ਭਾਈ ਗੁਰਦਾਸ ਜੀ Bhai Gurdas ji

ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭੱਲਾ ਘਰਾਣੇ ਵਿੱਚ, 1551 ਈ: ਨੂੰ ਗੋਇੰਦਵਾਲ, ਪੰਜਾਬ  ਵਿਖੇ ਹੋਇਆ। ਆਪ ਜੀ ਦੇ ਪਿਤਾ ਭਾਈ ਈਸ਼ਰ ਦਾਸ ਜੀ ਤੇ ਮਾਤਾ ਜੀਵਨੀ ਜੀ ਸਨ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਸੰਸਕ੍ਰਿਤ, ਬ੍ਰੱਜ ਭਾਸ਼ਾ, ਫ਼ਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ। ਸਿੱਖ-ਮੱਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਂਵਾਂ 'ਤੇ ਗਏ । 

ਭਾਈ ਗੁਰਦਾਸ ਜੀ ਮਹਾਨ ਸਖ਼ਸ਼ੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ। ਆਪ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ । ਭਾਈ ਗੁਰਦਾਸ ਜੀ ਨੇ ਚਾਲ਼ੀ ਵਾਰਾਂ ਲਿਖੀਆਂ, ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ । ਬ੍ਰਜ ਭਾਸ਼ਾ ਵਿੱਚ ਆਪ ਦੇ 556 ਕਬਿੱਤ ਸਵਯੇ ਪ੍ਰਸਿੱਧ ਹਨ । ਵਾਰਾਂ ਵਿੱਚ ਆਪ ਨੇ ਗੁਰੂ ਤੇ ਪਰਮੇਸ਼ਰ  ਦਾ ਪਿਆਰ , ਸ਼ਰਧਾ ਤੇ ਸਤਿਕਾਰ ਦ੍ਰਿੜ੍ਹ ਕਰਵਾਇਆ ਹੈ । ਜਿੱਥੇ ਦੁਰਾਚਾਰ ਦੀ ਨਿਖੇਦੀ ਕੀਤੀ ਹੈ, ਉਥੇ ਸਦਾਚਾਰ ਦੀ ਸਿਖਿਆ ਵੀ ਦਿੱਤੀ ਹੈ । ਆਪ ਨੇ ਗੁਰਮਤਿ ਦੇ ਸਿਧਾਤਾਂ ਦੀ ਵਿਆਖਿਆ ਕੀਤੀ, ਜਿਸ ਕਰ ਕੇ  ਆਪ ਦੀ ਰਚਨਾ ਨੂੰ 'ਗੁਰਬਾਣੀ ਦੀ ਕੁੰਜੀ' ਕਿਹਾ ਜਾਂਦਾ ਹੈ।

ਆਪ ਜੀ ਦੀਆਂ ਵਾਰਾਂ ਵਿੱਚੋ ਕੁੱਝ ਇੱਕ ਵਾਰਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:

੨੭ : ਗੁਰੂ ਸੂਰਯੋਦਯ 

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ॥

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥

ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥

ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ॥

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥

ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ॥

ਗੁਰਮੁਖਿ ਕਲਿ ਵਿਚਿ ਪਰਗਟ ਹੋਆ ॥੨੭॥

ਪਦ ਅਰਥ: ਪਲੋਆ - ਦੂਰ ਹੋਇਆ। ਮਿਰਗਾਵਲੀ - ਹਿਰਨਾਂ ਦੀ ਕਤਾਰ। ਧੀਰ - ਧੀਰਜ। ਵਿਸੋਆ - ਵਿਸਾਖੀ ਭਾਵ ਨਵਾਂ ਦਿਨ। ਚਾਰ ਚਕਿ - ਚਾਰੇ ਕੂੰਟਾਂ। ਢੋਆ - ਮੇਲ, ਮਿਲਾਪ , ਆਸਰਾ। 

