Lightning Strikes Home ਬਿਜਲੀ ਡਿੱਗੀ ਘਰ ਦੇ ਉੱਤੇ 

ਬਿਜਲੀ ਡਿੱਗੀ ਘਰ ਦੇ ਉੱਤੇ 

  - ਅਮਨਦੀਪ ਸਿੰਘ  

ਬੋਸਟਨ, ਉੱਤਰੀ ਅਮਰੀਕਾ ਵਿੱਚ ਜਿੱਥੇ ਅਸੀਂ  ਰਹਿੰਦੇ ਹਾਂ, ਗਰਮੀਆਂ ਵਿੱਚ ਬੜੇ ਭਿਆਨਕ ਤੂਫ਼ਾਨ ਆਉਂਦੇ ਹਨ। ਕਦੇ ਕਦੇ ਅਸਮਾਨੀ ਬਿਜਲੀ ਇੰਨੇ ਜ਼ੋਰ ਨਾਲ਼ ਗੜ੍ਹਕਦੀ ਹੈ ਕਿ ਬੜਾ ਡਰ ਲਗਦਾ ਹੈ। ਉੱਤੋਂ ਜੇ ਬਿਜਲੀ ਚਲੀ ਜਾਏ ਤਾਂ ਹਨੇਰੇ ਵਿੱਚ ਉਹ ਦ੍ਰਿਸ਼ ਹੋਰ ਵੀ ਡਰਾਉਣਾ ਲਗਦਾ ਹੈ! ਕੁਦਰਤੀ ਬਿਜਲੀ ਦਾ ਪ੍ਰਦਰਸ਼ਨ ਹੈਰਾਨ ਕਰ ਦੇਣ ਵਾਲ਼ਾ ਹੁੰਦਾ ਹੈ। 

ਅਕਸਰ ਮੈਂ ਟੀਵੀ ਤੇ ਹੋਰ ਇਲੈਕਟ੍ਰੋਨਿਕ ਵਸਤਾਂ ਦੇ ਪਲੱਗ ਉਤਾਰ ਦਿੰਦਾ ਹਾਂ ਤਾਂ ਜੋ ਬਿਜਲੀ ਦੇ ਪ੍ਰਕੋਪ ਨਾਲ਼ ਉਹ ਸੜ ਨਾ ਜਾਣ। ਪਰ ਉਸ ਹੋਣੀ ਵਾਲ਼ੇ ਦਿਨ ਜਦੋਂ ਭਿਆਨਕ ਤੂਫ਼ਾਨ ਆਇਆ ਤਾਂ, ਹਕੀਕਤ ਵਿੱਚ ਬਿਜਲੀ ਸਾਡੇ ਘਰ ਨਾਲ਼ ਟਕਰਾਈ। ਮੈਂ ਟੀਵੀ, ਕੰਪਿਊਟਰ, ਆਦਿ ਦੇ ਪਲੱਗ ਤਾਂ ਪਹਿਲਾਂ ਹੀ ਕੱਢ ਚੁੱਕਿਆ ਸੀ, ਪਰ ਹੋਰ ਵਸਤਾਂ ਜਿਵੇ ਕੰਪਿਊਟਰ ਮੋਨੀਟਰ, ਐਕਸ-ਬਾਕਸ ਦੇ ਪਲੱਗ (ਖੇਡਾਂ ਵਾਲ਼ਾ ਕੰਪਿਊਟਰ) ਅਜੇ ਲੱਗੇ ਹੋਏ ਸਨ। ਇੱਕ ਦਮ ਘਰ ਦੀ ਘੰਟੀ ਲਗਾਤਾਰ ਬੱਜਣ ਲੱਗ ਪਈ, ਅੱਗ ਦੇ ਅਲਾਰਮ (Fire Alarms) ਵੀ ਬੋਲਣ ਲੱਗ ਪਏ। ਤੇ ਅਸੀਂ ਸੋਚਿਆ ਕਿ ਸ਼ਾਇਦ ਅੱਗ ਦੇ ਬਚਾਅ ਵਾਲ਼ੇ ਬਕਸੇ ਨੂੰ ਕੁੱਝ ਹੋ ਗਿਆ। ਪਰ ਜਦੋਂ ਘੰਟੀ ਬੰਦ ਨਹੀਂ ਹੋਈ ਤਾਂ ਮੈਨੂੰ ਸਰਕਿਟ ਬ੍ਰੇਕਰ ਬੰਦ ਕਰਨਾ ਪਿਆ। ਪਰ ਘੰਟੀ ਤੇ ਪੂਰੀ ਬਿਜਲੀ ਦੀ ਲਾਈਨ ਹੀ ਖਰਾਬ ਹੋ ਚੁੱਕੀ ਸੀ। ਕੰਪਿਊਟਰ ਮੋਨੀਟਰ, ਐਕਸ-ਬਾਕਸ, ਅੱਗ ਦੇ ਅਲਾਰਮ (Fire Alarms) ਵੀ ਖਰਾਬ ਹੋ (ਅੰਦਰੋਂ ਸੜ) ਚੁੱਕੇ ਸਨ। ਇੱਕ ਦੋ ਹੋਰ ਮਹਿੰਗੀਆਂ ਵਸਤਾਂ ਵੀ ਖਰਾਬ ਹੋ ਗਈਆਂ ਸਨ। ਸਭ ਤੋਂ ਵੱਧ ਨੁਕਸਾਨ ਤਾਂ ਘੰਟੀ ਵਾਲ਼ੀ ਲਾਈਨ ਦਾ ਹੋਇਆ, ਜਿਸ ਦੇ ਸਰਕਿਟ ਦਾ ਕੁੱਝ ਵੀ ਪਤਾ ਨਹੀਂ ਲੱਗ ਰਿਹਾ ਸੀ ਤੇ ਦੁਬਾਰਾ ਘੰਟੀ ਠੀਕ ਨਹੀਂ ਹੋਈ। 1000 ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋ ਗਿਆ ਸੀ। 

