ਗੁਰੂ ਰਾਮ ਦਾਸ ਜੀ Guru Ramdas ji

ਗੁਰੂ ਰਾਮ ਦਾਸ ਜੀ

ਗੂਰੂ ਰਾਮ ਦਾਸ ਜੀ ਸਿੱਖਾਂ ਦੇ ਚੌਥੇ ਗੂਰੂ ਸਨ l ਆਪ ਦਾ ਜਨਮ 1534 ਈ ਲਾਹੋਰ ਵਿਚ ਹੋਇਆ l ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ  ਜੀ l ਆਪ ਜੀ ਦਾ ਦੇ ਧਰਮ ਪਤਨੀ ਬੀਬੀ ਭਾਨੀ ਜੀ ਸਨ l ਆਪ ਜੀ ਦੇ ਤਿਨ ਪੁੱਤਰ  ਪ੍ਰਿਥੀ ਚੰਦ, ਮਹਾ ਦੇਵ, ਅਤੇ ਗੂਰੂ ਅਰਜਨ ਦੇਵ ਜੀ ਸਨ l ਆਪ ਜੀ ਨੂ 1574 ਈ: ਨੂੰ ਗੂਰਗੱਦੀ ਪ੍ਰਾਪਤ ਹੋਈ l ਆਪ ਜੀ ਨੇ ਅਮ੍ਰਿਤਸਰ ਸ਼ਹਿਰ ਵਸਾਇਆ l  ਆਪ ਜੀ ਦੇ 688 ਸ਼ਬਦ ਗੂਰੂ ਗ੍ਰਁਥ ਸਾਹਿਬ ਵਿਚ ਹਨ l ਆਪ ਜੀ ਨੇ ਗੁਰਬਾਣੀ ਸੰਗੀਤ ਵਿੱਚ ਪੜਤਾਲ ਸ਼ੈਲੀ (ਇੱਕ ਸ਼ਬਦ ਵਿੱਚ ਅੱਲਗ ਅਲੱਗ ਤਾਲ) ਸ਼ੁਰੂ ਕੀਤੀ।  ਆਪ ਜੀ ਦੀਆਂ ਬਿਲਾਵਲ, ਨਟਨਾਰਾਇਨ , ਨਟ ਸਾਰੰਗ, ਕਾਨੜਾ ਅਤੇ ਪ੍ਰਭਾਤੀ ਵਿਭਾਸ ਰਾਗਾਂ ਵਿੱਚ 19 ਪੜਤਾਲਾਂ ਉਪਲਬਧ ਹਨ।

ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ    ੴ ਸਤਿਗੁਰ ਪ੍ਰਸਾਦਿ ॥

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥

ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥

ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥

ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥

ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥ {ਪੰਨਾ 1200}

ਪਦਅਰਥ:- ਮਨ—ਹੇ ਮਨ! ਜਗੰਨਾਥ—ਜਗਤ ਦਾ ਖਸਮ । ਜਗਦੀਸਰੋ—ਜਗਤ ਦਾ ਈਸ਼੍ਵਰ । ਜਗ ਜੀਵਨੋ—ਜਗਤ ਦਾ ਜੀਵਨ, ਜਗਤ ਦਾ ਸਹਾਰਾ, ਜਗਤ ਨੂੰ ਪੈਦਾ ਕਰਨ ਵਾਲਾ । ਮਨ ਮੋਹਨ—ਮਨ ਨੂੰ ਮੋਹ ਲੈਣ ਵਾਲਾ । ਸਿਉ—ਨਾਲ । ਟੇਕ—ਆਸਰਾ ।੧।ਰਹਾਉ।

ਉਪਮਾ—ਵਡਿਆਈ । ਅਨਿਕ—ਅਨੇਕਾਂ । ਸੁਕ—ਸੁਕਦੇਵ ਰਿਸ਼ੀ । ਨਾਰਦ—ਬ੍ਰਹਮਾ ਦਾ ਪੁੱਤਰ ਨਾਰਦ ਰਿਸ਼ੀ । ਬ੍ਰਹਮਾਦਿਕ—ਬ੍ਰਹਮਾ ਅਤੇ ਹੋਰ ਦੇਵਤੇ । ਤਵ—ਤੇਰੇ । ਸੁਆਮੀ—ਹੇ ਸੁਆਮੀ! ਗਨਿਨ ਨ ਜਾਤ—ਗਿਣੇ ਨਹੀਂ ਜਾ ਸਕਦੇ । ਆਪੇ—ਆਪ ਹੀ । ਭਾਂਤਿ—ਕਿਸਮ, ਤਰੀਕਾ ।੧।

ਹਰਿ ਕੈ ਨਿਕਟਿ—ਪਰਮਾਤਮਾ ਦੇ ਨੇੜੇ । ਨਿਕਟ ਹੀ—{ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਨਿਕਟਿ' ਦੀ ''ਿ ਉੱਡ ਗਈ ਹੈ} । ਬਸਤੇ—ਵੱਸਦੇ ਹਨ । ਤੇ—ਉਹ {ਬਹੁ-ਵਚਨ} । ਭਗਾਤ—ਭਗਤ । ਸਿਉ—ਨਾਲ । ਰਲਿ ਮਿਲੇ—ਇਕ-ਮਿਕ ਹੋ ਗਏ । ਸਲਲੈ—ਪਾਣੀ ਵਿਚ । ਸਲਲ—ਪਾਣੀ ।੨।

ਅਰਥ:- ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ । ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ।੧।ਰਹਾਉ।

ਹੇ ਭਾਈ! ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ । ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ । ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ।੧।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ । ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ।੨।੧।੮।