ਗੁਰੂ ਨਾਨਕ ਦੇਵ ਜੀ  Guru Nanak Dev ji

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ  ਹਨ ।  ਆਪ ਜੀ ਦਾ ਜਨਮ ਰਾਇ ਭੋਇਂ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ) ਵਿਖੇ 1469 ਈ: (ਈਸਵੀ )* ਨੂੰ ਹੋਇਆ ।  ਆਪ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਸਨ ।  ਆਪ ਜੀ ਦੇ ਭੈਣ ਬੇਬੇ ਨਾਨਕੀ ਜੀ ਸਨ, ਜਿਨ੍ਹਾਂ ਨਾਲ ਆਪ ਜੀ ਦਾ ਅਥਾਹ ਪਿਆਰ ਸੀ।  ਆਪ ਜੀ ਦੇ ਧਰਮ-ਪਤਨੀ ਬੀਬੀ ਸੁਲੱਖਣੀ ਜੀ ਸਨ।  ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖ਼ਸ਼ ਕੇ, ਆਪ ਜੀ 1539 ਈ: ਵਿੱਚ ਜੋਤੀ-ਜੋਤ ਸਮਾਏ। 

ਆਪ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ-ਚੇਤਨਾ ਜਗਾਈ। ਲੋਕਾਈ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ।  ਆਪ ਨੇ ਚਾਰ ਉਦਾਸੀਆਂ ਵਿੱਚ ਬਹੁਤ ਦੂਰ-ਦੂਰ ਦੇਸ ਪ੍ਰਦੇਸ ਦੀ ਯਾਤਰਾ ਕੀਤੀ।  ਆਪ ਜੀ ਨੇ ਸਿੱਧਾਂ, ਪੰਡਿਤਾਂ, ਕਾਜ਼ੀਆਂ ਤੇ ਹੋਰ ਵਿਦਵਾਨ ਲੋਕਾਂ ਨਾਲ ਵਿਚਾਰ - ਵਟਾਂਦਰਾ ਤੇ ਗੋਸ਼ਟਾਂ ਕੀਤੀਆਂ । ਆਪ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਨੇਕ -ਕਰਨੀ ਉਤੇ ਜ਼ੋਰ ਦਿੰਦੇ ਸਨ । ਆਪਣੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਗ੍ਰਹਿਸਥੀ ਜੀਵਨ ਬਤੀਤ ਕੀਤਾ। ਇਸ ਸਮੇਂ ਆਪ ਨੇ ਕਰਤਾਰਪੁਰ ਸ਼ਹਿਰ ਵਸਾਇਆ ਅਤੇ ਉੱਥੇ ਖੇਤੀਬਾੜੀ  ਕਰਕੇ ਦਸਾਂ ਨਹੂੰਆਂ ਦੀ ਕਿਰਤ ਕਰਨ ਦਾ ਰਾਹ ਦੱਸਿਆ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ  ਸਾਹਿਬ ਵਿਚ ਦਰਜ ਹੈ । 'ਜਪੁ ਜੀ' ਅਤੇ 'ਆਸਾ ਦੀ ਵਾਰ' ਆਪ ਦੀਆਂ ਸਭ ਤੋਂ ਵੱਧ ਪ੍ਰਸਿੱਧ ਬਾਣੀਆ ਹਨ। ਆਪ ਦੀ ਬਾਣੀ ਵਿੱਚ ਫ਼ਾਰਸੀ , ਅਰਬੀ , ਹਿੰਦੀ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਬਹੁਤ ਸ਼ਬਦ ਮਿਲ਼ਦੇ ਹਨ।

ਆਪ ਦੀ ਬਾਣੀ ਵਿੱਚੋ ਕੁਝ ਸ਼ਬਦ ਹੇਠਾਂ ਦਿੱਤੇ  ਜਾ ਰਹੇ ਹਨ।

ਜਪੁ 

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

॥ਜਪੁ ॥

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਪਦਅਰਥ:-  ਓਅੰ - ਬ੍ਰਹਮੁ, ਮੁੱਢਕਦੀਮੀ ਧੁਨੀ 