ਮੈਂ ਜਦੋਂ ਘਰ ਤੇ ਬਿਜਲੀ ਡਿਗਣ ਵਾਰੇ ਹੋਰ ਪੜ੍ਹਿਆ ਤਾਂ ਪਤਾ ਲੱਗਿਆ ਹੈ ਕਿ ਬਿਜਲੀ ਤੋਂ ਘਰ ਦੇ ਸਰਕਿਟ ਬਚਾਉਣੇ ਬਹੁਤ ਔਖੇ ਹਨ। ਉਹ ਇੰਨੀ ਭਿਆਨਕ ਵੀ ਹੋ ਸਕਦੀ ਹੈ ਕਿ ਪੂਰੇ ਦਾ ਪੂਰਾ ਘਰ ਵੀ ਸੜ ਸਕਦਾ ਹੈ! 3000 ਲੱਖ ਵੋਲਟ ਦਾ ਝਟਕਾ ਰੋਕਣਾ ਲੱਗਭਗ ਅਸੰਭਵ ਹੈ!

ਵਿਚਾਰੇ ਪੰਛੀ 

ਆਪਣੇ ਪਿੰਡ, ਪੰਜਾਬ ਵਿਖੇ, ਇੱਕ ਵਾਰ ਬਚਪਨ ਵਿੱਚ ਅਸੀਂ ਜਦੋਂ ਖੇਡ ਰਹੇ ਸੀ ਤਾਂ ਭਿਆਨਕ ਤੂਫ਼ਾਨ ਆ ਗਿਆ ਤਾਂ ਬੜੇ ਜ਼ੋਰ ਦੀ ਮੀਂਹ ਪੈਣ ਲੱਗਿਆ, ਬਿਜਲੀ ਗੜ੍ਹਕਣ ਲੱਗੀ, ਅਸੀਂ ਨੱਠ ਕੇ ਜੰਝ ਘਰ ਵਿੱਚ ਸ਼ਰਣ ਲਈ, ਥੋੜਾ ਜਿਹਾ ਮੀਂਹ ਰੁਕਿਆ ਤਾਂ ਮੈਂ ਘਰ ਨੂੰ ਨਿੱਕਲਿਆ, ਮੇਰੇ ਦੋਸਤ ਅਜੇ ਉੱਥੇ ਹੀ ਸਨ। ਮੇਰੇ ਜਾਂਦੇ ਹੀ ਬੜੇ ਜ਼ੋਰ ਦੀ ਬਿਜਲੀ ਕੜਕੀ! ਮੇਰੇ ਦੋਸਤ ਦੱਸਦੇ ਹਨ ਕਿ ਦੋ ਕਬੂਤਰ ਜੋ ਜ਼ਮੀਨ ਤੇ ਬੈਠੇ ਸਨ, ਬਿਜਲੀ ਉਹਨਾਂ ਦੇ ਉੱਪਰ ਡਿਗ ਪਈ, ਤੇ ਉਹ ਦੋਵੇਂ ਉੱਥੇ ਹੀ ਸੜ ਗਏ। ਮੈਨੂੰ ਨਹੀਂ ਪਤਾ ਕਿ ਇਸ ਵਿੱਚ ਕਿੰਨਾ ਕੁ ਸੱਚ ਸੀ, ਪਰ ਉਸ ਵਕਤ ਸ਼ਾਇਦ ਮੈਂ ਬਚ ਗਿਆ! ਕਿਓਂਕਿ, ਆਮ ਤੌਰ ਤੇ ਬਿਜਲੀ ਜ਼ਮੀਨ ਦੇ ਉੱਪਰ ਸਭ ਤੋਂ ਉੱਚੀ ਵਸਤੂ ਤੇ ਡਿਗਦੀ ਹੈ। ਜਦੋਂ ਬਿਜਲੀ ਡਿੱਗੀ ਤਾਂ ਉਸ ਵਕਤ, ਉੱਥੇ ਸਿਰਫ਼ ਇੱਕਲੇ ਕਬੂਤਰ ਹੀ ਸਨ, ਕੋਈ ਹੋਰ ਉੱਚੀ ਵਸਤੂ ਸ਼ਾਇਦ ਨਹੀਂ ਸੀ। 

