ਗੁਰੂ ਅਰਜਨ ਦੇਵ ਜੀ Guru Arjan Dev ji

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਆਪ ਜੀ ਦੇ ਪਿਤਾ ਗੁਰੂ ਰਾਮ ਦਾਸ ਜੀ ਸਨ ਅਤੇ ਮਾਤਾ ਭਾਨੀ ਜੀ ਸਨ ਆਪ ਜੀ ਦਾ ਜਨਮ 1563 ਈ: ਨੂੰ  ਗੋਇੰਦਵਾਲ ਵਿਖੇ ਹੋਇਆ। ਆਪ ਜੀ ਦੇ ਦੋ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਸਨ।  ਆਪ ਜੀ ਦੇ ਧਰਮ ਪਤਨੀ ਮਾਤਾ ਗੰਗਾ ਜੀ ਅਤੇ ਸਪੁੱਤਰ ਗੁਰੂ ਹਰਗੋਬਿੰਦ ਜੀ ਸਨ।

ਆਪ ਜੀ ਦਾ ਸੁਭਾਅ ਨਿਮਰਤਾ, ਮਿਠਾਸ ਭਰਿਆ ਅਤੇ ਸੇਵਾ-ਭਾਵ ਨਾਲ਼ ਭਰਪੂਰ ਸੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਆਪ ਜੀ ਨੂੰ ਗੁਰ-ਗੱਦੀ ਦਿੱਤੀ

ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਿਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ ਆਪ ਨੇ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਕੀਤੀ ਉਹਨਾਂ ਸਾਰੇ ਗੁਰੂਆਂ ਦੀ ਬਾਣੀ ਸੰਗ੍ਰਹਿ ਕਰਨ ਤੋਂ ਇਲਾਵਾ ਹਿੰਦੁਸਤਾਨ ਭਰ ਦੇ ਸੰਤਾ, ਮਹਾਪੁਰਸ਼ਾਂ ਤੇ ਭਗਤਾਂ ਦੇ ਵਿਚਾਰਾਂ ਨੂੰ ਵੀ ਇਕੱਠਿਆਂ ਕੀਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਸਭ ਤੋਂ ਵੱਧ ਬਾਣੀ ਦਰਜ ਹੈ ਆਪ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲ਼ੀ ਰਚਨਾ 'ਸੁਖਮਨੀ' ਹੈ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਵਿੱਚ ਇੱਕ ਨਵੀਂ ਪਿਰਤ ਪਾਈ , ਜਿਸ ਨੇ ਸਿੱਖੀ ਨੂੰ ਸਦਾ - ਸਦਾ ਲਈ ਅਮਰ ਕਰ ਦਿਤਾ ਆਪ ਜੀ ਨੇ 1606 ਵਿੱਚ ਤੱਤੀ-ਤਵੀ ਤੇ ਬੈਠ ਕੇ ਅਤੇ ਤਪਦੇ ਹਿਰਦਿਆਂ ਨੂੰ ਠਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਆਪਣੇ ਇਸ ਮਹਾਂ ਵਾਕ ਨੂੰ ਅਮਰ ਕੀਤਾ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥

ਆਪਜੀ ਦੀ ਬਾਣੀ ਵਿੱਚੋਂ ਕੁੱਝ ਸ਼ਬਦ:


ਸੁਖਮਨੀ ਸਾਹਿਬ  

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥

ਪਦ ਅਰਥ: ਸੁਖਮਨੀ = ਸੁਖਾਂ ਦੀ ਮਣੀ (ਜਾਂ ਹੀਰਾ), ਸਭ ਤੋਂ ਸ੍ਰੇਸ਼ਟ ਸੁਖ। ਪ੍ਰਭ ਨਾਮੁ = ਪ੍ਰਭੂ ਦਾ ਨਾਮ। ਮਨਿ = ਮਨ ਵਿਚ। ਭਗਤ ਜਨਾ ਕੈ ਮਨਿ = ਭਗਤ ਜਨਾਂ ਦੇ ਮਨ ਵਿਚ। ਬਿਸ੍ਰਾਮ = ਟਿਕਾਣਾ। ਰਹਾਉ।

