ਨਿੱਕੀਆਂ ਜਿੰਦਾਂ ਵੱਡਾ ਸਾਕਾ 

ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿਤਰ ਧਰਤੀ ਜਿੱਥੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਵਾਟੇ ਦੀ ਪਾਹੁਲ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਕਿਹਾ ਸੀ ਕਿ "ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ", ਸਪਤ ਧਾਰਾ ਦੀਆਂ ਪਹਾੜੀ ਸ਼ਾਖ਼ਾਵਾਂ ਦੇ ਦਰਮਿਆਨ ਸਥਿੱਤ ਹੈ। ਸ਼ਿਵਾਲਕ ਪਹਾੜਾਂ ਦੀਆਂ ਬਾਈ ਧਾਰ ਦੀਆਂ ਰਿਆਸਤਾਂ ਵਿੱਚੋਂ ਸਪਤ ਧਾਰਾ ਦੀਆਂ ਰਿਆਸਤਾਂ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ। ਰਾਜਾ ਭੀਮ ਚੰਦ ਕਹਲੂਰੀਏ ਨੇ ਗੁਰੂ ਜੀ ਨੂੰ ਬੜੀ ਲੰਬੀ ਚਿੱਠੀ ਲਿਖੀ ਸੀ, ਜਿਸਦੇ ਅਖੀਰ 'ਚ ਲਿਖਿਆ ਸੀ ਕਿ ਮੇਰੀ ਰਿਆਸਤ 'ਚੋਂ ਨਿੱਕਲ ਜਾਓ ਜਾਂ ਅਧੀਨ ਹੋ ਕੇ ਰਈਅਤ ਬਣ ਕੇ ਰਹੋ। ਕਲਗੀਧਰ ਪਾਤਸ਼ਾਹ ਨੇ ਦੋਵੇਂ ਗੱਲਾਂ ਨਹੀਂ ਸਨ ਪ੍ਰਵਾਨ ਕੀਤੀਆਂ । ਬਾਈ ਧਾਰ ਦੇ ਰਾਜਿਆਂ ਨੇ ਮਿਲ ਕੇ ਔਰੰਗਜ਼ੇਬ ਤੋਂ ਵੀ ਕਹਿਲਾਇਆ ਕਿ ਅਨੰਦਪੁਰ ਦੇ ਕਿਲੇ ਨੂੰ ਖਾਲੀ ਕਰ ਜਾਓ । ਅਸੀਂ ਕਸਮਾਂ ਖਾਂਦੇ ਹਾਂ ਕੇ ਤੁਹਾਨੂੰ ਕੋਈ ਨੁਕਸਾਨ ਨਹੀ ਪਹੁੰਚਾਵਾਂਗੇ। ਗੁਰੂ ਜੀ ਦੇ ਨੇ ਅਨੰਦਪੁਰ ਸਾਹਿਬ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀ ਫ਼ੌਜ ਦੇ ਨਾਲ਼ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਗੁਰੂ ਜੀ ਨੂੰ ਲੜਾਈ ਕਰਨ ਲਈ ਮਜ਼ਬੂਰ ਕਰ ਦਿੱਤਾ। ਭਿਆਨਕ ਜੰਗ ਛਿੜ ਗਈ। ਅਨੰਦਗੜ੍ਹ ਕਿਲ੍ਹੇ ਦੇ ਬਾਹਰ ਬਹਾਦਰ ਸਿੰਘਾਂ ਤੇ ਮੁਗ਼ਲ ਫ਼ੌਜਾਂ ਦੇ ਵਿਚਕਾਰ ਕਈ ਮਹੀਨੇ ਘਮਸਾਨ ਦੀ ਲੜਾਈ ਲੜਾਈ ਚੱਲਦੀ ਰਹੀ ...

ਕਈ ਦਿਨਾਂ ਦੇ ਭੁੱਖਣਭਾਣੇ ਤੇ ਪਿਆਸੇ ਸਿੰਘਾਂ ਦੇ ਸਰੀਰ ਲੜਾਈ ਕਰਨ ਤੋਂ ਅਸਮਰਥ ਹੋ ਚੁੱਕੇ ਸਨ, ਥੱਕ ਚੁੱਕੇ ਸਨ। ਸਿੱਖਾਂ ਦੀ ਬੇਨਤੀ ਤੇ ਸਤਿਗੁਰੂ ਅਨੰਦਪੁਰ ਦੇ ਕਿਲੇ 'ਚੋਂ ਅਧੀ ਰਾਤ ਨੂੰ ੬ ਪੋਹ ਸੰਮਤ ੧੮੬੧(1861) (20 ਸਿਤੰਬਰ ਸੰਨ 1704) ਨੂੰ ਚੱਲ ਪਏ । ਪਰ ਅੱਗੋਂ ਦੁਸ਼ਮਣ ਨੇ ਕਸਮਾਂ ਤੋੜ ਕੇ ਸਤਿਗੁਰੂ ਦੀਆਂ ਫੌਜਾਂ ਤੇ ਹੱਲਾ ਬੋਲ ਦਿੱਤਾ । ਘਮਸਾਨ ਦੀ ਲੜਾਈ ਹੋਣ ਲੱਗੀ। ਇੱਕ ਇੱਕ ਸਿੰਘ ਨੇ ਗੁਰੂ ਜੀ ਦੇ 'ਸਵਾ ਲਾਖ ਸੇ ਏਕ ਲੜਾਊਂ ' ਬਚਨ ਨੂੰ ਪੁਗਾਉਂਦਿਆਂ ਕਈ ਕਈ ਮੁਗ਼ਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ।