ਬੋਸਟਨ ਸਾਇੰਸ ਮਿਊਜ਼ੀਅਮ ਵਿਖੇ ਅਸਮਾਨੀ ਬਿਜਲੀ ਦਾ ਪ੍ਰਦਰਸ਼ਨ

ਆਪਣੇ ਵਰਗੀਆਂ ਸੰਸਥਾਵਾਂ ਦੇ ਵਿੱਚੋਂ, ਬੋਸਟਨ ਸਾਇੰਸ ਮਿਊਜ਼ੀਅਮ ਇੱਕ ਉੱਚ-ਕੋਟੀ ਦਾ  ਮਿਊਜ਼ੀਅਮ ਹੈ, ਤੇ ਇਸਦਾ ਅਸਮਾਨੀ ਬਿਜਲੀ ਬਣਾਉਣ ਵਾਲ਼ਾ ਵੈਨ 'ਡ ਗ੍ਰਾਫ਼ (Van de Graaff) ਜਨਰੇਟਰ ਤਾਂ ਬਹੁਤ ਹੀ ਉੱਤਮ ਹੈ - ਜਿਸ ਵਾਰੇ ਬਿਆਨ ਕਰਨ ਲਈ ਸ਼ਬਦ ਨਹੀਂ ਸੁੱਝ ਰਹੇ! ਇਸ ਜਨਰੇਟਰ ਦੀ ਮਦਦ ਨਾਲ਼ ਪ੍ਰਦਰਸ਼ਨ ਦੇ ਵਿੱਚ ਅਸਮਾਨੀ ਬਿਜਲੀ ਦੇ ਵਾਰੇ ਵਿੱਚ ਸਮਝਾਇਆ ਜਾਂਦਾ ਹੈ, ਅਤੇ ਇਹ ਦੱਸਿਆ ਜਾਂਦਾ ਹੈ ਕਿ ਤੂਫ਼ਾਨ ਦੇ ਦੌਰਾਨ ਉਸ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਚੁੰਬਕਤਾ ਤੇ ਬਿਜਲੀ ਦਾ ਆਪਸ ਵਿੱਚ ਕਿ ਸਬੰਧ ਹੈ? ਇਸ ਥਿਏਟਰ ਵਿੱਚ ਜਦੋਂ ਬੱਤੀਆਂ ਬੁਝਦੀਆਂ ਹਨ ਤਾਂ ਬਿਜਲੀ ਗਰਜਦੀ ਤੇ ਲਿਸ਼ਕਦੀ ਹੈ!

ਇੱਥੇ ਦੁਨੀਆਂ ਦਾ ਸਭ ਤੋਂ ਵੱਡਾ ਵੈਨ 'ਡ ਗ੍ਰਾਫ਼ (Van de Graaff) ਜਨਰੇਟਰ ਮੌਜੂਦ ਹੈ, ਜੋ ਲੱਖਾਂ ਵੋਲਟ ਵਾਲ਼ੀ ਅਸਮਾਨੀ ਬਿਜਲੀ ਬਣਾਉਣ ਦੇ ਸਮਰੱਥ ਹੈ, ਜਿਸ ਨਾਲ਼ ਅਸਮਾਨੀ ਬਿਜਲੀ, ਚਾਲਕ (Conductor), ਅਵਰੋਧਕ (Insulator), ਤੂਫ਼ਾਨ ਦੇ ਵਿੱਚ ਬਚਾਅ ਅਤੇ ਬਿਜਲੀ-ਚੁੰਬਕਤਾ ਵਾਰੇ ਅਤਿ-ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ਟੈਸਲਾ ਤਾਰਾਂ ਹਨ ਜੋ ਪੰਜ ਲੱਖ ਵੋਲਟ ਪੈਦਾ ਕਰਨ ਦੇ ਸਮਰੱਥਾ ਰੱਖਦੀਆਂ ਹਨ। ਇਹ ਤਾਰਾਂ 1891 ਵਿੱਚ ਨਿਕੋਲਾ ਟੈਸਲਾ ਨੇ ਖੋਜੀਆਂ ਸਨ। ਇਹ ਚਾਲਕ ਚੁੰਬਕੀ ਸ਼ਕਤੀ ਨਾਲ਼ ਵੋਲਟੇਜ ਪੈਦਾ ਕਰਦੀਆਂ ਹਨ। 

ਹਵਾ ਅਵਰੋਧੀ ਵੈਨ 'ਡ ਗ੍ਰਾਫ਼ (Air Insulated Van de Graaff) ਜਨਰੇਟਰ ਜੋ 1932 ਵਿੱਚ ਡਾ. ਵੈਨ 'ਡ ਗ੍ਰਾਫ਼ (Van de Graaff) ਨੇ ਪਰਮਾਣੂ ਤੋੜਨ (Atom Smasher)ਲਈ ਤਿਆਰ ਕੀਤਾ ਸੀ, ਹੁਣ ਇੱਥੇ ਦਸ ਲੱਖ ਵੋਲਟ ਦਾ ਚਾਰਜ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਜੋ ਕਿ ਅਸਮਾਨੀ ਬਿਜਲੀ ਵਿੱਚ ਬਦਲ ਜਾਂਦਾ ਹੈ। ਇਹ ਦੋ ਵੱਡੇ ਵੱਡੇ ਖੰਭਿਆਂ ਉੱਪਰ ਲੱਗੇ ਗੋਲ਼ੇ ਜਦੋਂ ਐਕਸ਼ਨ ਵਿੱਚ ਆਉਂਦੇ ਹਨ ਤਾਂ ਅਸਮਾਨੀ ਬਿਜਲੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ, ਜਿਸਨੂੰ ਵੇਖ ਕੇ ਜਿਸਮ ਵਿੱਚ ਬਿਜਲੀ ਦੌੜ੍ਹ ਜਾਂਦੀ ਹੈ! 