ਅਰਥ: ਭਾਈ ਗੁਰਦਾਸ ਜੀ ਕਹਿੰਦੇ ਹਨ, ਜਦੋਂ ਸਤਿਗੁਰ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਤਾਂ ਜਗਤ ਵਿੱਚੋ ਅਗਿਆਨ ਦੀ ਧੁੰਦ ਮਿਟ  ਗਈ ਤੇ ਗਿਆਨ ਦਾ ਚਾਨਣ ਹੋ ਗਿਆ। ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ਼ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਦੀ ਡਾਰ ਭੱਜ ਜਾਂਦੀ ਹੋਈ ਧੀਰਜ ਨਹੀਂ ਧਰਦੀ, ਉਸੇ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣ ਕੇ ਭਰਮੰ -ਵਹਿਮ ਠਹਿਰ ਨਹੀਂ ਸਕੇ। ਜਿੱਥੇ ਜਿੱਥੇ ਗੁਰੂ ਜੀ ਨੇ ਚਰਨ ਪਰਸੇ, ਉਹ ਸਾਰੀਆਂ ਥਾਵਾਂ ਪੂਜਾ ਦੇ ਯੋਗ ਹੋ ਗਈਆਂ। ਸਾਰੇ ਜਗਤ ਵਿੱਚ ਸਿੱਧਾਂ ਦੇ ਸਥਾਨ, 'ਨਾਨਕ ਮਤੇ ' ਵਾਂਗ ਗੁਰੂ ਨਾਨਕ ਦੇਵ ਜੀ ਦੇ ਹੋ ਗਏ। ਗੁਰੂ ਜੀ ਨੇ ਘਰ ਘਰ ਅੰਦਰ ਧਰਮਸ਼ਾਲਾ ਬਣਾ ਦਿੱਤੀਆਂ ਜਿੱਥੇ ਸਦਾ ਹੀ ਕੀਰਤਨ ਹੁੰਦਾ ਹੈ, ਜਿਵੇਂ ਵਿਸਾਖੀ ਹੋਵੇ। ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, ਨੌਂ ਖੰਡਾਂ ਵਾਲ਼ੀ ਪ੍ਰਿਥਵੀ ਦਾ ਸੱਚ ਨਾਲ਼ ਮਿਲਾਪ ਹੋ ਗਿਆ। ਇਸ ਤਰ੍ਹਾਂ ਸਤਿਗੁਰ ਨਾਨਕ ਇੱਕ ਗੁਰਮੁਖ ਦੀ ਤਰ੍ਹਾਂ ਕਲਿਜੁੱਗ ਵਿੱਚ ਪ੍ਰਗਟ ਹੋਏ। 

੧੧ : ਸਿਖ ਕੀਹ ਕਰੇ? ਸਾਧ ਸੰਗ

ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ। 

ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ। 

ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ। 

ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ। 

ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ। 

ਗੁਰਮੁਖਿ ਸੁਖਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ। 

ਸਾਧਸੰਗਤਿ ਵਿਟਹੁ ਕੁਰਬਾਣੈ ॥੧੧॥ 

ਅਰਥਾਵਲੀ : ਕਲਤ੍ਰ - ਇਸਤਰੀ l ਧੋਹਿ ਧਿਙਾਣੇ - ਵਲ਼ ਤੇ ਧੱਕਾ l ਅਹੰਮੇਉ -ਜਨਕਾਰ l ਵਰਾਣੈ - ਨਰਾਜ਼ ਨ ਕਰੇ l ਰਸ ਰਲੀਆ - ਅਨੰਦ l

ਅਰਥ : ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮਨੁੱਖ ਪਰਾਈਆਂ ਸੋਹਣੀਆਂ ਇਸਤਰੀਆਂ ਨੂੰ ਵੇਖ ਕੇ, ਵੱਡੀਆਂ ਨੂੰ ਮਾਂਵਾਂ, ਬਰਾਬਰ ਦੀਆਂ ਨੂੰ ਧੀਆਂ ਜਾਣੇ l ਜੇ ਪਰਾਇਆ ਧਨ ਹੈ , ਉਸ ਨੂੰ ਹਿੰਦੂ ਗਊ ਸਮਝੇ ਤੇ  ਮੁਸਲਮਾਨ ਉਸ ਨੂੰ ਸੂਰ ਸਮਝੇ l ਪੁੱਤਰ, ਇਸਤਰੀ ਤੇ ਪਰਿਵਾਰ ਨੂੰ ਵੇਖ ਕੇ ਮੋਹਦੇ ਵੱਸ ਹੋ ਕੇ ਕਿਸੇ ਨਾਲ਼ ਧ੍ਰੋਹ ਤੇ ਧੱਕਾ ਨਾ ਕਰੇ l ਉਸਤਤ ਤੇ ਨਿੰਦਾ ਨੂੰ ਕੰਨਾਂ ਨਾਲ਼ ਸੁਣ ਕੇ ਕਿਸੇ ਨੂੰ ਵੀ ਆਪਣੇ ਤੋਂ ਬੁਰਾ ਕਹਿ ਕੇ ਨਾ ਸੁਣਾਵੇ l 

