ਪੰਜਾਬੀ ਭਾਸ਼ਾ ਦਾ ਸੰਖੇਪ ਇਤਿਹਾਸ 

ਪੰਜਾਬੀ ਭਾਸ਼ਾ ਦਾ ਸੰਖੇਪ ਇਤਿਹਾਸ 

- ਜਸਪਾਲ ਸਿੰਘ 

ਭਾਸ਼ਾ (ਬੋਲੀ) ਕਿਸੇ ਵੀ ਭੁਗੋਲਿਕ ਖਿੱਤੇ ਦੇ ਪੁਖ਼ਤਾ ਸਮਾਜ ਦੇ ਸੰਚਾਰ ਦਾ ਸਾਧਨ (ਮਾਧਿਅਮ) ਹੁੰਦੀ ਹੈ, ਤੇ ਉੱਥੋਂ ਦੇ ਲੋਕਾਂ ਦੇ ਸਮਾਜਿਕ ਮਿਲਵਰਤੋਂ ਨੂੰ ਪ੍ਰਵਾਨ ਚੜ੍ਹਾਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਸ਼ਾ ਮਨੁੱਖ ਦੇ ਕੁੱਝ ਖ਼ਾਸ ਅੰਗਾਂ ਦੇ ਵਿਕਾਸ ਦੌਰਾਨ ਹੀ ਮਨੁੱਖੀ ਵਿਕਾਸ ਦੇ ਇੱਕ ਪੜਾਅ ਤੇ ਵਿਕਸਿਤ ਹੋਈ। ਪ੍ਰਾਗੈਤਿਹਾਸਿਕ (Prehistoric) ਕਾਲ ਵਿੱਚ ਇੱਕ ਵੰਸ਼ ਦੇ ਕਬੀਲਿਆਂ ਤੇ ਸਮਾਜ ਨੇ ਆਪਣੀ ਇੱਕ ਸਾਂਝੀ ਭਾਸ਼ਾ ਵਿਕਸਿਤ ਕੀਤੀ। ਜਿਸ ਤਰ੍ਹਾਂ ਉਹ ਹੋਰ ਜਗ੍ਹਾ ਫੈਲਦੇ ਗਏ ਤੇ ਹੋਰ ਕਬੀਲਿਆਂ, ਜਾਤੀਆਂ ਤੇ ਸਮਾਜ ਨਾਲ਼ ਮਿਲਵਰਤੋਂ ਵਧਾਉਂਦੇ ਗਏ, ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਉਧਾਰੇ ਲੈ ਕੇ, ਇੱਕ ਇਲਾਕੇ ਜਾਂ ਪ੍ਰਦੇਸ਼ ਦੀ ਭਾਸ਼ਾ ਹੋਂਦ ਵਿੱਚ ਆਉਂਦੀ ਗਈ। ਸਾਰੀਆਂ ਭਾਸ਼ਾਵਾਂ ਤਕਰੀਬਨ ਇਸੇ ਤਰ੍ਹਾਂ ਹੀ ਵਿਕਸਿਤ ਹੋਈਆਂ। 

ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਸਦਾ ਤੋਂ ਵਿਦੇਸ਼ੀਆਂ ਦਾ ਰਾਹ ਰਹੀ ਹੈ, ਕਈ ਇੱਥੇ ਵੱਸ ਗਏ ਤੇ ਕਈ ਇੱਥੋਂ ਗ਼ੁਜ਼ਰਦੇ ਰਹੇ। ਅੱਜ-ਕੱਲ੍ਹ ਦੀਆਂ ਅਨੁਵੰਸ਼ਿਕ (Genetics) ਖੋਜਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਲੋਕ ਲੰਘੇ, ਪਰ ਕਈ ਇੱਥੇ ਪੱਕੇ ਵੱਸ ਗਏ। ਇਸ ਤਰ੍ਹਾਂ ਉਹ ਲੋਕ - ਹਮਲਾਵਰ, ਪਰਵਾਸੀ, ਤੇ ਯਾਤਰੀ ਆਪਣੀ ਬੋਲੀ, ਸਭਿਆਚਾਰ ਤੇ ਜੀਵਨ ਦੀ ਅਮਿੱਟ ਛਾਪ ਛੱਡਦੇ ਗਏ।