ਥੋੜਾ ਜਿਹਾ ਚਾਨਣ ਹੋਣ ਲੱਗਾ ਤੇ ਫੌਜਾਂ ਸਰਸਾ ਨਦੀ ਦੇ ਕਿਨਾਰੇ ਤੇ ਪੁੱਜ ਗਈਆਂ ਸਨ। ਆਸਾ ਦੀ ਵਾਰ ਦਾ ਕੀਰਤਨ ਹੋਇਆ ... ਦੋ ਮੀਲ ਪਿੱਛੇ ਵੱਡੇ ਸਾਹਿਬਜ਼ਾਦੇ ਨੇ ਦੁਸ਼ਮਣਾਂ ਨੂੰ ਰੋਕ ਕੇ ਰੱਖਿਆ। ਉੱਧਰ ਸਰਸਾ ਨਦੀ ਵੀ ਠਾਠਾਂ ਤੇ ਸੀ ... ਬਹੁਤ ਸਾਰਾ ਕੀਮਤੀ ਸਮਾਨ, ਇਤਿਹਾਸ, ਗ੍ਰੰਥ, ਕਾਵਿ ਸੰਗ੍ਰਹਿ ਤੇ ਸੂਰਮੇ ਸਰਸਾ ਨਦੀ ਦੀ ਭੇਂਟ ਚੜ੍ਹ ਗਏ। ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਵੀ ਵਿੱਛੜ ਗਏ ... ਸਤਿਗੁਰੂ ਰੋਪੜ ਪੁੱਜੇ ਤੇ ਰੋਪੜ ਤੋਂ ਚਮਕੌਰ ਸਾਹਿਬ ਨੂੰ ਚੱਲ ਪਏ।

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਆਪਣੀ ਦਾਦੀ ਮਾਂ ਮਾਤਾ ਗੁਜਰੀ ਜੀ ਨਾਲ਼ ਬਿਖਮ ਰਸਤਿਆਂ ਤੇ ਘਣੇ ਜੰਗਲਾਂ ਵਿੱਚੋਂ ਦੀ ਲੰਘਦੇ, ਵਾਹਿਗੁਰੂ ਦਾ ਨਾਮ ਜੱਪਦੇ, ਗੁਰਬਾਣੀ ਦਾ ਪਾਠ ਕਰਦੇ, ਸਿੱਖ ਇਤਿਹਾਸ ਸੁਣਦੇ ਲੰਮੀਆਂ ਵਾਟਾਂ ਤੇ ਪਹਾੜ ਜਿੱਡਾ ਰਸਤਾ ਤਹਿ ਕਰਦੇ ਗਏ। ਉਹ ਵਾਹਿਗੁਰੂ ਦੀ ਰਜ਼ਾ ਵਿੱਚ, ਬਿਨਾਂ ਕਿਸੇ ਡਰ-ਭੈ ਦੇ ਟੁਰੇ ਜਾ ਰਹੇ ਸਨ ਜਦੋਂ ਰਸਤੇ ਵਿੱਚ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ, ਜੋ ਕਿਸੇ ਵਕਤ ਗੁਰੂ-ਘਰ ਦਾ ਰਸੋਈਆ ਰਹਿ ਚੁੱਕਿਆ ਸੀ। ਉਹ ਉਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਉਸਨੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ। ਮਾਤਾ ਗੁਜਰੀ ਜੀ ਕੋਲ਼ ਕੀਮਤੀ ਸਮਾਨ ਤੇ ਮੋਹਰਾਂ ਸਨ, ਜਿਨ੍ਹਾਂ ਨੂੰ ਵੇਖ ਕੇ ਗੰਗੂ ਦੇ ਅੰਦਰ ਲਾਲਚ ਭਰ ਆਇਆ। ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਸੌਂ ਰਹੇ ਸਨ ਤਾਂ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਮੋਹਰਾਂ ਚੋਰੀ ਕਰ ਲਈਆਂ। ਮਾਤਾ ਜੀ ਨੇ ਉਸਨੂੰ ਵੇਖ ਲਿਆ ਪਰ ਉਸ ਵੇਲੇ ਕੁੱਝ ਨਾ ਕਿਹਾ। ਜਦੋਂ ਸਵੇਰ ਹੋਈ ਤਾਂ ਮਾਤਾ ਜੀ ਨੇ ਗੰਗੂ ਨੂੰ ਬੁਲਾ ਕੇ ਮੋਹਰਾਂ ਵਾਰੇ ਪੁੱਛਿਆ। ਗੰਗੂ ਟਾਲ.-ਮਟੋਲ਼ ਕਰਨ ਲੱਗਿਆ।  ਮਾਤਾ ਜੀ ਨੇ ਉਸਨੂੰ ਸਮਝਾਉਂਦਿਆਂ ਕਿਹਾ ਕਿ ਤੂੰ ਸਾਡੇ ਤੋਂ ਮੋਹਰਾਂ ਮੰਗ ਲੈਣੀਆਂ ਸੀ, ਅਸੀਂ ਤੈਨੂੰ ਖ਼ੁਸ਼ੀ ਖ਼ੁਸ਼ੀ ਦੇ ਦੇਣੀਆਂ ਸਨ। ਇਹ ਸੁਣ ਕੇ ਗੰਗੂ ਗੁੱਸੇ ਨਾਲ਼ ਅੱਗ-ਬਬੂਲਾ ਹੋ ਗਿਆ ਤੇ ਮਾਤਾ ਜੀ ਨੂੰ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਚੋਰੀ ਇਲਜ਼ਾਮ ਲਗਾ ਰਹੇ ਹੋ। ਮਾਤਾ ਜੀ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੁੱਸੇ ਨਾਲ਼ ਬੋਲਦਾ ਘਰੋਂ ਬਾਹਰ ਚਲਾ ਗਿਆ ਤੇ ਸਿੱਧਾ ਮੁਰਿੰਡੇ ਸ਼ਹਿਰ ਦੇ ਕੋਤਵਾਲ ਕੋਲ਼ ਜਾ ਪਹੁੰਚਿਆ।  ਉਸਨੇ ਕੋਤਵਾਲ ਨੂੰ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਕੋਲ਼ ਲੁਕੇ ਹੋਏ ਹਨ। ਕੋਤਵਾਲ ਇਹ ਸੁਣ ਕੇ ਬੜਾ ਖ਼ੁਸ਼ ਹੋਇਆ ਤੇ ਸਿਪਾਹੀਆਂ ਨੂੰ ਗੰਗੂ ਦੇ ਨਾਲ਼ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਨ ਭੇਜ ਦਿੱਤਾ।

