ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਆਪ ਜੀ ਦਾ ਜਨਮ 1479 ਈ: ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅਮ੍ਰਿਤਸਰ ਪਿਤਾ ਸ੍ਰੀ ਤੇਜਭਾਨ ਜੀ ਤੇ ਮਾਤਾ ਲੱਖੋ ਜੀ ਦੇ ਗ੍ਰਹਿ ਵਿਖੇ ਭੱਲਾ ਘਰਾਣੇ 'ਚ ਹੋਇਆ। ਆਪ ਜੀ ਦੇ ਧਰਮ-ਪਤਨੀ ਮਾਤਾ ਮਨਸਾ ਦੇਵੀ ਜੀ ਸਨ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ।
ਆਪ ਜੀ ਨੂੰ 1552 ਈ: ਵਿੱਚ ਗੁਰਗੱਦੀ ਪ੍ਰਾਪਤ ਹੋਈ। ਆਪਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾਂ ਕੰਮ ਕੀਤੇ ਜਿਵੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ , ਲੰਗਰ ਪ੍ਰਥਾ ਦਾ ਵਿਸਥਾਰ ਆਦਿ। ਆਪ ਜੀ ਨੇ ਛੂਤ - ਛਾਤ , ਪਰਦੇ ਦਾ ਰਿਵਾਜ਼ ਅਤੇ ਜਾਤੀ- ਪ੍ਰਥਾ ਜਿਹੀਆਂ ਕੁਰੀਤੀਆਂ ਦਾ ਸੁਧਾਰ ਕੀਤਾ ।
ਆਪ ਜੀ ਦੀਆਂ ਪ੍ਰਮੁੱਖ ਬਾਣੀਆਂ: ਅਨੰਦ ਸਾਹਿਬ ,ਪੱਟੀ ਅਤੇ ਚਾਰ ਵਾਰਾਂ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁੱਲ 31 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਰਚੀ। ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ-ਭਾਵ ਤੇ ਭਰਮ-ਕਰਮਾਂ ਦਾ ਨਿਵਾਰਨ ਹੈ । ਆਪ ਜੀ 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ-ਜੋਤ ਸਮਾ ਗਏ ।
ੴ ਸਤਿਗੁਰ ਪ੍ਰਸਾਦਿ ॥ ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ {ਪੰਨਾ 917}
ਪਦ ਅਰਥ: ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ। ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ। ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ। ਕੇਰਾ = ਦਾ।
ਅਰਥ: ਹੇ ਭਾਈ ਮਾਂ! ਮੇਰੇ ਅੰਦਰ ਪੂਰਨ ਖਿੜਾਉ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਪਿਆ ਹੈ। ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ) ; ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ, ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।
(ਹੇ ਭਾਈ! ਤੁਸੀ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤਿ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ) ।
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ।1।
ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥ {ਪੰਨਾ 918}
ਪਦਅਰਥ: ਸਮਾਲੇ—ਸਮਾਲਿ, ਚੇਤੇ ਰੱਖ । ਜਿ—ਜੇਹੜਾ । ਮੂਲੇ ਨ—ਬਿਲਕੁਲ ਨਹੀਂ । ਕੀਚੈ—ਕਰਨਾ ਚਾਹੀਦਾ । ਜਿਤੁ—ਜਿਸ ਕਰਕੇ । ਅੰਤਿ—ਅੰਤ ਵੇਲੇ, ਆਖ਼ਰ ਨੂੰ ।
ਅਰਥ: ਹੇ ਪਿਆਰੇ ਮਨ! ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ ਸਦਾ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ! ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ ।
ਹੇ ਭਾਈ! ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ ।
ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ ।
ਹੇ ਭਾਈ! ਸਤਿਗੁਰੂ ਦੀ ਸਿੱਖਿਆ ਗਹੁ ਨਾਲ ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ ।
ਨਾਨਕ ਆਖਦਾ ਹੈ—ਹੇ ਪਿਆਰੇ ਮਨ! ਜੇ ਤੂੰ ਆਨੰਦ ਲੋੜਦਾ ਹੈਂ ਤਾਂ ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖ ।੧੧।
ਭਾਵ: ਸਦਾ ਦੇ ਆਤਮਕ ਆਨੰਦ ਦੀ ਪ੍ਰਾਪਤੀ ਦਾ ਇਕੋ ਇਕ ਤਰੀਕਾ ਹੈ ਕਿ ਮਨੁੱਖ ਦੁਨੀਆ ਵਾਲੇ ਮੋਹ ਵਿਚ ਫਸੇ ਰਹਿਣ ਦੀ ਥਾਂ ਆਪਣੇ ਮਨ ਵਿਚ ਪਰਮਾਤਮਾ ਦੀ ਯਾਦ ਵਸਾਈ ਰੱਖੇ । ਬੱਸ! ਇਹੀ ਹੈ ਗੁਰੂ ਦੀ ਸਿੱਖਿਆ ਜੋ ਕਦੇ ਭੁਲਾਣੀ ਨਹੀਂ ਚਾਹੀਦੀ।
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ {ਪੰਨਾ 922}
