ੴ 

Gurmat Kav ਗੁਰਮਤਿ ਕਾਵਿ

ਗੁਰਮਤਿ-ਕਾਵਿ ਦਾ ਰਚਨਾ ਕਾਲ ਉੰਝ ਤਾਂ ਬਾਬਾ ਸ਼ੇਖ਼ ਫ਼ਰੀਦ ਜੀ ਤੋਂ ਸ਼ੁਰੂ ਹੋ ਜਾਂਦਾ ਹੈ। ਪਰ ਉਹਨਾਂ ਨੂੰ ਸੂਫ਼ੀ-ਕਾਵਿ ਵਿੱਚ ਸ਼ਾਮਿਲ ਕੀਤਾ ਗਿਆ ਹੈ। ਗੁਰਮਤਿ ਕਾਵਿ ਵਿਚ ਗੁਰੂ ਨਾਨਕ ਦੇਵ ਜੀ, ਅੰਗਦ ਦੇਵ ਜੀ, ਅਮਰਦਾਸ ਜੀ, ਰਾਮਦਾਸ ਜੀ, ਅਰਜਨ ਦੇਵ ਜੀ, ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਜੀ ਦੀਆਂ ਬਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। 

ਗੁਰਮਤਿ ਦਾ ਮਤਲਬ ਗੁਰੂ ਦੀ ਮੱਤ ਜਾਂ ਸਿੱਖਿਆ ਹੈ - ਨਾਨਕ ਗੁਰੂ ਹੈ ਤੇ ਸਿੱਖ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਹਨ। ਜੋ 'ਧੁਰ ਕੀ ਬਾਣੀ' ਉਹਨਾਂ ਤੇ ਹੋਰ ਗੁਰੂ ਸਾਹਿਬਾਨ ਨੇ ਰਚੀ, ਉਹ ਸਮੁੱਚੀ ਮਾਨਵ ਜਾਤੀ ਲਈ ਇੱਕ ਚਾਨਣ-ਮੁਨਾਰਾ ਹੈ, ਜਿਸਤੋਂ ਸੇਧ ਲੈ ਕੋਈ ਵੀ ਮਨੁੱਖ ਇਸ ਭਵ ਸਾਗਰ ਜਾਂ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ। 

ਗੁਰਬਾਣੀ ਵਿੱਚ ਗੁਰੂਆਂ ਨੇ ਹਰ ਸ਼ਬਦ ਦੀ ਆਖ਼ਰੀ ਤੁਕ ਵਿੱਚ ਆਪਣਾ ਨਾਮ ਨਹੀਂ ਸਗੋਂ 'ਨਾਨਕ' ਨਾਮ ਵਰਤਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਬਾਣੀ ਇੱਕ ਖ਼ਾਸ ਪ੍ਰੰਪਰਾ (ਸਕੂਲ) ਨਾਲ਼ ਸੰਬੰਧਿਤ ਹੈ। ਸਾਰੇ ਗੁਰੂ ਹੀ ਨਾਨਕ ਦਾ ਰੂਪ ਸਨ, ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਇਸ ਜੱਗ ਵਿੱਚ ਆਏ ਤੇ ਫਿਰ ਇੱਥੇ ਹੀ ਸਦਾ ਲਈ ਵੱਸ ਗਏ। ਅੱਜ ਵੀ ਅਸੀਂ ਉਹਨਾਂ ਦੀ ਜਾਗਦੀ ਜੋਤ ਧੰਨ ਧੰਨ, ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਤੇ ਮਹਿਸੂਸ ਕਰ ਸਕਦੇ ਹਾਂ। 

ਇੱਥੇ ਇਹ ਵਿਚਾਰਨ ਯੋਗ ਹੈ ਕਿ ਕਿਤੇ ਕਿਤੇ ਗੁਰਬਾਣੀ ਵਿੱਚ ਕਈ ਜਗ੍ਹਾ 'ਨਾਨਕੁ' ਸ਼ਬਦ ਵੀ ਆਉਂਦਾ ਹੈ, ਜੋ ਗੁਰੂ ਨਾਨਕ ਦੇਵ ਜੀ ਵਾਸਤੇ ਵਰਤਿਆ ਗਿਆ ਹੈ, ਇਸਦਾ ਭਾਵ ਹੈ ਉਹ 'ਨਾਨਕ' ਜੋ ਇੱਕ ਹੈ, ਗੁਰਬਾਣੀ ਵਿਆਕਰਣ ਨੂੰ ਸਮਝਣ ਨਾਲ ਅਸੀਂ ਇਹ ਜਾਣ ਸਕਦੇ ਹੈ ਕਿ ਕਿੱਥੇ 'ਨਾਨਕੁ' ਸ਼ਬਦ ਗੁਰੂ ਨਾਨਕ ਲਈ ਵਰਤਿਆ ਗਿਆ ਹੈ। ਜਿਵੇਂ:

