US Capitol ਅਮਰੀਕਾ ਦਾ ਕੈਪੀਟੋਲ 

ਅਮਰੀਕਾ ਦੇ ਕੈਪੀਟੋਲ ਦੀ ਬੁਨਿਆਦ ਗ਼ੁਲਾਮਾਂ ਨੇ ਆਪਣੇ ਖ਼ੂਨ-ਪਸੀਨੇ ਨਾਲ਼ ਰੱਖੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਵਿੱਚ ਸਥਿੱਤ ਕੈਪੀਟੋਲ (ਸੰਸਦ ਭਵਨ) ਰਾਜਨੀਤੀ, ਕਲਾ ਤੇ ਗਿਆਨ ਦਾ ਇੱਕ ਅਦਭੁੱਤ ਮੁਜੱਸਮਾ ਹੈ। ਇਹ ਅਮਰੀਕੀ ਭਵਨ ਨਿਰਮਾਣ ਕਲਾ ਦਾ ਵੀ ਆਪਣੇ ਆਪ ਵਿੱਚ ਇੱਕ ਵਿਲੱਖਣ ਨਮੂਨਾ ਹੈ।

ਇਸਦੀ ਉਸਾਰੀ 1793 ਈ: ਵਿੱਚ ਸ਼ੁਰੂ ਹੋਈ ਸੀ ਤੇ 1800 ਈ: ਤੱਕ ਅਮਰੀਕੀ ਸੰਸਦ (ਕਾਂਗਰਸ) ਤਿਆਰ ਹੋ ਚੁੱਕੇ ਉੱਤਰੀ ਭਾਗ ਵਿੱਚ ਮਿਲਣ ਲੱਗ ਪਏ ਸਨ। ਪਰ ਜਿਸ ਤਰ੍ਹਾਂ ਅਮਰੀਕਾ ਦੀ ਜਨਸੰਖਿਆ ਵਧਣ ਲੱਗੀ, ਉਸੇ ਤਰ੍ਹਾਂ ਜਲਦੀ ਹੀ ਇਸ ਸੰਸਦ ਭਵਨ ਨੂੰ ਵੀ ਵੱਡਾ ਕਰਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਸੀ। ਉਦੋਂ ਤੋਂ ਹੀ ਇਸਦਾ ਵਿਸ਼ਾਲ ਗੁੰਬਦ ਅਮਰੀਕਨ ਲੋਕਤੰਤਰ ਦਾ ਅੰਤਰਾਸ਼ਟਰੀ ਚਿਨ੍ਹ ਬਣ ਗਿਆ।

"ਜਦੋਂ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਨੂੰ ਅਮਰੀਕਾ ਦਾ ਬਾਦਸ਼ਾਹ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਸਨੇ ਇਹ ਕਹਿ ਕੇ ਉਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਕਿਓਂਕਿ ਉਹ ਚਾਹੁੰਦਾ ਸੀ ਕਿ ਅਮਰੀਕਾ ਹਮੇਸ਼ਾਂ ਅਜ਼ਾਦ ਰਹੇ ਤੇ ਉਸਦੀ ਦੀ ਵਾਗਡੋਰ ਲੋਕਾਂ ਦੇ ਕੋਲ਼ ਹੀ ਰਹੇ! ਬਾਦਸ਼ਾਹ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ। "

ਸਿਤੰਬਰ 18, 1793 ਈ: ਵਿੱਚ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਨੇ ਹੀ ਕੈਪੀਟੋਲ ਦਾ ਨੀਂਹ ਪੱਥਰ ਰੱਖਿਆ। ਇਸ ਇਮਾਰਤ ਦਾ ਡਿਜ਼ਾਈਨ ਇੱਕ ਆਦਰਸ਼ ਯੁੱਗ ਦੇ ਵਿੱਚੋਂ ਉਤਪੰਨ ਹੋਇਆ - ਇੱਕ ਰਾਸ਼ਟਰ ਦੇ ਲੋਕ ਆਪਣੀ ਸਰਕਾਰ ਦੀ ਚੋਣ ਆਪ ਕਰ ਸਕਦੇ ਹਨ! ਉਹ ਕਿਸੇ ਬਾਦਸ਼ਾਹ ਜਾਂ ਤਾਨਾਸ਼ਾਹ ਦੇ ਦੇ ਹੁਕਮ ਦੇ ਗ਼ੁਲਾਮ ਨਹੀਂ ਹਨ। ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸ਼ੁਰੂਆਤ ਸੀ।...

