ਗੁਰੂ ਗੋਬਿੰਦ ਸਿੰਘ ਜੀ Guru Gobind Singh ji

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਵਿੱਚ ਪਟਨਾ ਸ਼ਹਿਰ (ਬਿਹਾਰ) ਵਿਖੇ, ਪਿਤਾ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਹੋਇਆ। ਆਪਜੀ ਦੇ ਧਰਮ ਪਤਨੀ ਮਾਤਾ ਜੀਤੋ ਜੀ/ਮਾਤਾ ਸੁੰਦਰੀ ਜੀ/ਮਾਤਾ ਸਾਹਿਬ ਕੌਰ ਜੀ ਸਨ। ਆਪ ਜੀ ਦੇ ਚਾਰ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ   ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਸਨ। 

ਆਪਜੀ ਨੇ ਆਪਣੇ 42 ਵਰ੍ਹਿਆਂ ਦੇ ਜੀਵਨ-ਕਾਲ ਵਿਚ ਲੋਕਾਂ ਦੇ ਜੀਵਨ ਦੀ ਨੁਹਾਰ ਬਦਲ ਦਿਤੀ ।   ਉਹਨਾਂ ਨੇ ਖ਼ਾਲਸਾ ਪੰਥ ਸਜਾਇਆ, ਜ਼ੁਲਮ ਦੇ ਖਿਲਾਫ਼ ਕਈ ਲੜਾਈਆਂ ਲੜੀਆਂ  ਇਸ ਮਹਾਨ ਕਾਰਜ ਲਈ ਆਪ ਜੀ ਦੇ ਮਾਤਾ ਪਿਤਾ ਅਤੇ ਬੱਚੇ ਸ਼ਹੀਦ ਹੋ ਗਏ। ਪਰ ਇਸ  ਦੇ ਨਾਲ਼-ਨਾਲ਼ ਉਹਨਾਂ ਨੇ ਸਾਹਿਤ ਦੇ ਖੇਤਰ ਵਿੱਚ ਵੀ ਮਹਾਨ ਹਿੱਸਾ ਪਾਇਆ  ਆਪ ਜੀ ਨੇ ਬ੍ਰਜ ਭਾਸ਼ਾ, ਪੰਜਾਬੀ ਅਤੇ ਫ਼ਾਰਸੀ ਵਿੱਚ ਸਾਹਿਤ ਰਚਨਾ ਕੀਤੀ l ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹੇਠ ਲਿਖੀਆਂ ਹਨ:

 'ਜਾਪ ਸਾਹਿਬ' , 'ਅਕਾਲ ਉਸਤਤਿ'' , 'ਬਚਿਤ੍ਰ ਨਾਟਕ', 'ਗਿਆਨ ਪ੍ਰਬੋਧ', "ਸ਼ਸਤ੍ਰਨਾਮਾ', 'ਸਵਈਏ',

 'ਚੰਡੀ ਚਰਿਤ੍ਰ', 'ਚੌਪਈ', 'ਚੰਡੀ ਦੀ ਵਾਰ', 'ਖ਼ਿਆਲ ਤੇ 'ਜ਼ਫ਼ਰਨਾਮਾ' ਆਦਿ  

ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖ਼ਸ਼ ਕੇ, ਆਪ ਜੀ 1708 ਈਸਵੀ ਨੂੰ ਨੰਦੇੜ (ਮਹਾਰਾਸ਼ਟਰ) ਵਿਖੇ ਜੋਤੀ-ਜੋਤ ਸਮਾ ਗਏ। 

ਗੁਰੂ ਜੀ ਦੀਆਂ ਬਾਣੀਆਂ ਵਿੱਚੋ ਕੁੱਝ ਸ਼ਬਦ ਹੇਠਾਂ ਦਿੱਤੇ ਜਾ ਰਹੇ ਹਨ: 