ਆਪਣਾ ਵੱਡਾ ਪ੍ਰਤਾਪ ਨਾ ਗਿਣੇ ਅਤੇ ਹੰਕਾਰ ਕਰ ਕੇ ਕਿਸੇ ਨੂੰ ਦੁੱਖ ਨਾ ਦੇਵੇ l ਜੋਂ ਇਸ ਤਰ੍ਹਾਂ ਦੇ ਕਰਮ ਕਰਦਾ ਹੈ, ਉਸ ਨੇ ਸਤਿਗੁਰੂ ਪਾਸੋਂ ਸੁੱਖ ਦੀ ਪ੍ਰਾਪਤੀ ਕਰ ਲਈ ਹੈ ਅਤੇ ਉਹ ਰਾਜ-ਜੋਗ ਦੀਆਂ ਰੰਗ-ਰਲ਼ੀਆਂ ਮਾਣਦਾ ਹੈ l ਮੈਂ ਅਜਿਹੀ ਸਾਧ ਸੰਗਤ ਉੱਪਰੋਂ ਕੁਰਬਾਨ ਜਾਂਦਾ ਹਾਂ, ਜਿਸ ਤੋਂ ਇਹ ਪਦਾਰਥ ਪ੍ਰਾਪਤ ਹੁੰਦੇ ਹਨ l 

੪ : ਭਲਾ ਬੁਰਾ 

ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। 

ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ। 

ਕਿਸਨੁ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ। 

ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ।

ਭਲਾ ਬੁਰਾ ਪਰਵੰਨਿਆ ਭਾਲਣ ਗਏ ਨ ਦਿਸਟਿ ਸਰੇਖੈ। 

ਬੁਰਾ ਨਾ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਭੇਖੈ। 

ਕਰਵੈ ਹੋਇ ਸੁ ਟੋਟੀ ਰੇਖੈ ॥੪॥ 

ਅਰਥਾਵਲੀ : ਭਾਈ ਬਗਤਿ ਕਰਤੂਤਿ ਵਿਸੇਖੈ - ਪ੍ਰੇਮ ਭਗਤੀ ਦਾ ਕਰਤਵ (ਉਹਨਾਂ ਵਿੱਚ) ਵਿਸ਼ੇਸ਼ ਸੀ l ਗਣਤੀ ਗਣਨਿ - ਗਿਣਤੀਆਂ ਗਿਣਦੇ ਹਨ l ਕਾਲੇਖੈ - ਕਾਲਖ਼ l ਪਰਵੰਨਿਆ - ਮੰਨੇ-ਪ੍ਰਮੰਨੇ l ਨ ਦਿਸਟਿ ਸਰੇਖੈ - ਸਮ ਜਾਂ ਬਰਾਬਰ ਦੀ ਦ੍ਰਿਸ਼ਟੀ ਨਹੀਂ ਸੀ l ਕਰਵੈ -ਗੰਗਾ ਸਾਗਰ l ਰੇਖੈ - ਨਿਕਲ਼ੇਗਾ l 

