"Guru Ladho Re" Story about the discovery of Sri Guru Tegh Bahadur Ji!
ਗੁਰੂ ਲਾਧੋ ਰੇ!
ਸ੍ਰੀ ਗੁਰੂ ਹਰਕ੍ਰਿਸ਼ਨ ਜੀ ਜਦੋਂ ਦਿੱਲੀ ਗਏ ਤਾਂ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਹੇ, ਜਿੱਥੇ ਅੱਜ ਕਲ ਗੁਰਦੁਆਰਾ ਬੰਗਲਾ ਸਾਹਿਬ ਸਥਿੱਤ ਹੈ | ਚੇਚਕ ਦੇ ਰੋਗੀਆਂ ਦੀ ਸੇਵਾ-ਸੰਭਾਲ ਕਰਦੇ ਹੋਏ ਗੁਰੂ ਜੀ ਨੂੰ ਵੀ ਚੇਚਕ ਹੋ ਗਈ ਅਤੇ ਉਹ ਬਹੁਤ ਬੀਮਾਰ ਹੋ ਗਏ | ਉਹਨਾ ਨੂੰ ਇਹ ਮਹਿਸੂਸ ਹੋ ਗਿਆ ਕਿ ਉਹਨਾਂ ਦਾ ਅੰਤਿਮ ਸਮਾਂ ਆ ਗਿਆ ਹੈ | ਜਦੋਂ ਸਿੱਖਾਂ ਨੇ ਪੁੱਛਿਆ ਕਿ ਉਹਨਾਂ ਤੋਂ ਬਾਅਦ ਗੁਰੂ ਕੌਣ ਹੋਣਗੇ, ਤਾਂ ਗੁਰੂ ਜੀ ਦੇ ਅੰਤਿਮ ਸ਼ਬਦ ਸੰਨ - "ਬਾਬਾ ਬਕਾਲਾ" |
ਗੁਰੂ ਜੀ ਦੇ ਅੰਤਿਮ ਸ਼ਬਦਾਂ ਦਾ ਸਾਫ਼ ਮਤਲਬ ਸੀ ਕਿ ਅਗਲੇ ਗੁਰੂ ਸਾਹਿਬਾਨ ਅੰਮ੍ਰਿਤਸਰ ਦੇ ਕੋਲ ਬਾਬਾ ਬਕਾਲਾ ਵਿੱਚ ਹਨ | ਇਹ ਖਬਰ ਸੁਣਦੇ ਸਾਰ ਬਹੁਤ ਸਾਰੇ ਪਾਖੰਡੀ ਗੁਰੂਆਂ ਨੇ ਬਾਬਾ ਬਕਾਲਾ ਵਿੱਚ ਜਾ ਡੇਰੇ ਲਾਏ | ਉਹਨਾ ਵਿੱਚ ਗੁਰੂ ਹਰਗੋਬਿੰਦ ਜੀ ਦੇ ਪੋਤਰੇ ਧੀਰ ਮੱਲ ਵੀ ਸਨ | ਬਾਈ (22) ਪਾਖੰਡੀ ਗੁਰੂ ਆਪਣੇ ਆਪ ਨੂੰ ਅਸਲੀ ਗੁਰੂ ਦੱਸ ਰਹੇ ਸਨ ...
ਸਿੱਖ ਵੀ ਆਪਣੇ ਅਗਲੇ ਗੁਰੂ ਜੀ ਦੇ ਦੀਦਾਰ ਕਰਨ ਲਈ ਬਾਬਾ ਬਕਾਲਾ ਪਹੁੰਚ ਗਏ, ਪਰ ਪਾਖੰਡੀ ਗੁਰੂਆਂ ਵਿਚੋਂ ਅਸਲੀ ਗੁਰੂ ਦੇ ਦੀਦਾਰ ਕਿਵੇਂ ਹੋ ਸਕਦੇ ਸਨ ? ਪੂਰਾ ਇੱਕ ਸਾਲ ਬੀਤ ਗਿਆ ਪਰ ਅਸਲੀ ਗੁਰੂ ਦੇ ਦਰਸ਼ਨ ਨਾ ਹੋਏ |
ਇੱਕ ਵਾਰ, ਇੱਕ ਗੁਰਸਿਖ ਵਪਾਰੀ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਸਮੁੰਦਰ ਦੇ ਵਿੱਚ ਭਿਆਨਕ ਤੂਫਾਨ ਦੇ ਵਿੱਚ ਫਸ ਗਿਆ ਅਤੇ ਡੁੱਬਣ ਲੱਗਿਆ | ਜਦੋਂ ਜਹਾਜ਼ ਦੇ ਬਚਣ ਦਾ ਕੋਈ ਹੀਲਾ ਨਾ ਰਿਹਾ ਤਾਂ ਮੱਖਣ ਸ਼ਾਹ ਨੇ ਗੁਰੂ ਨਾਨਕ ਦੇ ਅੱਗੇ ਅਰਦਾਸ ਕਰ ਕੇ ਕਿਹਾ "ਸਚੇ ਪਾਤਸ਼ਾਹ ਮੇਰੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਓ! ਮੈਂ ਆਪ ਜੀ ਨੂੰ ਪੰਜ ਸੌ (500) ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ | ਉਸਨੇ ਗੁਰੂ ਅਰਜਨ ਦੇਵ ਜੀ ਇਹ ਸ਼ਬਦ ਉਚਾਰੇ :
