ਆਈ ਫ਼ੋਨ

ਹਰੀ ਕ੍ਰਿਸ਼ਨ ਮਾਇਰ

iPhone

Hari Krishan Mayor

ਗੋਪੀ ਦੇ ਦੋਵੇਂ ਬੱਚੇ ਸ਼ਹਿਰ ਦੇ ਵਧੀਆ ਸਕੂਲ ਵਿੱਚ ਪੜ੍ਹਦੇ ਸਨ। ਮੁੰਡੇ ਦਾ ਨਾਂ ਸੀ ਦੀਪੂ ਅਤੇ ਕੁੜੀ ਦਾ ਨਾਂ ਦੀਪੀ। ਇਕ ਦਿਨ ਜਦੋਂ ਉਹ ਸਕੂਲੋਂ ਘਰ ਆਏ ਤਾਂ ਉਨ੍ਹਾਂ ਦੇ ਚਿਹਰੇ ਖਿੜੇ ਹੋਏ ਸਨ। ਗੋਪੀ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। ਬੱਚੇ ਬੱਘੀ ਵਿੱਚੋਂ ਉਤਰਦੇ ਸਾਰ ਭੱਜ ਕੇ ਗੋਪੀ ਕੋਲ ਆਏ।  ਦੋਹਾਂ ਦੇ ਹੱਥ ਵਿੱਚ ਪੇਪਰ ਪਕੜੇ ਹੋਏ ਸਨ। ਦੀਪੀ ਨੇ ਪੇਪਰ ਗੋਪੀ ਨੂੰ ਦਿਖਾਉਂਦਿਆਂ ਕਿਹਾ," ਪਾਪਾ! ਆਹ ਦੇਖੋ ਮੇਰੇ ਅੰਗਰੇਜ਼ੀ ‘ਚੋਂ ਸੌ ਵਿਚੋਂ ਸਤਾਨਵੇਂ ਨੰਬਰ ਆਏ ਹਨ। ਮੈਨੂੰ ਏ ਸਟਾਰ ਮਿਲਿਆ ਹੈ। ਗੋਪੀ ਨੇ ਪਿਆਰ ਨਾਲ ਦੀਪੀ ਦੇ ਸਿਰ ‘ਤੇ ਹੱਥ ਰੱਖਦਿਆਂ ਕਿਹਾ," ਸ਼ਾਬਾਸ਼ ! ਬੇਟਾ, ਮਿਹਨਤ ਕਰਨੀ ਨਾ ਛੱਡੀਂ। ਤੂੰ ਕਲਾਸ ਵਿਚੋਂ ਫ਼ਸਟ ਵੀ ਆ ਸਕਦੀ ਏਂ। "

"ਪਰ ਪਾਪਾ! ਬੱਚੇ ਤਾਂ ਗੂਗਲ ਤੋਂ ਦੇਖ ਕੇ ਹੋਮ ਵਰਕ ਕਰਦੇ ਹਨ। ਮੈਨੂੰ ਵੀ ਕਈ ਵਾਰ ਹੋਮ ਵਰਕ ਕਰਨ ਵਿਚ ਔਖ ਮਹਿਸੂਸ ਹੁੰਦੀ ਹੈ। "

"ਗੂਗਲ ਕੋਈ ਆਈਫ਼ੋਨ ਤੇ ਐਪ ਹੋਣੀ ਆਂ। " ਗੋਪੀ ਨੇ ਮਨੋ ਮਨ ਸੋਚਿਆ। ਆਪ ਤਾਂ ਗੋਪੀ ਬਹੁਤਾ ਪੜ੍ਹਿਆ ਨਹੀਂ ਸੀ, ਪਰ ਆਪਣੇ ਬੱਚਿਆਂ ਨੂੰ ਉਹ ਉੱਚੇ ਮੁਕਾਮ ਤੇ ਦੇਖਣਾ ਚਾਹੁੰਦਾ ਸੀ। ਉਸ ਦੀ ਪਤਨੀ ਰਾਣੀ ਵੀ ਪੜ੍ਹੀ ਲਿਖੀ ਨਹੀਂ ਸੀ। ਦੋਵੇਂ ਮਿਲਕੇ ਸਬਜ਼ੀ ਦੀ ਦੁਕਾਨ ਕਰਦੇ ਸਨ। ਦੀਪੀ ਅੱਠਵੀਂ ਵਿਚ ਅਤੇ ਦੀਪੂ ਅਜੇ ਪਹਿਲੀ ਕਲਾਸ ਵਿਚ ਹੀ ਸੀ। ਦੀਪੂ ਨੂੰ ਹੋਮ ਵਰਕ ਵੀ ਦੀਪੀ ਹੀ ਕਰਾਉਂਦੀ ਸੀ। ਮੰਮੀ ਘਰੇ ਨਾਂ ਹੁੰਦੀ ਤਾਂ ਉਸਦੇ ਖਾਣ ਪੀਣ ਦਾ ਧਿਆਨ ਵੀ ਦੀਪੀ ਹੀ ਰੱਖਦੀ ਸੀ। ਦੋਵੇਂ ਰਲ ਕੇ ਗੱਲਾਂ ਕਰਦੇ। ਹੱਸਦੇ ਖੇਡਦੇ ।