ਕਾਰ - ਇਕ-ਰਸ

ਓਅੰਕਾਰ - ਬ੍ਰਹਮੁ/ਸ੍ਰਿਸ਼ਟੀ ਦਾ ਰਚਣਹਾਰ, ਅਕਾਲ ਪੁਰਖ 

ਏਕੰਕਾਰੁ-ਏਕ ਓਅੰਕਾਰ, ਉਹ ਇਕ ਇਕ ਅਕਾਲ ਪੁਰਖ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ।  

ਸਤਿ ਨਾਮੁ  - ਜਿਸਦਾ ਨਾਮ ਸਤਿ ਹੈ। ਸਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸਦਾ ਮਤਲਬ ਸੱਚਾ ਤੱਤ ਹੈ ਜੋ ਕਦੇ ਨਹੀਂ ਮਿਟਦਾ। ਸਤਿ ਨਾਮੁ ਹੀ ਅਕਾਲ ਪੁਰਖ (ਵਾਹਿਗੁਰੂ) ਹੈ, ਜੋ ਸਦੀਵੀ ਹੈ, ਇਸ ਬ੍ਰਹਿਮੰਡ ਵਿੱਚ ਬਾਕੀ ਸਭ ਵਸਤਾਂ ਨਾਸ਼ਵਾਨ ਹਨ (ਜਾਂ ਰੂਪ ਬਦਲਦੀਆਂ ਹਨ), ਪਰ ਇੱਕ 'ਉਸਦਾ' ਨਾਮੁ ਹੀ ਹੈ ਜੋ ਕਦੇ ਨਹੀਂ ਮਿਟਦਾ! 

ਅਜੂਨੀ— ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ । ਸੈਭੰ— ਸ੍ਵਯੰਭੂ (ਸ੍ਵ-ਸ੍ਵਯੰ । ਭੰ-ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ । 

ਆਦਿ-ਮੁੱਢ ਤੋਂ । ਸਚੁ-ਹੋਂਦ ਵਾਲਾ । ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ । 'ਅਸ' ਦਾ ਅਰਥ ਹੈ 'ਹੋਣਾ' । 

ਜੁਗਾਦਿ-ਜੁਗਾਂ ਦੇ ਮੁੱਢ ਤੋਂ । ਹੈ-ਭਾਵ, ਇਸ ਵੇਲੇ ਭੀ ਹੈ । 

ਨਾਨਕ-ਹੇ ਨਾਨਕ! ਹੋਸੀ-ਹੋਵੇਗਾ, ਰਹੇਗਾ ।੧।

ਅਰਥ:- ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਗੁਰਸਿੱਖੀ ਦਾ ਮੂਲ-ਮੰਤਰ ਦਿੱਤਾ ਹੈ। ਭਾਵ ਅਕਾਲ ਪੁਰਖ ਸਿਰਫ਼ ਇੱਕ ਹੈ, ਜਿਸ ਦਾ ਨਾਮ ਸਦੀਵੀ ਰਹਿਣ ਵਾਲ਼ਾ ਹੈ। ਜੋ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਸਭ ਵਿਚ ਵਿਆਪਕ ਹੈ। ਜੋ ਭੈ ਤੋਂ ਰਹਿਤ ਹੈ। ਜੋ ਵੈਰ-ਰਹਿਤ ਹੈ। ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ, ਜਿਸ ਦਾ ਸਰੀਰ ਕਦੇ ਵੀ ਨਾਸ ਨਹੀਂ ਹੋ ਸਕਦਾ। ਜੋ ਜੂਨਾਂ ਵਿਚ ਨਹੀਂ ਆਉਂਦਾ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। 

ਨੋਟ- ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ 'ਜਪੁ' ਹੈ । ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ । ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ । ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ । 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ । ਫਿਰ 'ਜਪੁ' ਸਾਹਿਬ ਦੀਆਂ ੩੮ ਪਉੜੀਆਂ ਹਨ।