ਵੈਨ 'ਡ ਗ੍ਰਾਫ਼ (Van de Graaff) ਯੰਤਰਿਕ ਸਥਿਰ ਵਿਧੁਤ (Electrostatic) ਜਨਰੇਟਰ ਹੈ। ਪੂਰਾ ਬ੍ਰਹਿਮੰਡ, ਜੀਵ ਜੰਤੂ, ਤੇ ਅਸੀਂ ਬਿਜਲਈ ਚਾਰਜ ਨਾਲ਼ ਚੱਲਦੇ ਹਨ। ਸਥਿਰ ਬਿਜਲੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰ ਜਗ੍ਹਾ ਮਿਲ਼ਦੀ ਹੈ - ਖ਼ਾਸ ਤੌਰ ਤੇ ਸਰਦੀ ਦੇ ਖੁਸ਼ਕ ਮੌਸਮ ਵਿੱਚ। ਸਰਦੀ ਵਿੱਚ ਜਦੋਂ ਵੀ ਤੁਸੀਂ ਦਰਵਾਜ਼ੇ ਦੀ ਕੁੰਡੀ, ਕੰਬਲ ਜਾਂ ਹੋਰ ਚਾਲਕ ਵਸਤਾਂ ਨੂੰ ਸਪਰਸ਼ ਕਰਦੇ ਹੋ ਤਾਂ ਬਹੁਤ ਵਾਰ ਬਿਜਲੀ ਦਾ ਥੋੜ੍ਹਾ ਜਿਹਾ ਝਟਕਾ ਮਹਿਸੂਸ ਹੁੰਦਾ ਹੈ ਤੇ ਕਦੇ ਕਦੇ ਬਿਜਲੀ ਦੀ ਚਮਕ ਵੀ ਦਿਖਾਈ ਦਿੰਦੀ ਹੈ। ਜਦੋਂ ਦੋ ਵਸਤਾਂ ਨੂੰ ਇੱਕ ਦੂਜੇ ਨਾਲ਼ ਰਗੜਿਆ ਜਾਂਦਾ ਹੈ, ਤਾਂ ਇੱਕ ਵਸਤੂ ਇਲੈਕਟ੍ਰਾਨ ਛੱਡਦੀ ਹੈ ਤੇ ਉਸਤੇ ਧਨ (Positive) ਚਾਰਜ ਹੋ ਜਾਂਦਾ ਹੈ, ਤੇ ਦੁਜੀ ਵਸਤੂ ਵਿੱਚ ਇਲੈਕਟ੍ਰਾਨ ਇਕੱਠੇ ਹੁੰਦੇ ਹਨ ਤੇ ਉਸ ਤੇ ਰਿਣ (Negative) ਚਾਰਜ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵਸਤਾਂ ਨੂੰ ਟ੍ਰਾਈਬੋ-ਇਲੈਕਟ੍ਰਿਕ (Triboelectric) ਕਹਿੰਦੇ ਹਨ। ਕਿਓਂਕਿ ਇੱਕੋ ਜਿਹਾ ਚਾਰਜ ਪ੍ਰਤੀਰੋਧਿਕ ਹੁੰਦਾ ਹੈ, ਤਾਂ ਉਹ ਚਾਰਜ ਹੋਈ ਵਸਤੂ ਦੇ ਬਾਹਰੀ ਹਿੱਸੇ ਵਲ੍ਹ ਨੂੰ ਪ੍ਰਵਾਹਿਤ ਹੁੰਦਾ ਹੈ ਤਾਂ ਕਿ ਦੂਜੇ ਤੋਂ ਪਰੇ ਹੋ ਸਕੇ। ਇਹੀ ਕਾਰਨ ਹੈ ਕਿ ਸਾਡੇ ਸਰੀਰ ਵਿੱਚ ਸਥਿਰ ਬਿਜਲੀ ਇਕੱਠੀ ਹੋਣ ਕਰਕੇ ਸਾਡੇ ਵਾਲ਼ ਖੜੇ ਹੋ ਜਾਂਦੇ ਹਨ - ਤੇ ਅਸੀਂ ਦਰਵਾਜ਼ੇ ਦੀ ਕੁੰਡੀ ਜਾਂ ਹੋਰ ਚਾਲਕ ਧਾਤੁ ਨੂੰ ਸਪਰਸ਼ ਕਰਦੇ ਹੋ ਤਾਂ ਉਹ ਚਾਰਜ ਜ਼ਮੀਨ (Ground) ਵਿੱਚ ਚਲਿਆ ਜਾਂਦਾ ਹੈ। ਇਹ ਚਾਰਜ ਦਾ ਅਚਾਨਕ ਹੋਇਆ ਬਦਲਾਅ (Discharge)  ਹੱਥ ਤੇ ਧਾਤੁ ਦੇ ਵਿਚਕਾਰਲੀ ਹਵਾ ਵਿੱਚ ਬਿਜਲਈ ਲਿਸ਼ਕ ਤੇ ਅਵਾਜ਼ ਪੈਦਾ ਕਰ ਦਿੰਦਾ ਹੈ। 