ਪੰਜਾਬੀ ਭਾਸ਼ਾ ਜੋ ਕਿ ਦਸ ਕ੍ਰੋੜ ਤੋਂ ਵੀ ਵੱਧ ਲੋਕਾਂ ਦੀ ਮਾਂ-ਬੋਲੀ ਹੈ,ਸਹਸ ਵਰ੍ਹਿਆਂ ਵਿੱਚ ਵਿਕਸਿਤ ਹੋਈ, ਤੇ ਇਹ ਇੱਕ ਮਿਸ਼ਰਿਤ ਭਾਸ਼ਾ ਹੈ, ਜਿਸ ਵਿੱਚ ਸੰਤਾਲੀ, ਖਾਸੀ, ਦ੍ਰਵਿੜ, ਰੋਮਾ, ਇੰਡੋ-ਯੂਰਪੀਅਨ, ਪ੍ਰਾਕ੍ਰਿਤ, ਸੰਸਕ੍ਰਿਤ, ਪਾਲੀ, ਮੁੰਦਾਰੀ ਆਦਿ ਭਾਸ਼ਾਵਾਂ ਤੋਂ ਸ਼ਬਦ ਤੇ ਧੁਨੀਆਂ ਸ਼ਾਮਿਲ ਹਨ। ਇਸ ਤਰ੍ਹਾਂ ਅਜੋਕੀ ਪੰਜਾਬੀ ਪੁਰਾਤਨ ਸਮੇਂ ਤੋਂ ਇੱਕ ਲੰਬੇ ਵਿਕਾਸ ਬਾਅਦ ਹੋਂਦ ਵਿੱਚ ਆਈ। ਭਾਸ਼ਾ-ਵਿਗਿਆਨੀ ਇਨ੍ਹਾਂ ਸ਼ਬਦਾਂ ਤੇ ਧੁਨੀਆਂ ਦੇ ਸਰੋਤਾਂ ਦਾ ਅਧਿਐਨ ਕਰ ਰਹੇ ਹਨ, ਤੇ ਇਹ ਦਾਅਵਾ ਕਰਦੇ ਹਨ ਕਿ ਪੰਜਾਬੀਆਂ ਦੇ ਪੂਰਵਜ਼ ਔਸਟ੍ਰੋ-ਏਸ਼ਿਆਈ ਸਨ, ਜਿਨ੍ਹਾਂ ਨੇ ਕੰਬੋਡੀਆ ਤੋਂ ਲੈ ਕੇ ਸਿੰਧੂ ਤੇ ਮੈਸੋਪਟਾਮੀਆ ਤੱਕ ਸੱਭਿਅਤਾਵਾਂ ਉਸਾਰੀਆਂ। ਸੁਮੇਰ ਤੋਂ ਮਿਲ਼ੇ ਪੁਰਾਤਵਿਕ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਮੋਹਿੰਜਦਾੜੋ ਤੇ ਹੜੱਪਾ ਦੇ ਨਿਰਮਾਤਾ ਮੈਲੁਹਾ ਲੋਕ ਸਨ। ਇਸ ਕਰਕੇ ਇਹ ਪ੍ਰਸਤਾਵ ਰੱਖਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੀ ਪੂਰਵਵਰਤੀ ਭਾਸ਼ਾ ਮੈਲੁਹਾ ਭਾਸ਼ਾ ਮੰਨੀ ਜਾਵੇ। ਪਿਛਲੇ ਹਜ਼ਾਰ ਸਾਲ ਦੌਰਾਨ ਪੰਜਾਬੀ ਨੇ ਆਪਣੇ ਵਿੱਚ ਬ੍ਰਜ ਭਾਸ਼ਾ, ਖੜੀ ਬੋਲੀ, ਅਰਬੀ, ਫ਼ਾਰਸੀ, ਤੁਰਕੀ, ਅੰਗਰੇਜ਼ੀ, ਫਰਾਂਸੀਸੀ, ਪੁਰਤਗਾਲੀ ਆਦਿ ਭਾਸ਼ਾਵਾਂ ਤੋਂ ਸ਼ਬਦ ਸਮੋਏ ਹਨ।