ਮਾਤਾ ਜੀ ਤੇ ਸਾਹਿਬਜ਼ਾਦੇ ਬਿਨਾ ਕਿਸੇ ਖੌਫ਼ ਦੇ ਨਿਸਚਿੰਤ ਹੋ ਕੇ ਸਿਪਾਹੀਆਂ ਨਾਲ਼ ਚੱਲ ਪਏ। ਖੇੜੀ ਦੇ ਲੋਕ ਉਹਨਾਂ ਦੇ ਹੌਸਲੇ ਤੋਂ ਹੈਰਾਨ ਸਨ ਤੇ ਗੰਗੂ ਨੂੰ ਲਾਹਨਤਾਂ ਪਾ ਰਹੇ ਸਨ, ਜਿਸਨੇ ਨਮਕ-ਹਰਾਮੀ ਵਾਲ਼ਾ ਕੰਮ ਕੀਤਾ ਸੀ। ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਤੋਂ ਨੂਰ ਝਲਕ ਰਿਹਾ ਸੀ! ਗੰਗੂ ਦੇ ਮੂੰਹ ਤੇ ਲਾਲਚ ਤੇ ਬਦਲੇ ਦੀ ਭਾਵਨਾ ਦੀ ਕਾਲਖ਼ ਛਾਈ ਹੋਈ ਸੀ! ਦੁਸ਼ਮਣ ਵੀ ਜੋ ਕੰਮ ਨਹੀਂ ਕਰਦੇ, ਉਹ ਗੰਗੂ ਨੇ ਕੀਤਾ ਤੇ ਆਪਣਾ ਨਾਮ ਦੁਨੀਆਂ ਵਿੱਚ ਸਦਾ ਲਈ ਬਦਨਾਮ ਕਰ ਗਿਆ। 

ਮੁਰਿੰਡੇ ਦੇ ਕੋਤਵਾਲ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸੂਬਾ-ਸਰਹਿੰਦ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ, ਜੋ ਕਿ ਗੁਰੂ ਜੀ ਦਾ ਵੈਰੀ ਸੀ। ਸਰਹਿੰਦ ਵਿਖੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਗੌਰਵ-ਮਈ ਇਤਿਹਾਸ ਦੀਆਂ ਬਾਬਾਣੀਆਂ ਕਹਾਣੀਆਂ ਸੁਣਾਈਆਂ। ਪੜਦਾਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਦਾਦਾ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਹੌਂਸਲੇ ਤੇ ਸ਼ਹੀਦੀ ਗਾਥਾ ਸੁਣਕੇ ਦੋਵੇਂ ਸਾਹਿਬਜ਼ਾਦਿਆਂ ਦੇ ਅੰਦਰ ਜੋਸ਼ ਭਰ ਆਇਆ ਤੇ ਉਹਨਾਂ ਨੇ ਦਾਦੀ ਜੀ ਨੂੰ ਪ੍ਰਣ ਦਿੱਤਾ ਤੇ ਕਿਹਾ ਕਿ ਉਹ ਵੀ ਆਪਣੇ ਪੜਦਾਦਾ ਜੀ ਤੇ ਦਾਦਾ ਜੀ ਵਾਂਗ ਆਪਣੇ ਧਰਮ 'ਤੇ ਅਡੋਲ ਰਹਿਣਗੇ! ਮਾਤਾ ਜੀ ਇਹ ਸੁਣ ਕੇ ਗਦ ਗਦ ਹੋ ਗਏ। ਉਹਨਾਂ ਦੇ ਦਿਲ ਅੰਦਰ ਸਾਹਿਬਜ਼ਾਦਿਆਂ ਲਈ ਅਥਾਹ ਪਿਆਰ ਉਮੜ ਆਇਆ!

ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨਵਾਬ ਵਜ਼ੀਰ ਖ਼ਾਨ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਜਦੋਂ ਸਾਹਿਬਜ਼ਾਦੇ ਕਚਿਹਰੀ ਦੇ ਦਰਵਾਜ਼ੇ ਦੇ ਨੇੜੇ ਪਹੁੰਚੇ ਤਾ ਸਿਪਾਹੀਆਂ ਨੇ ਜਾਣ-ਬੁੱਝ ਕੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਿਰਫ਼ ਛੋਟਾ ਦਰਵਾਜ਼ਾ ਹੀ ਖੋਲ੍ਹਿਆ ਤਾਂ ਜੋ ਉਹ ਸਰ ਝੁਕਾ ਕੇ ਦਰਵਾਜ਼ੇ ਅੰਦਰ ਜਾਣ। ਪਰ ਸੂਝਵਾਨ ਸਾਹਿਬਜ਼ਾਦੇ ਉਹਨਾਂ ਦੀ ਇਹ ਚਾਲ ਨੂੰ ਸਮਝ ਗਏ ਤੇ ਪਹਿਲਾਂ ਆਪਣੇ ਪੈਰ ਅੰਦਰ ਪਾਏ ਤੇ ਬਿਨਾਂ ਸੀਸ ਝੁਕਾ ਕੇ ਅੰਦਰ ਗਏ। ਕਚਿਹਰੀ ਦੇ ਅੰਦਰ ਪੁੱਜ ਕੇ ਉਨ੍ਹਾਂ ਨੇ ਗੱਜ ਕੇ ਫ਼ਤਿਹ ਬੁਲਾਈ -

ਵਾਹਿਗੁਰੂ ਜੀ ਕਾ ਖ਼ਾਲਸਾ। 

ਵਾਹਿਗੁਰੂ ਜੀ ਕੀ ਫ਼ਤਿਹ। 

ਉਹਨਾਂ ਦੇ ਉੱਚੇ ਜੈਕਾਰੇ ਨਾਲ਼ ਪੂਰੀ ਕਚਿਹਰੀ ਗੂੰਜ ਉੱਠੀ ਤੇ ਸਾਰਿਆਂ ਦੀਆਂ ਨਜ਼ਰਾਂ ਸਾਹਿਬਜ਼ਾਦਿਆਂ ਤੇ ਟਿਕ ਗਈਆਂ। ਉਹਨਾਂ ਦੇ ਚਿਹਰਿਆਂ ਦਾ ਜਲੌ, ਕੇਸਰੀ ਬਾਣੇ, ਸੋਹਣੀਆਂ ਦਸਤਾਰਾਂ ਤੇ ਕਿਰਪਾਨਾਂ ਤੱਕ ਕੇ, ਸਭ ਦਰਬਾਰੀ ਹੈਰਾਨ ਹੋ ਰਹੇ ਸਨ! 