ਅਰਥ :  ਭਾਈ ਗੁਰਦਾਸ ਜੀ ਕਹਿੰਦੇ ਹਨ, ਜੋ ਆਪ ਭਲਾ ਹੈ, ਉਸ ਦੇ ਭਾਣੇ ਸਾਰਾ ਜਗਤ ਭਲਾ ਹੈ, ਕਿਉਂਕਿ ਭਲਾ ਪੁਰਸ਼ ਸਾਰੇ ਜਗਤ ਨੂੰ ਭਲਾ ਕਰ ਕੇ ਵੇਖਦਾ ਹੈ l ਜੋ ਆਪ ਬੁਰਾ ਹੈ, ਉਸ ਦੇ ਭਾਣੇ ਸਾਰਾ ਜਗਤ ਬੁਰਾ ਹੈ  ਕਿਉਂਕਿ ਬੁਰੇ ਦੇ ਲੇਖੇ ਵਿੱਚ ਤਾਂ ਸਭ ਕੋਈ ਬੁਰਾ ਹੈ l ਸ੍ਰੀ ਕ੍ਰਿਸ਼ਨ ਜੀ ਪਾਂਡਵਾਂ ਦੇ ਸਹਾਈ ਹੋਏ ਸਨ , ਕਿਉਂਕਿ ਉਹਨਾਂ ਵਿੱਚ ਪ੍ਰੇਮ ਭਗਤੀ ਕੌਰਵਾਂ ਨਾਲ਼ੋ ਵਧੀਕ ਸੀ ਅਤੇ ਉਹ ਆਪ ਵੀ ਭਗਤੀ ਵਾਲ਼ੇ ਸਨ l  ਕੌਰਵਾਂ ਦੇ ਚਿੱਤ ਵਿੱਚ ਵੈਰ-ਭਾਵ ਸੀ , ਇਸ ਲਈ ਉਹ ਕਾਲ਼ੇ ਦਿਲ ਵਿੱਚ ਬਦਲੇ ਲੈਣ ਦੀਆਂ ਹੀ ਸੋਚਾਂ ਸੋਚਦੇ ਸਨ l ਮੰਨੇ-ਪ੍ਰਮੰਨੇ ਦੋ ਰਾਜੇ ਯੁਧਿਸ਼ਟਰ ਤੇ ਦੁਰਯੋਧਨ, ਬੁਰਾ ਤੇ ਭਲਾ ਪੁਰਸ਼ ਭਾਲਣ ਗਏ ਸਨ ,ਪਰ ਉਹਨਾਂ ਦੋਂਹਾਂ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ l ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਯੋਧਨ ਨੂੰ ਕੋਈ ਭਲਾ ਨਾ ਦਿਸਿਆ l ਗੰਗਾ ਸਾਗਰ ਵਿਚ ਜੋ ਹੁੰਦਾ ਹੈ, ਟੂਟੀ ਦੀ ਧਾਰ ਵਿੱਚੋਂ ਉਹੀ ਨਿਕਲਦਾ ਹੈ l

੮ : ਅਕਿਰਤਘਣ 

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ। 

ਨਾ ਤਿਸੁ ਭਾਰੇ ਕੋਟ ਗੜ੍ਹ ਘਰਬਾਰ ਦਿਸੰਦੇ। 

ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ। 

ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ। 

ਨਾ ਤਿਸੁ ਭਾਰੇ ਜੀਅਜੰਤ ਅਣਗਣਤ ਫਿਰੰਦੇ। 

ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥੮॥ 

ਅਰਥਾਵਲੀ :  ਖੰਹੰਦੇ - ਖਹਿਣ ਵਾਲ਼ੇ , ਉੱਚੇ l  ਕੋਟ -ਕਿਲ੍ਹੇ ਤੇ ਗੜ੍ਹੀਆਂ l ਸਾਇਰਾ - ਸਮੁੰਦਰਾਂ l  ਭਈ - ਧਰਤੀ ਨੂੰ l  ਅਕਿਰਤਘਣ - ਕੀਤਾ ਨਾ ਜਾਣਨ ਵਾਲ਼ੇl  