ਆਸਾ ਮਹਲਾ ੫ ॥ ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥
ਗੁਰੂ ਪ੍ਰਤੱਖ ਹੋ ਗਏ ਅਤੇ ਆਪਣਾ ਮੋਢਾ ਦੇ ਕੇ ਜਹਾਜ਼ ਬਚਾ ਲਿਆ | ਅਚਾਨਕ ਭਿਆਨਕ ਤੂਫਾਨ ਥੰਮ ਗਿਆ ਅਤੇ ਜਹਾਜ਼ ਕੰਢੇ ਤੇ ਅਰਾਮ ਨਾਲ ਪਹੁੰਚ ਗਿਆ |
ਮਾਰਚ ਸੋਲਾਂ ਸੌ ਪੈਂਹਟ (1665) ਵਿੱਚ ਮੱਖਣ ਸ਼ਾਹ ਲੁਬਾਣਾ ਆਪਣੀ ਸੁੱਖ ਪੂਰੀ ਕਰਨ ਲਈ ਬਾਬਾ ਬਕਾਲਾ ਪਹੁੰਚਿਆ | ਉਹ ਬਾਈ (22) ਗੁਰੁ ਬਿਰਾਜਮਾਨ ਦੇਖ ਕੇ ਹੈਰਾਨ ਰਹਿ ਗਿਆ ! ਅਸਲੀ ਗੁਰੂ ਕੌਣ ਹੈ ਅਤੇ ਉਹ ਆਪਣੀ ਭੇਟਾ ਕਿਸ ਨੂ ਭੇਟ ਕਰੇ ? ਪਰ ਉਹ ਹਰ ਇੱਕ ਗੁਰੂ ਨੂੰ ਦੋ ਦੋ (2) ਮੋਹਰਾਂ ਭੇਟ ਕਰਦਾ ਗਿਆ | ਪਾਖੰਡੀ ਗੁਰੂ ਮੋਹਰਾਂ ਪਰਵਾਨ ਕਰਦੇ ਗਏ ... ਅਸਲੀ ਗੁਰੂ ਤਾਂ ਪੰਜ ਸੌ ਮੋਹਰਾਂ ਹੀ ਮੰਗੇਗਾ ! ਪਰ ਕਿਸੇ ਪਾਖੰਡੀ ਗੁਰੂ ਨੇ ਪੰਜ ਸੌ ਮੋਹਰਾਂ ਨਹੀਂ ਮੰਗੀਆਂ...
ਸੱਚਾ ਗੁਰੂ ਨਾ ਮਿਲਿਆ ਤਾਂ ਮੱਖਣ ਸ਼ਾਹ ਨਿਰਾਸ਼ ਹੋ ਗਿਆ ! ਉਸਨੁ ਕਿਸੇ ਨੇ ਦੱਸਿਆ ਕਿ ਤੇਗ ਬਹਾਦਰ ਜੀ ਇਹਨਾ ਸਭ ਪਾਖੰਡਾਂ ਤੋਂ ਦੂਰ ਆਪਣੇ ਘਰ ਭੌਰੇ ਵਿੱਚ ਤੱਪਸਿਆ ਕਰ ਰਹੇ ਨੇ | ਮੱਖਣ ਸ਼ਾਹ ਨੇ ਜਦ ਉਹਨਾਂ ਅੱਗੇ ਦੋ ਮੋਹਰਾਂ ਭੇਟ ਕਰੀਆਂ ਤਾਂ ਗੁਰੂ ਜੀ ਨੇ ਅੱਖਾਂ ਖੋਲੀਆਂ ਤੇ ਮੁਸਕਰਾ ਕੇ ਕਿਹਾ ਕਿ ਗੁਰੂ ਦੇ ਸਿੱਖਾ, ਪੰਜ ਸੌ ਮੋਹਰਾਂ ਸੁੱਖ ਕੇ ਦੋ ਚੜ੍ਹਾ ਰਹੇ ਹੋ !
ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਹ ਗੁਰੂ ਜੀ ਦੇ ਚਰਨ ਕਮਲਾਂ ਤੇ ਨਤਮਸਤਕ ਹੋ ਗਿਆ |
ਫੇਰ ਉਸਨੇ ਬਾਹਰ ਆ ਕੇ ਉੱਚੀ ਉੱਚੀ "ਗੁਰੂ ਲਾਧੋ ਰੇ! ਗੁਰੂ ਲਾਧੋ ਰੇ!" ਪੁਕਾਰਿਆ | ਇਹ ਖਬਰ ਸੁਣ ਕੇ ਗੁਰੂ ਦੇ ਸਿੱਖ ਗਦ ਗਦ ਹੋ ਉੱਠੇ ਅਤੇ ਗੁਰੂ ਜੀ ਦੇ ਘਰ ਅੱਗੇ ਇਕੱਤਰ ਹੋ ਗਏ | ਗੁਰੂ ਜੀ ਭੌਰੇ ਤੋਂ ਬਾਹਰ ਆ ਗਏ | ਦਿੱਲੀ ਤੋਂ ਇੱਕ ਸਿੱਖ ਪੰਜ ਪੈਸੇ ਤੇ ਨਾਰੀਅਲ ਲੈ ਕੇ ਪਹੁੰਚਿਆ ਹੋਇਆ ਸੀ, ਜੋ ਗੁਰੂ ਜੀ ਨੂੰ ਭੇਂਟ ਕੀਤਾ ਗਿਆ ਅਤੇ ਬਾਬਾ ਬੁਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਤਿਲਕ ਲਗਾ ਕੇ ਉਹਨਾਂ ਨੂੰ ਗੁਰੂ ਸਾਜਿਆ |