ਨਵਾਬ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤੇ ਉਹਨਾਂ ਨੂੰ ਧੰਨ-ਦੌਲਤ, ਜਗੀਰਾਂ, ਉੱਚੇ ਅਹੁਦਿਆਂ ਦਾ ਲਾਲਚ ਦਿੱਤਾ। 

ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕਰਦਿਆਂ ਜਵਾਬ ਦਿੱਤਾ - 'ਸਾਡਾ ਧਰਮ ਸਾਨੂੰ ਜਾਨੋਂ ਪਿਆਰਾ ਹੈ। ਸੰਸਾਰਿਕ ਜਗੀਰਾਂ ਸਾਨੂੰ ਨਹੀਂ ਭਾਉਂਦੀਆਂ! ਅਸੀਂ ਸੱਚ ਤੇ ਧਰਮ ਲਈ ਆਪਣਾ ਆਪਾ ਕੁਰਬਾਨ ਕਰ ਦੇਵਾਂਗੇ, ਕਿਓਂਕਿ ਅਸੀਂ ਕਲਗੀਧਰ ਦੇ ਸਪੁੱਤਰ ਹਾਂ, ਤੇ ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਹਾਂ।'

ਨਵਾਬ ਗੁੱਸੇ ਵਿੱਚ ਆ ਗਿਆ। ਉਸਨੇ ਕਾਜ਼ੀ ਨੂੰ ਫ਼ਤਵਾ ਲਗਾਉਣ ਲਈ ਕਿਹਾ। ਪਰ ਕਾਜ਼ੀ ਵੀ ਸੋਚੀਂ ਪੈ ਗਿਆ! ਉੱਥੇ ਦੀਵਾਨ ਸੁੱਚਾ ਨੰਦ ਸੀ ਉਸਨੇ ਵੀ ਸਾਹਿਬਜ਼ਾਦਿਆਂ ਨੂੰ ਦੀਨ ਮੰਨਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੰਗ ਵਿੱਚ ਮਾਰੇ ਗਏ ਹਨ ਤੇ ਹੁਣ ਉਹਨਾਂ ਦਾ ਕੋਈ ਨਹੀਂ ਹੈ। 

ਸਾਹਿਬਜ਼ਾਦਿਆਂ ਨੇ ਜੋਸ਼ ਨਾਲ਼ ਜਵਾਬ ਦਿੱਤਾ ਕਿ ਉਹਨਾਂ ਦੇ ਪਿਤਾ ਨੂੰ ਮਾਰਨ ਵਾਲ਼ਾ ਇਸ ਦੁਨੀਆਂ ਵਿੱਚ ਕੋਈ ਨਹੀਂ, ਸਿਰਫ਼ ਅਕਾਲ ਪੁਰਖ ਵਾਹਿਗੁਰੂ ਦੇ ਇਲਾਵਾ ਕੋਈ ਹੋਰ ਉਹਨਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦਾ! ਉਹ ਇਸ ਜ਼ਾਲਿਮ ਰਾਜ ਨੂੰ ਖਤਮ ਕਰਨ ਲਈ ਸਦਾ ਲੜਦੇ ਰਹਿਣਗੇ। ਸੁੱਚਾ ਨੰਦ ਹੈਰਾਨ ਵੀ ਹੋਇਆ ਤੇ ਗੁੱਸੇ ਵੀ। ਫੇਰ ਉਸਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕਿੱਥੇ ਜਾਓਗੇ?

ਸਾਹਿਬਜ਼ਾਦਿਆਂ ਨੇ ਬੇਖੌਫ਼ ਜਵਾਬ ਦਿੱਤਾ ਕਿ ਉਹ ਸਿੰਘਾਂ ਨੂੰ ਇਕੱਠੇ ਕਰਕੇ ਜ਼ਾਲਿਮ ਹਕੂਮ ਦੇ ਖ਼ਿਲਾਫ਼ ਲੜਨਗੇ। 

ਇਹ ਸੁਣਕੇ ਹੀ ਸੁੱਚਾ ਨੰਦ ਨੇ ਨਵਾਬ ਨੂੰ ਕਿਹਾ ਕਿ ਕਲਗੀਧਰ ਦੇ ਪੁੱਤਰਾਂ ਤੋਂ ਇੰਤਕਾਮ ਲੈਣ ਦਾ ਵਕਤ ਆ ਗਿਆ ਹੈ। ਇਹਨਾਂ ਨੂੰ ਮਾਸੂਮ ਨਾ ਸਮਝੋ, ਇਹ ਵੱਡੇ ਹੋ ਕੇ ਹਕੂਮਤ ਦੇ ਖ਼ਿਲਾਫ਼ ਬਗ਼ਾਵਤ ਕਰਨਗੇ। ਇਹਨਾਂ ਨੂੰ ਹੁਣੇ ਹੀ ਸਜ਼ਾ ਦੇ ਦੇਣੀ ਚਾਹੀਦੀ ਹੈ। 

ਨਵਾਬ ਨੇ ਸੁੱਚਾ ਨੰਦ ਦੀ ਗੱਲ ਗ਼ੌਰ ਨਾਲ਼ ਸੁਣ ਕੇ, ਕਾਜ਼ੀ ਨਾਲ਼ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਸਾਹਿਬਜ਼ਾਦੇ ਬਿਨਾ ਕਿਸੇ ਡਰ-ਭੈ ਦੇ ਨਿਸ਼ਚਿੰਤ ਖੜੇ ਸਨ। ਸਭ ਦਰਬਾਰੀ ਤੇ ਹੋਰ ਲੋਕ ਹੈਰਾਨੀ ਨਾਲ਼ ਸੋਚ ਰਹੇ ਸਨ ਕਿ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਫ਼ੈਸਲਾ ਹੋ ਰਿਹਾ ਹੈ, ਪਰ ਉਹ ਅਡੋਲ ਬਿਨਾਂ ਕਿਸੇ ਚਿੰਤਾ ਦੇ ਖੜੇ ਹਨ!