ਸਰਕਾਰ ਦੀ ਸ਼ਾਖ਼ਾ ਜੋ ਨਿਯਮ ਤੇ ਕਨੂੰਨ ਬਣਾਉਂਦੀ ਹੈ, ਉਸਨੂੰ ਕਾਂਗਰਸ ਕਹਿੰਦੇ ਹਨ, ਤੇ ਕਾਂਗਰਸ ਕੈਪੀਟੋਲ ਵਿੱਚ ਮਿਲਦੀ ਹੈ।

ਕੈਪੀਟੋਲ ਦੀ ਉਸਾਰੀ ਦਾ ਸੁਯੰਬਰ ਡਾ: ਵਿਲੀਅਮ ਥੋਰਨਟਨ ਨੇ ਜਿੱਤ, ਜੋ ਕਿ ਸਿਰਫ਼ ਇੱਕ ਸ਼ੌਕੀਆ ਨਿਰਮਾਤਾ ਜਾਂ ਆਰਕੀਟੈਕਟ ਸੀ। ਉਸਨੇ ਹੀ ਇਸਦਾ ਸਭ ਤੋਂ ਵੱਡਾ ਗੁੰਬਦ ਉੱਤਰੀ ਅਤੇ ਦੱਖਣੀ ਸੰਸਦ ਦੇ ਵਿਚਕਾਰ ਸਥਾਪਿਤ ਕੀਤਾ। ਪਰ ਮੁੱਢਲੀ ਉਸਾਰੀ, ਹੌਲ਼ੀ ਹੌਲ਼ੀ ਕਈ ਨਿਰਮਾਤਾਵਾਂ ਦੀ ਨਿਗਰਾਨੀ ਵਿੱਚ ਸ਼ੁਰੂ ਹੋਈ।

ਇਸਦੀ ਉਸਾਰੀ ਕਰਨ ਲਈ ਤੇ ਜੰਗਲ ਨੂੰ ਸਾਫ ਕਰਕੇ ਇਮਾਰਤ ਦੀ ਬੁਨਿਆਦ ਪੁੱਟਣ ਲਈ ਗ਼ੁਲਾਮ ਮਜ਼ਦੂਰਾਂ ਨੂੰ ਕਿਰਾਏ 'ਤੇ ਲਿਆਂਦਾ ਗਿਆ, ਕਿਉਂਕਿ ਉੱਥੇ ਹੁਨਰਮੰਦ ਮਜ਼ਦੂਰ ਮਿਲਣੇ ਔਖੇ ਸਨ ਜਾਂ ਫਿਰ ਉਹ ਉੱਥੇ ਕੰਮ ਨਹੀਂ ਸਨ ਕਰਨਾ ਚਾਂਹੁੰਦੇ! ਗ਼ੁਲਾਮ ਮਜ਼ਦੂਰਾਂ ਨੇ ਉਸਾਰੀ ਦੇ ਹਰ ਇੱਕ ਚਰਣ ਵਿੱਚ ਅਹਿਮ ਯੋਗਦਾਨ ਪਾਇਆ। ਸਰਕਾਰ ਨੂੰ ਵੀ ਉਹਨਾਂ ਦੀ ਲੋੜ ਸੀ ਤਾਂ ਜੋ ਉਹ 1800 ਈ: ਤੋਂ ਪਹਿਲਾਂ ਕਾਂਗਰਸ ਦਾ ਸਵਾਗਤ ਕਰਨ ਲਈ ਨਵੀਂ ਰਾਜਧਾਨੀ ਤਿਆਰ ਕਰ ਸਕਣ, ਜੋ ਫਿਲੇਡੈਲਫੀਆ ਤੋਂ ਵਾਸ਼ਿੰਗਟਨ ਡੀ. ਸੀ. ਬਦਲੀ ਹੋ ਰਹੀ ਸੀ।

1812 ਈ: ਵਿੱਚ ਇੰਗਲੈਂਡ ਦੀਆਂ ਫੌਜਾਂ ਨੇ  ਕੈਪੀਟੋਲ ਤੇ ਵ੍ਹਾਈਟ ਹਾਊਸ ਨੂੰ ਅੱਗ ਲਗਾ ਦਿੱਤੀ, ਪਰ ਮੀਂਹ ਪੈਣ ਕਰਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਸਤੋਂ ਅਗਲੇ ਸਾਲ ਫਿਰ ਇਸਦਾ ਨਿਰਮਾਣ ਜ਼ੋਰਾਂ ਸ਼ੋਰਾਂ ਨਾਲ਼ ਸ਼ੁਰੂ ਹੋ ਗਿਆ, ਤੇ ਇਹ ਇਮਾਰਤ 1826 ਈ: ਵਿਚ ਸੰਪੂਰਨ ਹੋਈ। 