ਲਿਪੀਆਂ ਕਾਫ਼ੀ ਦੇਰ ਬਾਅਦ ਵਿਕਸਿਤ ਹੋਈਆਂ। ਅੱਜ ਵੀ ਹਜ਼ਾਰਾਂ ਭਾਸ਼ਾਵਾਂ ਬਿਨਾ ਲਿਪੀ ਦੇ ਹੋਂਦ ਵਿੱਚ ਹਨ - ਕਾਫ਼ੀ ਲੰਬੇ ਸਮੇਂ ਤੱਕ ਜ਼ੁਬਾਨੀ ਪਰੰਪਰਾ ਚੱਲਦੀ ਰਹੀ। ਕਈ ਵਿਦਵਾਨ ਇਹ ਮੰਨਦੇ ਹਨ ਕਿ ਪੰਜਾਬੀ ਵੀ ਕਈ ਲਿਪੀਆਂ ਵਿੱਚ ਲਿਖੀ ਜਾਂਦੀ ਰਹੀ ਹੈ। ਅੱਜ-ਕੱਲ੍ਹ ਪੰਜਾਬੀ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਤੇ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ। ਇਨ੍ਹਾਂ ਲਿਪੀਆਂ ਦਾ ਆਪਣਾ ਵੱਖਰਾ ਇਤਿਹਾਸ ਹੈ। 

ਇੱਕ-ਦੁੱਕਾ ਮੁੱਢਲਾ ਪੰਜਾਬੀ ਸਾਹਿਤ ਗੋਰਖਨਾਥ ਦੀ ਸਿਫ਼ਤ ਵਿੱਚ ਲਿਖਿਆ ਮਿਲ਼ਦਾ ਹੈ, ਪਰ ਬਾਬਾ ਫ਼ਰੀਦ ਜੀ ਹੀ ਪੰਜਾਬੀ ਸਾਹਿਤ ਦੇ ਪਿਤਾਮਾ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੂਫ਼ੀ ਕਾਵਿ ਦੀ ਰਚਨਾ ਕੀਤੀ। ਪਿਛਲੇ 800 ਸਾਲਾਂ ਤੋਂ, ਵੱਖ-ਵੱਖ ਵੰਨਗੀਆਂ ਤੇ ਸ਼ੈਲੀਆਂ ਵਿੱਚ ਲਿਖਿਤ ਪੰਜਾਬੀ ਸਾਹਿਤ ਨੇ ਵਿਸ਼ਵ ਸਾਹਿਤ ਨੂੰ ਅਮੀਰ ਕੀਤਾ ਹੈ, ਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕੀਤਾ ਹੈ। ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦੇ ਹਨ, ਤੇ ਆਪਣੇ ਨਾਲ਼ ਪੰਜਾਬੀ ਨੂੰ ਵੀ ਜੀਵਤ ਰੱਖ ਰਹੇ ਹਨ। ਵਿਸ਼ਵ ਦੇ ਕਾਫ਼ੀ ਸ਼ਹਿਰਾਂ ਵਿੱਚ, ਸੜਕਾਂ ਦੇ ਸੰਕੇਤਿਕ ਨਿਸ਼ਾਨ ਪੰਜਾਬੀ ਵਿੱਚ ਵੇਖੇ ਜਾ ਸਕਦੇ ਹਨ। ਇਸ ਕਰਕੇ ਕਈ ਲੋਕ ਉਸਨੂੰ ਤੀਸਰਾ ਪੰਜਾਬ ਵੀ ਕਹਿੰਦੇ ਹਨ। 

ਲੇਖਕ ਵਾਰੇ: 

ਜਸਪਾਲ ਸਿੰਘ ਦਰਸ਼ਨ ਸ਼ਾਸ਼ਤਰ, ਵੈਦਿਕ ਸਾਹਿਤ ਤੇ ਭਾਸ਼ਾ ਵਿਗਿਆਨ ਦੇ ਵਿਦਵਾਨ ਹਨ। ਉਹ ਉੱਤਰੀ ਅਮਰੀਕਾ ਪੰਜਾਬੀ ਅਕਾਦਮੀ ਦੇ ਮੋਢੀ ਮੈਂਬਰਾਂ ਵਿੱਚੋ ਹਨ। ਅੱਜ-ਕੱਲ੍ਹ ਉਹ ਭਾਰਤ ਖੋਜ ਕੇਂਦਰ ਬੋਸਟਨ ਦੇ ਨਾਲ਼ ਜੁੜੇ ਹੋਏ ਹਨ। 

ਅਨੁਵਾਦ: ਅਮਨਦੀਪ ਸਿੰਘ