ਕਾਜ਼ੀ ਨੇ ਵੀ ਕਿਹਾ ਕਿ ਇਹ ਬੱਚੇ ਬਗ਼ਾਵਤ ਕਰਨ ਤੇ ਤੁਲੇ ਹੋਏ ਹਨ, ਇਸ ਕਰਕੇ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਣਾ ਦਿੱਤਾ ਜਾਵੇ! ਕਾਜ਼ੀ ਦਾ ਇਹ ਫ਼ਤਵਾ ਸੁਣ ਕੇ ਦਰਬਾਰ ਵਿੱਚ ਹਾਜ਼ਿਰ ਲੋਕ ਹੈਰਾਨ ਹੋ ਗਏ ਤੇ ਕੁੱਝ ਇੱਕ ਨੇਕ ਲੋਕ ਦੁਖੀ ਵੀ ਹੋ ਗਏ ਤੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਪਰ ਸਾਹਿਬਜ਼ਾਦੇ ਉਵੇਂ ਹੀ ਅਡੋਲ ਖੜੇ ਸਨ। ਉਹਨਾਂ ਨੂੰ ਮੌਤ ਦਾ ਰਤਾ ਵੀ ਖ਼ੌਫ਼ ਨਹੀਂ ਸੀ। 

ਕਾਜ਼ੀ ਤੇ ਸੁਚਾਨੰਦ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਖ਼ਾਨ ਜਿਸ ਦਾ ਭਰਾ ਗੁਰੂ ਗੋਬਿੰਦ ਸਿੰਘ ਜੀ ਨਾਲ਼ ਜੰਗ ਵਿੱਚ ਮਾਰਿਆ ਗਿਆ ਸੀ, ਨੂੰ ਸਲਾਹ ਦਿੱਤੀ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਕੋਲ਼ੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦਾ ਹੈ। ਪਰ ਉਸਨੇ ਕਿਹਾ ਕਿ ਇਹ ਜ਼ੁਲਮ ਹੈ, ਮੇਰਾ ਭਰਾ ਤਾਂ ਜੰਗ ਵਿੱਚ ਮਾਰਿਆ ਗਿਆ ਸੀ। ਇਹਨਾਂ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ? ਜੇ ਮੈਂ ਬਦਲਾ ਹੀ ਲੈਣਾ ਹੈ ਤਾਂ ਇਹਨਾਂ ਦੇ ਪਿਤਾ ਤੋਂ ਮੈਦਾਨੇ-ਜੰਗ ਵਿੱਚ ਲੈ ਸਕਦਾ ਹਾਂ। 'ਤੁਸੀਂ ਇਹ ਸਹੀ ਨਹੀਂ ਕਰ ਰਹੇ। ਖ਼ੁਦਾ ਦਾ ਖ਼ੌਫ਼ ਖਾਓ!' ਉਸਨੇ 'ਹਾਅ' ਦਾ ਨਾਅਰਾ ਮਾਰਿਆ ਤੇ ਉੱਥੋਂ ਰੁਖ਼ਸਤ ਹੋ ਗਿਆ।

ਨਵਾਬ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਵਾਪਿਸ ਭੇਜ ਦਿੱਤਾ ਤੇ ਆਪਣੇ ਅਹਿਲਕਾਰਾਂ ਨੂੰ ਹਦਾਇਤ ਦਿੱਤੀ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਲਈ ਜਲਾਦਾਂ ਦਾ ਇੰਤਜ਼ਾਮ ਜਲਦੀ ਤੋਂ ਜਲਦੀ ਕੀਤਾ ਜਾਵੇ। 

ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ਼ ਪੁੱਜ ਕੇ ਸਾਹਿਬਜ਼ਾਦਿਆਂ ਨੇ ਸਾਰੀ ਗੱਲਬਾਤ ਦੱਸੀ। ਮਾਤਾ ਜੀ ਉਹਨਾਂ ਦਾ ਹੌਸਲਾ ਦੇਖ ਕੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੇ ਆਪਣੇ ਸੀਨੇ ਨਾਲ਼ ਘੁੱਟ ਲਿਆ। 'ਵਾਹਿਗੁਰੂ ਤੁਹਾਡੇ ਸਦਾ ਅੰਗ-ਸੰਗ ਹੈ। ਤੁਸੀਂ ਆਪਣੇ ਦਾਦਾ ਜੀ ਦੇ ਮਾਰਗ 'ਤੇ ਚੱਲ ਰਹੇ ਹੋ ਤੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰ ਰਹੇ ਹੋ!' ਮਾਤਾ ਜੀ ਦੀਆਂ ਅੱਖਾਂ ਨਮ ਹੋ ਗਈਆਂ। 

ਦੂਜੇ ਦਿਨ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਇੰਝ ਤਿਆਰ ਕੀਤਾ ਜਿਵੇਂ ਉਹ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਹੋਣ। ਸਾਹਿਬਜ਼ਾਦਿਆਂ ਦੇ ਚਿਹਰਿਆਂ ਤੋਂ ਨੂਰ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ! ਜਦੋਂ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਤਾਂ ਮਾਤਾ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ਼ ਉਹਨਾਂ ਨੂੰ ਭੇਜਿਆ। ਸਾਹਿਬਜ਼ਾਦਿਆਂ ਨੇ ਦਾਦੀ ਮਾਂ ਨੂੰ ਘੁੱਟ ਕੇ ਜੱਫੀ ਪਾਈ ਤੇ ਫ਼ਤਿਹ ਬੁਲਾਈ। ਉਹਨਾਂ ਦੇ ਚਿਹਰਿਆਂ ਤੇ ਰੱਤੀ ਭਰ ਵੀ ਗ਼ਮ ਤੇ ਮਲਾਲ ਨਹੀਂ ਸੀ ਦਿਖਾਈ ਦੇ ਰਿਹਾ। 

ਸੂਬਾ ਸਰਹਿੰਦ ਨੇ ਉਹਨਾਂ ਨੂੰ ਇੱਕ ਵਾਰ ਫੇਰ ਦੀਨ ਕਬੂਲ ਕਰਨ ਲਈ ਕਿਹਾ ਤੇ ਜਗੀਰਾਂ ਦਾ ਲਾਲਚ ਦਿੱਤਾ। ਪਰ ਸਾਹਿਬਜ਼ਾਦੇ ਨਿਧੜਕ ਹੋ ਕੇ ਬੋਲੇ ਕਿ ਉਹ ਕਦੇ ਵੀ ਆਪਣਾ ਧਰਮ ਨਹੀਂ ਛੱਡਣਗੇ ਤੇ ਕੁਰਬਾਨ ਹੋ ਜਾਣਗੇ!

