ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਵਿੱਚ 

ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਭਾਰਤ ਦੇ ਪੁਰਬ ਵੱਲ ਗਏ। ਗੋਲਾ ਘਾਟ ਨਗਰ ਅਤੇ ਧਨਾਸਰੀ ਘਾਟੀ, ਜਿੱਥੇ ਆਦਮਖੋਰ ਵੱਸਦੇ ਸਨ, ਵਿੱਚੋਂ ਦੀ ਹੁੰਦੇ ਹੋਏ, ਗੁਰੂ ਜੀ ਗੁਹਾਟੀ ਪਹੁੰਚੇ। ਉੱਥੋਂ ਉਹ ਸ਼ਿਲੋਂਗ ਗਏ ਅਤੇ ਫਿਰ ਢਾਕਾ (ਜੋ ਅੱਜ ਕਲ੍ਹ ਬੰਗਲਾਦੇਸ਼ ਦੀ ਰਾਜਧਾਨੀ ਹੈ) ਪਹੁੰਚੇ।  ਰਸਤੇ ਵਿਚ ਉਹ ਕਲਕੱਤਾ, ਕੱਟਕ ਹੁੰਦੇ ਹੋਏ ਜਗਨ ਨਾਥ ਪੁਰੀ (ਉੜੀਸਾ) ਪਹੁੰਚੇ, ਜਿੱਥੇ ਹਿੰਦੁਆਂ ਦੇ ਭਗਵਾਨ ਜਗਨਨਾਥ ਦਾ ਇੱਕ ਵਿਸ਼ਾਲ ਮੰਦਿਰ ਹੈ। ਇਹ ਮੰਨਿਆ ਜਾਂਦਾ ਹੈ ਕਿ ਜਗਨ ਨਾਥ ਦੀ ਮੂਰਤੀ ਕੁਦਰਤ ਨੇ ਆਪ ਤਿਆਰ ਕੀਤੀ ਸੀ ਅਤੇ ਮੰਦਿਰ ਵਿੱਚ ਭਗਵਾਨ ਬ੍ਰਹਮਾ ਨੇ ਆਪਣੇ ਕਰ ਕਮਲਾਂ ਨਾਲ ਉਸਨੂੰ ਸਥਾਪਿਤ ਕੀਤਾ ਸੀ। 

ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਸ਼ਰਧਾਲੂ ਜਗਨ ਨਾਥ ਦਾ ਪੁਰਬ ਮਨਾ ਰਹੇ ਸਨ। ਸ਼ਾਮ ਦੇ ਵੇਲੇ, ਪੁਜਾਰੀ ਅਨੇਕਾਂ ਹੀ ਥਾਲਾਂ ਵਿੱਚ ਦੀਵੇ, ਜੋਤਾਂ, ਫ਼ਲ ਫੁੱਲ, ਧੂਫ਼, ਮੋਤੀ, ਜਵਾਹਰਾਤ ਲੈ ਕੇ, ਜਗਨ ਨਾਥ ਭਗਵਾਨ ਦੀ ਮੂਰਤੀ ਦੀ ਆਰਤੀ ਕਰਨ ਲੱਗੇ। ਹਿੰਦੂ ਮੱਤ ਅਨੁਸਾਰ ਆਰਤੀ - ਦੇਵਤੇ ਦੀ ਮੂਰਤੀ ਅੱਗੇ ਦੀਵੇ ਘੁਮਾ ਕੇ ਪੂਜਾ ਕਰਨ ਨੂੰ ਆਖਦੇ ਹਨ। ਜਦੋਂ ਸ਼ਰਧਾਲੂਆਂ ਨੇ ਵੱਡੇ ਵੱਡੇ ਪੱਖੇ ਝੁਲਾਏ ਤਾਂ ਫ਼ੁੱਲਾਂ ਅਤੇ ਧੂਫ਼ ਦੀ ਖ਼ੁਸ਼ਬੋ ਚਾਰੇ ਪਾਸੇ ਫੈਲ ਗਈ। ਸਾਰੇ ਪੁਜਾਰੀ ਸਜੇ ਹੋਏ ਥਾਲ ਘੁਮਾ ਕੇ ਅਤੇ ਘੰਟੀਆਂ ਦੀ ਗੂੰਜ ਨਾਲ ਭਜਨ ਗਾਉਣ ਲੱਗੇ। ਸ਼ਰਧਾਲੂ ਵੀ ਉਹਨਾਂ ਦੇ ਨਾਲ ਨਾਲ ਗਾ ਰਹੇ ਸਨ। ਅਤਿਅੰਤ ਹੀ ਮਨਮੋਹਕ ਵਾਤਾਵਰਣ ਸੀ।