ਸਕੂਲ ਵਿਚ ਵੀ ਦੀਪੀ ਆਪਣੇ ਭਰਾ ਦਾ ਪੂਰਾ ਖਿਆਲ ਰੱਖਦੀ ਸੀ। ਫਿਰ ਇਕ ਦਿਨ ਜਦੋਂ ਦੀਪੀ ਅਤੇ ਦੀਪੂ ਸਕੂਲੋਂ ਘਰ ਆਏ, ਉਨ੍ਹਾਂ ਨੇ ਮੇਜ਼ 'ਤੇ ਸੁੰਦਰ ਕਾਗ਼ਜ਼ ਵਿਚ ਲਪੇਟਿਆ

ਇਕ ਡੱਬਾ ਪਿਆ ਦੇਖਿਆ। ਡੱਬੇ ਤੇ ਲੱਗੀ ਪਰਚੀ ਤੇ ਲਿਖਿਆ ਸੀ- ‘ਪਾਪਾ ਵੱਲੋਂ ਆਪਣੀ ਲਾਡਲ਼ੀ ਦੀਪੀ ਲਈ’।  ਦੀਪੀ ਨੇ ਪਾਪਾ ਨੂੰ ਆਵਾਜ਼ ਮਾਰੀ। ਪਾਪਾ ਦੇ ਆਉਣ ਤੇ ਉਹ ਬੋਲੀ, "ਪਾਪਾ ਇਹ ਕੀ?"

"ਖੋਲ੍ਹ ਕੇ ਦੇਖ ਪੁੱਤ। " ਗੋਪੀ ਬੋਲਿਆ।

ਦੀਪੀ ਅਤੇ ਦੀਪੂ ਨੇ ਫ਼ਟਾਫ਼ਟ ਪੈਕਟ ਖੋਲ੍ਹ ਲਿਆ। ਡੱਬੇ ਵਿੱਚੋਂ ਆਈਫ਼ੋਨ ਨਿਕਲਿਆ। ਦੀਪੀ ਦੇਖਕੇ ਦੰਗ ਰਹਿ ਗਈ। ਉਸ ਦੇ ਚਿਹਰੇ 'ਤੇ ਖੁਸ਼ੀ ਝਲਕ ਰਹੀ ਸੀ।