ਇਹ ਸੁਣ ਕੇ ਨਵਾਬ ਗੁੱਸੇ ਨਾਲ਼ ਭਰ ਗਿਆ। ਉਸਨੇ ਅਹਿਲਕਾਰਾਂ ਨੂੰ ਜੱਲਾਦ ਲਿਆਉਣ ਲਈ ਕਿਹਾ। ਪਰ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਲਈ ਕੋਈ ਵੀ ਜੱਲਾਦ ਤਿਆਰ ਨਹੀਂ ਹੋ ਰਿਹਾ ਸੀ। ਦੋ ਜੱਲਾਦ ਜਿਨ੍ਹਾਂ ਤੇ ਮੁਕੱਦਮਾ ਚੱਲ ਰਿਹਾ ਸੀ, ਇਸ ਸ਼ਰਤ ਤੇ ਤਿਆਰ ਹੋ ਗਏ ਜੇ ਨਵਾਬ ਉਹਨਾਂ ਦੇ ਮੁਕੱਦਮੇ ਨੂੰ ਬਰਖ਼ਾਸਤ ਕਰ ਦੇਵੇ। ਨਵਾਬ ਮੁਕੱਦਮਾ ਬਰਖ਼ਾਸਤ ਕਰਨ ਲਈ ਮੰਨ ਗਿਆ। 

ਸਾਹਿਬਜ਼ਾਦਿਆਂ ਨੂੰ ਕਚਿਹਰੀ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਜੱਲਾਦ ਖ਼ੂਨੀ ਦੀਵਾਰ ਉਸਾਰਨ ਦੀ ਤਿਆਰੀ ਕਰ ਰਹੇ ਸਨ। ਲੋਕਾਂ ਦੀ ਭੀੜ ਇਸ ਅਣਹੋਣੀ ਨੂੰ ਵੇਖਣ ਲਈ ਇਕੱਠੀ ਹੋ ਰਹੀ ਸੀ। ਉਹਨਾਂ ਦੇ ਚਿਹਰਿਆਂ ਤੇ ਹੈਰਾਨੀ ਤੇ ਅੱਖਾਂ ਵਿੱਚ ਹੰਝੂ ਸਨ। ਸਭ ਸੋਚ ਰਹੇ ਸਨ ਇਹਨਾਂ ਨਿੱਕੀਆਂ ਜਿੰਦਾਂ ਨੇ ਜ਼ਾਲਿਮਾਂ ਦਾ ਕੀ ਵਿਗਾੜਿਆ ਹੈ?

ਪਰ ਸਾਹਿਬਜ਼ਾਦਿਆਂ ਦੇ ਚਿਹਰਿਆਂ ਤੇ ਨਾਂ ਹੀ ਗ਼ਮ ਦਾ ਨਾਮ ਸੀ, ਨਾ ਹੀ ਕੋਈ ਡਰ, ਤੇ ਨਾ ਹੀ ਕੋਈ ਮਲਾਲ ਸੀ। ਉਹ ਤਾਂ ਇਵੇਂ ਤਿਆਰ-ਬਰ-ਤਿਆਰ ਸਨ, ਜਿਵੇਂ ਕੋਈ ਯੋਧਾ ਜੰਗ ਵਿੱਚ ਲੜਨ ਜਾ ਰਿਹਾ ਹੋਵੇ ਜਾਂ ਫੇਰ ਕੋਈ ਦੁੱਲ੍ਹਾ ਲਾੜੀ ਮੌਤ ਨੂੰ ਵਿਆਹੁਣ ਜਾ ਰਿਹਾ ਹੋਵੇ! ਉਹਨਾਂ ਨੇ ਸਿਪਾਹੀਆਂ ਨੂੰ ਕਿਹਾ ਕਿ ਹੁਣ ਸਾਨੂੰ ਨਾ ਛੂਹੋ, ਅਸੀਂ ਨੀਹਾਂ ਵਿੱਚ ਚਿਣਨ ਖ਼ੁਦ ਚੱਲ ਕੇ ਜਾਵਾਂਗੇ!

'ਨਾ ਛੂਨਾ ਹਮਾਰੇ ਹਾਥ। ਗੜਨੇ ਹਮ ਆਜ ਜਿੰਦਾ ਚਲੇਂਗੇ ਖ਼ੁਸ਼ੀ ਕੇ ਸਾਥ।'  (ਸ਼ਹੀਦਾਨ-ਏ-ਵਫ਼ਾ, ਅੱਲ੍ਹਾ ਯਾਰ ਖਾਂ ਯੋਗੀ)  

ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਹੋ ਗਏ। ਕਾਜ਼ੀ ਬੋਲਿਆ - 'ਅਜੇ ਵੀ ਮੌਕਾ ਹੈ, ਦੀਨ ਕਬੂਲ ਕਰ ਲਵੋ, ਬਖ਼ਸ਼ ਦਿੱਤੇ ਜਾਓਗੇ!'

ਸਾਹਿਬਜ਼ਾਦਿਆਂ ਨੇ ਓਹੀ ਅੱਟਲ ਜਵਾਬ ਦਿੱਤਾ - ' ਜਲਦੀ ਨਾਲ਼ ਦੀਵਾਰ ਉਸਾਰੋ। ਇਹ ਦੀਵਾਰ ਮੁਗ਼ਲ ਰਾਜ ਦਾ ਖਾਤਮਾ ਕਰ ਦੇਵੇਗੀ ਤੇ ਸਿੱਖੀ ਦੇ ਮਹਿਲ ਉਸਾਰ ਦੇਵੇਗੀ!' ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਉਹਨਾਂ ਨੇ ਜੈਕਾਰਾ ਬੁਲਾਇਆ -

'ਜੋ ਬੋਲੇ ਸੋ ਨਿਹਾਲ। 

ਸਤਿ ਸ਼੍ਰੀ ਅਕਾਲ।'

ਫਿਰ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜੱਲਾਦਾਂ ਨੇ ਦੀਵਾਰ ਉਸਾਰਨੀ ਸ਼ੁਰੂ ਕਰ ਦਿੱਤੀ। 

'ਉੱਸਰ ਰਹੀ ਖ਼ੂਨੀ ਦੀਵਾਰ, ਲਾਲ ਖੜੇ ਦੋ ਨੀਂਹ ਵਿਚਕਾਰ। 

ਹੋ ਰਿਹਾ ਮਾਸੂਮਾਂ ਉੱਤੇ, ਇਹ ਸਿੱਖੀ ਦਾ ਮਹਿਲ ਉਸਾਰ।' (ਚਰਨ ਸਿੰਘ ਸਫ਼ਰੀ)

ਅਕਾਸ਼ ਵਿੱਚ ਜਿਵੇਂ ਕਾਲਖ਼ ਛਾ ਗਈ। ਅੰਬਰ ਵੀ ਰੋਣ ਲੱਗ ਪਿਆ, ਧਰਤੀ ਵੀ ਨਮ ਹੋ ਗਈ। ਪੂਰੀ ਕਾਇਨਾਤ ਕੁਰਲਾ ਉੱਠੀ!