ਅਰਥ :  ਜਿਵੇਂ ਧਰਤੀ ਨੂੰ ਅਸਮਾਨ ਨਾਲ਼ ਖਹਿਣ ਵਾਲ਼ੇ ਪਹਾੜਾਂ ਦਾ ਭਾਰ ਨਹੀ ਲੱਗਦਾ l  ਕਿਲ੍ਹੇ ਤੇ ਗੜ੍ਹੀਆਂ,  ਘਰ-ਬਾਰ ਜੇ ਦਿਸਦੇ ਹਨ, ਨਾ ਹੀ ਉਸ ਨੂੰ ਇਹ ਭਾਰੇ ਲੱਗਦੇ ਹਨ l  ਉਸ ਨੂੰ ਵਗਣ ਵਾਲ਼ੇ ਦਰਿਆ, ਤੇ ਸਮੁੰਦਰਾਂ ਦਾ ਭਾਰ ਨਹੀਂ ਲੱਗਦਾ l  ਉਸ ਨੂੰ ਫਲ਼ਾਂ-ਫੁੱਲਾਂ ਨਾਲ਼ ਫਲ਼ਨ ਵਾਲੇ ਦਰਖ਼ਤਾਂ ਦਾ ਭਾਰ ਨਹੀਂ ਹੈ l  ਉਸ ਨੂੰ ਅਣਗਿਣਤ ਫਿਰ ਰਹੇ ਜੀਆਂ ਜੰਤਾਂ ਦਾ ਵੀ ਭਾਰ ਨਹੀਂ ਹੈ l  ਪਰ ਧਰਤੀ ਨੂੰ ਕੀਤਾ ਨਾ ਜਾਣਨ ਵਾਲ਼ੇ (ਅਕ੍ਰਿਤਘਣ) ਬਹੁਤ ਭਾਰੇ ਲਗਦੇ ਹਨ, ਕਿਉਂਕਿ ਅਕ੍ਰਿਤਘਣ ਮੰਦਿਆਂ ਤੋਂ ਵੀ ਵੱਧ ਮੰਦੇ ਹਨ l  


ਵਾਰ ੩੯ ਪਉੜੀ ੪ : ਚਰਣੋਦਕ ਮਹਿਮਾ


 ਗੁਰ ਗੋਵਿੰਦੁ ਖੁਦਾਇ ਪੀਰ ਗੁਰੁ ਚੇਲਾ ਚੇਲਾ ਗੁਰੁ ਹੋਆ॥

 ਨਿਰੰਕਾਰ ਆਕਾਰੁ ਕਰਿ ਏਕੰਕਾਰੁ ਅਕਾਰੁ ਪਛੋਆ॥

 ਓਅੰਕਾਰ ਅਕਾਰਿ ਲਖ ਲਖ ਦਰੀਆਉ ਕਰੇਂਦੇ ਢੋਆ॥

 ਲਖ ਦਰੀਆਉ ਸਮੁੰਦ੍ਰ ਵਿਚਿ ਸਤ ਸਮੁੰਦ੍ਰ ਗੜਾੜਿ ਸਮੋਆ॥ 

 ਲਖ ਗੜਾੜਿ ਕੜਾਹ ਵਿਚਿ ਤ੍ਰਿਸਨਾ ਦਝਹਿ ਸੀਖ ਪਰੋਆ॥ 

 ਬਾਵਨ ਚੰਦਨ ਬੂੰਦ ਇਕੁ ਠੰਢੇ ਤਤੇ ਹੋਇ ਖਲੋਆ॥ 

 ਬਾਵਨ ਚੰਦਨ ਲਖ ਲਖ ਚਰਣ ਕਵਲ ਚਰਣੋਦਕੁ ਹੋਆ॥

 ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਆਦੇਸੁ ਅਲੋਆ॥ 

 ਹਰਿਗੋਵਿੰਦ ਗੁਰ ਛਤ੍ਰ ਚੰਦੋਆ ॥੪॥ 


ਪਦਅਰਥ:

ਚਰਣੋਦਕ  - ਚਰਣਾਮ੍ਰਿਤ

ਗੜਾੜਿ   - ਅੱਗ ਜੋ ਸਮੁੰਦਰ ਨੂੰ ਸਾੜਦੀ ਹੈ ਜਾਂ ਉਹ ਮੋਗਾ (ਗਾਰ) ਜਿਸ ਵਿਚ ਸਮੁੰਦਰ ਸਮਾਉਂਦਾ ਹੈ।  

ਬਾਵਨ ਚੰਦਨ - ਚੰਦਨ ਦਾ ਰੁੱਖ Sandalwood Tree 

ਕੜਾਹ  - ਕੜਾਹਾ Cauldron 

ਤ੍ਰਿਸ਼ਨਾ  - Desire

ਦਝਹਿ - ਸਾੜਨਾ 

ਸੀਖ  - ਲੋਹੇ ਦੀ ਸ੍ਰੀ Like in seekh kebab (Skewer)