ਚੰਡੀ ਦੀ ਵਾਰ

ੴ ਵਾਹਿਗੁਰੂ ਜੀ ਕੀ ਫਤਹ ॥ 

ਸ੍ਰੀ ਭਗਉਤੀ ਜੀ ਸਹਾਇ ॥ 

ਵਾਰ ਸ੍ਰੀ ਭਗਉਤੀ ਜੀ ਕੀ ॥ 

ਪਾਤਿਸਾਹੀ ੧੦ ॥ 

ਪਉੜੀ ॥ 

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ 

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ ॥ 

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥ 

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥ 

ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ 

ਸਭ ਥਾਈਂ ਹੋਇ ਸਹਾਇ ॥੧॥ 

ਅਰਥਾਵਲੀ: ਭਗੌਤੀ - ਤਲਵਾਰ, ਆਦਿ ਸ਼ਕਤੀ, ਇੱਥੇ ਅਕਾਲ ਪੁਰਖ ਨੂੰ ‘ਭਗੌਤੀ’(=ਤਲਵਾਰ) ਨਾਮ ਦੇ ਕੇ ਉਸਦਾ ਭਿਆਨਕ ਰੂਪ ਵਿਖਾਇਆ ਹੈ  (ਪ੍ਰੋ. ਸਾਹਿਬ ਸਿੰਘ) ਧਾਇ - ਧਾ ਕੇ, ਦੌੜ ਕੇ 

ਅਰਥ: ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਨੂੰ ਧਿਆਉਂਦਾ ਹਾਂ। ਫਿਰ ਗੁਰੂ ਅੰਗਦ, ਅਮਰਦਾਸ ਅਤੇ ਰਾਮਦਾਸ ਜੀ ਨੂੰ ਯਾਦ ਕਰਦਾ ਹਾਂ ਜੋ ਮੇਰਾ ਆਸਰਾ ਹਨ। ਗੁਰੂ ਅਰਜਨ, ਹਰਗੋਬਿੰਦ ਅਤੇ ਹਰਰਾਇ ਜੀ ਨੂੰ ਸਿਮਰਦਾ ਹਾਂ। ਸ੍ਰੀ ਗੁਰੂ ਹਰਿਕ੍ਰਿਸ਼ਨ ਧਿਆਉਂਦਾ ਹਾਂ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ਼ ਸਭ ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹਾਂ, ਜਿਨ੍ਹਾਂ ਦੇ ਕਰਕੇ ਮੇਰੇ ਘਰ ਨੌ ਨਿਧੀਆ ਜਾਂ ਖ਼ਜ਼ਾਨੇ (ਗੁਣ), ਮੇਰੇ ਘਰ ਦੌੜੇ ਚਲੇ ਆਉਂਦੇ ਹਨ। ਸਾਰੇ ਗੁਰੂ ਮੈਨੂੰ ਸਭ ਥਾਂ ਸਹਾਇਕ ਹੋਣ। 

ਇਹ ਪਉੜੀ , ਚੰਡੀ ਦੀ ਵਾਰ ਦੇ ਆਰੰਭ ਵਿੱਚ ਮੰਗਲਾਚਰਨ ਵਜੋਂ  ਅੰਕਿਤ ਹੈ, ਤੇ ਸਿੱਖ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ।

ਸਵੈਯਾ  

ਜਾਗਿਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥

ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਟ ਭੂਲ ਨ ਮਾਨੈ ॥

ਤੀਰਥ ਦਾਨ ਦਯਾ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ॥

ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥

ਅਰਥਾਵਲੀ: ਨਿਸ ਬਾਸੁਰ - ਰਾਤ ਦਿਨ, ਨੈਕ - ਜ਼ਰਾ ਵੀ ਨਹੀਂ, ਪ੍ਰਤੀਤ - ਸ਼ਰਧਾ, ਗੋਰ - ਕਬਰ, ਮਟ - ਮੱਠ, ਬੋਧੀ ਭਿਖਸ਼ੂ ਸਾਧੂ ਜਾਂ ਵਿਦਿਆਰਥੀ ਦੇ ਰਹਿਣ ਵਾਲ਼ਾ ਸਥਾਨ (Monastery), ਖਾਲਸ - ਅਸਲੀ, ਅਜ਼ਾਦ 