ਪਰ ਸਾਹਿਬਜ਼ਾਦੇ ਹੁਣ ਆਪਣੇ ਪੜਦਾਦਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਦਾਦਾ ਦੀ ਸ਼੍ਰੀ ਗੁਰੂ ਤੇਗ਼ ਬਹਾਦਰ ਦੇ ਪਦ-ਚਿੰਨ੍ਹਾਂ ਤੇ ਚੱਲਦੇ ਹੋਏ, ਦੁਨੀਆਂ ਦੇ ਇਤਿਹਾਸ ਵਿੱਚ ਸ਼ਹੀਦੀ ਦੀ ਇੱਕ ਅਨੋਖੀ ਨੇ ਵਿਲੱਖਣ ਮਿਸਾਲ ਕਾਇਮ ਕਰ ਰਹੇ ਸਨ। ਇੱਟਾਂ ਸਾਹਿਬਜ਼ਾਦਿਆਂ ਦੇ ਚਿਹਰਿਆਂ ਤੱਕ ਪੁੱਜ ਗਈਆਂ, ਤੇ ਇੰਝ ਲੱਗਿਆ ਜਿਵੇਂ ਉਹਨਾਂ ਦੇ ਚੰਦ ਜਿਹੇ ਖੂਬਸੂਰਤ ਚਿਹਰਿਆਂ ਤੇ ਗ੍ਰਹਿਣ ਲੱਗ ਗਿਆ ਹੋਵੇ। ਮਾਤਾ ਗੁਜਰੀ ਜੇ ਦੇ ਲਾਡਲਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ-ਜਿਗਰ ਦੀਵਾਰ ਦੇ ਵਿੱਚ ਛੁਪ ਗਏ!

ਦੀਵਾਰ ਦੇ ਦਬਾਅ ਨਾਲ਼ ਜਦੋਂ ਉਹਨਾਂ ਦਾ ਦਮ ਘੁੱਟਣ ਲੱਗਾ, ਸਾਹ ਹੌਲ਼ੀ -ਹੌਲ਼ੀ ਚੱਲਣ ਲੱਗੇ ਤਾਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਫਿਰ ਜ਼ਾਲਿਮ ਵਜ਼ੀਰ ਖ਼ਾਨ ਤੇ ਕਾਜ਼ੀ ਦੇ ਕਹਿਣ ਤੇ, ਜੱਲਾਦਾਂ ਨੇ ਦੀਵਾਰ ਢਾਹ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। 

ਜਦੋਂ ਹੀ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਸਮਾਧੀ ਲਗਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਪੋਤਰਿਆਂ ਦੇ ਨਾਲ਼ ਹੀ ਲਿਵ ਵਿੱਚ ਵਿਲੀਨ ਹੋ ਗਏ!

ਅੱਲ੍ਹਾ ਯਾਰ ਖਾਂ ਯੋਗੀ  ਲਿਖਦਾ ਹੈ -

'ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।

ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।

ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।

ਗੱਦੀ ਸੇ ਤਾਜ-ਓ-ਤਖ਼ਤ ਬਸ ਅਬ ਕੌਮ ਪਾਏਗੀ।

ਦੁਨੀਯਾ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।'

ਨਵਾਬ ਟੋਡਰ ਮੱਲ, ਜੋ ਇੱਕ ਜੌਹਰੀ ਸੀ, ਉਸਦਾ ਦਿਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੇਖ ਕੁਰਲਾ ਉੱਠਿਆ, ਪਰ ਨਾਲ਼ ਹੀ ਉਸਦੇ ਅੰਦਰ ਸਾਹਿਬਜ਼ਾਦਿਆਂ ਪ੍ਰਤੀ ਅਤਿਅੰਤ ਸ਼ਰਧਾ ਤੇ ਪਿਆਰ ਉਤਪੰਨ ਹੋ ਰਿਹਾ ਸੀ। ਉਸਦੇ ਮਨ ਵਿੱਚ ਖ਼ਿਆਲ ਆਇਆ ਕਿ ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦ ਸਰੀਰਾਂ ਦਾ ਸਤਿਕਾਰ ਨਾਲ਼ ਸਸਕਾਰ ਕਰੇ। ਕੀ ਪਤਾ ਸੂਬਾ ਸਰਹਿੰਦ ਤੇ ਉਸਦੇ ਸਿਪਾਹੀ ਕਿਤੇ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਨਾ ਕਰ ਦੇਣ। ਉਹ ਨਵਾਬ ਵਜ਼ੀਰ ਖਾਨ ਕੋਲ਼ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੀ ਇਜਾਜ਼ਤ ਲੈਣ ਪਹੁੰਚ ਗਿਆ। ਬੇਈਮਾਨ ਤੇ ਲਾਲਚੀ ਵਜ਼ੀਰ ਖ਼ਾਨ ਨੇ ਆਖਿਆ ਕਿ ਜਿੰਨੀ ਜ਼ਮੀਨ ਉਹ ਸਸਕਾਰ ਲਈ ਲੈਣੀ ਚਾਹੁੰਦਾ ਹੈ, ਉਸ ਤੇ ਉੰਨੀਆਂ ਹੀ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਲੈ ਲਵੇ। ਸੇਵਾ-ਭਾਵ ਨਾਲ਼ ਦੀਵਾਨ ਟੋਡਰ ਮੱਲ ਸੋਨੇ ਦੀਆਂ ਮੋਹਰਾਂ ਲੈ ਆਇਆ ਤੇ ਜਿੰਨੀ ਜ਼ਮੀਨ ਸਸਕਾਰ ਵਾਸਤੇ ਚਾਹੀਦੀ ਸੀ ਉੱਨੀ ਜ਼ਮੀਨ ਤੇ ਮੋਹਰਾਂ ਵਿਛਾ ਦਿੱਤੀਆਂ। ਉਸਨੇ ਬੜੇ ਸਤਿਕਾਰ ਨਾਲ਼ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ! ਅੱਜ ਵੀ ਇਤਿਹਾਸ ਦੀਵਾਨ ਟੋਡਰ ਮੱਲ ਦੇ ਇਸ ਨੇਕ ਕੰਮ ਨੂੰ ਯਾਦ ਕਰਦਾ ਹੈ! 