"ਹੁਣ ਮੇਰੇ ਪੁੱਤ ਨੂੰ ਗੂਗਲ ਵੀ ਮਿਲ ਜਾਵੇਗੀ ਅਤੇ ਕੋਈ ਔਖ ਵੀ ਨਹੀਂ ਆਵੇਗੀ। " ਗੋਪੀ ਬੋਲਿਆ।

ਦੀਪੀ ਸਿਰਫ ਮੁਸਕਰਾਈ।

"ਫ਼ੋਨ ਦੀਪੀ ਦਾ ਕੱਲੀ ਦਾ ਨਹੀਂ, ਸਾਡਾ ਦੋਹਾਂ ਦਾ ਹੈ। " ਦੀਪੂ ਬੋਲਿਆ।

"ਹਾਂ ਪੁੱਤ ਦੋਹਾਂ ਦਾ ਹੈ। " ਗੋਪੀ ਨੇ ਦੀਪੂ ਨੂੰ ਸੰਤੁਸ਼ਟ ਕਰਦਿਆਂ ਕਿਹਾ।

ਦਿਨਾਂ ਵਿੱਚ ਹੀ ਦੀਪੀ ਆਈ ਫ਼ੋਨ ਚਲਾਉਣਾ ਸਿੱਖ ਗਈ ਸੀ। ਵਟਸ ਐਪ,ਗੂਗਲ, ਯੂ ਟਿਊਬ, ਪਤਾ ਨਹੀਂ ਕੀ ਕੀ ਦੀਪੀ ਨੂੰ ਵਰਤਣੇ ਆ ਗਏ। ਘਰ ਆਕੇ ਜਿੰਨਾਂ ਸਮਾਂ ਦੀਪੀ ਆਪਣੇ ਭਰਾ ਨੂੰ ਹੋਮ ਵਰਕ ਕਰਾਉਂਦੀ ਸੀ,ਉਹ ਸਮਾਂ ਹੁਣ ਸਹੇਲੀਆਂ ਦੀਆਂ ਪੋਸਟਾਂ ਅਤੇ ਵੀਡੀਓ ਦੇਖਣ ਤੇ ਲੱਗ ਜਾਂਦਾ। ਕਿਸੇ ਕਿਸੇ ਵੀਡੀਓ ਤੇ ਦੀਪੀ ਚੋਰੀ ਚੋਰੀ ਡਾਂਸ ਵੀ ਕਰਦੀ ਹੁੰਦੀ ਸੀ। ਹੁਣ ਦੀਪੂ ਨੂੰ ਜਦੋਂ ਕੰਮ ਕਰਾਉਣਾ ਪੈਂਦਾ,ਉਦੋਂ ਉਹ ਖਿੱਝ ਜਾਂਦੀ। ਉਸ ਨੂੰ ਖਾਣਾ ਖੁਆਉਣ ਸਮੇਂ ਗ਼ੁੱਸੇ ਵਿੱਚ ਪਲੇਟ ਵਗਾਹ ਮਾਰਦੀ। ਕਹਿੰਦੀ," ਆਪਣੇ ਹੱਥ ਨਾਲ ਖਾਹ। "

ਸਵੇਰੇ ਜਦੋਂ ਸਕੂਲ ਜਾਂਦੀ, ਬਹੁਤੀ ਵਾਰੀ ਮੋਬਾਈਲ ਦੇਖਦੀ ਦੇਖਦੀ ਪਾਪਾ ਕੋਲ਼ੋਂ ਲੰਘ ਜਾਂਦੀ। ਪਾਪਾ ਨੂੰ ਮਿਲਦੀ ਤੱਕ ਨਾਂ।

ਦਿਨ ਲੰਘਦੇ ਗਏ। ਤਿਮਾਹੀ ਪੇਪਰ ਆ ਗਏ। ਪੇਪਰ ਹੋਏ ਅਤੇ ਚੈੱਕ ਹੋਣ ਉਪਰੰਤ ਬੱਚਿਆਂ ਨੂੰ ਮਿਲਣ ਵੀ ਵੱਗ ਪਏ ਸਨ। ਅੱਜ ਦੀਪੀ ਨੂੰ ਅੰਗਰੇਜ਼ੀ ਦਾ ਅਤੇ ਦੀਪੂ ਨੂੰ ਗਣਿਤ ਦਾ ਪੇਪਰ ਮਿਲਿਆ ਸੀ। ਦੀਪੀ ਦੇ ਸੌ ਵਿੱਚੋਂ ਸੰਤਾਲੀ ਅਤੇ ਦੀਪੂ ਦੇ ਪੰਜਾਹ 'ਚੋਂ ਤੇਈ ਨੰਬਰ ਆਏ ਸਨ। ਸਤਾਨਵੇਂ ਨੰਬਰ ਲੈਣ ਵਾਲੀ ਦੀਪੀ ਸੰਤਾਲੀ ਤੇ ਆ ਗਈ। ਹੁਣ ਉਹ ਕਿਹੜੇ ਮੂੰਹ ਨਾਲ ਆਪਣੇ ਪਾਪਾ ਦਾ ਸਾਮ੍ਹਣਾ ਕਰਦੀ। ਦੀਪੂ ਵੀ ਪੜ੍ਹਾਈ ਵਿੱਚ ਕਮਜ਼ੋਰ ਹੋ ਗਿਆ ਸੀ। ਉਸ ਦੇ ਮਨ ਅੰਦਰੋਂ ਇੱਕੋ ਸਮੇਂ ਕਿੰਨੇ ਹੀ ਸਵਾਲ ਉੱਭਰੇ।

"ਪੜ੍ਹਦੀ ਤਾਂ ਮੈਂ ਪਹਿਲਾਂ ਜਿੰਨਾ ਹੀ ਸਾਂ। "