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750} 

ਭਾਵ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ । 

ਗੁਰਬਾਣੀ ਦੀ ਇੱਕ ਵਿਸ਼ੇਸ਼ ਵਿਆਕਰਣ ਹੈ, ਜਿਵੇਂ ਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਲਘੂ ਲਗਾਂ ਮਾਤਰਾਂ (ਜਿਵੇਂ ਕਿ ਔਂਕੜ) ਨੂੰ ਬਹੁਤ ਵਾਰ ਉਚਾਰਿਆ ਨਹੀਂ ਜਾਂਦਾ, ਪਰ ਇਹਨਾਂ ਦੇ ਲਾਉਣ ਜਾਂ ਨਾ ਲਾਉਣ ਨਾਲ਼ ਅਰਥ-ਭੇਦ ਤੇ ਵਿਆਕਰਣ ਭੇਦ ਆਉਂਦਾ ਹੈ।  ਜਿਸ ਤਰ੍ਹਾਂ ਉੱਪਰ 'ਨਾਨਕ ਤੇ ਨਾਨਕੁ' ਵਾਰੇ ਦੱਸਿਆ ਜਾ ਚੁੱਕਾ ਹੈ। 

ਗੁਰੂ ਸਾਹਿਬਾਨ ਦੇ ਸ਼ਬਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਏ ਹਨ। ਤੇ ਵਿਆਖਿਆ ਪ੍ਰੋ. ਸਾਹਿਬ ਸਿੰਘ ਜੀ ਦੇ ਟੀਕੇ ਤੋਂ ਲਈ ਹੈ। ਭਾਈ ਗੁਰਦਾਸ ਜੀ ਦੀਆਂ ਚਾਲ਼ੀ ਵਾਰਾਂ ਦੀ ਖ਼ੂਬੀ ਇਹ ਹੈ ਕਿ ਇਹ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ। ਭਾਈ ਸਾਹਿਬ ਜੀ ਨੇ ਜਿਸ ਸੂਝ ਬੂਝ ਨਾਲ਼ ਗੁਰਮਤਿ ਸਿਧਾਂਤਾਂ ਦੀ ਸੁੰਦਰ ਵਿਆਖਿਆ ਕੀਤੀ ਹੈ, ਉਸਦਾ ਕੋ ਸਾਨੀ ਨਹੀਂ (ਸਾਹਿਤ ਮਾਲ਼ਾ:10, ਪੰਜਾਬ ਸਕੂਲ ਸਿੱਖਿਆ ਬੋਰਡ, ਪੰਨਾ 3)। ਭਾਈ ਸਾਹਿਬ ਜੀ ਦੀਆਂ ਵਾਰਾਂ ਵਿਚੋਂ ਕੁੱਝ ਕੁ ਵਾਰਾਂ ਇੱਥੇ ਸ਼ਾਮਿਲ ਕੀਤੀਆਂ ਗਈਆਂ ਹਨ। 

ਗੁਰੂ ਨਾਨਕ ਦੇਵ ਜੀ Guru Nanak Dev ji

ਗੁਰੂ ਅੰਗਦ ਦੇਵ ਜੀ Guru Angad Dev ji

ਗੁਰੂ ਅਮਰਦਾਸ ਜੀ Guru Amardas ji

ਗੁਰੂ ਰਾਮ ਦਾਸ ਜੀ Guru Ramdas ji

ਗੁਰੂ ਅਰਜਨ ਦੇਵ ਜੀ Guru Arjan Dev ji

ਗੁਰੂ ਤੇਗ਼ ਬਹਾਦਰ ਜੀ Guru Tegh Bahadur ji

ਭਾਈ ਗੁਰਦਾਸ ਜੀ Bhai Gurdas ji

ਗੁਰੂ ਗੋਬਿੰਦ ਸਿੰਘ ਜੀ Guru Gobnd singh ji

Quiz ਪ੍ਰਸ਼ਨੋਤਰੀ