ਪਰ ਅਜੇ ਵੀ ਇਹ ਵਿਸ਼ਾਲ ਭਵਨ ਤੇਜ਼ੀ ਨਾਲ਼ ਵੱਧ ਰਹੇ ਨੁਮਾਂਦਿਆਂ ਲਈ ਛੋਟਾ ਸੀ। 1850 ਈ: ਵਿੱਚ ਇਸਨੂੰ ਹੋਰ ਵਿਸ਼ਾਲ ਕਰਨ ਲਈ ਬਿੱਲ ਪਾਸ ਕੀਤਾ ਗਿਆ। ਢਲਵੇਂ ਲੋਹੇ (Cast Iron) ਤੋਂ ਤਿਆਰ ਇਸਦਾ ਗੁੰਬਦ ਵੀ ਤਿਆਰ ਕੀਤਾ ਗਿਆ ਜੋ ਕਿ ਇੱਕ ਵੱਡੀ ਇਮਾਰਤ ਦੇ ਜ਼ਿਆਦਾ ਯੋਗ ਸੀ। ਪਰ ਜਗ੍ਹਾ ਫੇਰ ਵੀ ਘੱਟ ਪੈ ਰਹੀ ਸੀ ਤੇ 1897 ਈ: ਵਿੱਚ ਕਾਂਗਰਸ ਲਾਇਬ੍ਰੇਰੀ ਇੱਕ ਅੱਲਗ ਵਿਸ਼ਾਲ ਭਵਨ ਵਿੱਚ ਭੇਜ ਦਿੱਤੀ ਗਈ। ਵੀਹਵੀਂ ਸਦੀ ਵਿੱਚ ਵੀ ਇਸਦੀ ਉਸਾਰੀ ਜਾਰੀ ਰਹੀ - ਹਾਊਸ (ਸਦਨ) ਤੇ ਸੈਨੇਟ (ਰਾਜ ਸਭਾ) ਲਈ ਅੱਲਗ ਅੱਲਗ ਇਮਾਰਤਾਂ ਉਸਾਰੀਆਂ ਗਈਆਂ। 1935 ਈ: ਸੁਪਰੀਮ ਕੋਰਟ ਵੀ ਅੱਲਗ ਇਮਾਰਤ ਵਿੱਚ ਚਲਿਆ ਗਿਆ।

ਅੱਜ ਦਾ ਕੈਪੀਟੋਲ ਕੰਪਲੈਕਸ ਛੇ ਹਾਊਸ (ਸਦਨ) ਤੇ ਸੈਨੇਟ (ਰਾਜ ਸਭਾ) ਦੀਆਂ ਇਮਾਰਤਾਂ, ਤਿੰਨ ਲਾਇਬ੍ਰੇਰੀਆਂ, ਇੱਕ ਬਨਸਪਤੀ ਬਾਗ਼ ਤੇ ਕੁੱਝ ਹੋਰ ਇਮਾਰਤਾਂ ਦਾ ਸਮੂਹ ਹੈ। 2008 ਈ: ਵਿੱਚ ਇੱਕ ਨਵਾਂ ਯਾਤਰੀ ਕੇਂਦਰ (Visitor Center) ਵੀ ਤਿਆਰ ਕੀਤਾ ਗਿਆ, ਜਿੱਥੇ ਯਾਤਰੀ ਆ ਕੇ ਇਸ ਮਹਾਨ ਇਤਿਹਾਸਿਕ ਇਮਾਰਤ ਦੇ ਵਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਹ ਇਸਦਾ ਟੂਰ ਲੈ ਸਕਦੇ ਹਨ ਤੇ ਆਪਣੇ ਇਲਾਕੇ ਦੇ ਨੁਮਾਂਇੰਦੇ ਨੂੰ ਵੀ ਮਿਲ਼ ਸਕਦੇ ਹਨ। ਯਾਤਰੀਆ ਨੂੰ ਤਿੰਨ ਮੁੱਖ ਹਿੱਸੇ ਵਿਖਾਏ ਜਾਂਦੇ ਹਨ:

