Goldilocks and three Bears ਗੋਲਡੀਲੌਕਸ ਤੇ ਤਿੰਨ ਰਿੱਛ

ਇੱਕ ਵਾਰ ਦੀ ਗੱਲ ਹੈ, ਗੋਲਡੀਲੌਕਸ ਨਾਂ ਦੀ ਇੱਕ ਛੋਟੀ ਜਿਹੀ ਕੁੜੀ ਸੀ। ਇੱਕ ਦਿਨ ਸਵੇਰੇ ਉਹ ਸੈਰ ਕਰਨ ਨਿੱਕਲੀ ਤਾਂ ਘੁੰਮਦੀ ਘੁਮਾਉਂਦੀ ਜੰਗਲ ਵਿੱਚ ਭਟਕ ਗਈ...

ਉਸ ਜੰਗਲ ਵਿੱਚ ਇੱਕ ਘਰ ਸੀ, ਜਿਸ ਵਿੱਚ ਤਿੰਨ ਰਿੱਛ ਰਹਿੰਦੇ ਸੀ - ਡੈਡੀ ਰਿੱਛ, ਮੰਮੀ ਰਿੱਛ ਅਤੇ ਬੇਬੀ ਰਿੱਛ। ਸਵੇਰੇ ਉਹ ਉੱਠੇ ਤਾਂ ਡੈਡੀ ਰਿੱਛ ਨੇ ਨਾਸ਼ਤੇ ਵਿੱਚ ਦਲੀਆ ਬਣਾਇਆ। ਜਦੋਂ ਰਿੱਛ ਦਲੀਆ ਖਾਣ ਲੱਗੇ ਤਾਂ ਉਹ ਬਹੁਤ ਗਰਮ ਸੀ| ਉਹਨਾਂ ਨੇ ਸੋਚਿਆ ਕਿ ਜਦ ਤੱਕ ਦਲੀਆ ਠੰਡਾ ਹੁੰਦਾ ਹੈ ਉਹ ਸੈਰ ਕਰ ਆਉਂਦੇ ਹਨ। ਉਹ   ਸੈਰ ਕਰਨ ਨਿੱਕਲ ਗਏ ਪਰ ਘਰ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਏ। 

ਥੋੜੀ ਦੇਰ ਬਾਅਦ ਗੋਲਡੀਲੌਕਸ ਉੱਥੇ ਪਹੁੰਚੀ ਤਾਂ ਉਸਨੇ ਘਰ ਦਾ ਦਰਵਾਜ਼ਾ ਖੁੱਲਾ ਦੇਖਿਆ ਤਾਂ ਉਹ ਅੰਦਰ ਚਲੀ ਗਈ। ਉਸਨੇ ਮੇਜ਼ ਤੇ  ਦਲੀਏ ਦੀਆਂ ਭਰੀਆਂ ਤਿੰਨ ਕਟੋਰੀਆਂ ਵੇਖੀਆਂ। ਗਰਮਾ-ਗਰਮ ਦਲੀਏ ਦੀ ਖੁਸ਼ਬੋ ਨਾਲ ਉਸਦੇ ਮੁੰਹ ਵਿੱਚ ਪਾਣੀ ਭਰ ਆਇਆ। ਉਸਨੇ ਪਹਿਲੀ ਕਟੋਰੀ ਵਿੱਚੋਂ ਇੱਕ ਚਮਚਾ ਭਰ ਕੇ ਸਵਾਦ ਦੇਖਿਆ। ਗਰਮ ਗਰਮ ਦਲੀਏ ਨਾਲ ਉਸਦੀ ਜੀਭ ਜਲ ਗਈ। ਉਹ ਚੀਖ ਕੇ ਬੋਲੀ - 'ਇਹ ਦਲੀਆ ਬਹੁਤ ਗਰਮ ਹੈ!'