ਵੈਨ 'ਡ ਗ੍ਰਾਫ਼ (Van de Graaff) ਜਨਰੇਟਰ ਵਿੱਚ ਬਹੁਤ ਵੱਡੀ ਰਬੜ ਬੈਲਟ (4 ਫੁੱਟ ਚੌੜੀ) ਹੁੰਦੀ ਹੈ ਜੋ ਸਥਿਰ (Static) ਬਿਜਲੀ ਨੂੰ ਖੰਭੇ ਦੇ ਰਾਹੀਂ ਉੱਪਰ ਤੱਕ ਵੱਡੇ ਗੋਲ਼ੇ ਤੀਕ ਲੈ ਜਾਂਦੀ ਹੈ, ਜਿੱਥੇ ਉਹ ਇਕੱਠੀ ਹੁੰਦੀ ਰਹਿੰਦੀ ਹੈ ਤੇ ਅੰਤ ਵਿੱਚ ਜ਼ਮੀਨ ਤੇ ਡਿਗ ਪੈਂਦੀ ਹੈ - ਤੇ ਹਵਾ ਵਿੱਚ ਬਿਜਲਈ ਲਿਸ਼ਕ ਤੇ ਗਰਜ ਪੈਦਾ ਕਰਦੀ ਹੈ। 

ਇਸੇ ਤਰ੍ਹਾਂ ਤੂਫ਼ਾਨੀ ਬੱਦਲ ਕਰੋੜਾਂ ਪਾਣੀ ਦੀਆਂ ਬੂੰਦਾਂ ਦਾ ਮੁਜੱਸਮਾ ਹੁੰਦਾ ਹੈ। ਜਦੋਂ ਇਹ ਬੂੰਦਾਂ ਜਾਂ ਬਰਫ਼ ਦੀਆਂ ਟੁਕੜੀਆਂ ਉੱਪਰ-ਥੱਲੇ ਹੁੰਦੀਆਂ ਹਨ ਤੇ ਆਪਸ ਵਿੱਚ ਟਕਰਾਉਂਦੀਆਂ ਹਨ ਤਾਂ ਵੱਡੀਆਂ ਬੂੰਦਾਂ ਛੋਟੀਆਂ ਬੂੰਦਾਂ ਤੋਂ ਬਿਜਲੀ ਚਾਰਜ (ਇਲੈਕਟ੍ਰਾਨ) ਲੈ ਲੈਂਦੀਆਂ ਹਨ ਤੇ ਰਿਣ ਚਾਰਜ ਧਾਰਨ ਕਰ ਲੈਂਦੀਆਂ ਹਨ। ਥੋੜੇ ਇਲੈਕਟ੍ਰਾਨ ਵਾਲੀਆਂ ਛੋਟੀਆਂ ਬੂੰਦਾਂ ਧਨ ਚਾਰਜ ਹੋ ਜਾਂਦੀਆਂ ਹਨ। ਹਵਾ ਤੇ ਗੁਰੁਤਾਕਰਸ਼ਣ ਦੇ ਦਬਾਅ ਕਾਰਨ ਧਨ ਤੇ ਰਿਣ ਚਾਰਜ, ਬੱਦਲ ਦੇ ਉੱਪਰ ਤੇ ਥੱਲੇ ਇੱਕ ਚਾਰਜ ਵਿਭਾਜਨ (Separation) ਪੈਦਾ ਕਰ ਦਿੰਦੇ ਹਨ, ਜੋ ਬਦਲ ਦੇ ਅੰਦਰ ਇਕ ਚੁੰਬਕ ਦੇ ਧੁਰਿਆਂ ਵਾਂਗ ਬਿਜਲਈ ਖੇਤਰ ਬਣਾ ਦਿੰਦਾ ਹੈ। ਚੁੰਬਕ ਦੇ ਧੁਰਿਆਂ ਵਾਂਗ ਇਹ ਇੱਕੋ ਜਿਹਾ ਬਿਜਲਈ ਚਾਰਜ ਇਕ ਦੂਜੇ ਨੂੰ ਪਰ੍ਹਾਂ ਧੱਕਦਾ ਹੈ। ਜਦੋਂ ਬੱਦਲ ਵਿੱਚ ਇਕੱਠਾ ਹੋਇਆ ਚਾਰਜ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਇਸਦੇ ਆਸ ਪਾਸ ਦੀ ਹਵਾ ਆਇਨਾਈਜ਼ (Ionize) ਹੋ ਜਾਂਦੀ ਹੈ। ਇਲੈਕਟ੍ਰਾਨ ਦਾ ਅਚਾਨਕ ਅੱਲਗ ਹੋ ਜਾਣਾ, ਬੱਦਲ ਤੇ ਜ਼ਮੀਨ ਦੇ ਵਿਚਕਾਰ ਚਾਰਜ ਦੇ ਪ੍ਰਵਾਹ ਲਈ ਇੱਕ ਅਨੁਕੂਲ ਰਸਤਾ ਬਣਾ ਦਿੰਦਾ ਹੈ। ਬਿਜਲੀ ਬੱਦਲ ਤੇ ਜ਼ਮੀਨ ਦੋਵੇਂ ਪਾਸਿਓਂ ਪ੍ਰਵਾਹਿਤ ਹੁੰਦੀ ਹੈ। ਬੱਦਲ ਦੇ ਵਿੱਚੋ ਬਿਜਲਈ ਚਾਰਜ ਆਪਣੀ ਊਰਜਾ ਜ਼ਮੀਨ ਦੇ ਵੱਲ੍ਹ ਬਿਜਲੀ ਬਣ ਕੇ ਲਿਸ਼ਕਦੀ ਤੇ ਗਰਜਦੀ ਹੋਈ ਵਹਿੰਦਾ ਹੈ!