ਨਾਨਕ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਜੁੱਗਾਂ ਦੇ ਸ਼ੁਰੂ ਤੋਂ ਮੌਜੂਦ ਹੈ । ਅੱਜ ਵੀ ਮੌਜੂਦ ਹੈ ਤੇ ਹਮੇਸ਼ਾਂ ਮੌਜੂਦ ਰਹੇਗਾ। ਭਾਵ ਇਹ ਸੰਸਾਰ ਨਾਸ਼ਵਾਨ ਹੈ ਇੱਕ ਅਕਾਲ ਪੁਰਖ ਦਾ ਨਾਮ ਹੀ ਹੈ ਜੋ ਹਮੇਸ਼ਾਂ ਰਹੇਗਾ। 

ਨੋਟ-ਇਹ ਸਲੋਕ ਮੰਗਲਾਚਰਨ ਵਜੋਂ ਹੈ । ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ (ਵਾਹਿਗੁਰੂ ) ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ । 'ਮੰਗਲ' ਦਾ ਮਤਲਬ ਕਲਿਆਣਕਾਰੀ ਜਾਂ ਸ਼ੁੱਭ ਸੂਚਕ ਹੈ। ਕਿਸੇ ਵੀ ਸ਼ੁੱਭ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਰੂਪੀ ਆਚਰਨ (ਅਰਦਾਸ ਦੇ ਵਾਂਗ) ਕਰਨਾ ਮੰਗਲਾਚਰਨ ਕਹਿਲਾਉਂਦਾ ਹੈ। ਕੋਈ ਵੀ ਗ੍ਰੰਥ ਲੋਕਾਂ ਦੇ ਹਿਤ ਲਈ ਲਿਖਿਆ ਤੇ ਪੜ੍ਹਿਆ ਜਾਂਦਾ ਹੈ। ਇਸ ਕਰਕੇ ਉਸਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਦਾ ਨਿਰਵਾਹ ਕੀਤਾ ਜਾਂਦਾ ਹੈ।  ਮੰਗਲਾਚਰਨ ਵਿੱਚ ਕਵੀ (ਲੇਖਕ) ਆਪਣੇ ਇਸ਼ਟ ਦੇਵ ਨੂੰ ਯਾਦ ਕਰਕੇ ਉਸਨੂੰ ਪ੍ਰਣਾਮ ਕਰਦਾ ਹੈ। 

Expand the words below to learn more by clicking on the down arrow ...

ੴ  ਏਕ ਓਅੰਕਾਰ Ek Onkaar

ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ਇਕ ਅਕਾਲ ਪੁਰਖ, ਜੋ ਇਕ-ਰਸ ਹੈ ਤੇ ਹਰ ਥਾ  ਵਿਆਪਕ ਹੈ। Guru Nanak's concept of One Reality or Force (Brahm),  that runs the Universe, is everywhere, in every living being, is loving, timeless, shapeless, beyond cycles of birth and death, and self-existent! One can understand 'Ek Onkaar'  by Guru's grace.

ਸਤਿ ਨਾਮੁ Sat Naam

ਉਹ ਓਅੰਕਾਰ ਜੋ ਸਦੀਵੀ ਹੈ, ਜਿਸਦਾ ਨਾਮ ਕਦੇ ਨਹੀਂ ਮਿਟਣਾ। ਇਸ ਬ੍ਰਹਿਮੰਡ ਵਿੱਚ ਸਭ ਕੁੱਝ ਨਾਸ਼ਵਾਨ ਹੈ, ਇੱਕ ਰੱਬ ਦਾ ਨਾਮ ਹੀ ਹੈ ਜੋ ਸਦਾ ਰਹਿਣਾ ਹੈ। ਮਨੁੱਖ ਨੂੰ ਸਤਿਨਾਮ ਦਾ ਹਰ ਵੇਲ਼ੇ ਯਾਦ ਰਹਿਣਾ ਚਾਹੀਦਾ ਹੈ ਤੇ ਉਸਦਾ ਸਿਮਰਨ ਕਰਨਾ ਚਾਹੀਦਾ ਹੈ।ਗੁਰੂ ਅਰਜਨ ਦੇਵ ਜੀ ਰਾਗ ਗਉੜੀ, ਅੰਗ 284 ਵਿੱਚ ਫੁਰਮਾਉਂਦੇ ਹਨ ਕਿ ਸਤਿਨਾਮ ਸਦਾ ਸੁੱਖ ਦੇਣ ਵਾਲ਼ਾ ਹੈ। ਪਰ ਇਹ ਵਿਸ਼ਵਾਸ਼ ਜਾਂ ਅਟੱਲ ਸਿਦਕ ਗੁਰੂ ਦੀ ਕਿਰਪਾ ਕਰਕੇ ਮਿਲਦਾ ਹੈ। 