ਅਰਥ: ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁਖਾਂ ਦੀ ਮਣੀ (ਭਾਵ ਕੀਮਤੀ ਹੀਰਾ) ਹੈ, ਜਿਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ, ਜੋ ਪ੍ਰਭੂ - ਭਗਤਾਂ ਦੇ ਦਿਲ ਵਿੱਚ ਵੱਸਦਾ ਹੈ। ਭਾਵ ਜਿਸਨੂੰ ਸਾਧ - ਸੰਗਤ ਦੇ ਨਾਲ਼ ਪੜ੍ਹ ਕੇ ਤੇ ਵਿਚਾਰ ਕਰਕੇ ਹਾਸਲ ਕੀਤਾ ਜਾ ਸਕਦਾ ਹੈ। ਇਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਸਾਧ - ਸੰਗਤ ਰਲ.-ਮਿਲ਼ ਕੇ ਪੜ੍ਹਦੀ ਹੈ ਤਾਂ ਜੋ ਪ੍ਰਭੂ-ਭਗਤੀ ਦੀ ਸਮਝ ਤੇ ਪ੍ਰੇਰਣਾ ਮਿਲ਼ ਸਕੇ ਤੇ ਮਨੁੱਖਾ ਜਨਮ ਸਫ਼ਲ ਹੋ ਸਕੇ। 

ਮਾਝ ਮਹਲਾ ੫ ॥

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ

ਮੇਰੀ ਓਟ ਤੂੰਹੈ ਮੇਰਾ ਮਾਣਾ ॥

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

ਜੀਅ ਜੰਤ ਸਭਿ ਤੁਧੁ ਉਪਾਏ ॥

ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥

ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥

ਨਾਮੁ ਧਿਆਇ ਮਹਾ ਸੁਖੁ ਪਾਇਆ ॥

ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥

ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ {ਪੰਨਾ 103}

ਪਦਅਰਥ:- ਬੰਧਪੁ—ਸਨਬੰਧੀ, ਰਿਸ਼ਤੇਦਾਰ । ਥਾਈ—ਥਾਈਂ, ਥਾਵਾਂ ਤੇ । ਕਾੜਾ—ਚਿੰਤਾ ।੧। ਤੇ—ਤੋਂ, ਨਾਲ । ਤੁਧੁ—ਤੈਨੂੰ । ਪਛਾਣਾ—ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ । ਓਟ—ਆਸਰਾ । ਅਵਰੁ—ਹੋਰ । ਅਖਾੜਾ—ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ।੨। ਸਭਿ—ਸਾਰੇ । ਤੁਧੁ—ਤੂੰ ਹੀ। ਉਪਾਏ—ਪੈਦਾ ਕੀਤੇ ਹਨ । ਜਿਤੁ—ਜਿਸ ਪਾਸੇ ਜਿਸ (ਕੰਮ) ਵਿਚ । ਭਾਣਾ—ਤੈਨੂੰ ਚੰਗਾ ਲੱਗਾ । ਤਿਤੁ—ਉਸ (ਕੰਮ) ਵਿਚ । ਅਸਾੜਾ—ਸਾਡਾ ।੩। ਧਿਆਇ—ਸਿਮਰ ਕੇ । ਸੀਤਲਾਇਆ—ਠੰਢਾ ਹੋ ਗਿਆ । ਗੁਰਿ ਪੂਰੈ—ਪੂਰੇ ਗੁਰੂ ਦੀ ਰਾਹੀਂ । ਵਾਧਾਈ—ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ । ਵਜੀ ਵਾਧਾਈ—ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) । ਬਿਖਾੜਾ—ਬਿਖਮ ਅਖਾੜਾ, ਔਖੀ ਕੁਸ਼ਤੀ ।੪।

ਅਰਥ:- ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰੀ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ । (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਮੈਨੂੰ ਕੋਈ ਡਰ ਨਹੀਂ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ।੧।

(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ । ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਮਾਣ (ਫ਼ਖ਼ਰ) ਹੈਂ । ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ । ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ।੨।

(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ । (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ।੩।

(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ । ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ । ਹੇ ਨਾਨਕ! (ਆਖ—) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ (ਯੁੱਧ) ਜਿੱਤ ਲਿਆ ਹੈ ।੪।੨੪।੩੧।

