਬਾਤ ਕਰਨ ਦਾ ਪਤਾ ਸੀ, ਉਹਨਾਂ ਨੇ ਦੁਨੀਆਂ ਦੇਖੀ ਸੀ। ਪਰ ਡਬਲ-ਰੋਟੀ ਵਾਲ਼ਾ ਭਾਈ ਅਜੇ ਜਵਾਨ ਸੀ, ਤੇ ਨਵਾਂ ਨਵਾਂ ਸੀ, ਅਜੇ ਉਸਨੂੰ ਇੰਨਾ ਤਜਰਬਾ ਨਹੀਂ ਸੀ। ਪਰ ਉਸਨੂੰ ਲੋੜ ਵੀ ਕਿ ਸੀ ਕਿਸੇ ਨਾਲ਼ ਸਰ-ਖਪਾਈ ਕਰਨ ਦੀ। ਉਸਦੀਆਂ ਡਬਲ-ਰੋਟੀਆਂ ਤਾਂ ਬਿਕ ਹੀ ਰਹੀਆਂ ਸਨ। ਨਾਲ਼ੇ ਉਹ ਇੱਕ ਇੱਕਲਾ ਹੀ ਡਬਲ-ਰੋਟੀ ਵੇਚਣ ਆਉਂਦਾ ਸੀ।

ਕੁਲਫ਼ੀ ਵੇਚਣ ਵਾਲ਼ਾ ਭਾਈ ਐਨ ਉਹਨਾਂ ਦੇ ਘਰ ਅੱਗੇ ਭੋਂਪੂ ਵਜਾਕੇ ਹੋਕਾ ਦਿੰਦਾ ਸੀ - 'ਮਲਾਈ ਵਾਲ਼ੀ ਕੁਲਫ਼ੀ, ਲੈ ਲਓ !' ਭੋਂਪੂ ਦੀ ਆਵਾਜ਼ ਤੇ ਕੁਲਫ਼ੀ ਦਾ ਹੋਕਾ ਸੁਣ ਕੇ, ਬਿੱਟੂ ਫਟਾ ਫਟ ਮਾਤਾ ਜੀ ਤੋਂ ਪੈਸੇ ਲੈ ਕੇ ਬਾਹਰ ਨੂੰ ਦੌੜ ਜਾਂਦਾ ਸੀ। ਮਲਾਈ ਵਾਲ਼ੀ ਕੁਲਫ਼ੀ ਬਾਕਿਆ ਹੀ ਬੜੀ ਸੁਆਦ ਹੁੰਦੀ ਸੀ, ਜਿਸਨੂੰ ਖਾ ਕੇ ਰੂਹ ਖਿੜ ਜਾਂਦੀ ਸੀ ! ਪਰ ਉਸਦੇ ਦਾਦਾ ਜੀ ਕੁਲਫ਼ੀ ਵਾਲ਼ੇ ਨੂੰ ਗਾਲ੍ਹਾਂ ਕੱਢਦੇ ਸਨ ਤੇ ਆਖਦੇ ਸਨ ਕਿ ਉਹ ਸਾਡੇ ਘਰ ਕੋਲ਼ ਆ ਕੇ ਹੀ ਕਿਓਂ ਹੋਕਾ ਦਿੰਦਾ ਸੀ? ਉਹ ਦਾਦਾ ਜੀ ਦੀ ਗੱਲ ਅਣਸੁਣੀ ਕਰ ਦਿੰਦਾ ਸੀ। ਕੁਲਫ਼ੀ ਵਾਲ਼ੇ ਭਾਈ ਨਾਲ਼ ਉਹ ਕਾਫ਼ੀ ਗੱਲਾਂ ਕਰਦਾ ਸੀ, ਕਿਓਂਕਿ ਉਹ ਤਕਰੀਬਨ ਰੋਜ਼ ਹੀ ਆਉਂਦਾ ਸੀ। ਉਹ ਗਰਮੀਆਂ ਵਿੱਚ ਕੁਲਫ਼ੀ ਤੇ ਸਰਦੀਆਂ ਵਿੱਚ ਗੁੜ੍ਹ ਵੇਚਦਾ ਸੀ।