Ek Onkaar's name is everlasting or permanent, everything else in the universe is perishable, but Onkaar's name will never perish and will stay forever! Therefore, we should always keep that in mind, and often meditate or contemplate on it. It is the mantra or way to be one with the force within you and everywhere else. In Raag Gauree(Ang 284) of Sri Guru Granth Sahib Ji), Guru Arjan Dev ji writes that always remembering the everlasting Naam with devotion is comforting and peaceful. But the understanding of that devotion comes from Guru's teachings. 

ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ 

sat naam prabh kaa sukhadhaiee || bisavaiaas sat naanak gur te paiee ||6||

ਕਰਤਾ ਪੁਰਖੁ Karta Purakh

ਓਅੰਕਾਰ ਹੀ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਸਾਰੇ ਜਗਤ ਵਿੱਚ ਵਿਆਪਕ ਹੈ, ਉਹ ਪ੍ਰਮਾਤਮਾ ਜੋ ਸਾਰੀ ਸ੍ਰਿਸ਼ਟੀ (ਬ੍ਰਹਿਮੰਡ) ਵਿੱਚ ਰਮ ਰਿਹਾ ਹੈ।

Ek Onkaar is the only one force that is creator of the universe. Karta means Creator and Purakh's literal meaning is Person but here it means one force (Ek Onkar) that is omnipresent!

ਨਿਰਭਉ ਨਿਰਵੈਰੁ Nirbhau Nirvair

ਉਸਨੂੰ ਕਿਸੇ ਦਾ ਡਰ ਨਹੀਂ ਤੇ ਨਾਂ ਹੀ ਕਿਸੇ ਨਾਲ਼ ਵੈਰ ਜਾਂ ਨਫ਼ਰਤ ਹੈ। ਉਹ ਸਭ ਨੂੰ ਪਿਆਰ ਕਰਦਾ ਹੈ। 

Ek Onkaar is fearless, loving and without hate or animosity.

ਅਕਾਲ ਮੂਰਤਿ Akaal Moorat

'ਉਸਦਾ' ਸਰੂਪ ਕਾਲ (ਸਮੇਂ) ਤੋਂ ਪਰੇ ਹੈ। ਭਾਵ ਜੋ ਨਾਸ਼ਵਾਨ ਨਹੀਂ ਹੈ।  

Akaal means timeless and moorat means image or shape. But Ek Onkaar has no shape , yet timeless is its shape, i.e., not affected by time and is without beginning or end; eternal; everlasting!

ਅਜੂਨੀ ਸੈਭੰ Ajooni Saibh'ang

ਉਹ ਜੂਨਾਂ ਵਿੱਚ ਨਹੀਂ ਆਉਂਦਾ ਭਾਵ ਜੰਮਣ-ਮਰਨ ਦੇ ਚੱਕਰ ਤੋਂ ਅਜ਼ਾਦ ਹੈ। ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।  

Ek Onkaar was never born or  die; is beyond the cycle of life and death! Ek Onkaar is self-existent, i.e.,  autonomous! 

ਗੁਰ ਪ੍ਰਸਾਦਿ  Gur Parsaad

ਅਸੀਂ ਉਸਨੂੰ ਗੁਰੂ ਦੀ ਕਿਰਪਾ ਨਾਲ਼ ਪਾ (ਸਮਝ) ਸਕਦੇ ਹਾਂ।  

If a Guru or teacher showers his or her grace (parsaad) on us then we can understand Ek Onkaar (or the mystery of the universe, cycle of life, our purpose here. It is hard but at least we can try by meditating on sat naam.  Sri Guru Granth Sahib is our Guru and we Sikhs are learners or seekers, we go to our Guru, bow, listen, and sing ( shabad or sat naam), in the presence of sadh sangat (congregation), perform seva (selfless service), treat everyone equal, cook, eat, and pray together, in a hope that one day Guru will grant us the wisdom to understand our purpose here on this world!)*

*The above view (in parenthesis) is only the writer's understanding; some people may have different views.

