Punjabi Poems for Children
ਬੱਚਿਆਂ ਲਈ ਕਵਿਤਾਵਾਂ
ਇੱਕ ਦਿਨ ਅਚਨਚੇਤ ਹੀ ਆਪਣੇ ਬੇਟੇ ਨਾਲ ਅੰਗੇਰਜ਼ੀ ਨਰਸਰੀ ਗੀਤ ਗਾਉਂਦਿਆਂ ਹੋਇਆਂ, ਬੱਚਿਆਂ ਲਈ ਪੰਜਾਬੀ ਵਿੱਚ ਨਰਸਰੀ ਕਵਿਤਾਵਾਂ ਲਿਖਣ ਦਾ ਵਿਚਾਰ ਆਇਆ – ਅਤੇ ਇਹਨਾਂ ਕਵਿਤਾਵਾਂ ਦੀ ਰਚਨਾ ਹੋਈ। ਇਹਨਾਂ ਵਿੱਚੋਂ ਕੁਝ ਇੱਕ ਕਵਿਤਾਵਾਂ ਅੰਗੇਰਜ਼ੀ ਨਰਸਰੀ ਕਵਿਤਾਵਾਂ ਤੋਂ ਪ੍ਰੇਰਿਤ ਹਨ ਅਤੇ ਬਾਕੀ ਮੌਲਿਕ ਹਨ । ਮੈਨੂੰ ਆਸ ਹੈ ਕਿ ਆਪ ਨੂੰ ਇਹ ਕਵਿਤਾਵਾਂ ਪਸੰਦ ਆਉਣਗੀਆਂ !
ਬੱਚਿਆਂ ਦੇ ਵਿੱਚ ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਹਨਾਂ ਕਵਿਤਾਵਾਂ ਦਾ ਮੰਤਵ ਹੈ। ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ!
ਕਵਿਤਾਵਾਂ ਅਚੇਤ ਬਾਲ ਮਨ ਤੇ ਇੱਕ ਅਨੂਠਾ ਪ੍ਰਭਾਵ ਪਾਉਂਦੀਆਂ ਹਨ, ਅਤੇ ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਿਵੇਂ ਮੋਤੀ ਹੋਣ - ਬਿਲਕੁਲ ਨਿੱਕੇ ਤਾਰਿਆਂ ਵਾਂਗ! ਜਾਂ ਫਿਰ ਸਤਰੰਗੀ ਪੀਂਘ ਦੇ ਵਾਂਗ ਜੋ ਉਹਨਾਂ ਦੀ ਜ਼ਿੰਦਗੀ ਦੇ ਕੈਨਵਸ ‘ਤੇ ਖੂਬਸੂਰਤ ਰੰਗ ਵਾਹੁੰਦੀ ਹੈ। ਇਸ ਕਰਕੇ ਹਰ ਇੱਕ ਬੱਚੇ ਨੂੰ ਕਵਿਤਾਵਾਂ ਦਾ ਪਾਠ ਪੜ੍ਹਾਉਣਾ ਹਰ ਇੱਕ ਮਾਂ-ਬਾਪ ਦਾ ਫ਼ਰਜ਼ ਹੈ। - ਅਮਨਦੀਪ ਸਿੰਘ