1. ਭੌਰਾ (Crypt), ਕੈਪੀਟੋਲ ਦੀ ਪਹਿਲੀ ਮੰਜ਼ਿਲ ਦੇ ਹੇਠਾਂ ਦਾ ਅਸਥਾਨ 

2. ਗੋਲ਼ ਭਵਨ (Rotunda), ਜੋ ਕਿ ਵਿਸ਼ਾਲ ਗੁੰਬਦ ਦੇ ਹੇਠਾਂ ਹੈ

3. ਰਾਸ਼ਟਰੀ ਬੁੱਤ ਹਾਲ (National Statuary Hall), ਜਿੱਥੇ ਹਰ ਪ੍ਰਾਂਤ ਦੇ ਮਸ਼ਹੂਰ ਲੋਕਾਂ ਦੇ ਬੁੱਤ ਪ੍ਰਦਰਸ਼ਿਤ ਹਨ।

ਅਮਰੀਕਾ ਦੀ ਬੁਨਿਆਦ

ਕੈਪੀਟੋਲ ਭਵਨ ਯੂਨਾਨ ਜਾਂ ਇਟਲੀ ਦੇ ਭਵਨਾਂ ਵਰਗਾ ਲਗਦਾ ਹੈ ਕਿਉਂਕਿ ਉੱਥੋਂ ਦੇ ਲੋਕਤੰਤਰ ਤੇ ਹੋਰ ਵਿਚਾਰ ਇਸਦਾ ਪ੍ਰੇਰਨਾ ਸ੍ਰੋਤ ਹਨ। ਇਹ ਅਮਰੀਕਾ ਦੇ ਇਤਿਹਾਸ ਨੂੰ ਯਾਦ ਕਰਾਉਂਦਾ ਹੈ। ਇਸਦਾ ਅਧਾਰ ਬਹੁਤ ਸਾਰੇ ਥੰਮ੍ਹ ਹਨ, ਜਿਹਨਾਂ ਦੇ ਉੱਪਰੀ ਹਿੱਸੇ ਨੂੰ ਕੈਪੀਟਲ ਕਿਹਾ ਜਾਂਦਾ ਹੈ, ਉਹਨਾਂ 'ਤੇ ਅਮਰੀਕਨ ਫ਼ਸਲਾਂ ਤੇ ਫ਼ੁੱਲਾਂ ਦੀ ਬਹੁਤ ਖੂਬਸੂਰਤ ਮੀਨਾਕਾਰੀ ਕੀਤੀ ਗਈ ਹੈ। 

ਅਮਰੀਕਾ ਦੀ ਕਹਾਣੀ 

ਗੋਲ਼ ਭਵਨ ਦੇ ਵਿਚਕਾਰ ਖੜੇ ਹੋ ਕੇ ਜੇ ਤੁਸੀਂ ਉੱਪਰ ਗੁੰਬਦ ਵੱਲ੍ਹ ਨੂੰ ਤੱਕੋ ਤਾਂ ਤੁਹਾਨੂੰ ਲੜੀਵਾਰ ਸਜਾਏ 19 ਚਿੱਤਰਕਾਰੀ ਦੇ ਵਿਲੱਖਣ ਸ਼ਾਹਕਾਰ ਦਿਖਾਈ ਦੇਣਗੇ - ਇਹਨਾਂ ਨੂੰ 'ਅਮਰੀਕਾ ਦੇ ਇਤਿਹਾਸ ਦੀ ਲੜੀ' (Frieze of American History) ਕਿਹਾ ਜਾਂਦਾ ਹੈ। 'ਕੋਲੰਬਸ ਦੁਆਰਾ ਅਮਰੀਕਾ ਦੀ ਖੋਜ', 'ਮੁੱਢਲੇ ਵਸਨੀਕਾਂ ਦਾ ਆਉਣਾ', 'ਸੁਤੰਤਰਤਾ ਦਾ ਐਲਾਨ', 'ਕੈਲੀਫੋਰਨੀਆਂ ਵਿੱਚ ਸੋਨੇ ਦੀ ਖੋਜ', 'ਹਵਾਈ ਜਹਾਜ਼ਾਂ ਦਾ ਜਨਮ' ਆਦਿਕ ਮਹੱਤਵਪੂਰਨ ਚਿੱਤਰ ਦ੍ਰਿਸ਼ਟੀਮਾਨ ਹਨ। ਹਰੇਕ ਦ੍ਰਿਸ਼ ਵਿੱਚ ਬਹੁਤ ਲੋਕ ਹਨ ਜੋ ਕਿ ਏਕਤਾ ਦਾ ਨਮੂਨਾ ਹੈ। ਹਰੇਕ ਵਿਅਕਤੀ ਦੇ ਵਿਲੱਖਣ ਹੁਨਰ ਹਨ ਜੋ ਉਸ ਸਮੂਹ ਦੇ ਸਹਾਇਕ ਹਨ।