 

ਸਲੋਕੁ ॥

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

ਪਦਅਰਥ:- ਪਵਣੁ-ਹਵਾ, ਸੁਆਸ, ਪ੍ਰਾਣ। ਮਹਤੁ-ਵੱਡੀ । ਦਿਵਸੁ-ਦਿਨ। ਦੁਇ-ਦੋਵੇਂ। ਦਿਵਸੁ ਦਾਇਆ-ਦਿਨ ਖਿਡਾਵਾ ਹੈ। ਰਾਤਿ ਦਾਈ-ਰਾਤ ਖਿਡਾਵੀ ਹੈ। ਸਗਲ-ਸਾਰਾ।

ਵਾਚੈ-ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ-ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ। ਕਰਮੀ-ਕਰਮਾਂ ਅਨੁਸਾਰ। ਕੇ-ਕਈ ਜੀਵ। ਨੇੜੈ-ਅਕਾਲ ਪੁਰਖ ਦੇ ਨਜ਼ਦੀਕ।

ਜਿਨੀ-ਜਿਨ੍ਹਾਂ ਮਨੁੱਖਾਂ ਨੇ। ਤੇ-ਉਹ ਮਨੁੱਖ। ਧਿਆਇਆ-ਸਿਮਰਿਆ ਹੈ। ਮਸਕਤਿ-ਮਸ਼ੱਕਤਿ, ਮਿਹਨਤ, ਘਾਲ-ਕਮਾਈ। ਘਾਲਿ-ਘਾਲ ਕੇ, ਸਫਲੀ ਕਰ ਕੇ। ਮੁਖ ਉਜਲੇ-ਉੱਜਲ ਮੁਖ ਵਾਲੇ। ਕੇਤੀ-ਕਈ ਜੀਵ। ਛੁਟੀ-ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ-ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ।

ਅਰਥ:- ਗੁਰੂ ਨਾਨਕ ਦੇਵ ਜੀ ਇਸ ਸਲੋਕ ਵਿੱਚ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਹਵਾ ਗੁਰੂ ਹੈ, ਪਾਣੀ ਪਿਤਾ ਹੈ, ਤੇ ਧਰਤੀ ਸਭ ਦੀ ਵੱਡੀ ਮਾਤਾ ਹੈ। ਦਿਨ ਤੇ ਰਾਤ ਦੋਵੇਂ ਖੇਡਾਂ ਖਿਡਾਉਣ ਵਾਲ਼ੇ ਹਨ, ਤੇ ਸਾਰਾ ਜਗਤ ਇਸ ਧਰਤੀ ਉੱਤੇ ਖੇਡ ਰਿਹਾ ਹੈ - ਭਾਵ ਆਪਣਾ ਜੀਵਨ ਜੀਉ ਰਿਹਾ ਹੈ।  ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ ਸੰਸਾਰਿਕ ਜੀਵਾਂ ਦੇ ਕੀਤੇ ਹੋਏ, ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਜਾਂਦੇ ਹਨ, ਉਹ ਉੱਜਲ ਮੁਖ ਵਾਲੇ ਹਨ, ਜਿਨ੍ਹਾਂ ਦੇ ਚਿਹਰੇ ਤੇ ਨੂਰ ਝਲਕਦਾ ਹੈ  ਅਤੇ ਹੋਰ ਭੀ ਕਈ ਜੀਵ ਉਹਨਾਂ ਦੀ ਸੰਗਤ  ਵਿੱਚ  ਰਹਿ ਕੇ ਮਾਇਆ ਦੇ ਬੰਧਨਾਂ ਤੋਂ  ਅਜ਼ਾਦ ਹੋ ਜਾਂਦੇ  ਹਨ। 

