ਮਿਤ੍ਰ ਪਿਆਰੇ ਨੂੰ 

Mitar Piyare Nu

ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿਤਰ ਧਰਤੀ ਜਿੱਥੇ ਕਲਗੀਧਰ ਪਾਤਸ਼ਾਹ ਨੇ ਖੰਡੇ-ਵਾਟੇ ਦੀ ਪਾਹੁਲ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਕਿਹਾ ਸੀ ਕਿ "ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ"। ਰਾਜਾ ਭੀਮ ਚੰਦ ਕਹਲੂਰੀਏ ਨੇ ਗੁਰੂ ਜੀ ਨੂੰ ਬੜੀ ਲੰਬੀ ਚਿੱਠੀ ਲਿਖੀ ਸੀ, ਜਿਸਦੇ ਅਖੀਰ 'ਚ ਲਿਖਿਆ ਸੀ ਕਿ ਮੇਰੀ ਰਿਆਸਤ 'ਚੋਂ ਨਿੱਕਲ ਜਾਓ ਜਾਂ ਅਧੀਨ ਹੋ ਕੇ ਰਈਅਤ ਬਣ ਕੇ ਰਹੋ। ਕਲਗੀਧਰ ਪਾਤਸ਼ਾਹ ਨੇ ਦੋਵੇਂ ਗੱਲਾਂ ਨਹੀਂ ਸਨ ਪ੍ਰਵਾਨ ਕੀਤੀਆਂ । ਬਾਈ ਧਾਰ ਦੇ ਰਾਜਿਆਂ ਨੇ ਮਿਲ ਕੇ ਤੇ ਔਰੰਗਜ਼ੇਬ ਤੋਂ ਵੀ ਕਹਿਲਾਇਆ ਕਿ  ਅਨੰਦਪੁਰ  ਦੇ ਕਿਲੇ ਨੂੰ ਖਾਲੀ ਕਰ ਜਾਓ। ਅਸੀਂ ਕਸਮਾਂ ਖਾਂਦੇ ਹਾਂ ਕੇ ਤੁਹਾਨੂੰ ਕੋਈ ਨੁਕਸਾਨ ਨਹੀ ਪਹੁੰਚਾਵਾਂਗੇ । ਇਸੇ ਤਰਾਂ ਕਾਫੀ ਸਮਾਂ ਲੜਾਈ ਚੱਲਦੀ ਰਹੀ ...

ਕਈ ਦਿਨਾਂ ਦੇ ਭੁੱਖਣਭਾਣੇ ਤੇ ਪਿਆਸੇ ਸਿੰਘਾਂ ਦੇ ਸਰੀਰ ਲੜਾਈ ਕਰਨ ਤੋਂ ਅਸਮਰਥ ਹੋ ਚੁੱਕੇ ਸਨ, ਥੱਕ ਚੁੱਕੇ ਸਨ। ਸਿੱਖਾਂ ਦੀ ਬੇਨਤੀ ਤੇ ਸਤਿਗੁਰੂ ਅਨੰਦਪੁਰ  ਦੇ ਕਿਲੇ 'ਚੋਂ ਅਧੀ ਰਾਤ ਨੂੰ ੬ ਪੋਹ ਸੰਮਤ ੧੮੬੧(1861) (20 ਸਿਤੰਬਰ ਸੰਨ 1704) ਨੂੰ ਚੱਲ ਪਏ । ਪਰ ਅੱਗੋਂ ਦੁਸ਼ਮਣ ਨੇ ਕਸਮਾਂ ਤੋੜ ਕੇ ਸਤਿਗੁਰੂ ਦੀਆਂ ਫੌਜਾਂ ਤੇ ਹੱਲਾ ਬੋਲ ਦਿੱਤਾ । ਘਮਸਾਨ ਦੀ ਲੜਾਈ ਹੋ ਰਹੀ ਸੀ । ਥੋੜਾ ਜਿਹਾ ਚਾਨਣ ਹੋਣ ਲੱਗਾ ਤੇ ਫੌਜਾਂ ਸਰਸਾ ਨਦੀ ਦੇ ਕਿਨਾਰੇ ਤੇ ਪੁੱਜ ਗਈਆਂ ਸਨ ।