ਕਿਸੇ ਨੇ ਕਦੇ ਬਿਜਲੀ ਨਹੀਂ ਦੇਖੀ, ਜਿਹੜੀ ਚਮਕਦੀ ਹੋਈ ਚਿੰਗਾਰੀ, ਰੌਸ਼ਨੀ ਜਾਂ ਲਿਸ਼ਕ ਅਸੀਂ ਦੇਖਦੇ ਹਾਂ ਅਸਲ ਵਿੱਚ ਹਵਾ ਦੇ ਵਿੱਚ ਪ੍ਰਕਾਸ਼ ਦੀ ਗਤੀ ਨਾਲ਼ ਦੌੜ੍ਹਦੇ ਇਲੈਕਟ੍ਰਾਨ ਹੁੰਦੇ ਹਨ, ਜੋ ਹਵਾ ਨੂੰ ਇੰਨਾ ਗਰਮ ਕਰ ਦਿੰਦੇ ਹਨ ਕਿ ਲਿਸ਼ਕਾਰਾ ਤੇ ਗਰਜ ਪੈਦਾ ਹੋ ਜਾਂਦੇ ਹਨ!

ਬੋਸਟਨ ਸਾਇੰਸ ਮਿਊਜ਼ੀਅਮ ਵਿਖੇ ਅਸਮਾਨੀ ਬਿਜਲੀ ਦੇ ਪ੍ਰਦਰਸ਼ਨ ਦੀ ਇੱਕ ਝਲਕ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਦੇਖ ਸਕਦੇ ਹੋ: 

Image Courtesy: https://gizmodo.com/the-giant-sparking-globes-that-dominate-bostons-museum-1564423065

ਬਿਜਲੀ ਦੇ ਪ੍ਰਦਰਸ਼ਨ ਤੋਂ ਸਾਨੂੰ ਬਹੁਤ ਮਹੱਤਵ ਪੂਰਨ ਤੇ ਬਚਾਅ ਦੀਆ ਗੱਲਾਂ ਪਤਾ ਲਗਦੀਆਂ ਹਨ। 

ਬਿਜਲੀ ਆਮ ਤੌਰ ਤੇ ਜ਼ਮੀਨ ਤੇ ਸਭ ਤੋਂ ਉੱਚੀ ਚੀਜ਼ ਨਾਲ਼ ਟਕਰਾਉਂਦੀ ਹੈ। 

ਪਰ ਇਸਦਾ ਇਹ ਪਤਲਬ ਨਹੀਂ ਕਿ ਜਦੋਂ ਬਿਜਲੀ ਗਰਜੇ ਤਾਂ ਤੁਸੀਂ ਕਿਸੇ ਦਰਖ਼ਤ ਦੇ ਹੇਠਾਂ ਖੜੇ ਹੋ ਜਾਓ। ਬਿਜਲੀ ਦੀ ਖਿੱਚ ਦਾ ਘੇਰਾ ਲੱਗਭੱਗ ਕਿਸੇ ਵੀ ਚੀਜ਼ ਦੀ ਉਚਾਈ ਜਿੰਨਾ ਹੁੰਦਾ ਹੈ। ਚਾਰ ਮੀਟਰ ਦਾ ਖੰਭਾ ਸਿਰਫ਼ ਚਾਰ ਮੀਟਰ ਦੀ ਦੂਰੀ ਦੇ ਅੰਦਰ ਬਿਜਲੀ ਨੂੰ ਖਿੱਚ ਸਕਦਾ ਹੈ, ਜੇ ਤੁਸੀਂ ਉਸਤੋਂ ਚਾਰ ਮੀਟਰ ਦੂਰ ਹੋ ਤਾਂ ਤੁਸੀਂ ਵੀ ਬਿਜਲੀ ਦਾ ਨਿਸ਼ਾਨਾ ਬਣ ਸਕਦੇ ਹੋ। ਅਸਮਾਨੀ ਬਿਜਲੀ ਤੋਂ ਬਚਣ ਲਈ ਸਾਨੂੰ ਕਿਸੇ ਵੀ ਇਮਾਰਤ ਦੇ ਅੰਦਰ ਜਲਦੀ ਤੋਂ ਜਲਦੀ ਚਲੇ ਜਾਣਾ ਚਾਹੀਦਾ ਹੈ। ਪਰ ਜੇ ਕੋਈ ਵੀ ਇਮਾਰਤ ਨੇੜੇ ਨਹੀਂ ਤਾਂ ਕਾਰ ਜਾਂ ਕਿਸੇ ਹੋਰ ਢਾਂਚੇ ਆਦਿ ਦੇ ਅੰਦਰ ਸ਼ਰਣ ਲੈਣੀ ਚਾਹੀਦੀ ਹੈ। ਜੇ ਬਿਲਕੁਲ ਹੀ ਕੋਈ ਜਗ੍ਹਾ ਨਹੀਂ ਮਿਲਦੀ ਤਾਂ ਇਸ ਤਰ੍ਹਾਂ ਝੁਕ ਜਾਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਜ਼ਮੀਨ ਦੇ ਨਾਲ਼ ਘੱਟੋ-ਘੱਟ ਸਪਰਸ਼ ਕਰੇ। ਬਿਜਲੀ ਗਰਜਦੇ ਸਮੇਂ ਸਾਨੂੰ ਕੋਈ ਵੀ ਚਾਲਕ ਧਾਤੂ ਦੀ ਚੀਜ਼ ਨਹੀਂ ਚੁੱਕ ਕੇ ਚੱਲਣਾ ਚਾਹੀਦਾ। ਪਾਣੀ, ਗਿੱਲੀਆਂ ਵਸਤਾਂ, ਬਿਜਲੀ ਦੀਆਂ ਤਾਰਾਂ ਆਦਿ ਤੋਂ ਵੀ ਪਰੇ ਰਹਿਣਾ ਚਾਹੀਦਾ ਹੈ। ਉਚੇ ਖੰਭਿਆਂ (ਸੈੱਲ ਫ਼ੋਨ ਬਿਜਲੀ ਆਦਿ ਦੇ ਟਾਵਰ) ਤੋਂ ਵੀ ਦੂਰ ਹਟ ਜਾਣਾ ਚਾਹੀਦਾ ਹੈ। ਝੌਂਪੜੀਆਂ, ਪਵਿਲੀਅਨ, ਟੈਂਟ ਆਦਿ ਦੇ ਥੱਲੇ ਸ਼ਰਣ ਨਹੀਂ ਲੈਣੀ ਚਾਹੀਦੀ। ਪੂਰੀ ਤਰ੍ਹਾਂ ਬੰਦ ਇਮਾਰਤ ਹੀ ਸੁਰੱਖਿਅਤ ਹੁੰਦੀ ਹੈ।  