ਫੇਰ ਉਸਨੇ ਦੂਸਰੀ ਕਟੋਰੀ ਵਿੱਚੋਂ ਇੱਕ ਚਮਚਾ ਖਾਧਾ। ਪਰ ਉਹ ਬਹੁਤ ਠੰਡਾ ਸੀ। ਉਹ ਬੋਲੀ - 'ਇਹ ਦਲੀਆ ਬਹੁਤ ਠੰਡਾ ਹੈ!'

ਫੇਰ ਉਸਨੇ ਤੀਸਰੀ ਕਟੋਰੀ ਵਿੱਚੋਂ ਇੱਕ ਚਮਚਾ ਖਾਧਾ। ਉਹ ਨਾਂ ਬਹੁਤਾ ਗਰਮ ਸੀ ਅਤੇ ਨਾਂ ਹੀ ਬਹੁਤਾ ਠੰਡਾ। 'ਇਹ ਦਲੀਆ ਬਿਲਕੁਲ ਠੀਕ ਹੈ!' ਇਹ ਕਹਿ ਕੇ ਉਹ ਸਾਰੀ ਕਟੋਰੀ ਖਾ ਗਈ। 

ਫੇਰ ਉਹ ਉੱਪਰ ਗਈ ਜਿਥੇ ਤਿੰਨੇ ਰਿੱਛ ਸੌਂਦੇ ਸਨ। ਉਸਨੇ ਉੱਥੇ ਤਿੰਨ ਬਿਸਤਰੇ ਵਿਛੇ ਦੇਖੇ। ਸੇਰ ਕਰਕੇ ਉਹ ਬਹੁਤ ਥੱਕ ਚੁੱਕੀ ਸੀ। ਉਸਦਾ ਮਨ ਅਰਾਮ ਕਰਨ ਨੂੰ ਕੀਤਾ...

ਪਹਿਲਾਂ ਉਹ ਡੈਡੀ ਰਿੱਛ ਦੇ ਬਿਸਤਰੇ ਤੇ ਲੇਟੀ। 'ਇਹ ਬਿਸਤਰਾ ਬਹੁਤ ਸਖਤ ਹੈ!' ਉਹ ਬੋਲੀ। 

ਫੇਰ ਉਹ ਮੰਮੀ ਰਿੱਛ ਦੇ ਬਿਸਤਰੇ ਤੇ ਲੇਟੀ। 'ਇਹ ਬਿਸਤਰਾ ਬਹੁਤ ਨਰਮ ਹੈ!' ਉਸਨੇ ਕਿਹਾ। 

ਫੇਰ ਉਹ ਬੇਬੀ ਰਿੱਛ ਦੇ ਬਿਸਤਰੇ ਤੇ ਲੇਟੀ। 'ਇਹ ਬਿਸਤਰਾ ਬਿਲਕੁਲ ਠੀਕ ਹੈ!' ਇੰਨਾ ਕਹਿੰਦਿਆਂ ਉਹ ਪਲਕ ਝਪਕਦਿਆਂ ਹੀ ਸੌਂ ਗਈ..

ਜਦੋਂ ਤਿੰਨੇ ਰਿੱਛ ਵਾਪਿਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਕੋਈ ਜਾਣਾ ਉਹਨਾਂ ਦਾ ਦਲੀਆ ਖਾ ਰਿਹਾ ਸੀ ...

'ਕੋਈ ਮੇਰਾ ਦਲੀਆ ਖਾ ਰਿਹਾ ਸੀ !' ਡੈਡੀ ਰਿੱਛ ਬੋਲਿਆ। 

'ਮੇਰਾ ਵੀ !' ਮੰਮੀ ਰਿੱਛ  ਬੋਲੀ। 

'ਦੇਖੋ! ਕੋਈ ਮੇਰਾ ਦਲੀਆ ਸਾਰਾ ਖਾ ਗਿਆ!' ਬੇਬੀ ਰਿੱਛ ਚੀਖਿਆ ...

