ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅਰਥ:- ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਗੁਰਸਿੱਖੀ ਦਾ ਮੂਲ-ਮੰਤਰ ਦਿੱਤਾ ਹੈ। ਭਾਵ ਅਕਾਲ ਪੁਰਖ ਸਿਰਫ਼ ਇੱਕ ਹੈ, ਜਿਸ ਦਾ ਨਾਮ ਸਦੀਵੀ ਰਹਿਣ ਵਾਲ਼ਾ ਹੈ। ਜੋ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਸਭ ਵਿਚ ਵਿਆਪਕ ਹੈ। ਜੋ ਭੈ ਤੋਂ ਰਹਿਤ ਹੈ। ਜੋ ਵੈਰ-ਰਹਿਤ ਹੈ। ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ, ਜਿਸ ਦਾ ਸਰੀਰ ਕਦੇ ਵੀ ਨਾਸ ਨਹੀਂ ਹੋ ਸਕਦਾ। ਜੋ ਜੂਨਾਂ ਵਿਚ ਨਹੀਂ ਆਉਂਦਾ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
॥ਜਪੁ ॥
ਜਪੁ ਬਾਣੀ ਦਾ ਨਾਮ ਹੈ। ਭਾਵ ਇਸਦਾ ਨਿੱਤ ਜਾਪ (ਸਿਮਰਨ) ਕਰਨਾ ਹੈ।
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਅਰਥ: ਨਾਨਕ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਜੁੱਗਾਂ ਦੇ ਸ਼ੁਰੂ ਤੋਂ ਮੌਜੂਦ ਹੈ । ਅੱਜ ਵੀ ਮੌਜੂਦ ਹੈ ਤੇ ਹਮੇਸ਼ਾਂ ਮੌਜੂਦ ਰਹੇਗਾ। ਭਾਵ ਇਹ ਸੰਸਾਰ ਨਾਸ਼ਵਾਨ ਹੈ ਇੱਕ ਅਕਾਲ ਪੁਰਖ ਦਾ ਨਾਮ ਹੀ ਹੈ ਜੋ ਹਮੇਸ਼ਾਂ ਰਹੇਗਾ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਅਰਥ: ਜੇ ਮੈਂ ਲੱਖ ਵਾਰੀ ਇਸ਼ਨਾਨ ਕਰਕੇ ਸਰੀਰ ਦੀ ਸੁੱਚ (ਪਵਿੱਤਰਤਾ/Purity) ਰੱਖਾਂ, ਤਾਂ ਇਸ ਤਰ੍ਹਾਂ ਮਨ ਦੀ ਸੁੱਚ ਨਹੀਂ ਰਹਿ ਸਕਦੀ। ਜੇ ਮੈਂ ਚੁੱਪ ਰਹਿ ਕੇ ਇਕ-ਤਾਰ ਸਮਾਧੀ (Meditation) ਲਾਈ ਰੱਖਾਂ, ਤਾਂ ਚੁੱਪ ਰਹਿਣ ਨਾਲ ਮਨ ਸ਼ਾਂਤ ਨਹੀਂ ਹੋ ਸਕਦਾ। ਜੇ ਮੈਂ ਦੁਨੀਆਂ (World) ਦੇ ਸਾਰੇ ਪਦਾਰਥ (Goods) ਇਕੱਠੇ ਕਰ ਲਵਾਂ, ਤਾਂ ਭੀ ਮੇਰੀ ਭੁੱਖ ਨਹੀਂ ਮਿਟ ਸਕਦੀ। ਜੇ ਮੇਰੇ ਵਿਚ ਹਜ਼ਾਰਾਂ ਤੇ ਲੱਖਾਂ ਸਿਆਣਪਾਂ (Wisdom) ਹੋਣ, ਤਾਂ ਉਹਨਾਂ ਵਿਚੋਂ ਇਕ ਵੀ ਸਿਆਣਪ ਅੰਤ ਤੱਕ ਮੇਰੇ ਨਾਲ਼ ਨਹੀਂ ਚੱਲੇਗੀ। ਫਿਰ ਅਕਾਲ ਪੁਰਖ ਦੀ ਸਮਝ ਕਿਸ ਤਰ੍ਹਾਂ ਆ ਸਕਦੀ ਹੈ ਅਤੇ ਸਾਡੇ ਅੰਦਰਲੇ ਕੂੜ (ਝੂਠ/Lie) ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਨਾਨਕ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਹੁਕਮ (ਰਜ਼ਾ/Order) ਵਿਚ ਚੱਲਣ ਨਾਲ਼ ਹੀ ਸਾਨੂੰ ਉਸਦੀ ਸਮਝ ਆ ਸਕਦੀ ਹੈ।1।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, ਪਰ ਉਹ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿਹੋ ਜਿਹਾ ਹੈ? ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮਦੇ ਹਨ ਅਤੇ ਹੁਕਮ ਅਨੁਸਾਰ ਹੀ ਉਹਨਾਂ ਨੂੰ ਵਡਿਆਈ (Glory) ਮਿਲਦੀ ਹੈ। ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ ਬਣਦਾ ਹੈ ਤੇ ਕੋਈ ਬੁਰਾ। ਉਸ ਦੇ ਹੁਕਮ ਵਿਚ ਹੀ ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਦੁੱਖ-ਸੁਖ ਭੋਗਦੇ ਹਨ। ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ ਅਕਾਲ ਪੁਰਖ ਦੇ ਦਰ ਤੋਂ ਬਖ਼ਸ਼ਸ਼ (Blessing) ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਭਟਕਦੇ ਫਿਰਦੇ ਹਨ। ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ ਤੇ ਹਉਮੈ (Ego) ਛੱਡ ਦੇਂਦਾ ਹੈ)
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥
ਅਰਥ: ਜਿਸ ਕਿਸੇ ਮਨੁੱਖ ਵਿਚ ਸਮਰੱਥਾ ਹੁੰਦੀ ਹੈ, ਉਹ ਰੱਬ ਦੇ ਤਾਣ (ਬਲ/Force) ਨੂੰ ਗਾਉਂਦਾ ਹੈ। ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਉਸਦਾ ਨਿਸ਼ਾਨ (Insignia) ਸਮਝ ਕੇ ਗਾਉਂਦਾ ਹੈ। ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਵਿਖਮ (Difficult) ਗਿਆਨ (Knowledge/Philosophy) ਨੂੰ ਗਾਉਂਦਾ ਹੈ। ਕੋਈ ਮਨੁੱਖ ਇਉਂ ਗਾਉਂਦਾ ਹੈ ਕਿ ਅਕਾਲ ਪੁਰਖ ਸਰੀਰ ਨੂੰ ਬਣਾ ਕੇ ਫਿਰ ਸੁਆਹ ਕਰ ਦੇਂਦਾ ਹੈ। ਕੋਈ ਇਉਂ ਗਾਉਂਦਾ ਹੈ ਕਿ ਅਕਾਲ ਪੁਰਖ ਜੀਵਨ ਦੇ ਕੇ ਫਿਰ ਵਾਪਸ ਲਾਇ ਲੈਂਦਾ ਹੈ। ਕੋਈ ਮਨੁੱਖ ਆਖਦਾ ਹੈ ਕਿ ਅਕਾਲ ਪੁਰਖ ਦੂਰ ਜਾਪਦਾ ਹੈ, ਪਰ ਕੋਈ ਆਖਦਾ ਹੈ ਕਿ ਨੇੜੇ ਹੀ ਹੈ, ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ। ਕ੍ਰੋੜਾਂ (ਕੋਟੀ ਕੋਟਿ) ਹੀ ਜੀਵਾਂ ਨੇ ਬੇਅੰਤ ਵਾਰੀ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ (ਅੰਤ/End ) ਨਹੀਂ ਆ ਸਕੀ, ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ। ਅਕਾਲ ਪੁਰਖ ਸਭ ਜੀਵਾਂ ਨੂੰ ਖਾਣ ਲਈ ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। ਸਭ ਜੀਵ ਸਦਾ ਤੋਂ ਹੀ ਰੱਬ ਦੇ ਦਿੱਤੇ ਪਦਾਰਥ ਖਾਂਦੇ ਚਲੇ ਆ ਰਹੇ ਹਨ। ਹੁਕਮ ਨਾਲ਼ ਹੀ ਸਭ ਕੁਝ ਚੱਲ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ (Carefree) ਹੈ ਤੇ ਪਰਸੰਨ (ਵਿਗਸੈ/Happy) ਹੈ।
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
ਅਰਥ: ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਉਸ ਦਾ ਨਿਯਮ (Rules) ਵੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ (ਅਪਾਰ/Infinite) ਹੈ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ। ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ (Court) ਦਿਸ ਪਏ ਭਾਵ ਦਰਸ਼ਨ ਹੋ ਜਾਣ? ਅਸੀਂ ਮੂੰਹੋਂ ਕੀ ਬੋਲੀਏ, ਭਾਵ ਕਿਹੋ ਜਿਹੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰੇ। ਪੂਰਨ ਖਿੜਾਉ ਦਾ ਸਮਾਂ ਹੋਵੇ, ਭਾਵ ਅੰਮ੍ਰਿਤ ਵੇਲਾ (Early Morning) ਹੋਵੇ, ਨਾਮ ਸਿਮਰੀਏ ਤੇ ਉਸਦੀ ਵਡਿਆਈ ਦੀ ਵਿਚਾਰ (Reflect) ਕਰੀਏ। ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ 'ਸਿਫਤਿ'-ਰੂਪ ਪਟੋਲਾ/ਕੱਪੜਾ (Robe) ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਸਮਝ ਆ ਜਾਂਦੀ ਹੈ। ਹੇ ਨਾਨਕ! ਇਸ ਤਰ੍ਹਾਂ ਅਸੀਂ ਜਾਣ ਸਕਦੇ ਹਾਂ ਕਿ ਉਹ ਸਦਾ ਥਿਰ ਅਕਾਲ ਪੁਰਖ ਸਭ ਥਾਈਂ ਵੱਸਦਾ ਹੈ।
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਅਰਥ: ਉਹ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ/ਸੇਵਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! ਆਓ ਅਸੀਂ ਵੀ ਉਸ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰੀਏ। ਆਓ, ਅਕਾਲ ਪੁਰਖ ਦੇ ਗੁਣ ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ। ਪਰ ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਹੀਂ ਹੀ ਇਹ ਪਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ਉਂਝ ਇਸ ਅਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ, ਤਾਂਵੀ ਉਸ ਦਾ ਵਰਣਨ ਨਹੀਂ ਕਰ ਸਕਦਾ। ਅਕਾਲ ਪੁਰਖ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ। ਹੇ ਸਤਿਗੁਰੂ! ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਕ ਸਮਝ ਦੇਹ (ਗੁਰਾ ਇਕ ਦੇਹਿ ਬੁਝਾਈ) ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਅਰਥ: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰਕੇ ਕੀ ਕਰਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਦੁਨੀਆ ਮੈਂ ਵੇਖਦਾ ਹਾਂ, ਇਸ ਵਿੱਚ ਪਰਮਾਤਮਾ ਦੀ ਕਿਰਪਾ (ਕਰਮਾ) ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ। ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧੀ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਭਾਵ, ਪਰਮਾਤਮਾ ਦੇ ਗੁਣ) ਪੈਦਾ ਹੋ ਜਾਂਦੇ ਹਨ। ਹੇ ਸਤਿਗੁਰੂ! ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਕ ਸਮਝ ਦੇਹ (ਗੁਰਾ ਇਕ ਦੇਹਿ ਬੁਝਾਈ) ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।
References:
http://www.gurugranthdarpan.net/0001.html
https://www.sikhitothemax.org/