ਜਦੋਂ ਬਿਜਲੀ ਲਿਸ਼ਕਦੀ ਹੈ ਤਾਂ ਅਸੀਂ ਆਪਣੇ ਘਰ, ਕਾਰ ਤੇ ਹੋਰ ਅੰਦਰੂਨੀ ਥਾਵਾਂ ਤੇ ਧਾਤ ਦੇ ਬਣੇ ਢਾਂਚਿਆਂ ਵਿੱਚ ਸੁਰੱਖਿਅਤ ਹੁੰਦੇ ਹਾਂ। 

ਕਾਰ ਤੇ ਧਾਤ ਦੇ ਢਾਂਚੇ ਬਿਜਲੀ ਦੇ ਚਾਲਕ ਹੁੰਦੇ ਹਨ, ਜਦੋਂ ਬਿਜਲੀ ਉਹਨਾਂ ਨਾਲ਼ ਟਕਰਾਉਂਦੀ ਹੈ ਤਾਂ ਕਰੰਟ ਉਹਨਾਂ ਦੇ ਬਾਹਰਲੇ ਹਿੱਸੇ ਤੇ ਹੀ ਰਹਿੰਦਾ ਹੈ, ਜਿਸਨੂੰ ਸਤਹੀ ਪ੍ਰਭਾਵ (Skin effect) ਕਹਿੰਦੇ ਹਨ। ਅੰਦਰ ਤੁਸੀਂ ਕਾਰ ਨੂੰ ਹੱਥ ਨਾਲ਼ ਛੂ ਸਕਦੇ ਹੋ ਤੇ ਤੁਹਾਨੂੰ ਕੁੱਝ ਨਹੀਂ ਹੋਵੇਗਾ। ਬਿਜਲੀ ਦਾ ਖਟਕਾ ਇੱਕ-ਦੋ ਸਕਿਟ ਲਈ ਹੀ ਹੁੰਦਾ ਹੈ, ਪਰ ਉਸ ਦੌਰਾਨ ਉਸਦੀ ਤੀਬਰਤਾ ਘੱਟ-ਵੱਧ ਹੁੰਦੀ ਰਹਿੰਦੀ ਹੈ। ਕਰੰਟ ਇੱਕ ਲੱਖ ਵੋਲਟ ਤੋਂ ਸ਼ੁਰੂ ਹੋ ਕੇ 10 ਲਖ ਤੱਕ ਪਹੁੰਚ ਸਕਦਾ ਹੈ ਤੇ ਫਿਰ 5 ਲੱਖ ਤੱਕ ਹੇਠਾਂ ਡਿਗ ਸਕਦਾ ਹੈ, ਜੋ ਸਭ ਤਕਰੀਬਨ ਇੱਕ ਸਕਿੰਟ ਵਿੱਚ ਹੁੰਦਾ ਹੈ। ਇਹ ਕਰੰਟ ਦਾ ਉਤਰਾ-ਚੜ੍ਹਾ ਕਾਰ ਜਾਂ ਕਿਸੇ ਵੀ ਢਾਂਚੇ ਦੇ ਗਿਰਦ ਚੁੰਬਕੀ ਖੇਤਰ ਬਣਾ ਦਿੰਦਾ ਹੈ, ਜੋ ਕਰੰਟ ਨੂੰ ਬਾਹਰ ਵੱਲ੍ਹ ਨੂੰ ਧੱਕ ਦਿੰਦਾ ਹੈ। ਇਸ ਕਰਕੇ ਅਸੀਂ ਕਾਰ ਦੇ ਅੰਦਰ ਬਿਜਲੀ ਤੋਂ ਸੁਰੱਖਿਅਤ ਹੁੰਦੇ ਹਾਂ, ਪਰ ਸਿਰਫ਼ ਜੇ ਕਾਰ ਪੂਰੀ ਤੌਰ ਤੇ ਬੰਦ ਹੋਵੇ, ਸ਼ੀਸ਼ੇ ਤੇ ਦਰਵਾਜ਼ੇ ਨਾ ਖੁੱਲ੍ਹੇ ਹੋਣ। ਪਰ ਜੇ ਤੁਸੀਂ ਆਪਣਾ ਹੱਥ ਬਾਹਰ ਕੱਢੋਗੇ ਤਾਂ ਬਿਜਲੀ ਚਾਰਜ ਤੁਹਾਡੇ ਹੱਥ ਤੇ ਪੈ ਜਾਵੇਗਾ! ਘਰ ਦੇ ਵਿੱਚ ਬਿਜਲੀ ਦੀਆਂ ਤਾਰਾਂ ਤੇ ਹੋਰ ਪਾਈਪ ਵਗੈਰਾ ਬਿਜਲੀ ਦੇ ਚਾਰਜ ਨੂੰ ਸੋਖ ਲੈਂਦੇ ਹਨ। 