ਉਸ ਨੂੰ ਚੇਤੇ ਆਇਆ ਕਿ ਉਸ ਦੀ ਇਕ ਸਹੇਲੀ ਨੇ ਉਸ ਨੂੰ ਸੁਣਾ ਕੇ ਕਿਹਾ ਸੀ- ਨੀਂ ਅੱਜਕਲ ਤਾਂ ਸਬਜ਼ੀ ਵਾਲੇ ਦੀ ਕੁੜੀ ਵੀ ਆਈ ਫ਼ੋਨ ਲਈ ਫਿਰਦੀ ਆ। ਇਹ ਨਾਂ ਹੁਣ ਅੱਗੇ ਵਧ ਗਈ। ਸਕੂਲ ਵਿੱਚ ਅਖੀਰਲਾ ਪੀਰੀਅਡ ਖਾਲੀ ਸੀ।  ਉਹ ਇਕ ਪਾਸੇ ਬੈਂਚ ਤੇ ਬੈਠੀ, ਇਸ ਬਾਰੇ ਹੀ ਸੋਚਦੀ ਰਹੀ। ਫਿਰ ਉਸ ਦੇ ਮਨ ਵਿੱਚ ਆਇਆ ਕਿ ਮੈਡਮ ਠੀਕ ਹੀ ਕਹਿੰਦੇ ਸਨ ਕਿ ਅੱਧ ਤੋਂ ਵੱਧ ਕਲਾਸ ਦੇ ਬੱਚੇ ਮੋਬਾਈਲ ਨੇ ਬਿਹਾੜੇ ਹੋਏ ਹਨ। ਹੌਲੀ ਹੌਲੀ ਦੀਪੀ ਨੂੰ ਮੈਡਮ ਦੇ ਕਹੇ ਬੋਲਾਂ ਦੇ ਅਰਥ ਸਮਝ ਆਉਣ ਲੱਗੇ। ਉਸ ਦੇ ਅੰਦਰੋਂ ਆਵਾਜ਼ ਆਈ," ਮੈਂ ਹੁਣ ਪੜ੍ਹਾਈ ਨੂੰ ਸਮਾਂ ਹੀ ਕਿੰਨਾ ਕੁ ਦੇਂਦੀ ਹਾਂ। ਦੀਪੂ ਦੇ ਘੱਟ ਨੰਬਰ ਵੀ ਮੇਰੇ ਕਰਕੇ ਹੀ ਆਏ ਹਨ। ਪਾਪਾ ਨੂੰ ਕੀ ਪਤਾ ਕਿ ਗੂਗਲ ਮਿਹਨਤ ਦਾ ਬਦਲ ਨਹੀਂ ਹੋ ਸਕਦੀ। " ਉਹ ਆਪਣੇ ਮਨ ਨਾਲ ਗੱਲਾਂ ਕਰਦੀ ਰਹੀ-ਮੇਰੇ ਅੱਧੇ ਬੋਲ ਤੇ ਪਾਪਾ ਨੇ ਮੈਨੂੰ ਆਈ ਫ਼ੋਨ ਲੈ ਦਿੱਤਾ। ਉਨ੍ਹਾਂ ਨੂੰ ਕੀ ਪਤਾ ਕਿ ਦੀਪੀ ਨੇ ਕਦੀ ਗੂਗਲ ਦੀ ਐਪ ਕਦੀ ਖੋਲ੍ਹ ਕੇ ਵੀ ਨਹੀਂ ਦੇਖੀ,ਹੋਮ ਵਰਕ ਕਰਨਾ ਕਾਂ ਦੂਰ ਦੀ ਗੱਲ। ਆਪਣੇ ਪਾਪਾ ਨਾਲ ਮੈਂ ਧੋਖਾ ਕਰ ਰਹੀ ਹਾਂ।