ਉਸਦੇ ਦਾਦਾ ਜੀ ਗੋਲ-ਗੱਪਿਆਂ ਵਾਲ਼ੇ ਭਾਈ ਨਾਲ਼ ਵੀ ਨਾਰਾਜ਼ ਰਹਿੰਦੇ ਸਨ, ਜਿਹੜਾ ਬਿੱਟੂ ਦੇ ਘਰ ਦੇ ਬਾਹਰ ਆ ਕੇ ਖੜ ਜਾਂਦਾ ਸੀ। ਉਹ ਕਹਿੰਦੇ ਸਨ ਕਿ ਕੁਲਫ਼ੀ ਤੇ ਗੋਲ਼-ਗੱਪੇ ਗਲ਼ਾ ਖਰਾਬ ਕਰਦੇ ਹਨ ! ਪਰ ਬਿੱਟੂ ਨੂੰ ਭਾਈ ਦੇ ਗੋਲ਼-ਗੱਪੇ ਬੜੇ ਸੁਆਦਲੇ ਲਗਦੇ ਸਨ - ਕੁਰਕੁਰੇ ਤੇ ਖੱਟੇ-ਮਿੱਠੇ ਪਾਣੀ ਵਾਲ਼ੇ ! ਗੋਲ-ਗੱਪਿਆਂ ਵਾਲ਼ੇ ਭਾਈ ਦਾ ਸੁਭਾਅ ਬਹੁਤ ਵਧੀਆ ਸੀ ਤੇ ਉਹ ਬਿੱਟੂ ਨੂੰ ਬੜੇ ਪਿਆਰ ਨਾਲ਼ ਬੁਲਾਉਂਦਾ ਸੀ ! ਉਸਦੇ ਖੱਟੇ-ਮਿੱਠੇ ਗੋਲ਼-ਗੱਪੇ ਮੂੰਹ ਵਿੱਚ ਪਾਣੀ ਲਿਆ ਦਿੰਦੇ ਸਨ।

ਬਿੱਟੂ ਹੁਣ ਸਾਇਕਲ ਚਲਾਉਣਾ ਸਿੱਖ ਰਿਹਾ ਸੀ। ਸਾਇਕਲ ਉਸਦੇ ਲਈ ਕਾਫ਼ੀ ਵੱਡਾ ਸੀ, ਇਸ ਕਰਕੇ ਉਹ ਕੈਂਚੀ ਤਰੀਕੇ ਨਾਲ਼ ਉਸਨੂੰ ਪੈਡਲ ਚਲਾ ਕੇ ਚਲਾਉਂਦਾ ਸੀ - ਜਿਸਦਾ ਮਤਲਬ ਇਹ ਸੀ ਕਿ ਉਹ ਸਾਇਕਲ ਦੀ ਕਾਠੀ ਦੇ ਉੱਪਰ ਨਹੀਂ ਸੀ ਬੈਠ ਸਕਦਾ, ਕਿਓਂਕਿ ਉਸਦੇ ਪੈਰ ਪੂਰੀ ਤਰ੍ਹਾਂ ਪੈਡਲਾਂ ਤੱਕ ਨਹੀਂ ਸਨ ਪੁੱਜਦੇ। ਸਗੋਂ ਉਹ ਸਾਇਕਲ ਦੇ ਡੰਡਿਆਂ ਦੇ ਵਿੱਚੋਂ ਦੀ ਪੈਡਲ ਮਾਰਦਾ ਸੀ, ਜਿਸ ਨਾਲ਼ ਸਾਇਕਲ ਚੱਲਦਾ ਸੀ, ਪਰ ਥੋੜਾ ਟੇਢਾ ਹੋ ਕੇ ਚੱਲਦਾ ਸੀ, ਤੇ ਅਕਸਰ ਸਾਇਕਲ ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਸੀ ਤੇ ਕਦੇ ਕਦੇ ਉਹ ਸਾਇਕਲ ਤੋਂ ਡਿਗ ਵੀ ਪੈਂਦਾ ਸੀ! ਪਰ ਇਹ ਸਭ ਕੁੱਝ ਸਾਇਕਲ ਸਿੱਖਣ ਦੇ ਤਰੀਕੇ ਸਨ, ਤੇ ਉਦੋਂ ਤੱਕ ਉਸਨੂੰ ਇਹਨਾਂ ਦਾ ਅਭਿਆਸ ਕਰਦੇ ਰਹਿਣਾ ਸੀ ਜਦ ਤੱਕ ਉਹ ਪੂਰੀ ਤਰ੍ਹਾਂ ਸਾਇਕਲ ਸਿੱਖ ਨਹੀਂ ਲੈਂਦਾ। ਉਸ ਕੋਲ਼ ਛੋਟਾ ਸਾਇਕਲ ਨਹੀਂ ਸੀ, ਤੇ ਉਸਨੂੰ ਇਹ ਵੱਡਾ ਸਾਈਕਲ ਹੀ ਸਿੱਖਣਾ ਪੈਣਾ ਸੀ !