ਰਾਗੁ ਸੂਹੀ ਮਹਲਾ ੫ ਛੰਤ    

ੴ ਸਤਿਗੁਰ ਪ੍ਰਸਾਦਿ ॥

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥

ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥

ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥

ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ {ਪੰਨਾ 784}

ਪਦਅਰਥ: ਮਿਠ ਬੋਲੜਾ—ਮਿੱਠੇ ਬੋਲ ਬੋਲਣ ਵਾਲਾ। ਮੋਰਾ—ਮੇਰਾ। ਹਉ—ਹਉਂ, ਮੈਂ। ਸੰਮਲਿ—ਚੇਤਾ ਕਰ ਕਰ ਕੇ। ਕਉਰਾ—ਕੌੜਾ (ਬੋਲ)। ਬੋਲਿ ਨ ਜਾਨੈ—ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ—ਕੋਈ ਭੀ ਔਗੁਣ। ਚਿਤਾਰੇ—ਚੇਤੇ ਰੱਖਦਾ। ਪਤਿਤ ਪਾਵਨੁ—ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ—ਮੁੱਢ—ਕਦੀਮਾਂ ਦਾ ਸੁਭਾਉ। ਸਦਾਏ—ਅਖਵਾਂਦਾ ਹੈ। ਤਿਲੁ—ਰਤਾ ਭਰ ਭੀ। ਭੰਨੈ—ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ—ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ—ਸਰੀਰ। ਨੇਰੈ ਹੀ ਤੇ ਨੇਰਾ—ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ—ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲਾ।੧।

ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।

ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।

ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।

ਮਾਝ ਮਹਲਾ ੫ ਚਉਪਦੇ ਘਰੁ ੧ ॥

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥

ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥

ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥

ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥

ਚਿਰੁ ਹੋਆ ਦੇਖੇ ਸਾਰਿੰਗਪਾਣੀ ॥

ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥

ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}

ਪਦਅਰਥ:- ਲੋਚੈ—ਲੋਚਦਾ ਹੈ, ਤਾਂਘਦਾ ਹੈ । ਤਾਈ—ਤਾਈਂ, ਵਾਸਤੇ । ਬਿਲਪ—ਵਿਰਲਾਪ, ਤਰਲੇ । ਨਿਆਈ— ਨਿਆਈਂ, ਵਾਂਗ । ਤ੍ਰਿਖਾ—ਤ੍ਰੇਹ ।੧।  ਹਉ—ਮੈਂ । ਘੋਲੀ—ਸਦਕੇ । ਘੋਲਿ  ਘੁਮਾਈ—ਸਦਕੇ, ਕੁਰਬਾਨ, ਵਾਰੀ ।੧।ਰਹਾਉ। ਸੁਹਾਵਾ— {ਸੁਖਾਵਯ} ਸੁਖ ਦੇਣ ਵਾਲਾ, ਸੋਹਣਾ । ਸਹਜ—ਆਤਮਕ ਅਡੋਲਤਾ । ਧੁਨਿ—ਰੌ । ਸਹਜ ਧੁਨਿ—ਆਤਮਕ ਅਡੋਲਤਾ ਦੀ ਰੌ ਪੈਦਾ ਕਰਨ ਵਾਲੀ । ਬਾਣੀ—ਸਿਫ਼ਤਿ-ਸਾਲਾਹ । ਸਾਰਿੰਗ ਪਾਣੀ—ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ—ਧਨੁਖ । ਪਾਣੀ—ਹੱਥ । ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ} । ਧੰਨੁ—ਭਾਗਾਂ ਵਾਲਾ । ਦੇਸੁ—ਹਿਰਦਾ-ਦੇਸ । ਜਹਾ—ਜਿੱਥੇ । ਮੁਰਾਰੇ—ਮੁਰਾਰੀ! {ਮੁਰ-ਅਰਿ ।'ਮੁਰ' ਦੈਂਤ ਦਾ ਵੈਰੀ} ।੨। ਕਦਿ—ਕਦੋਂ? ਪ੍ਰਿਅ—ਹੇ ਪਿਆਰੇ! ਪ੍ਰਿਅ ਭਗਵੰਤਾ—ਹੇ ਪਿਆਰੇ ਭਗਵਾਨ! ਤੁਧੁ—ਤੈਨੂੰ । ਮੋਹਿ—ਮੇਰੀ । ਰੈਣਿ— {ਜ਼ਿੰਦਗੀ ਦੀ} ਰਾਤ । ਨੀਦ—ਸ਼ਾਂਤੀ ।੩। ਸਚੇ—ਸਦਾ‑ਥਿਰ ਰਹਿਣ ਵਾਲੇ ।੧।ਰਹਾਉ। ਭਾਗੁ ਹੋਆ—ਕਿਸਮਤਿ ਜਾਗ ਪਈ ਹੈ । ਗੁਰਿ—ਗੁਰੂ ਨੇ । ਸੰਤੁ—ਸ਼ਾਂਤ‑ਮੂਰਤੀ ਪ੍ਰਭੂ । ਅਬਿਨਾਸੀ—ਨਾਸ‑ਰਹਿਤ । ਘਰ ਮਹਿ—ਹਿਰਦੇ ਵਿਚ (ਹੀ) । ਕਰੀ—ਕਰੀਂ, ਮੈਂ ਕਰਦਾ ਹਾਂ । ਚਸਾ—ਪਲ ਦਾ ਤ੍ਰੀਹਵਾਂ ਹਿੱਸਾ । ਵਿਛੁੜਾ—ਵਿੱਛੁੜਾਂ, ਮੈਂ ਵਿੱਛੁੜਦਾ ।੪।