ਨੇਤਾ ਤੇ ਸੇਵਾਦਾਰ

ਰਾਸ਼ਟਰੀ ਬੁੱਤ ਹਾਲ ਵਿੱਚ ਉਹਨਾਂ ਲੋਕਾਂ ਦੇ ਬੁੱਤ ਸਜਾ ਕੇ ਸਨਮਾਨਿਆ ਗਿਆ ਹੈ, ਜਿਹਨਾਂ ਨੇ ਆਪਣੇ ਦੇਸ਼ ਦੀ ਸੇਵਾ ਕੀਤੀ। ਲੋਕ ਕਈ ਤਰੀਕਿਆਂ ਨਾਲ਼ ਆਪਣੇ ਦੇਸ਼ ਦੀ ਸੇਵਾ ਕਰਦੇ ਹਨ ...ਜਿਵੇਂ ਕਿ ਅਬ੍ਰਾਹਮ ਲਿੰਕਨ, ਮਾਰਟਿਨ ਲੂਥਰ ਕਿੰਗ (ਜੂਨੀਅਰ),  ਰੋਜ਼ਾ ਪਾਰਕ ਜਿਸਨੇ ਨਸਲਵਾਦ ਦੇ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ ਸੀ, ਤੇ ਹੋਰ ਅਨੇਕਾਂ ਨੇਤਾ ਤੇ ਸੇਵਾਦਾਰਾਂ ਦੇ ਬੁੱਤ ਸੁਸ਼ੋਭਿਤ ਹਨ। 

ਰਾਸ਼ਟਰ ਦਾ ਵਿਧਾਨ

ਅਮਰੀਕਾ ਦੇ ਸੰਸਥਾਪਕਾਂ ਨੇ 1787 ਈ: ਵਿੱਚ ਇਸਦਾ ਸੰਵਿਧਾਨ ਲਿਖਿਆ। ਉਹ ਇੱਕ ਸਮੂਹ ਜਾਂ ਵਿਅਕਤੀ ਦੇ ਕੋਲ਼ ਜ਼ਿਆਦਾ ਤਾਕਤ ਨਹੀਂ ਦੇਣਾ ਚਾਹੁੰਦੇ ਸੀ ਤਾਂ ਜੋ ਉਹ ਦੂਜੇ ਜਾਂ ਕਮਜ਼ੋਰ ਲੋਕਾਂ ਦੇ ਅਧਿਕਾਰ ਨਾ ਖੋਹ ਲਏ। ਅਮਰੀਕਾ ਦੇ ਸੰਵਿਧਾਨ ਦੀਆਂ ਤਿੰਨ ਸ਼ਾਖਾਵਾਂ ਹਨ: ਵਿਧਾਨਿਕ - ਜੋ ਕਾਨੂੰਨ ਬਣਾਉਂਦੀ ਹੈ, ਪ੍ਰਬੰਧਕ - ਜੋ ਕਾਨੂੰਨ ਲਾਗੂ ਕਰਦੀ ਹੈ, ਨਿਆਇਕ - ਜੋ ਇਹ ਨਿਰਣਾ ਲੈਂਦੀ ਹੈ ਕਿ ਕਾਨੂੰਨ ਦਾ ਉਲੰਘਣ ਤਾਂ ਨਹੀਂ ਕੀਤਾ ਜਾ ਰਿਹਾ। ਹਰ ਇੱਕ ਸ਼ਾਖਾ ਦੂਜੀ ਤੇ ਨਜ਼ਰ ਰੱਖਦੀ ਹੈ।

