A Morning in Punjab ਪੰਜਾਬ ਦੀ ਇੱਕ ਸਵੇਰ

ਪੰਜਾਬ ਦੀ ਇੱਕ ਸਵੇਰ

- ਵਾਰਿਸ ਸ਼ਾਹ

ਚਿੜੀ ਚੂਹਕਦੀ ਨਾਲ਼ ਜਾਂ ਟੁਰੇ ਪਾਂਧੀ ਪਈਆਂ ਚਾਟੀਆਂ ਵਿੱਚ ਮਧਾਣੀਆਂ ਨੀ

ਸੁਬ੍ਹਾ ਸਾਦਕ ਹੋਈ ਜਾਂ ਆਣ ਰੌਸ਼ਨ ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ

ਇਕਨਾਂ ਉੱਠ ਕੇ ਰਿੜਕਣਾ ਪਾ ਦਿੱਤਾ ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ

ਇੱਕ ਉੱਠ ਕੇ ਹਲ਼ੀਂ ਤਿਆਰ ਹੋਏ ਇੱਕ ਢੂੰਡਦੇ ਫਿਰਨ ਪਰਾਣੀਆਂ ਨੀ

ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੇ

ਘਰ ਬਾਰਨਾ ਚੱਕੀਆਂ ਝੋਤੀਆਂ ਨੀ ਜਿਨ੍ਹਾਂ ਤਾਉਂਣਾ ਗੁੰਨ੍ਹ ਪਕਾਣੀਆਂ ਨੇ

ਕਾਰੋਬਾਰ ਵਿੱਚ ਹੋਇਆ ਜਹਾਨ ਸਾਰਾ ਚਰਖੇ ਕੱਤਦੀਆਂ ਉੱਠ ਸਵਾਣੀਆਂ ਨੀ

ਉਠ ਗੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ

ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣੀਆਂ ਨੀ

ਵਾਰਸ ਸ਼ਾਹ ਮੀਆਂ ਲੁੱਡਣ ਵੱਡਾ ਲੋਭੀ ਕੁੱਪਾ ਸ਼ਹਿਦ ਭਰਿਆ ਜਿਉਂ ਬਾਣੀਆਂ ਨੇ

- ਵਾਰਿਸ ਸ਼ਾਹ (1766). ਹੀਰ. ਰਾਂਝੇ ਨੇ ਮਸਜਦੋਂ ਰਵਾਨਾ ਹੋਣਾ (23)

ਪਦ-ਅਰਥ: ਸਾਦਕ - ਪਹੁ-ਫੁਟੀ, ਸੈਆਂ - ਸਿਆੜ, ਗੁਸਲ - ਇਸ਼ਨਾਨ