ਪਦਅਰਥ: ਕਿਆ ਕਰਮ—ਕੇਹੜੇ ਕੰਮ? ਹੋਰ ਹੋਰ ਕੰਮ ਹੀ । ਜਿਨਿ ਹਰਿ—ਜਿਸ ਹਰੀ ਨੇ । ਤੇਰਾ ਰਚਨੁ ਰਚਿਆ—ਤੈਨੂੰ ਪੈਦਾ ਕੀਤਾ । ਮਨਿ—ਮਨ ਵਿਚ । ਮੰਨਿ—ਮਨ ਵਿਚ । ਜਿਨਿ—ਜਿਸ ਮਨੁੱਖ ਨੇ । ਪਰਵਾਣੁ—ਕਬੂਲ, ਸਫਲ ।
ਅਰਥ: ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ । ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ ਪ੍ਰਭੂ-ਸਿਮਰਨ ਤੋਂ ਬਿਨਾ ਹੋਰ ਹੋਰ ਕੰਮ ਹੀ ਕਰਦਾ ਰਿਹਾ । ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ ।
ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ? ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ, ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ।
ਨਾਨਕ ਆਖਦਾ ਹੈ—ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, ਉਸ ਦਾ ਇਹ ਸਰੀਰ ਸਫਲ ਹੋ ਜਾਂਦਾ ਹੈ, ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਉਸਨੂੰ ਬਣਾਇਆ ਗਿਆ।
ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਮੁੜ ਮੁੜ ਉਹੋ ਜਿਸੇ ਕਰਮ ਹੀ ਕਰਦਾ ਰਹਿੰਦਾ ਹੈ । ਪਰਮਾਤਮਾ ਦਾ ਨਾਮ ਸਿਮਰਨ ਵਾਲੇ ਪਾਸੇ ਆਪਣੇ ਆਪ ਪਰਤ ਨਹੀਂ ਸਕਦਾ । ਫਿਰ ਆਤਮਕ ਆਨੰਦ ਕਿਥੋਂ ਮਿਲੇ? ਚੰਗੇ ਭਾਗਾਂ ਨਾਲ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਦੀ ਜ਼ਿੰਦਗੀ ਕਾਮਯਾਬ ਹੁੰਦੀ ਹੈ ।
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥ {ਪੰਨਾ 921}
ਪਦ ਅਰਥ: ਏ ਰਸਨਾ = ਹੇ (ਮੇਰੀ) ਜੀਭ! ਅਨ ਰਸਿ = ਹੋਰ ਹੋਰ ਰਸ ਵਿਚ। ਰਾਚਿ ਰਹੀ = ਮਸਤ ਹੋ ਰਹੀ ਹੈਂ। ਪਿਆਸ = ਸੁਆਦਾਂ ਦਾ ਚਸਕਾ। ਹੋਰਤੁ ਕਿਤੈ = ਕਿਸੇ ਹੋਰ ਥਾਂ ਤੋਂ। ਪਲੈ ਨ ਪਾਇ = ਨਹੀਂ ਮਿਲਦਾ। ਪੀਐ = ਪੀਂਦਾ ਹੈ। ਬਹੁੜਿ = ਮੁੜ, ਫਿਰ। ਕਰਮੀ = ਪ੍ਰਭੂ ਦੀ ਮੇਹਰ ਨਾਲ। ਹੋਰਿ ਅਨ ਰਸ = ਹੋਰ ਦੂਜੇ ਸਾਰੇ ਸੁਆਦ। ਸਭਿ = ਸਾਰੇ। ਮਨ = ਮਨ ਵਿਚ।
ਅਰਥ: ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।
ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ। ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।
ਨਾਨਕ ਆਖਦਾ ਹੈ– ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ। 32।
ਭਾਵ: ਕਈ ਤਰ੍ਹਾਂ ਦੇ ਖਾਣੇ ਖਾਣ ਨਾਲ ਭੀ ਮਨੁੱਖ ਦਾ ਜੀਭ ਦਾ ਚਸਕਾ ਮੁੱਕਦਾ ਨਹੀਂ। ਬੜਾ ਖ਼ੁਆਰ ਹੁੰਦਾ ਹੈ ਮਨੁੱਖ ਇਸ ਚਸਕੇ ਵਿਚ। ਪਰ ਜਦੋਂ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ ਆਨੰਦ ਆਉਣ ਲੱਗ ਪੈਂਦਾ ਹੈ, ਜੀਭ ਦਾ ਚਸਕਾ ਖ਼ਤਮ ਹੋ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਹਰਿ-ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥ {ਪੰਨਾ 922}
ਪਦ ਅਰਥ: ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ। ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ।
ਅਰਥ: ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ) , ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ। ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ। ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ। ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।
ਨਾਨਕ ਬੇਨਤੀ ਕਰਦਾ ਹੈ– ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) । 40।
ਭਾਵ: ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ।
ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪਰਤੱਖ ਦਿੱਸਦਾ ਹੈ।
1. ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ?
2. ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲ਼ੀ ਬਾਣੀ ਕਿਹੜੀ ਹੈ?
3. ਗੁਰੂ ਅਮਰਦਾਸ ਜੀ ਨੇ ਸਮਾਜ ਵਿਚਲੀਆਂ ਕਿਹੜੀਆਂ ਕੁਰੀਤੀਆਂ ਦਾ ਨਿਵਾਰਨ ਕੀਤਾ?