ਅਰਥ: ਇਸ ਸ਼ਬਦ ਵਿੱਚ ਗੁਰੂ ਜੀ ਨੇ ਖ਼ਾਲਸੇ ਦਾ ਰੂਪ ਬਿਆਨ ਕੀਤਾ ਹੈ। ਜਾਗਦੀ ਜੋਤ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਦਿਨ ਰਾਤ ਜਪੇ ਤੇ ਇੱਕ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਮਨ ਵਿੱਚ ਜ਼ਰਾ ਵੀ ਨਹੀਂ ਲਿਆਵੇ। ਸੰਪੂਰਨ ਪਿਆਰ ਤੇ ਸ਼ਰਧਾ ਮਨ ਵਿੱਚ ਵਸਾਏ, ਤੇ ਵਰਤ, ਕਬਰਾਂ, ਮੜ੍ਹੀਆਂ ਤੇ ਮੱਠਾਂ ਨੂੰ ਭੁੱਲ ਕੇ ਵੀ ਨਾ ਮੰਨੇ। ਸਿਵਾਏ ਇੱਕ ਵਾਹਿਗੁਰੂ ਦੇ ਤੀਰਥ, ਦਾਨ, ਦਇਆ, ਤਪ ਅਤੇ ਸੰਜਮ ਆਦਿ ਨੂੰ ਮੁਕਤੀ ਦਾ ਰਸਤਾ ਨਾ ਸਮਝੇ। ਜਦੋ ਘਟ ਘਟ ਵਿੱਚ ਵਾਹਿਗੁਰੂ ਦੀ ਪੂਰਨ ਜੋਤ ਜਗਣ ਲੱਗ ਪਏ ਤਾਂ ਉਸਨੂੰ ਸੱਚਾ ਖ਼ਾਲਸਾ ਜਾਂ ਅਸਲੀ ਅਜ਼ਾਦ ਪੁਰਖ ਸਮਝਣਾ ਚਾਹੀਦਾ ਹੈ। 

