ਗੋਬਿੰਦ ਰਾਏ ਤੇ ਕੰਗਣ
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
- ਸ਼ੇਰ ਸਿੰਘ ਰਾਣਾ
ਗੋਬਿੰਦ ਰਾਏ ਸੋਢੀ ਨੇ, ‘ਕੱਠੇ ਕੀਤੇ ਹਾਣੀ ਸਾਰੇ।
ਬੱਚਿਆਂ ਸੰਗ ਖੇਡਣ ਨੂੰ, ਪੁੱਜੇ ਸੀ ਘਾਟ ਕਿਨਾਰੇ।
ਸੀ ਕੌਤਕ ਦਾਤੇ ਦਾ, ਜੋ ਬੱਚਿਆਂ ਨੇ ਹਾਲ ਉਚਾਰਿਆ।
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
ਜਾ ਘਾਟ ਕਿਨਾਰੇ ‘ਤੇ ਮਾਤਾ ਇੰਝ ਲਾਲ ਨੂੰ ਬੋਲੀ।
ਕੰਗਣ ਦੱਸ ਲਾਡਲਿਆ, ਤੈਥੋਂ ਜਾਵਾਂ ਸਦਕੇ ਘੋਲੀ।
ਹੱਥ ਸੱਖਣਾ ਤੇਰਾ ਵੇ, ਮੈਥੋਂ ਜਾਂਦਾ ਨਹੀਂ ਸਹਾਰਿਆ।
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
ਦੂਜਾ ਵੀ ਸੁੱਟ ਕੇ, ਵਾਸੀ ਹੇਮਕੁੰਟ ਦੇ ਬੋਲੇ।
ਮਾਤਾ ਜੀ ਗੰਗਾ ‘ਚੋਂ, ਕੰਗਣ ਕਲਗੀਧਰ ਦਾ ਫੋਲੇ।
ਸੁੱਟ ਜੋੜੀ ਕੰਗਣਾਂ ਦੀ, ਗੁਰਾਂ ਨੇ ਕੰਗਣ ਘਾਟ ਸ਼ਿੰਗਾਰਿਆ।
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
ਗੁਰੂ ਕਲਗੀ ਵਾਲ਼ੇ ਦੀ, ਸ਼ੋਭਾ ਕੁੱਲ ਦੁਨੀਆਂ ‘ਚੋਂ ਨਿਆਰੀ।
ਉਹਦੇ ਚੋਜ ਅਨੇਕਾਂ ਨੇ, ਕੀ ਕੀ ਲਿਖਦੂ ਹਰੀ ਲਿਖਾਰੀ।
ਰਾਣਾ ਕੋਈ ਅਰਜ਼ ਕਰੇ, ਜਿਨ੍ਹਾਂ ਨੇ ਕਰਮ-ਧਰਮ ਪ੍ਰਚਾਰਿਆ।
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
ਗੰਗਾ ਨੇ ਬਖ਼ਸ਼ੀ ਸੀ, ਮੈਨੂੰ ਇਹ ਕੰਗਣਾਂ ਦੀ ਜੋੜੀ।
ਮੇਰੇ ਕੋਲ਼ ਅਮਾਨਤ ਸੀ, ਜਿਹੜੀ ਮੈਂ ਗੰਗਾ ਨੂੰ ਮੋੜੀ।
ਹੁਣ ਲੋਹਾ ਪਹਿਨਾਂਗੇ, ਇਹ ਕਹਿ ਕੇ ਭਰਮ ਨਿਵਾਰਿਆ।
ਮਾਤਾ ਜੀ ਗੋਬਿੰਦ ਨੇ, ਲਾਹ ਕੇ ਕੰਗਣ ਨਦੀ ਵਿੱਚ ਮਾਰਿਆ।
ਕੰਗਣ - ਸੋਨੇ ਦਾ ਕੜਾ
ਪ੍ਰਸ਼ਨ: ਇਸ ਕਵਿਤਾ (ਸਾਖੀ) ਤੋਂ ਸਾਨੂੰ ਕੀ ਸਿੱਖਿਆ ਮਿਲ਼ਦੀ ਹੈ?
ਉੱਤਰ: ਗੁਰੂ ਗੋਬਿੰਦ ਸਿੰਘ ਜੀ ਬਚਪਨ ਤੋਂ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਸਨ। ਉਹ ਸਾਨੂੰ ਵੀ ਇਹ ਸਿੱਖਿਆ ਦਿੰਦੇ ਹਨ ਕਿ ਸੋਨੇ ਦੇ ਗਹਿਣੇ ਤੇ ਮਾਇਆ ਇੱਕ ਦਿਖਾਵਾ ਹੈ ਤੇ ਸਿੱਖਾਂ ਨੂੰ ਉਹਨਾਂ ਨਾਲ਼ ਮੋਹ ਨਹੀਂ ਰੱਖਣਾ ਚਾਹੀਦਾ।