ਗੁਰੂ ਤੇਗ਼ ਬਹਾਦਰ ਜੀ Guru Tegh Bahadur ji

ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਇੱਕ ਮਹਾਨ ਗੁਰੂ, ਕਵੀ, ਭਗਤ ਤੇ ਸੂਰਬੀਰ ਸਨ, ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਤੇ ਸਮਕਾਲੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਤੋਂ ਰੋਕਿਆ। ਉਹਨਾਂ ਦੀਆਂ ਰਚਨਾਵਾਂ ਵਿੱਚ ਕਾਦਰ, ਕੁਦਰਤ, ਮਨੁੱਖੀ ਸੰਬੰਧ ਤੇ ਵਿਰਾਗ ਦਾ ਅਤਿ ਖੂਬਸੂਰਤ ਢੰਗ ਨਾਲ਼ ਵਰਣਨ ਹੈ। 

ਆਪ ਜੀ ਦਾ ਪ੍ਰਕਾਸ਼ 1621 ਈ: ਨੂੰ ਪਿਤਾ ਗੁਰੂ ਹਰਗੋਬਿੰਦ ਜੀ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਧਰਮ ਪਤਨੀ ਮਾਤਾ ਗੁਜਰ ਕੌਰ ਜੀ ਤੇ ਸਪੁੱਤਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸਨ। ਅੱਠਵੇਂ ਗੁਰੂ ਜੀ ਸ਼੍ਰੀ ਹਰਕ੍ਰਿਸ਼ਨ ਜੀ ਨੇ ਅੰਤਿਮ ਸਮੇ ਬਚਨ ਕੀਤੇ ਕਿ ਅਗਲਾ ਗੁਰੂ 'ਬਾਬਾ ਬਕਾਲਾ' ਵਿਖੇ ਹੈ, ਪਰ ਉਹਨਾਂ ਨਾਮ ਨਹੀਂ ਦੱਸਿਆ। ਇਹ ਖ਼ਬਰ ਸੁਣ ਕੇ ਬਹੁਤ ਸਾਰੇ ਨਕਲੀ ਗੁਰੂ ਉੱਥੇ ਮੰਜੀਆਂ ਵਿਛਾ ਕੇ ਬੈਠ ਗਏ। ਆਪ ਜੀ ਉੱਥੇ ਇੱਕ ਭੌਰੇ ਵਿੱਚ ਭਗਤੀ ਕਰ ਰਹੇ ਸਨ ਜਦੋਂ ਮੱਖਣ ਸ਼ਾਹ ਲੁਬਾਣਾ ਤੇ ਹੋਰ ਸੰਗਤਾਂ ਨੇ ਆਪ ਜੀ ਨੂੰ ਭਾਲ਼ ਕੇ ਅਸਲੀ ਗੁਰੂ ਮੰਨਿਆ। 

ਸਿੱਖੀ ਦੇ ਪ੍ਰਚਾਰ ਕਰਨ ਲਈ ਆਪ ਹਿੰਦੁਸਤਾਨ ਵਿੱਚ ਬਹੁਤ ਜਗ੍ਹਾ ਗਏ ਤੇ ਸਿੱਖੀ ਦੇ ਕੇਂਦਰ (Center) ਸਥਾਪਿਤ ਕੀਤੇ। ਪੰਜਾਬ ਵਾਪਸ ਆ ਕੇ, ਆਪ ਜੀ ਨੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਕੋਲ਼, ਮੱਖੋਵਾਲ ਦੀ ਜ਼ਮੀਨ ਖਰੀਦ ਕੇ ਚੱਕ-ਨਾਨਕੀ ਨਾਮ ਦਾ ਨਗਰ ਵਸਾਇਆ, ਜਿਸਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ।

ਉਸ ਸਮੇਂ ਦਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗਿਆ। ਉਸਦੇ ਜ਼ੁਲਮ ਦੀ ਇੰਤਹਾ (Limit) ਹੋ ਗਈ ਤਾਂ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ਼ ਮਦਦ ਲਈ ਫ਼ਰਿਆਦ ਲੈ ਕੇ ਆਏ। ਉਸ ਸਮੇਂ ਗੁਰੂ ਜੀ ਫੁਰਮਾਏ ਕਿ ਇਸ ਜ਼ੁਲਮ ਨੂੰ ਰੋਕਣ ਲਈ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਜ਼ਰੂਰਤ ਹੈ। ਇਹ ਸੁਣ ਕੇ ਆਪਜੀ ਦੇ ਸਪੁੱਤਰ ਬਾਲ ਗੋਬਿੰਦ ਰਾਏ ਜੀ ਬੋਲੇ ਕਿ ਪਿਤਾ ਜੀ ਆਪਜੀ ਤੋਂ ਵੱਡਾ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਉਠਾਉਣ ਦਾ ਫ਼ੈਸਲਾ ਕੀਤਾ, ਤੇ ਕਸ਼ਮੀਰੀ ਪੰਡਿਤਾਂ ਨੂੰ ਬੋਲਿਆ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਜੀ ਤੂੰ ਮੁਸਲਮਾਨ ਬਣਾ ਲੈ ਤਾਂ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਇਹ ਖ਼ਬਰ ਸੁਣ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ। 

ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਬਖ਼ਸ ਕੇ ਗੁਰੂ ਜੀ ਕੁੱਝ ਸਿੱਖਾਂ ਸਮੇਤ ਦਿੱਲੀ ਵੱਲ੍ਹ ਨੂੰ ਚੱਲ । ਆਪਜੀ ਨੂੰ ਗ੍ਰਿਫ਼ਤਾਰ ਕਰਕੇ ਔਰੰਗਜ਼ੇਬ ਕੋਲ਼ ਲਿਜਾਇਆ ਗਿਆ। ਇਸਲਾਮ ਧਾਰਨ ਕਰਨ ਲਈ ਆਪਜੀ ਨੂੰ ਅਤਿਅੰਤ ਤਸੀਹੇ ਦਿੱਤੇ ਗਏ ਪਰ ਗੁਰ ਜੀ ਆਪਣੇ ਧਰਮ 'ਤੇ ਅਡੋਲ ਰਹੇ। ਅੰਤ 1675 ਈ: ਨੂੰ ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪਜੀ ਦੀ ਸ਼ਹੀਦੀ ਨੇ ਹਿੰਦੂਆਂ ਵਿੱਚ ਇੱਕ ਨਵੀਂ ਜਾਗ੍ਰਤੀ (Awareness) ਪੈਦਾ ਕਰ ਦਿੱਤੀ ਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ, ਔਰੰਗਜ਼ੇਬ ਦੇ ਮਨਸੂਬੇ (Plans) ਫੇਲ ਹੋ ਗਏ। 

ਆਪਜੀ ਨੂੰ ਸ਼ਰਧਾਂਜਲੀ (Tribute) ਭੇਟ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਜੀ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਲਿਖਦੇ ਹਨ:

ਦੋਹਰਾ ॥

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥੧੬॥


ਆਪਜੀ ਦੇ ਬਾਣੀ ਵਿੱਚੋਂ ਸ਼ਬਦ:

ਦੇਵਗੰਧਾਰੀ ਮਹਲਾ ੯ ॥

ਜਗਤ ਮੈ ਝੂਠੀ ਦੇਖੀ ਪ੍ਰੀਤਿ ॥

ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥

ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥

ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥

ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥

ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥

ਪਦਅਰਥ: ਮਹਿ = ਵਿੱਚ । ਪ੍ਰੀਤਿ = ਪਿਆਰ। ਸਿਉ = ਨਾਲ, ਦੀ ਖ਼ਾਤਰ। ਸਭਿ = ਸਾਰੇ ( ਸਨਬੰਧੀ )। ਕਿਆ = ਕੀਹ, ਚਾਹੇ, ਭਾਵੇਂ। ਦਾਰਾ = ਇਸਤ੍ਰੀ। ਮੇਰਉ = ਮੇਰਾ। ਹਿਤ = ਮੋਹ। ਸਿਉ = ਨਾਲ। ਬਾਧਿਓ = ਬੱਝਾ ਹੋਇਆ। ਅੰਤਿ ਕਾਲਿ = ਅਖ਼ੀਰਲੇ ਸਮੇ। ਸੰਗੀ = ਸਾਥੀ। ਕੋਊ = ਕੋਈ ਭੀ। ਰੀਤਿ = ਮਰਯਾਦਾ, ਜਗਤ = ਚਾਲ। ਅਜਹੂ = ਅਜੇ ਭੀ। ਸਿਖ = ਸਿੱਖਿਆ। ਨੀਤ = ਨਿੱਤ, ਸਦਾ। ਭਉਜਲੁ = ਸੰਸਾਰ-ਸਮੁੰਦਰ।

ਅਰਥ: ਹੇ ਭਾਈ! ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ।੧।ਰਹਾਉ।

ਹੇ ਭਾਈ! ਸਭਨਾਂ ਦਾ) ਚਿੱਤ ਮੋਹ ਨਾਲ ਬੱਝਾ ਹੁੰਦਾ ਹੈ (ਉਸ ਮੋਹ ਦੇ ਕਾਰਨ) ਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ'। ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।੧।

ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ। ਹੇ ਨਾਨਕ! ਆਖ-ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਸੋਰਠਿ ਮਹਲਾ ੯ ॥

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}

ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) । ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।

ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ। ਮਨਸਾ = ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿੱਚ। ਸੰਗਿ = ਨਾਲ਼।

ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਿਆਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਂ ਲੋਭ ਹੈ, ਨਾਂ ਮੋਹ ਹੈ, ਨਾਂ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਂ ਆਦਰ ਪੋਹ ਸਕਦਾ ਹੈ ਨਾਂ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।

ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੀਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸ਼ਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।

(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।

ੴ ਸਤਿਗੁਰ ਪ੍ਰਸਾਦਿ ॥ 

ਮਾਰੂ ਮਹਲਾ ੯ ॥ 

ਹਰਿ ਕੋ ਨਾਮੁ ਸਦਾ ਸੁਖਦਾਈ ॥ 

ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥ 

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥ 

ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥ 

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥ 

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥ {ਪੰਨਾ 1008}

ਪਦਅਰਥ:  ਕੋ = ਦਾ। ਸੁਖਦਾਈ = ਆਤਮਕ ਆਨੰਦ ਦੇਣ ਵਾਲਾ ਹੈ। ਕਉ = ਨੂੰ। ਸਿਮਰਿ = ਸਿਮਰ ਕੇ। ਅਜਾਮਲੁ = {ਇਸ ਨੇ ਇਕ ਮਹਾਤਮਾ ਦੇ ਕਹੇ ਆਪਣੇ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ ਸੀ। 'ਨਾਰਾਇਣ, ਨਾਰਾਇਣ' ਆਖਦਿਆਂ ਸਚ-ਮੁਚ 'ਨਾਰਾਇਣ-ਪਰਮਾਤਮਾ' ਨਾਲ ਇਸ ਦਾ ਪਿਆਰ ਬਣ ਗਿਆ}। ਉਧਰਿਓ = ਵਿਕਾਰਾਂ ਤੋਂ ਬਚ ਗਿਆ। ਗਨਿਕਾ = ਵੇਸਵਾ (ਤੋਤੇ ਨੂੰ 'ਰਾਮ ਨਾਮ' ਪੜ੍ਹਾਂਦਿਆਂ ਇਸ ਦੀ ਆਪਣੀ ਲਿਵ ਭੀ ਪਰਮਾਤਮਾ ਵਿਚ ਲੱਗ ਗਈ}। ਹੂ = ਭੀ। ਗਤਿ = ਉੱਚੀ ਆਤਮਕ ਅਵਸਥਾ।1। ਰਹਾਉ। 

ਪੰਚਾਲੀ = ਪੰਚਾਲ ਦੇਸ ਦੀ ਰਾਜ-ਕੁਮਾਰੀ, ਦ੍ਰੋਪਦੀ। ਰਾਜ ਸਭਾ ਮਹਿ = ਰਾਜ-ਸਭਾ ਵਿਚ, ਦੁਰਯੋਧਨ ਦੇ ਦਰਬਾਰ ਵਿਚ। ਸੁਧਿ = ਸੂਝ। ਰਾਮ ਨਾਮ ਸੁਧਿ = ਪਰਮਾਤਮਾ ਦੇ ਨਾਮ ਦਾ ਧਿਆਨ {ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜੋ "ਹਾ ਹਾ ਕ੍ਰਿਸ਼ਨ ਕਰੈ" ਲਿਖਿਆ ਹੈ, ਉਹ ਆਮ ਪਰਚਲਤ ਕਹਾਣੀ ਦਾ ਹਵਾਲਾ ਹੈ। ਉਹਨਾਂ ਦਾ ਆਪਣਾ ਸਿੱਧਾਂਤ ਅਖ਼ੀਰ ਤੇ ਹੈ ਕਿ "ਨਾਥੁ ਅਨਾਥਾਂ ਬਾਣ ਧੁਰਾਂ ਦੀ"}। ਕੋ = ਦਾ। ਹਰਿਓ = ਦੂਰ ਕੀਤਾ। ਕਰੁਣਾਮੈ = {ਕਰੁਣਾ = ਤਰਸ} ਤਰਸ-ਸਰੂਪ ਪਰਮਾਤਮਾ। ਪੈਜ = ਇੱਜ਼ਤ, ਨਾਮਣਾ। ਜਿਹ ਨਰ = ਜਿਨ੍ਹਾਂ ਬੰਦਿਆਂ ਨੇ। ਕਿਰਪਾ ਨਿਧਿ ਜਸੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ। ਸਹਾਈ = ਮਦਦਗਾਰ। ਕਹੁ = ਆਖ। ਨਾਨਕ = ਹੇ ਨਾਨਕ! ਇਹੀ ਭਰੋਸੈ = ਇਸੇ ਭਰੋਸੇ ਤੇ। ਗਹੀ = ਫੜੀ। ਆਨਿ = ਆ ਕੇ। 

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ, ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਗਨਿਕਾ ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ।1। ਰਹਾਉ। 

ਹੇ ਭਾਈ! ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ, ਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ।1। 

ਹੇ ਭਾਈ! ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ। ਹੇ ਨਾਨਕ! ਆਖ– ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ।2।1। 

ਹਵਾਲੇ:

http://www.sikhiwiki.org/

http://www.gurugranthdarpan.net