ਸਬਦ ॥ 

ੴ ਸਤਿਗੁਰ ਪ੍ਰਸਾਦਿ ॥ 

ਰਾਮਕਲੀ ਪਾਤਸਾਹੀ ੧੦ ॥ 

ਰੇ ਮਨ ਐਸੋ ਕਰ ਸੰਨਿਆਸਾ ॥ 

ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥ 

ਜਤ ਕੀ ਜਟਾ ਜੋਗ ਕੋ ਮੰਜਨੁ ਨੇਮ ਕੇ ਨਖਨ ਬਢਾਓ ॥ 

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥ 

ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥ 

ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥੨॥ 

ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲਯਾਵੈ॥ 

ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥ 

ਅਰਥਾਵਲੀ:ਰਾਮਕਲੀ - ਰਾਗ ਰਾਮਕਲੀ, ਬਨ - ਜੰਗਲ, ਸਦਨ - ਘਰ, ਉਦਾਸ - ਵਿਰਾਗ, ਸੰਸਾਰਿਕ ਸੁੱਖਾਂ ਦਾ ਤਿਆਗ, ਰਹਾਉ - ਅਸਥਾਈ, ਵਿਸ਼ਰਾਮ (ਕੇਂਦਰੀ ਭਾਵ ਵਾਲ਼ੀ ਤੁਕ, ਜਿਸਨੂੰ ਸ਼ਬਦ ਦਾ ਕੀਰਤਨ ਕਰਦੇ ਵਕਤ ਅਸਥਾਈ ਦੇ ਤੌਰ ਤੇ ਪੜ੍ਹਨਾ ਚਾਹੀਦਾ ਹੈ), ਜਤ - ਕਾਮ ਤੋਂ ਰਹਿਤ ਹੋਣਾ, ਜਟਾ- ਮੋਟੇ ਮੋਟੇ ਵਾਲ਼ ਵਧਾਉਣੇ, ਜੋ ਸਾਫ਼ ਨਾ ਕਰਨ ਨਾਲ਼ ਜੁੜ ਜਾਂਦੇ ਹਨ, ਮੰਜਨੁ - ਇਸ਼ਨਾਨ, ਨੇਮ - ਨਿਯਮ, ਨਖਨ - ਨੁੰਹ, ਅਲਪ - ਥੋੜਾ, ਆਹਾਰ -ਭੋਜਨ, ਸੁਲਪ - ਘੱਟ,  ਬਿਭੂਤ -ਸੁਆਹ, ਸੀਲ - ਮਿੱਠਾ ਸੁਭਾ,  ਸੰਤੋਖ - ਤੱਸਲੀ, ਤ੍ਰਿਗੁਣ - ਸਤੋ (ਕਿਸੇ ਫਲ, ਮਾਣ -ਸਨਮਾਨ, ਜਾਂ ਸੁਆਰਥ ਤੋਂ ਬਿਨਾ - ਸਟੋ ਗੁਣ ਵਾਲ਼ੇ ਨੂੰ ਸਾਤਵਿਕ ਕਹਿੰਦੇ ਹਨ), ਰਜੋ (ਸਵੈ ਲਾਭ ਲਈ ਜੀਣਾ  - ਰਾਜਸਿਕ), ਤਮੋ (ਦੂਜਿਆਂ ਨੂੰ ਨੁਕਸਾਨ ਪੁਹੰਚਾ ਕੇ ਆਪਣਾ ਫਾਇਦਾ ਕਰਨਾ - ਤਮਸਿਕ), ਅਤੀਤ - ਜੋਗੀ ਜਾਂ ਤਿਆਗੀ, ਹਠ  - ਜ਼ਿਦ, ਤਤ -ਅਸਲ, ਪਰਮ ਪੁਰਖ - ਵਾਹਿਗੁਰੂ

ਅਰਥ: ਹੈ ਮੇਰੇ ਮਨ ਤੂੰ ਇਸ ਤਰ੍ਹਾਂ ਦਾ ਸਨਿਆਸ ਧਾਰਨ ਕਰ - ਘਰ ਨੂੰ ਹੀ ਜੰਗਲ ਸਮਝ ਅਤੇ ਆਪਣੇ ਮਨ ਵਿੱਚ ਉਦਾਸ ਰਹਿ ਭਾਵ ਵਿਰਾਗ ਉਤਪੰਨ ਕਰ। ਆਪਣੇ ਮਨ ਨੂੰ ਕਾਮ ਤੋਂ ਰਹਿਤ ਰੱਖਣਾ ਹੀ ਜਟਾਵਾਂ ਵਧਾਉਣਾ ਸਮਝ, ਜੋਗ ਦਾ ਇਸ਼ਨਾਨ ਕਰ ਤੇ ਆਪਣਾ ਜੀਵਨ ਨਿਯਮ ਦੇ ਵਿੱਚ ਬਿਤਾ ਅਤੇ ਇਸਨੂੰ ਹੀ ਨੁੰਹ ਵਧਾਉਣੇ ਸਮਝ (ਇਹ ਸਾਰੇ ਜੋਗੀਆਂ ਦੇ ਲੱਛਣ ਹਨ, ਜੋ ਜੋਗ ਮਾਰਗ ਤੇ ਤੁਰਨ ਲੱਗਿਆਂ ਆਪਣੇ ਵਾਲ਼ ਤੇ ਨੂੰਹ ਵਧਾ  ਲੈਂਦੇ ਹਨ, ਪਰ ਗੁਰੂ ਜੀ ਕਹਿੰਦੇ ਹਨ ਤੁਸੀਂ ਘਰ ਵਿੱਚ ਰਹਿ ਕੇ ਵੀ ਜੋਗ ਕਮਾ ਸਕਦੇ ਹੋ ਤੇ ਸਨਿਆਸੀ ਬਣ ਸਕਦੇ ਹੋ)। ਗਿਆਨ ਭਾਵ ਵਿੱਦਿਆ ਪੜ੍ਹ ਕੇ ਆਪਣੀ ਆਤਮਾ ਨੂੰ ਸਮਝਾਉ ਤੇ ਆਪਣੇ ਸਰੀਰ ਤੇ ਵਾਹਿਗੁਰੂ ਦੇ ਨਾਮ ਦੀ ਸੁਆਹ ਲਗਾਓ। ਥੋੜਾ (ਜਿੰਨੀ ਲੋੜ ਹੈ) ਭੋਜਨ ਛਕੋ ਤੇ ਨੀਂਦ ਲਓ, ਦਇਆ ਤੇ ਖਿਮਾ ਨਾਲ਼ ਪਿਆਰ ਕਰੋ। ਹਮੇਸ਼ਾਂ ਮਿੱਠੇ ਸੁਭਾਅ ਵਾਲ਼ਾ ਬਣ, ਮਨ ਵਿੱਚ ਤੱਸਲੀ ਰੱਖ ਤੇ ਤਿੰਨ ਗੁਣਾਂ (ਸਤੋ , ਰਜੋ, ਤਮੋ) ਤੋਂ ਨਿਰਲਿਪਤ ਰਹੋ। ਕਾਮ, ਕ੍ਰੋਧ, ਲੋਭ, ਹਠ ਤੇ ਮੋਹ ਮਨ ਵਿੱਚ ਨਾ ਰੱਖੋ। ਫੇਰ ਹੀ ਤੂੰ ਆਤਮਿਕ ਅਸਲੀਅਤ ਭਾਵ ਸੱਚ ਨੂੰ ਵੇਖ ਸਕੇਂਗਾ ਤੇ ਵਾਹਿਗੁਰੂ ਨੂੰ ਪਾ ਸਕੇਂਗਾ। 