ਪੁਜਾਰੀਆਂ ਨੇ ਗੁਰੂ ਜੀ ਨੂੰ ਵੀ ਆਰਤੀ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਜਦੋਂ ਉਹਨਾਂ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਫੁਰਮਾਏ, "ਇਹ ਮੂਰਤੀ ਜੋ ਕਿ ਮਨੁੱਖਾਂ ਨੇ ਬਣਾਈ ਹੈ, ਭਗਵਾਨ ਨਹੀਂ ਹੈ। ਭਗਵਾਨ ਤਾਂ ਨਿਰਾਕਾਰ ਹੈ ਅਤੇ ਸਾਰੀ ਕਾਇਨਾਤ ਉਸਦੀ ਆਰਤੀ ਕਰ ਰਹੀ ਹੈ। ਉਸਨੂੰ ਇਸ ਝੂਠੀ ਆਰਤੀ ਅਤੇ ਰੀਤੀ-ਰਿਵਾਜ਼ਾਂ ਦੀ ਜ਼ਰੂਰਤ ਨਹੀਂ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਅਤੇ ਨਿਰਾਕਾਰ ਪ੍ਰਭੁ ਅਤੇ ਕੁਦਰਤ ਦੀ ਵਡਿਆਈ ਦੀ ਇਹ ਆਰਤੀ ਸੁਣਾਈ। ਸਾਰੇ ਸ਼ਰਧਾਲੂਆਂ ਨੇ ਬੜੀ ਨੀਝ੍ਹ ਨਾਲ ਇਹ ਸ਼ਬਦ ਸੁਣਿਆ, ਗੁਰੂ ਜੀ ਦੀ ਉਸਤਤ ਕੀਤੀ ਅਤੇ ਆਪਣਾ ਜਨਮ ਸਫਲਾ ਕੀਤਾ। 

ਧਨਾਸਰੀ ਮਹਲਾ ੧ ਆਰਤੀ    

ੴ ਸਤਿਗੁਰ ਪ੍ਰਸਾਦਿ ॥

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥

ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥

ਸਭ ਮਹਿ ਜੋਤਿ ਜੋਤਿ ਹੈ ਸੋਇ ॥

ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥

ਗੁਰ ਸਾਖੀ ਜੋਤਿ ਪਰਗਟੁ ਹੋਇ ॥

ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥  {ਪੰਨਾ 663}

ਨੋਟ: ਆਰਤੀ - ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਆਰਤੀ ਦੀ ਵਡਿਆਈ ਕੀਤੀ ਹੈ।

ਪਦਅਰਥ: ਗਗਨ—ਆਕਾਸ਼। ਗਗਨ ਮੈ—ਗਗਨ ਮਯ, ਆਕਾਸ਼—ਰੂਪ, ਸਾਰਾ ਆਕਾਸ਼। ਰਵਿ—ਸੂਰਜ। ਦੀਪਕ—ਦੀਵੇ। ਜਨਕ—ਜਾਣੋ, ਮਾਨੋ, ਜਿਵੇਂ। ਮਲਆਨਲੋ—{ਮਲਯ—ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ—ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰ ਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਬਨਰਾਇ—ਬਨਸਪਤੀ। ਫੂਲੰਤ—ਫੁੱਲ ਦੇ ਰਹੀ ਹੈ। ਜੋਤੀ—ਜੋਤਿ—ਰੂਪ ਪ੍ਰਭੂ।੧।