ਚਰਣ ਕਵਲ - Lotus Feet 

ਆਦੇਸੁ  - ਸਿੱਖਿਆ, ਨਮਸਕਾਰ Greetings 

ਅਲੋਆ - ਵੇਖ ਲਿਆ 

ਛਤਰ  - Canopy ਸਾਇਬਾਨ (ਫ਼ਾਰਸੀ) ਜੋ ਧੁੱਪ ਤੋਂ ਬਚਾਉਣ ਲਈ ਸਿਰ ਉੱਪਰ ਤਣਿਆ ਹੋਵੇ ਜਿਵੇਂ ਕਿਸੇ ਰਾਜੇ ਦੇ 

ਚੰਦੋਆ  - ਅਜਿਹਾ ਸਾਇਬਾਨ ਜਿਸ 'ਤੇ ਚੰਦਰਮਾ ਦੀ ਮੂਰਤਿ ਬਣੀ ਹੋਵੇ। 

ਅਰਥ: ਗੁਰੂ ਹਰਿਗੋਵਿੰਦ ਜੀ ਖੁਦਾ ਤੇ ਪੀਰ ਦਾ ਰੂਪ ਹਨ ਭਾਵ ਵਾਹਿਗੁਰੂ ਆਪ ਹੀ ਗੁਰੂ ਦੇ ਰੂਪ ਵਿਚ ਗੁਰੂ ਹਰਿਗੋਵਿੰਦ ਜੀ ਹਨ, ਜੋ ਪਹਿਲਾਂ ਸਿੱਖ ਸਨ ਤੇ ਹੁਣ ਗੁਰੂ ਹਨ। ਸਭ ਸਿੱਖ ਗੁਰੂ, ਗੁਰੂ ਨਾਨਕ ਦਾ ਹੀ ਇੱਕ ਰੂਪ ਹਨ। ਸਭ ਤੋਂ ਪਹਿਲਾਂ ਇੱਕ ਨਿਰੰਕਾਰ ਪਰਮਾਤਮਾ ਨੇ ਹੀ ਏਕੰਕਾਰ ਹੋ ਕੇ ਇਹ ਜਗਤ ਸਿਰਜਿਆ। ਲੱਖਾਂ ਦਰਿਆ ਉਸ ਇੱਕ ਓਅੰਕਾਰ ਵਿਚ ਮਿਲ਼ ਉਸਦਾ ਆਸਰਾ ਲੈਂਦੇ ਹਨ। ਲੱਖਾਂ ਦਰਿਆ ਸਮੁੰਦਰਾ ਵਿਚ ਤੇ ਸੱਤ ਸਮੁੰਦਰ ਇੱਕ ਗੜਾੜ  ਵਿਚ ਮਿਲ਼ ਜਾਂਦੇ ਹਨ। ਲੱਖਾਂ ਹੀ  ਗੜਾੜ  ਤ੍ਰਿਸ਼ਨਾ ਦੇ ਕੜਾਹੇ ਵਿਚ ਸੀਖਾਂ ਵਿਚ ਪਰੋਤੇ ਹੋਏ ਮਾਸ ਵਾਂਗ ਸੜਦੇ ਹਨ। ਉਹ ਸਾਰੇ ਤਪਦੇ ਹੋਏ ਬਾਵਨ ਚੰਦਨ ਦੀ ਬੂੰਦ ਤੋਂ ਠੰਡਕ ਲੈ ਕੇ ਸ਼ਾਂਤ ਹੁੰਦੇ ਹਨ। ਅਜਿਹੇ ਲੱਖਾਂ ਹੀ ਬਾਵਨ ਚੰਦਨ ਗੁਰੂ ਦੇ ਚਰਨਾਂ ਦੇ ਅੰਮ੍ਰਿਤ ਤੋਂ ਬਣਦੇ ਹਨ। ਆਦਿ ਪੁਰਖ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ਼ ਪਾਰਬ੍ਰਹਮ ਨੂੰ ਵੇਖ ਲਿਆ ਹੈ। ਗੁਰੂ ਹਰਿਗੋਵਿੰਦ ਜੀ 'ਦੇ ਉੱਪਰ ਚੰਦ੍ਰਮਾ ਦੀ ਮੂਰਤ ਵਾਲ਼ਾ ਛਤਰ ਸੁਸ਼ੋਭਿਤ ਹੈ। 

ਹਵਾਲੇ:

ਪੰਜਾਬੀ ਸਾਹਿਤ ਮਾਲਾ: 10, ਪੰਜਾਬ ਸਕੂਲ ਸਿੱਖਿਆ ਬੋਰਡ।