ਰਾਗੁ ਸੋਰਠਿ ਪਾਤਿਸਾਹੀ ੧੦ ॥ 

ਪ੍ਰਭ ਜੂ ਤੋ ਕਹ ਲਾਜ ਹਮਾਰੀ ॥ 

ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥ ਰਹਾਉ ॥ 

ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ॥ 

ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥ 

ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥ 

ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥ 

ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥ 

ਹੌ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥ 

ਅਰਥਾਵਲੀ: ਲਾਜ - ਇਜ਼ੱਤ, ਕੰਠ - ਗਲ਼ਾ, ਪਰਮ - ਸ਼੍ਰੋਮਣੀ,  ਸੁਆਮੀ - ਮਾਲਕ, ਪਾਵਨ - ਪਵਿੱਤਰ, ਪਉਨ - ਪੌਣ ਜਾਂ ਹਵਾ, ਅਹਾਰੀ - ਭੋਜਨ ਕਰਨ ਵਾਲ਼,  ਮਰਦਨ- ਕੁਚਲਨਾ,  ਨਿਰਜੁਰ - ਬੁਢਾਪੇ ਤੋਂ ਪਰੇ, ਬਿਖ - ਜ਼ਹਿਰ, ਸਿੰਧ - ਦਰਿਆ, ਧਨੁਰਪਾਨਿ - ਧਨੁੱਖ ਧਾਰੀ, ਧ੍ਰਿਤਮਾਨ- ਧੀਰਜਮਾਨ, ਧਰਾਧਰ - ਧਰਤੀ ਦਾ ਆਸਰਾ, ਅਨਬਿਕਾਰ - ਵਿਕਾਰਾਂ ਤੋਂ ਰਹਿਤ, ਅਸਿਧਾਰੀ -ਤਲਵਾਰ ਧਾਰਨ ਵਾਲ਼ਾ, ਮਤਿ ਮੰਦ - ਮੰਦਬੁੱਧੀ, ਥੋੜ੍ਹੇ ਗਿਆਨ ਵਾਲ਼ਾ, ਚਰਨ - ਪੈਰ, ਸਰਨਾਗਤਿ  - ਸ਼ਰਨ ਵਿੱਚ ਆਇਆ ਹਾਂ, 