ਦੀਪੀ ਨੇ ਆਪਣੇ ਬੈਗ ਦੀ ਅੰਦਰਲੀ ਜੇਬ ਵਿੱਚੋਂ ਆਈ ਫ਼ੋਨ ਕੱਢ ਕੇ ਉਪਰਲੀ ਜੇਬ ਵਿੱਚ ਰੱਖ ਲਿਆ। ਐਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ। ਦੀਪੂ ਵੀ ਉਸ ਕੋਲ ਆ ਗਿਆ। ਉਹ ਘਰ ਜਾਣ ਲਈ ਬੱਘੀ ਵਿੱਚ ਬੈਠ ਗਏ। ਥੋੜ੍ਹੇ ਸਮੇਂ ਵਿੱਚ ਹੀ ਬੱਘੀ ਉਨ੍ਹਾਂ ਦੇ ਘਰ ਕੋਲ ਆਕੇ ਰੁਕ ਗਈ। ਦੀਪੀ ਉਦਾਸ ਮਨ ਨਾਲ ਤੁਰ ਪਈ। ਪਾਪਾ ਬੱਚਿਆਂ ਨੂੰ ਉਡੀਕ ਰਹੇ ਸਨ। ਪਾਪਾ ਕੋਲ ਪਹੁੰਚਦੇ ਸਾਰ ਦੀਪੀ ਬੋਲੀ," ਪਾਪਾ, ਹੱਥ ਖੋਲ੍ਹੋ ਅਤੇ ਅੱਖਾਂ ਮੀਟ ਲਉ। ਤੁਹਾਨੂੰ ਇਕ ਚੀਜ਼ ਦੇਣੀ ਆ। " ਗੋਪੀ ਨੇ ਅੱਖਾਂ ਮੀਟ ਲਈਆਂ ਅਤੇ ਹੱਥ ਖੋਲ੍ਹ ਕੇ ਦੀਪੀ ਅੱਗੇ ਖਲੋ ਗਿਆ। ਦੀਪੀ ਨੇ ਬੈਗ ਵਿੱਚੋਂ ਆਈ ਫ਼ੋਨ ਕੱਢਿਆ ਤੇ ਪਾਪਾ ਦੇ ਹੱਥ ‘ਤੇ ਰੱਖਦੀ ਬੋਲੀ," ਹੁਣ ਮੈਨੂੰ ਇਸ ਦੀ ਜ਼ਰੂਰਤ ਨਹੀਂ। ਹੋਰਾਂ ਬੱਚਿਆਂ ਪਿੱਛੇ ਲੱਗ ਕੇ , ਗੁੱਗਲ਼ ਦੀ ਝਾਕ ਵਿੱਚ , ਮੈਂ ਮਿਹਨਤ ਕਰਨੀ ਛੱਡ ਦਿੱਤੀ ਸੀ। ਮੇਰੇ ਅੰਗਰੇਜ਼ੀ ਵਿੱਚ ਸੰਤਾਲੀ ਨੰਬਰ ਆਏ ਹਨ।  ਪਹਿਲਾਂ ਸਤਾਨਵੇਂ ਸਨ। ਦੀਪੂ ਦੇ ਹੁਣ ਤੇਈ ਨੰਬਰ ਹਨ, ਪਹਿਲਾਂ ਚੌਂਤੀ ਸਨ। ਅਸੀਂ ਉੱਪਰ ਨੂੰ ਜਾਣ ਦੀ ਬਜਾਏ ਥੱਲੇ ਨੂੰ ਆਏ ਹਾਂ। ਮੈਨੂੰ ਸ਼ਰਮ ਆ ਰਹੀ ਹੈ ਪਾਪਾ। ਆਪਣੀ ਮਿਹਨਤ ਅਤੇ ਲਗਨ ਤੋਂ ਉੱਪਰ ਕੋਈ ਐਪ ਨਹੀਂ ਹੁੰਦੀ। ਇਹ ਸਭ ਵਿਹਲੜਾਂ ਲਈ ਨੇ, ਪੜ੍ਹਾਈ ਕਰਨ ਵਾਲਿਆਂ ਲਈ ਨਹੀਂ। "

ਡੱਬੇ ਵਿੱਚ ਆਈ ਫ਼ੋਨ ਸਾਂਭਦਿਆਂ ਗੋਪੀ ਬੋਲਿਆ," ਅਹਿਸਾਸ ਹੀ ਬੰਦੇ ਨੂੰ ਅਗਾਂਹ ਤੋਰਦਾ ਹੈ। ਆਪਣਾ ਸੱਚ ਤੇ ਝੂਠ ਸਾਡੀ ਆਤਮਾ ਨੂੰ ਪਤਾ ਹੁੰਦਾ ਹੈ। "

ਗੋਪੀ ਅਤੇ ਉਸਦੀ ਪਤਨੀ ਕਈ ਦਿਨਾਂ ਤੋਂ ਦੀਪੀ ਦੇ ਬਦਲੇ ਵਤੀਰੇ ਕਾਰਨ ਅੰਦਰੋਂ ਅੰਦਰੀ ਦੁੱਖੀ ਸਨ। ਅੱਜ ਦੀਪੀ ਨੇ ਆਈ ਫ਼ੋਨ ਵਾਪਸ ਕਰਕੇ ਆਪਣੇ ਪਾਪਾ ਦੇ ਮਨ ਤੋਂ ਬੋਝ ਉਤਾਰ ਦਿੱਤਾ ਸੀ।

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ  ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ  ਵਿਸ਼ਿਆਂ ਤੇ ਨਿਬੰਧ ਅਕਸਰ  ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ  ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ  ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’  ਭਾਗ-1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।