ਗੁਰੂ ਅੰਗਦ ਦੇਵ ਜੀ Guru Angad Dev ji

ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ ਆਪ ਦਾ ਜਨਮ 1504 ਈ: ਨੂੰ ਪਿੰਡ ਹਰੀਕੇ, ਜਿਲਾ ਫਿਰੋਜ਼ਪੁਰ, ਪੰਜਾਬ, ਪਿਤਾ ਭਾਈ ਫੇਰੂ ਮੱਲ ਜੀ ਅਤੇ ਮਾਤਾ ਰਾਮੋ ਜੀ ਦੇ ਗ੍ਰਹਿ ਵਿਖੇ ਹੋਇਆ l ਆਪ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ l  ਆਪ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਖੀਵੀ ਜੀ ਅਤੇ ਆਪ ਜੀ ਦੇ ਦੋ ਪੁੱਤਰ ਭਾਈ ਦਾਸੂ ਜੀ ਅਤੇ ਭਾਈ ਦਾਤੂ ਜੀ ਅਤੇ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ। 

ਗੁਰੂ ਜੀ ਦੀ ਸਭ ਤੋਂ ਵੱਡੀ ਦੇਣ ਗੁਰਮੁਖੀ ਲਿੱਪੀ ਹੈ।  ਗੁਰੂ ਜੀ ਨੇ ਸਕੂਲ ਸ਼ੁਰੂ ਕੀਤੇ ਅਤੇ ਗੁਰਮੁਖੀ ਲਿੱਪੀ ਨੂੰ ਪ੍ਰਚਲਿਤ ਕੀਤਾ।  ਉਹਨਾਂ ਨੇ ਗਰੀਬ ਬੱਚਿਆਂ ਨੂੰ ਵਿਦਿਆ ਦਾ ਦਾਨ ਦਿੱਤਾ, ਜਿਹਨਾਂ ਨੂੰ ਉਸ ਵੇਲੇ ਵਿਦਿਆ ਨਹੀਂ ਦਿੱਤੀ ਜਾਂਦੀ ਸੀ ।  ਵਿੱਦਿਆ ਸਿਰਫ ਉੱਚੀ ਜ਼ਾਤ ਦੇ ਲੋਕਾਂ ਨੂੰ ਸੰਸਕ੍ਰਿਤ ਵਿੱਚ ਦਿੱਤੀ ਜਾਂਦੀ ਸੀ। ਆਪ ਜੀ ਦੇ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ 62 ਸਲੋਕ ਦਰਜ ਹਨ। 

ਗੁਰੂ ਅੰਗਦ ਦੇਵ ਜੀ ਨੂੰ 1539 ਈ: ਗੁਰਗੱਦੀ ਪ੍ਰਾਪਤ ਹੋਈ।  ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ (Universal Brotherhood ) ਦੇ ਸੰਦੇਸ਼ ਨੂੰ ਫੈਲਾਇਆ ਲੋਕਾਂ ਨੂੰ ਬਰਾਬਰੀ, ਵਿਦਿਆ ਦਾ ਦਾਨ, ਸੇਵਾ, ਇਸਤਰੀਆਂ ਦੀ ਇੱਜ਼ਤ, ਸਿਹਤ-ਸੰਭਾਲ ਦੇ ਉਪਦੇਸ਼ ਦਿੱਤੇ।

ਆਪ ਜੀ 1552 ਈ: ਵਿੱਚ ਜੋਤੀ-ਜੋਤ ਸਮਾਏ।

ਗੁਰੂ ਅੰਗਦ ਦੇਵ ਜੀ ਦੀ ਬਾਣੀ:

ਮਃ ੨ ॥

ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥

ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥ {ਪੰਨਾ 788}

ਪਦਅਰਥ: ਜੀਵਤਾ—ਜੀਉਂਦੇ ਦਿਲ ਵਾਲਾ, ਜ਼ਿੰਦਾ—ਦਿਲ। ਮੂਆ—ਮੁਰਦਲ, ਮੁਰਦਾ—ਦਿਲ। ਜਿਨਿ—ਜਿਸ (ਪ੍ਰਭੂ) ਨੇ। ਉਡਤਾ—ਉੱਡਣ ਵਾਲਾ, ਪੰਛੀ। ਮਿਲੈ—ਸਾਥ ਕਰਦਾ ਹੈ।

ਅਰਥ: (ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ। ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।