ਇੱਕ ਸ਼ਾਮ ਦੀ ਗੱਲ ਹੈ, ਜਦੋਂ ਉਹ ਟੇਢਾ-ਮੇਢਾ ਸਾਇਕਲ ਚਲਾਉਂਦਾ ਹੋਇਆ ਮੁੱਖ-ਸੜਕ ਤੇ ਥੋੜਾ ਦੂਰ ਨਿੱਕਲ ਗਿਆ ਤੇ ਉੱਥੇ ਪਹੁੰਚ ਗਿਆ ਜਿੱਥੇ ਇੱਕ ਅੰਨ੍ਹਾ ਮੋੜ ਸੀ। ਉਹ ਨਹੀਂ ਸੀ ਵੇਖ ਸਕਦਾ ਕਿ ਅੱਗਿਓਂ ਕੀ ਆ ਰਿਹਾ ਹੈ। ਇੰਨੇ ਨੂੰ ਅਚਾਨਕ ਹੀ ਉਸਨੂੰ ਤਾਜ਼ੀ-ਡਬਲਰੋਟੀ ਵੇਚਣ ਵਾਲ਼ਾ ਭਾਈ ਸਾਇਕਲ ਤੇ ਸਾਹਮਣੇ ਆਉਂਦਾ ਹੋਇਆਦਿਖਿਆ। ਕਦੇ ਕਦੇ ਉਹ ਸ਼ਾਮ ਵੇਲ਼ੇ ਵੀ ਤਾਜ਼ੀ-ਡਬਲਰੋਟੀ ਵੇਚਦਾ ਸੀ - ਭਾਵੇਂ ਡਬਲਰੋਟੀ ਸਵੇਰ ਦੀ ਬਣੀ ਹੋਈ ਹੋਵੇ ਪਰ ਉਹ ਉਸਨੂੰ ਤਾਜ਼ੀ ਕਹਿ ਕੇ ਹੀ ਵੇਚਦਾ ਸੀ ! ਟੇਢਾ-ਮੇਢਾ ਸਾਇਕਲ ਚਲਾਉਂਦੇ ਹੋਏ, ਸਾਇਕਲ ਉਸਦੇ ਵੱਸੋਂ ਬਾਹਰ ਹੋ ਗਿਆ, ਤੇ ਉਹ ਸਿੱਧਾ ਡਬਲਰੋਟੀ ਵੇਚਣ ਵਾਲੇ ਭਾਈ ਦੇ ਸਾਇਕਲ ਵਿੱਚ ਜਾ ਵੱਜਿਆ। ਭਾਈ ਸਾਇਕਲ ਤੋਂ ਡਿਗ ਪਿਆ ਤੇ ਬੜੇ ਗੁੱਸੇ ਨਾਲ਼ ਉਸਨੇ ਬਿੱਟੂ ਨੂੰ ਵੇਖਿਆ ! ਪਰ ਹਮੇਸ਼ਾਂ ਦੀ ਤਰ੍ਹਾਂ ਉਹ ਕੁੱਝ ਨਹੀਂ ਬੋਲਿਆ, ਜੇ ਉਸਨੇ ਕੁੱਝ ਬੋਲਿਆ ਵੀ ਤਾਂ ਬਿੱਟੂ ਨੇ ਨਹੀਂ ਸੁਣਿਆ, ਕਿਓਂਕਿ ਉਹ ਸਾਇਕਲ ਚੁੱਕ ਕੇ ਪਤਲੀ ਗਲ਼ੀ ਵਿੱਚੋਂ ਦੀ ਦੌੜ੍ਹ ਗਿਆ। ਉਸਨੇ ਡਰ ਦੇ ਮਾਰੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ! ਸਾਹੋ-ਸਾਹ ਹੋਏ ਨੇ ਉਸਨੇ ਗਲ਼ੀ ਪਾਰ ਕਰਕੇ ਉਦੋਂ ਹੀ ਸਾਹ ਲਿਆ, ਜਦੋਂ ਉਸਨੂੰ ਲੱਗਿਆ ਕਿ ਤਾਜ਼ੀ-ਡਬਲਰੋਟੀ ਵੇਚਣ ਵਾਲ਼ਾ ਭਾਈ ਬਹੁਤ ਦੂਰ ਰਹਿ ਗਿਆ ਸੀ। ਉਸਨੂੰ ਉਮੀਦ ਸੀ ਕਿ ਤਾਜ਼ੀਆਂ ਡਬਲ ਰੋਟੀਆਂ ਸਹੀ ਸਲਾਮਤ ਸਨ ਤੇ ਸੜਕ ਤੇ ਨਹੀਂ ਖਿੱਲਰੀਆਂ ਸਨ ! ਪਰ ਉਸਨੂੰ ਭਾਈ ਦਾ ਗੁੱਸੇ ਤੇ ਹੈਰਾਨੀ ਨਾਲ਼ ਭਰਿਆ ਚਿਹਰਾ ਨਹੀਂ ਭੁੱਲ ਰਿਹਾ ਸੀ !....