ਅਰਥ: ਪ੍ਰਭੂ ਜੀ ਮੇਰੀ ਲਾਜ ਤੁਹਾਡੇ ਹੱਥ ਹੈ। ਹੇ ਨੀਲੇ ਗਲ਼ੇ ਵਾਲ਼ੇ ਨਰਹਰ, ਨੀਲੇ ਵਸਤਰ ਪਹਿਨਣ ਵਾਲ਼ੇ ਤੇ ਬਣ ਵਿੱਚ ਵਾਸ ਕਰਨ ਵਾਲੇ ਪ੍ਰਭੂ (ਇਹ ਸਾਰੇ ਨਾਮ ਪ੍ਰਮਾਤਮਾ  ਦੇ ਹਨ, ਸ਼ਿਵਜੀ, ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਇਹਨਾਂ ਨਾਵਾਂ ਨਾਲ਼ ਸੰਬੋਧਿਤ ਕੀਤਾ ਜਾਂਦਾ ਹੈ ਪਰ ਇੱਥੇ ਇਹ ਪ੍ਰਮਾਤਮਾ ਜਾਂ ਵਾਹਿਗੁਰੂ ਲਈ ਵਰਤੇ ਗਏ ਹਨ)। ਹੇ ਪਰਮ ਪੁਰਖ, ਪਰਮੇਸ਼ਰ, ਮਾਲਕ, ਪਵਿੱਤਰ ਤੇ ਪੌਣ ਅਹਾਰੀ। ਹੇ ਮਾਧਵ, ਮਹਾਨ ਜੋਤ ਜਾਂ ਪ੍ਰਕਾਸ਼ ਵਾਲ਼ੇ, ਮਧੂ ਵਰਗੇ ਰਾਖਸ਼ ਦਾ ਨਾਸ਼ ਕਰਨ ਵਾਲ਼ੇ, ਮੁਕੰਦ ਮੁਰਾਰੀ (ਵਿਸ਼ਣੂ ਦਾ ਇੱਕ ਨਾਮ ਪਰ ਇੱਥੇ ਪ੍ਰਮਾਤਮਾ ਲਈ ਵਰਤਿਆ ਗਿਆ ਹੈ)। ਹੇ ਵਿਕਾਰਾਂ ਤੋਂ ਰਹਿਤ, ਬੁਢਾਪੇ ਤੋਂ ਪਰੇ, ਨੀਂਦਰ-ਰਹਿਤ, ਬਿਖਿਆ-ਰਹਿਤ, ਨਰਕ ਤੋਂ ਬਚਾਉਣ ਵਾਲ਼ੇ। ਹੇ ਕਿਰਪਾ ਦੇ ਸਾਗਰ, ਤਿੰਨ ਕਾਲਾਂ (ਭੂਤ, ਵਰਤਮਾਨ, ਭਵਿੱਖ) ਦੇ ਗਿਆਤਾ, ਬੁਰੇ ਕਰਮਾਂ ਦਾ ਨਾਸ਼ ਕਰਨ ਵਾਲ਼ੇ । ਹੇ ਧਨੁੱਖ ਧਾਰੀ, ਧੀਰਜਵਾਨ, ਧਰਤੀ ਦੇ ਆਸਰੇ, ਵਿਕਾਰਾਂ ਤੋਂ ਰਹਿਤ, ਤਲਵਾਰ ਧਾਰੀ। ਮੈਂ ਮੰਦਬੁੱਧੀ ਥੋੜ੍ਹੇ ਗਿਆਨ ਵਾਲ਼ਾ, ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ, ਮੇਰਾ ਹੱਥ ਫੜ ਕੇ ਇਸ ਸੰਸਾਰ ਸਾਗਰ ਤੋਂ ਬਾਹਰ ਕੱਢ ਲਵੋ। 

ਹਵਾਲੇ: 

ਦਸਮ ਗਰੰਥ - ਵਿਆਖਿਆ ਸਹਿਤ - ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ

https://www.sikhitothemax.org

http://www.sikhiwiki.org