ਨੋਟ:- ਉਞ ਤਾਂ ਸਾਧਾਰਨ ਤੌਰ ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ, 'ਪਰਥਾਇ ਸਾਖੀ ਮਹਾ ਪੁਰਖ ਬੋਲਦੇ' । ਪਰ ਇਸ ਸ਼ਬਦ ਦੇ ਨਾਲ ਚਿੱਠੀਆਂ ਵਾਲੀ ਕਹਾਣੀ ਮਨ‑ਘੜਤ ਦਿੱਸ ਰਹੀ ਹੈ । ਚੌਥੇ ਬੰਦ ਦੀ ਤੁਕ 'ਭਾਗੁ ਹੋਆ ਗੁਰਿ ਸੰਤੁ ਮਿਲਾਇਆ' ਧਿਆਨ ਨਾਲ ਪੜ੍ਹੋ । ਇਸ ਦਾ ਅਰਥ ਹੈ 'ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ' । ਜੇ ਕਹਾਣੀ ਠੀਕ ਹੁੰਦੀ ਤਾਂ ਆਖਦੇ ਕਿ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ । ਉਸ ਕਹਾਣੀ ਵਿਚ ਹੋਰ ਭੀ ਕਈ ਖ਼ਾਮੀਆਂ ਹਨ । ਇੱਥੇ ਦੱਸਣੀਆਂ ਬੇਲੋੜਵੀਆਂ ਹਨ । ਬਿਰਹੋਂ ਅਵਸਥਾ ਦਾ ਸ਼ਬਦ ਹੈ, ਤੇ, ਅਜੇਹੇ ਹੋਰ ਕਈ ਸ਼ਬਦ ਮਿਲਦੇ ਹਨ । ਇਸੇ ਹੀ ਰਾਗ ਵਿਚ ਆ ਚੁਕੇ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ । ਮੁੜ ਮੁੜ ਆਖਦੇ ਹਨ । 'ਗੁਰੁ ਮੇਲਹੁ'।

ਅਰਥ:- ਗੁਰੂ ਦਾ ਦਰਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ (ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ । ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ।੧।

ਮੈਂ ਪਿਆਰੇ ਸੰਤ-ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ, ਸਦਕੇ ਹਾਂ ।੧।ਰਹਾਉ।

ਹੇ ਧਨੁਖ‑ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤਿ‑ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਿਰ ਪੈਦਾ ਕਰਦੀ ਹੈ । ਹੇ ਧਨੁਖ‑ਧਾਰੀ! ਤੇਰੇ ਦਰਸ਼ਨ ਕੀਤਿਆਂ ਬਹੁਤ ਦੇਰ ਹੋ ਗਈ ਹੈ। ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ‑ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ ਸਦਾ ਵੱਸਦਾ  ਹੈਂ ।੨।

ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ‑ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ।੧।ਰਹਾਉ।

ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਲਈ ਕਲਿਜੁਗ ਹੋ ਜਾਂਦਾ ਹੈ, ਮੈਂ  ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ । (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ।੩।

ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ।੧।ਰਹਾਉ।

ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ (ਸਦੀਵੀ) ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ।

ਹੇ ਦਾਸ ਨਾਨਕ! (ਆਖ—ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ।੪।

ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ।੧।ਰਹਾਉ।