ਮੇਰੀ ਵਿਕਾਸ ਡਾਇਰੀ
ਮੂਲ ਅੰਗਰੇਜ਼ੀ: ਹਰਨੀਤ ਕੌਰ ਅਨੁਵਾਦ: ਅਮਨਦੀਪ ਸਿੰਘ
ਮਿਤੀ: 32 ਲੱਖ ਵਰ੍ਹੇ ਈਸਾ ਪੂਰਵ
ਮੇਰੀ ਪਿਆਰੀ ਡਾਇਰੀ,
ਮੈਂ ਅੱਜ ਥੋੜ੍ਹੀਆਂ ਜਿਹੀਆਂ ਮੱਛੀਆਂ ਖਾਧੀਆਂ। ਬਹੁਤ ਸੁਆਦੀ ਸਨ, ਪੇਟ ਪੂਰਾ ਭਰ ਗਿਆ! ਅੱਜ ਮੈਨੂੰ ਪਤਾ ਲੱਗਿਆ ਕਿ ਮੇਰਾ ਨੱਕ ਫੀਨਾ ਹੈ। ਮੈਂ ਦਰਖ਼ਤ ਵੀ ਦੇਖੇ ਤੇ ਦਰਿਆ ਵਿੱਚ ਸੌਣ ਲਈ ਇੱਕ ਨਵਾਂ ਮੰਜਾ ਬਣਾਇਆ। ਹੁਣ ਰਾਤ ਹੈ। ਮੈਂ ਆਪਣੇ ਨਵੇਂ ਮੰਜੇ ‘ਤੇ ਪਾਣੀ ਵਿੱਚ ਸੌਣ ਲਈ ਤਿਆਰ ਹਾਂ। ਸ਼ੁੱਭ ਰਾਤ, ਡਾਇਰੀ…
ਮਿਤੀ: 15 ਲੱਖ ਵਰ੍ਹੇ ਈਸਾ ਪੂਰਵ
ਮੇਰੀ ਪਿਆਰੀ ਡਾਇਰੀ,
ਅੱਜ ਮੈਂ ਕੁੱਝ ਔਜ਼ਾਰ (ਸੰਦ) ਬਣਾਏ। ਉਹ ਮੈਂ ਹੱਡੀਆਂ ਤੇ ਪੱਥਰਾਂ ਤੋਂ ਬਣਾਏ। ਤੇ ਉਹ ਵਧੀਆ ਬਣੇ।
ਮਿਤੀ: 3 ਲੱਖ ਵਰ੍ਹੇ ਈਸਾ ਪੂਰਵ
ਮੇਰੀ ਪਿਆਰੀ ਡਾਇਰੀ,
ਅੱਜ ਜੋ ਕੁੱਝ ਵੀ ਨਿਕ-ਸੁਕ ਮੈਨੂੰ ਮਿਲ਼ਿਆ, ਮੈਂ ਉਸਤੋਂ ਕੁੱਝ ਕੱਪੜੇ ਬਣਾਏ। ਮੈਂ ਸ਼ਿਕਾਰ ਕੀਤਾ ਤੇ ਵਧੀਆ ਖਾਣਾ ਖਾਧਾ। ਨਾਲ਼ੇ, ਸਾਡੇ ਵਿੱਚੋਂ ਕੁਝ ਲੋਕ ਅਫ਼ਰੀਕਾ ਤੋਂ ਯੂਰੋਪ ਤੇ ਏਸ਼ੀਆ ਵਿੱਚ ਚਲੇ ਗਏ। ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ।
ਮਿਤੀ: 2.5 ਲੱਖ ਵਰ੍ਹੇ ਈਸਾ ਪੂਰਵ
ਮੇਰੀ ਪਿਆਰੀ ਡਾਇਰੀ,
ਅੱਜ ਮੈਂ ਆਪਣੀ ਝੌਂਪੜੀ/ਟੀਪੀ (Tipi) ਵਿੱਚ ਆਪਣੇ ਇੱਕ ਬਿਮਾਰ ਮਿੱਤਰ ਦੀ ਦੇਖ-ਭਾਲ਼ ਕੀਤੀ। ਪਰ ਅਫ਼ਸੋਸ ਕਿ ਉਹ ਜਲਦੀ ਹੀ ਮਰ ਗਿਆ। ਮੈਂ ਬਹੁਤ ਉਦਾਸ ਹਾਂ। ਅਸੀਂ ਜਲਦੀ ਉਸਨੂੰ ਦਫ਼ਨਾਉਣ ਜਾ ਰਹੇ ਹਾਂ। ਮੈਂ ਉਸਦੀ ਅੰਤਿਮ ਕਿਰਿਆ ਲਈ ਕੁਝ ਫੁੱਲ ਇਕੱਤਰ ਕੀਤੇ ਹਨ!
ਮਿਤੀ: 1 ਲੱਖ ਵਰ੍ਹੇ ਈਸਾ ਪੂਰਵ
ਮੇਰੀ ਪਿਆਰੀ ਡਾਇਰੀ,
ਮੈਂ ਅੱਜ ਬਹੁਤ ਕੁਝ ਕੀਤਾ। ਪਹਿਲਾਂ ਮੈਂ ਗੁਫ਼ਾ ਦੀਆਂ ਕੰਧਾਂ ਉੱਪਰ ਚਿੱਤਰ ਬਣਾਏ। ਫੇਰ ਮੈਂ ਤੀਰ-ਕਮਾਨ ਬਣਾਏ ਤੇ ਉਹਨਾਂ ਨਾਲ਼ ਸ਼ਿਕਾਰ ਕੀਤਾ। ਫੇਰ ਮੈਂ ਕਿਸ਼ਤੀ ਦੀ ਸੈਰ ਕੀਤੀ ਤੇ ਕੁਝ ਮੱਛੀਆਂ ਫੜੀਆਂ। ਕੁੱਲ ਮਿਲ਼ਾ ਕੇ, ਅੱਜ ਦਾ ਦਿਨ ਕਾਫ਼ੀ ਰੋਚਕ ਸੀ! ਸ਼ੁੱਭ ਰਾਤ … ਮਿੱਠੇ ਸੁਪਨੇ ਆਉਣ!