ਹੇ ਨਾਨਕ! (ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ)।੨।

ਮਃ ੨ ॥

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ {ਪੰਨਾ 469}

ਪਦਅਰਥ:- ਸਬਦੰ—ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਜੀਵ ਦਾ ਧਰਮ । ਜੋਗ ਸਬਦੰ—ਜੋਗ ਦਾ ਧਰਮ । ਸਬਦੰ ਬ੍ਰਾਹਮਣਹ—ਬ੍ਰਾਹਮਣਾਂ ਦਾ ਧਰਮ । ਪਰਾਕ੍ਰਿਤਹ—ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ । ਸਰਬ ਸਬਦੰ—ਸਾਰਿਆਂ ਧਰਮਾਂ ਦਾ ਧਰਮ, ਭਾਵ, ਸਭ ਤੋਂ ਸ੍ਰੇਸ਼ਟ ਧਰਮ । ਏਕ ਸਬਦੰ—ਇਕ ਪ੍ਰਭੂ ਦਾ ਸਿਮਰਨ ਰੂਪ ਧਰਮ । ਭੇਉ—ਭੇਦ । ਸੋਈ—ਉਹੀ ਮਨੁੱਖ । ਨਿਰੰਜਨ ਦੇਉ—ਪ੍ਰਭੂ (ਦਾ ਰੂਪ) ਹੈ ।੨।

ਅਰਥ:- ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ) । ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ । ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ । ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ । ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ ।੨।

ਮਹਲਾ ੨ ॥

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥

ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ {ਪੰਨਾ 148}

ਪਦਅਰਥ:- ਤਸਿ—(ਸੰ: ਤਸਯ) ਉਸ (ਮਨੁੱਖ) ਦਾ । ਜਨਮਸਿ—(ਸੰ: ਜਨਮ+ਅਸਤਿ । ਅਸਤਿ—ਹੈ) ਜਨਮ ਹੈ । ਜਾਵਤੁ—(ਸੰ: ਯਾਵਤ) ਜਦ ਤਕ । ਬਿੰਦਤੇ—ਜਾਣਦਾ ਹੈ । ਸੰਸਾਰਸਿ—(ਸੰ: ਸੰਸਾਰਸਯ) ਸੰਸਾਰ ਦਾ । ਤਰਹਿ—ਤਰਦੇ ਹਨ । ਕੇ—ਕਈ ਜੀਵ ।

{ਨੋਟ:- ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ । 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ"—ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ'} । ਕਰਣ—ਜਗਤ । ਕਲ—ਕਲਾ, ਸੱਤਿਆ ।

ਅਰਥ:- ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ, ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ ।

ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ, ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ, ਉਸ ਦਾ ਧਿਆਨ ਧਰ ।੨।

ਮਃ ੨ ॥

ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥

ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥ {ਪੰਨਾ 147}

ਪਦਅਰਥ:- ਆਖਣੁ—ਮੂੰਹ । ਇਕ ਵੰਨ—ਇਕ ਰੰਗ ਦੇ, ਇਕ ਇਕ ਕਿਸਮ ਦੇ । ਗੁਣੀ—ਗੁਣਾਂ ਦੇ ਮਾਲਕ-ਪ੍ਰਭੂ ਵਿਚ । ਭੁਖਿਆ—ਭੁੱਖ ਦੇ ਅਧੀਨ ਹੋਇਆਂ ਦੀ । ਗਲੀ—ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ ।

ਅਰਥ:- ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ, ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ) । ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ ।

ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ।੨।

ਸਲੋਕ ਮਹਲਾ ੨ ॥

ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥

ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥ {ਪੰਨਾ 788}

ਪਦਅਰਥ: ਮੁਚੁ—ਬਹੁਤਾ। ਪਟੰਤਰਾ—ਨਿਰਣਾ, ਨਿਬੇੜਾ। ਦੀਬਾਣਿ—ਦੀਵਾਨ ਵਿਚ, ਹਜ਼ੂਰੀ ਵਿਚ। ਤਿਤੁ ਦੀਬਾਣਿ—ਉਸ (ਰੱਬੀ) ਹਜ਼ੂਰੀ ਵਿਚ।

ਅਰਥ: ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ। ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ)।੧।

References:

http://www.sikhiwiki.org/index.php/Guru_Angad_Dev#Guru_Angad_Dev_Ji.27s_Contributions

http://www.gurugranthdarpan.com/darpan2/0788.html