ਅਮਰੀਕਾ ਦੇ ਅਵਿਸ਼ਕਾਰਕ

ਗੋਲ਼ ਭਵਨ ਦੇ ਗੁੰਬਦ ਦੀ ਛੱਤ ਦੇ ਹੇਠਾਂ ਇੱਕ ਵੱਡਾ ਫਰੈਸਕੋ ਚਿੱਤਰ, ਜਿਸਦਾ ਇੱਕ ਹਿੱਸਾ 'ਵਿਗਿਆਨ ਦੀ ਕਹਾਣੀ' ਹੈ - ਮਿਨਰਵਾ, ਵਿਵੇਕ ਦੀ ਰੋਮਨ ਦੇਵੀ, ਮਸ਼ਹੂਰ ਅਮਰੀਕਨ ਵਿਗਿਆਨੀਆਂ ਨਾਲ਼ ਵਿਖਾਈ ਗਈ ਹੈ, ਜਿਹਨਾਂ ਨੇ ਮਹੱਤਵਪੂਰਨ ਖੋਜਾਂ ਕੀਤੀਆਂ - ਬੈਂਜਾਮਿਨ ਫਰੈਂਕਲਿਨ ਉਹਨਾਂ ਵਿੱਚੋ ਇੱਕ ਹੈ।

ਵਾਸ਼ਿੰਗਟਨ ਡੀ. ਸੀ. ਦੀ ਸੈਰ ਕਰਨ ਵਾਲ਼ੇ ਹਰ ਯਾਤਰੀ ਤੇ ਅਮਰੀਕੀ ਨਾਗਰਿਕ ਨੂੰ ਕੈਪੀਟੋਲ ਜ਼ਰੂਰ ਵੇਖਣਾ ਚਾਹੀਦਾ ਹੈ ਤਾਂ ਜੋ ਉਹ ਅਮਰੀਕਾ ਦੀ ਰਾਜਨੀਤੀ ਦੇ ਵਿਲੱਖਣ ਤੇ ਮਹਾਨ ਇਤਿਹਾਸ ਤੋਂ ਜਾਣੂ ਹੋ ਸਕੇ। ਅੱਜ ਦਾ ਕੋਈ ਵੀ ਬੱਚਾ ਕੱਲ੍ਹ ਨੂੰ ਇੱਕ ਮਹਾਨ ਨੇਤਾ ਬਣ ਸਕਦਾ ਹੈ, ਜੋ ਕਿ ਜੌਰਜ ਵਾਸ਼ਿੰਗਟਨ ਦੇ ਵਾਂਗ ਲੋਕਾਂ ਦੀ ਸਰਕਾਰ ਤੇ ਵਿਸ਼ਵਾਸ਼ ਰੱਖੇ ਨਾ ਕਿ ਖ਼ੁਦ ਇੱਕ ਤਾਨਾਸ਼ਾਹ ਬਣਨ ਦੇ ਸੁਪਨੇ ਵੇਖੇ!

2012 ਈ: ਵਿੱਚ, ਲੱਗਭੱਗ 200 ਸਾਲ ਬਾਅਦ ਅਮਰੀਕੀ ਕਾਂਗਰਸ ਨੇ ਇੱਕ ਯਾਦਗਾਰੀ ਚਿੰਨ੍ਹ ਦਾ ਉਦਘਾਟਨ ਕੀਤਾ ਤੇ ਉਹਨਾਂ ਗ਼ੁਲਾਮ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ  ਕੈਪੀਟੋਲ ਦੀ ਉਸਾਰੀ ਵਿੱਚ ਹਿੱਸਾ ਪਾਇਆ ਸੀ। ਇਹ ਇਮਾਰਤ ਬਣਾਉਣ ਲਈ ਉਹਨਾਂ ਦਾ ਯੋਗਦਾਨ ਅਤਿ ਮਹੱਤਵਪੂਰਨ ਸੀ, ਉਹ ਇਮਾਰਤ ਜੋ ਬਾਅਦ ਵਿੱਚ ਆਜ਼ਾਦੀ ਦਾ ਮੰਦਿਰ ਬਣ ਗਈ!

ਅਧਿਐਨ

ਹਰ ਦੇਸ਼ ਦਾ ਇਤਿਹਾਸ ਮਹਾਨ ਹੁੰਦਾ ਹੈ। ਭਾਰਤ ਜਾਂ ਜਿਸ ਦੇਸ਼ ਵਿੱਚ ਤੁਸੀਂ ਰਹਿੰਦੇ ਹੋ ਉੱਥੋਂ ਦੇ ਸੰਸਦ ਭਵਨ ਤੇ ਸੰਵਿਧਾਨ ਦੀ ਤੁਲਨਾ ਅਮਰੀਕਾ ਦੇ ਕੈਪੀਟੋਲ ਨਾਲ਼ ਕਰੋ। 

ਹਵਾਲੇ

https://www.visitthecapitol.gov

https://www.aoc.gov/art/commemorative-displays/slave-labor-commemorative-marker