ਭਵਖੰਡਨਾ—ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ—{ਅਨ—ਹਤ} ਜੋ ਬਿਨਾ ਵਜਾਏ ਵੱਜੇ, ਇੱਕ—ਰਸ। ਸਬਦ—ਆਵਾਜ਼, ਜੀਵਨ—ਰੌ। ਭੇਰੀ—ਡੱਫ, ਨਗਾਰਾ।੧।ਰਹਾਉ।

ਸਹਸ—ਹਜ਼ਾਰਾਂ। ਤਵ—ਤੇਰੇ। ਨਨ—ਕੋਈ ਨਹੀਂ। ਤੋਹਿ ਕਉ—ਤੇਰੇ ਵਾਸਤੇ, ਤੇਰੇ, ਤੈਨੂੰ। ਮੂਰਤਿ—ਸ਼ਕਲ। ਨਨਾ—ਕੋਈ ਨਹੀਂ। ਤੋਹੀ—ਤੇਰੀ। ਪਦ—ਪੈਰ। ਬਿਮਲ—ਸਾਫ਼। ਗੰਧ—ਨੱਕ। ਇਵ—ਇਸ ਤਰ੍ਹਾਂ। ਚਲਤ—ਕੌਤਕ, ਅਚਰਜ ਖੇਡ।੨।

ਜੋਤਿ—ਚਾਣਨ, ਪ੍ਰਕਾਸ਼। ਸੋਇ—ਉਹ ਪ੍ਰਭੂ। ਤਿਸ ਕੈ ਚਾਨਣਿ—ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ—ਸਿੱਖਿਆ ਨਾਲ।੩।

ਮਕਰੰਦ—ਫੁੱਲਾਂ ਦੀ ਵਿਚਲੀ ਧੂੜ {Pollen dust}, ਫੁੱਲਾਂ ਦਾ ਰਸ। ਮਨੋ—ਮਨ। ਅਨਦਿਨੋ—ਹਰ ਰੋਜ਼। ਮੋਹਿ—ਮੈਨੂੰ। ਆਹੀ—ਹੈ, ਰਹਿੰਦੀ ਹੈ। ਸਾਰਿੰਗ—ਪਪੀਹਾ। ਜਾ ਤੇ—ਜਿਸ ਨਾਲ। ਤੇਰੈ ਨਾਮਿ—ਤੇਰੇ ਨਾਮ ਵਿਚ।੪।

ਅਰਥ: ਸਾਰਾ ਆਕਾਸ਼ ਥਾਲ ਹੈ, ਸੂਰਜ ਤੇ ਚੰਦ ਇਸ ਥਾਲ ਵਿਚ ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, ਥਾਲ ਵਿਚ ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ ਧੂਪ ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ।੧।

ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਇੱਕ-ਰਸ ਜੀਵਨ-ਰੌ, ਜਿਵੇਂ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ।

ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ! ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ,ਪਰ ਨਿਰਾਕਾਰ ਹੋਣ ਕਰ ਕੇ ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨।

ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ। ਇਸ ਸਰਬ-ਵਿਆਪਕ ਜੋਤਿ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ। ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ।੩।

ਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ ਦੀ ਬਰਕਤਿ ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੧।੭।੯।

ਰਾਗ ਧਨਾਸਰੀ

ਥਾਟ: ਕਾਫ਼ੀ

ਜਾਤੀ: ਔੜਵ (5)/ ਸੰਪੂਰਨ(7)

ਵਾਦੀ: ਪ

ਸੰਵਾਦੀ: ਸ

ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ

ਆਰੋਹ: ਸ ਗੁ, ਮ ਪ, ਨੀੁ ਸਂ

ਅਵਰੋਹ: ਸਂ ਨੀੁ ਧ ਪ, ਮ ਪ ਗੁ, ਰੇ ਸ

ਪਕੜ: ਨੀੁ ਸ ਗੁ, ਮ ਪ, ਨੀੁ ਧ ਪ, ਮ ਪ ਗੁ, ਰੇ ਸ

References:

http://gurugranthdarpan.com/

Image Source: http://www.sikhanswers.com/rehat-maryada-code-of-conduct/what-is-the-sikh-view-on-aarti/

aarti.pdf