ਆਸਾ ਕੀ ਵਾਰ ਦਾ ਕੀਰਤਨ ਹੋਇਆ ... ਦੋ ਮੀਲ ਪਿੱਛੇ ਵੱਡੇ ਸਾਹਿਬਜ਼ਾਦੇ  ਨੇ ਦੁਸ਼ਮਣਾਂ ਨੂੰ ਰੋਕ ਛਡਿਆ । ਉਧਰ ਸਰਸਾ ਨਦੀ ਵੀ ਠਾਠਾਂ ਤੇ ਸੀ ... ਬਹੁਤ ਸਾਰਾ ਕੀਮਤੀ ਸਮਾਨ, ਇਤਿਹਾਸ, ਗਰੰਥ , ਕਾਵਿ ਸੰਗ੍ਰਹਿ ਤੇ ਸੂਰਮੇ ਸਰਸਾ ਨਦੀ ਦੀ ਭੇਂਟ ਚੜ੍ਹ ਗਏ । ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਵੀ ਵਿੱਛੜ ਗਏ ... ਸਤਿਗੁਰੂ ਰੋਪੜ ਪੁੱਜੇ - ਰੋਪੜ ਤੋਂ ਚਮਕੌਰ ਸਾਹਿਬ ਨੂੰ ਚੱਲ ਪਏ । ਚਾਲੀ ਸਿੰਘ ਤਾਂ ਅਨੰਦਪੁਰ ਤੋਂ ਹੀ ਬਦਾਵਾ ਦੇ ਕੇ ਚਲੇ ਗਏ ਸਨ । ਚਮਕੌਰ ਪੁੱਜ ਕੇ, ਗੜ੍ਹੀ 'ਚ ਪੁੱਜ ਗਏ । ਉਸ ਸਮੇਂ ਦੁਸ਼ਮਣ ਦੀ ਫੌਜ ਦੀ ਗਿਣਤੀ ਦਸ ਲੱਖ ਸੀ ਪਰ ਦੋ ਸਾਹਿਬਜ਼ਾਦਿਆਂ ਨੂੰ ਛੱਡ ਕੇ ਸਿੰਘਾਂ ਦੀ ਗਿਣਤੀ  ਚਾਲੀ ਸੀ । ਏਥੇ ਕੇਵਲ  ਪੰਜ ਸਿੰਘ ਬਾਕੀ ਰਹਿ ਗਏ । ਦੋਨੋਂ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਵੀ ਸ਼ਹੀਦ ਹੋ ਗਏ । ਬਾਕੀ ਬਚੇ ਪੰਜ ਸਿੰਘਾਂ ਨੇ, ਗੁਰਮਤਾ ਕਰਕੇ ਸਤਿਗੁਰੂ ਨੂੰ ਕੱਚੀ ਗੜ੍ਹੀ 'ਚੋਂ ਬਾਹਰ ਭੇਜ ਦਿੱਤਾ,  ਦੋ ਪਿਆਰੇ ਨਾਲ ਸਨ । ਰਾਤੋ ਰਾਤ ਸਫ਼ਰ ਕਰਕੇ ਗੁਰਦੇਵ ਜੀ ਮਾਛੀਵਾੜੇ ਪੁਜੇ । ਉਸ ਵੇਲੇ ਸਿਆਲ ਦੀ ਰੁੱਤ, ਕਈ ਦਿਨਾਂ ਦੇ ਭੁੱਖਣਭਾਣੇ ਰਹਿ ਕੇ, ਨੰਗੇ ਪੈਰੀਂ, ਸਰੀਰ ਵੀ ਨਿਰਬਲ ਤੇ ਕਪੜੇ ਲੀਰੋ-ਲੀਰ ਹੋ ਚੁੱਕੇ ਸਨ । ਰਾਤ ਦੇ ਹਨੇਰੇ ਕਾਰਨ ਦੋ ਪਿਆਰੇ ਵੀ ਵਿੱਛੜ ਗਏ ।  ਕਲਗੀਧਰ ਪਾਤਸ਼ਾਹ ਬਿਲਕੁਲ ਇੱਕੱਲੇ, ਪੈਰ ਵੀ ਛਾਲਿਆਂ ਨਾਲ ਭਰ ਗਏ ... ਤੇ ਕੰਡੇ ਵੱਜ ਵੱਜ ਕੇ ਪੈਰਾਂ 'ਚੋਂ ਲਹੁ ਸਿੰਮ ਰਿਹਾ ਹੈ ... ਢੀਮ ਦਾ ਸਰਾਹਣਾ ਬਣਾ ਕੇ ਜੰਗਲ 'ਚ ਨੰਗੇ ਬਦਨ ਠੰਡ 'ਚ ਕਈ ਰਾਤਾਂ ਗੁਜ਼ਾਰੀਆਂ ਪਰ ਸਤਿਗੁਰੂ ਫਿਰ ਵੀ ਚੜ੍ਹਦੀ ਕਲਾ 'ਚ ਅਡੋਲ ਹਨ ... ਉਸ ਸਮੇਂ ਅਕਾਲ ਪੁਰਖ ਰਜ਼ਾ 'ਚ ਰਹਿੰਦੇ ਹੋਏ, ਅਕਾਲ ਪੁਰਖ ਦੇ ਰੰਗ 'ਚ ਇਹ ਸ਼ਬਦ ਇਓਂ ਗਾ ਰਹੇ ਹਨ ....

ਖਿਆਲ ਪਾਤਿਸ਼ਾਹੀ 10॥

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥

ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥

ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥

ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥ 1॥ 1॥ 6॥