ਸ਼ਹੀਦੀ ਦੇ ਵਕਤ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸੱਤ ਸਾਲ ਗਿਆਰਾਂ ਮਹੀਨੇ ਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ ਸਿਰਫ਼ ਪੰਜ ਸਾਲ ਦਸ ਮਹੀਨੇ ਸੀ। ਛੋਟੀ ਉਮਰੇ ਉਹਨਾਂ ਨਿੱਕੀਆਂ ਜਿੰਦਾਂ ਨੇ ਵੱਡਿਆਂ ਬਜ਼ੁਰਗਾਂ ਵਰਗੇ ਕਾਰਨਾਮੇ ਕਰਕੇ, ਦੁਨੀਆਂ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਮਿਸਾਲ ਪੈਦਾ ਕੀਤੀ। ਅੱਜ ਵੀ ਲੋਕ ਉਹਨਾਂ ਨੂੰ ਇੱਕ ਦਿਨ ਨਹੀਂ ਸਗੋਂ ਦਿਸੰਬਰ ਦਾ ਪੂਰਾ ਮਹੀਨਾ ਯਾਦ ਕਰਦੇ ਹਨ ਤੇ ਸ਼ਹੀਦੀ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਸਪਤਾਹ ਮਨਾਉਂਦੇ ਹਨ। 

ਉੱਧਰ ਗੁਰੂ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣੀ ਤਾਂ ਉਹਨਾਂ ਨੇ ਆਪਣੇ ਤੀਰ ਦੀ ਨੋਕ ਨਾਲ਼ ਕਾਹੀ ਦੇ ਬੂਟੇ ਨੂੰ ਪੁੱਟ ਕੇ ਫ਼ੁਰਮਾਇਆ ਕਿ ਹੁਣ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਉਹ ਦਿਨ ਦੂਰ ਨਹੀਂ ਜਦੋਂ ਮੁਗ਼ਲ ਸਲਤਨਤ ਦਾ ਸੂਰਜ ਅਸਤ ਹੋ ਜਾਵੇਗਾ! ਤੇ ਇਹ ਸੱਚ ਹੀ ਸਾਬਿਤ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ਼ ਇੱਟ ਵਜਾ ਦਿੱਤੀ। ਮੁਗ਼ਲ ਰਾਜ ਦੇ ਇੱਕ ਸੂਬੇ ਨੂੰ ਨੇਸਤਨਾਬੂਦ ਕਰਕੇ ਮੁਗ਼ਲ ਰਾਜ ਦੀ ਤਬਾਹੀ ਦੀ ਨੀਂਹ ਰੱਖੀ ਤੇ ਵਜ਼ੀਰ ਖਾਨ ਨੂੰ ਖ਼ਤਮ ਕਰਕੇ ਸਿੱਖ ਰਾਜ ਦਾ ਝੰਡਾ ਫ਼ਹਿਰਰਾਇਆ!

 ਅੱਲ੍ਹਾ ਯਾਰ ਖਾਂ ਯੋਗੀ  ਲਿਖਦਾ ਹੈ -

'ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ।

ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ।'

ਲੇਖਕ - ਅਮਨਦੀਪ ਸਿੰਘ 

ਹਵਾਲੇ:

ਨਿੱਕੀਆਂ ਜਿੰਦਾਂ ਵੱਡਾ ਸਾਕਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ। 

ਸ਼ਹੀਦਾਨ-ਏ-ਵਫ਼ਾ, ਅੱਲ੍ਹਾ ਯਾਰ ਖਾਂ ਯੋਗੀ

ਪ੍ਰਸ਼ਨ:

1. ਸਾਹਿਬਜ਼ਾਦਿਆਂ ਦੇ ਨਾਮ ਅੱਗੇ 'ਬਾਬਾ' ਕਿਓਂ ਲਗਾਇਆ ਜਾਂਦਾ ਹੈ? ਉਹਨਾਂ ਦਾ ਪੂਰਾ ਨਾਮ ਲਿਖੋ? ਸ਼ਹੀਦੀ ਦੇ ਵਕਤ ਉਹਨਾਂ ਦੀ ਉਮਰ ਕਿੰਨੀ ਸੀ?

2. ਅਨੰਦਪੁਰ ਸਾਹਿਬ ਕਿਹੜੇ ਗੁਰੂ ਜੀ ਨੇ ਵਸਾਇਆ ਤੇ ਕਿੱਥੇ ਸਥਿੱਤ ਹੈ? ਉਸਦੇ ਆਲੇ-ਦੁਆਲ਼ੇ ਕਿਹੜੀਆਂ ਪਹਾੜੀਆਂ ਹਨ?

3. ਬਾਈ ਧਾਰ ਦੇ ਰਾਜੇ ਕੌਣ ਸਨ? ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਚਿੱਠੀ ਕਿਸਨੇ ਲਿਖੀ ਸੀ?

4. ਗੁਰੂ ਜੀ ਦਾ ਪਰਿਵਾਰ ਕਿਸ ਜਗ੍ਹਾ ਵਿੱਛੜਿਆ? ਉੱਥੇ ਅੱਜ-ਕੱਲ੍ਹ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ?

5. ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਖ਼ਬਰ ਕਿਸ ਨੂੰ ਜਾ ਦਿੱਤੀ?

6. ਛੋਟੇ ਸਾਹਿਬਜ਼ਾਦਿਆਂ ਨੇ ਕਿਸ ਦਾ ਹੁਕਮ ਨਹੀਂ ਮੰਨਿਆ?

7. ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਕਿੱਥੇ ਬੰਦ ਰੱਖਿਆ ਗਿਆ?  ਉੱਥੇ ਅੱਜ-ਕੱਲ੍ਹ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ?

8. ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ,  ਉੱਥੇ ਅੱਜ-ਕੱਲ੍ਹ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ?

9. ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਿਸਨੇ ਕੀਤਾ? ਉੱਥੇ ਅੱਜ-ਕੱਲ੍ਹ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ?

10. ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਤੇ ਆਹ ਦਾ ਨਾਅਰਾ ਕਿਸਨੇਮਾਰਿਆ?

11. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਨਾਲ਼ ਕਿਹੜਾ ਬੂਟਾ ਪੁੱਟਿਆ ਤੇ ਉਸਤੋਂ ਬਾਅਦ ਕੀ ਬਚਨ ਕੀਤੇ?

12. 'ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨ। ' ਇਸ ਤੁਕ ਦਾ ਮਤਲਬ ਲਿਖੋ?