ਘਰ ਦੇ ਅੰਦਰ ਸਾਵਧਾਨੀਆਂ 

ਜੇ ਘਰ ਨਾਲ਼ ਬਿਜਲੀ ਟਕਰਾ ਜਾਏ ਤਾਂ ਬਿਜਲੀ ਘਰ ਦੀਆਂ ਤਾਰਾਂ, ਪਾਈਪ ਆਦਿਕ ਵਿੱਚ ਆ ਸਕਦੀ ਹੈ। ਇਸ ਕਰਕੇ - ਬਿਜਲਈ ਤੂਫ਼ਾਨ ਦੇ ਸਮੇਂ ਪਾਣੀ ਨੂੰ ਨਾ ਸਪਰਸ਼ ਕਰੋ ਤੇ ਨਾਹੀਂ ਇਸ਼ਨਾਨ ਕਰੋ। ਬਿਜਲੀ ਨਾਲ਼ ਚੱਲਣ ਵਾਲ਼ੀਆਂ ਵਸਤਾਂ ਦੀ ਵਰਤੋਂ ਨਾ ਕਰੋ। ਤਾਰ ਵਾਲ਼ੇ ਫ਼ੋਨ ਨਾ ਵਰਤੋ, ਮੋਬਾਇਲ ਫ਼ੋਨ ਤੇ ਤਾਰ ਤੋਂ ਰਹਿਤ ਫ਼ੋਨ ਸੁਰੱਖਿਅਤ ਹਨ। ਕੰਕਰੀਟ ਦੇ ਫ਼ਰਸ਼ ਤੇ ਦੀਵਾਰਾਂ ਤੋਂ ਵੀ ਪਰੇ ਰਹੋ। 

Lightning strikes the CN Tower during a thunderstorm in Toronto May 29, 2011. REUTERS/Mark Blinch 

ਅਸਮਾਨੀ ਬਿਜਲੀ ਇੱਕ ਖਤਰਨਾਕ ਕੁਦਰਤੀ ਆਫ਼ਤ ਹੈ। ਹਰ ਸਾਲ ਅਨੇਕਾਂ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ ਤੇ ਕਈ ਮਰ ਵੀ ਜਾਂਦੇ ਹਨ। ਘਰਾਂ ਤੇ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਉੱਚੀਆਂ ਇਮਾਰਤਾਂ ਵਿੱਚ ਅਸਮਾਨੀ ਬਿਜਲੀ ਤੋਂ ਬਚਾਅ ਜ਼ਰੂਰੀ ਕੀਤਾ ਜਾਂਦਾ ਹੈ। ਟੋਰੰਟੋ (ਕਨੇਡਾ) ਦਾ ਸੀ ਐਨ ਟਾਵਰ, ਜੋ ਕਿ ਉਥੋਂ ਦੀ ਸਭ ਤੋਂ ਉੱਚੀ ਇਮਾਰਤ ਹੈ, ਨਾਲ਼ ਇੱਕ ਸਾਲ ਵਿੱਚ 75 ਤੋਂ ਵੀ ਵੱਧ ਵਾਰ ਬਿਜਲੀ ਟਕਰਾਉਂਦੀ ਹੈ, ਪਰ ਲੰਬੀਆਂ ਤਾਂਬੇ ਦੀਆਂ ਤਾਰਾਂ ਜੋ ਉਸਦੇ ਅੰਟੀਨੇ ਤੋਂ ਜ਼ਮੀਨ ਤੱਕ ਜਾਂਦੀਆਂ ਹਨ, ਉਸਨੂੰ ਸੁਰੱਖਿਅਤ ਰੱਖਦੀਆਂ ਹਨ। ਜਦੋਂ ਬੋਸਟਨ ਦੇ ਨਵੇਂ ਗੁਰਦੁਆਰਾ ਸਾਹਿਬ 'ਤੇ ਗੁੰਬਦ ਲਗਾਇਆ ਗਿਆ ਤਾਂ ਲੋਕਲ ਇਮਾਰਤ ਦੇ ਨਿਯਮਾ ਅਨੁਸਾਰ ਅਸਮਾਨੀ ਬਿਜਲੀ ਤੋਂ ਬਚਾਅ ਲਈ ਸੁਰੱਖਿਆ ਲਗਾਉਣੀ ਜ਼ਰੂਰੀ ਵੀ ਸੀ।