ਭਾਵ:- ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਦੂਰ ਹੋ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।

ਭੰਡਿ ਜੰਮੀਐ ਭੰਡਿ ਨਿੰਮੀਐ 

ਮਃ ੧ ॥

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥

ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥

ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ {ਪੰਨਾ 473}

ਪਦਅਰਥ:- ਭੰਡੁ—ਇਸਤ੍ਰੀ । ਭੰਡਿ—ਇਸਤ੍ਰੀ ਤੋਂ । ਜੰਮੀਐ—ਜੰਮੀਦਾ ਹੈ, ਪੈਦਾ ਹੋਈਦਾ ਹੈ । ਨਿੰੰਮੀਐ—ਨਿੰੰਮੀਦਾ ਹੈ, ਪ੍ਰਾਣੀ ਦਾ ਸਰੀਰ ਬਣਦਾ ਹੈ । ਮੰਗਣੁ—ਕੁੜਮਾਈ । ਭੰਡਹੁ—ਇਸਤ੍ਰੀ ਦੀ ਰਾਹੀਂ । ਰਾਹੁ—(ਸੰਸਾਰ ਦੀ ਉਤਪੱਤੀ ਦਾ) ਰਸਤਾ । ਭਾਲੀਐ—ਲੱਭੀਦਾ ਹੈ, ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ । ਬੰਧਾਨੁ—ਰਿਸ਼ਤੇਦਾਰੀ । ਜਿਤੁ—ਜਿਸ ਇਸਤ੍ਰੀ ਤੋਂ । ਭੰਡਹੁ ਹੀ ਭੰਡੁ—ਇਸਤ੍ਰੀ ਤੋਂ ਇਸਤ੍ਰੀ । ਸਾਲਾਹੀਐ—ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ । ਭਾਗਾ ਰਤੀ ਚਾਰਿ—ਭਾਗਾਂ ਦੀਆਂ ਚਾਰ ਰੱਤੀਆਂ, ਭਾਗਾਂ ਦੀ ਮਣੀ, ਭਾਵ, ਚੰਗੇ ਭਾਗਾਂ ਦੇ ਕਾਰਣ ਉਹ ਮੁਖ ਸੋਹਣਾ ਲੱਗਦਾ ਹੈ ।੨।

ਅਰਥ:- ਮਨੁੱਖ ਇਸਤ੍ਰੀ ਤੋਂ ਜਨਮ ਲੈਂਦਾ ਹੈ, ਇਸਤ੍ਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ । ਇਸਤ੍ਰੀ ਨਾਲ਼ ਹੀ ਉਸਦੀ  ਕੁੜਮਾਈ ਤੇ ਵਿਆਹ ਹੁੰਦਾ ਹੈ । ਇਸਤ੍ਰੀ ਦੇ  ਰਾਹੀਂ ਉਸਦਾ ਹੋਰ ਲੋਕਾਂ ਨਾਲ ਸੰੰਬੰਧ ਬਣਦਾ ਹੈ । ਤੇ ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ । ਜੇ ਇਸਤ੍ਰੀ ਮਰ ਜਾਏ ਤਾਂ ਮਨੁੱਖ ਹੋਰ ਇਸਤ੍ਰੀ ਦੀ ਭਾਲ ਕਰਦਾ ਹੈ, ਇਸਤ੍ਰੀ ਤੋਂ ਹੀ ਉਸਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ । ਜਿਸ ਇਸਤ੍ਰੀ (ਜਾਤੀ) ਤੋਂ ਰਾਜੇ ਵੀ ਜਨਮ ਲੈਂਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ । ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ, ਇਸ ਜਗਤ ਵਿੱਚ ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ।

ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ । ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਵੀ ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਤੋਂ ਨੂਰ ਝਲਕਦਾ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ । ਹੇ ਨਾਨਕ! ਉਹੀ ਮੁੱਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ।

* ਈਸਵੀ  - A.D. (Anno Domini), Christian Era. Anno means year and Domini means Lord, so it means in the year of our Lord. These days it is also called C.E (Common Era).