ਚਲੋ ਉੱਪਰ ਜਾ ਕੇ ਦੇਖਦੇ ਹਾਂ। ਤਿੰਨੇ ਰਿੱਛ ਫੇਰ ਉੱਪਰ ਆਪਣੇ ਸੌਂਣ ਵਾਲੇ ਕਮਰੇ ਵਿੱਚ ਗਏ। ਡੈਡੀ ਰਿੱਛ ਨੇ ਦੇਖਿਆ ਕਿ ਉਸਦੇ ਬਿਸਤਰੇ ਤੇ ਸਿਲਵਟਾਂ ਪਾਈਆਂ ਹੋਇਆ ਹਨ। 

'ਕੋਈ ਮੇਰੇ ਬਿਸਤਰੇ ਤੇ ਸੁੱਤਾ ਪਿਆ ਸੀ!' ਉਹ ਬੋਲਿਆ। 

'ਹਾਂ ਮੇਰੇ ਵੀ!' ਮੰਮੀ ਰਿੱਛ ਬੋਲੀ!

'ਦੇਖੋ! ਕੋਈ ਮੇਰੇ ਬਿਸਤਰੇ ਤੇ ਸੁੱਤਾ ਪਿਆ ਹੈ!' ਬੇਬੀ ਰਿੱਛ ਚੀਖਿਆ ...

ਇੰਨੇ ਤੂੰ ਆਵਾਜਾਂ ਸੁਣ ਕੇ ਗੋਲਡੀਲੌਕਸ ਤ੍ਰਭਕ ਦੇਣੀ ਉਠ ਪਈ। ਉਸਨੇ ਤਿੰਨ ਰਿੱਛ ਦੇਖੇ ਤਾਂ ਉੱਚੀ ਦੇਣੀ ਚੀਖੀ ...

''ਬਚਾਓ!' ਉਹ ਬਿਸਤਰੇ ਤੋਂ ਕੁੱਦੀ ਅਤੇ ਉਥੋਂ ਪਲਾਂ ਵਿੱਚ ਹੀ ਬਾਹਰ ਨਠ ਗਈ। ਤਿੰਨੇ ਰਿੱਛ ਅੱਖਾਂ ਅੱਡੀ ਹੈਰਾਨੀ ਨਾਲ਼ ਦੇਖਦੇ ਰਹਿ ਗਏ!

 ਗੋਲਡੀਲੌਕਸ  ਦੁਬਾਰਾ ਫਿਰ ਕਦੇ ਇਸ ਤਰ੍ਹਾਂ ਕਿਸੇ ਦੇ ਘਰ ਨਹੀਂ ਗਈ!

ਜਾਣਕਾਰੀ-ਭਰਪੂਰ ਤੱਥ (Bonus Fact) :

ਇਸੇ ਤਰ੍ਹਾਂ 4.5 ਅਰਬ ਸਾਲ ਪਹਿਲਾਂ ਦੀ ਗੱਲ ਹੈ। ਸਾਡਾ ਸੌਰਮੰਡਲ ਸਿਤਾਰਿਆਂ ਦੇ ਬੱਦਲਾਂ ਤੇ ਧੂੜ ਤੋਂ ਹੋਂਦ ਵਿਚ ਆਇਆ, ਜਿਸਤੋਂ ਇੱਕ ਗਰਦਿਸ਼ ਕਰਨ ਵਾਲ਼ੀ ਚੱਕੀ ਬਣੀ, ਜਿਸਦੇ ਕੇਂਦਰ ਵਿਚ ਦਬਾਅ ਇੰਨਾ ਵੱਧ ਸੀ ਕਿ ਹਾਈਡ੍ਰੋਜਨ ਪ੍ਰਮਾਣੂ ਇਕੱਠੇ ਹੋ ਕੇ ਹੀਲੀਅਮ ਬਣਾਉਣ ਲੱਗੇ, ਜਿਸ ਨਾਲ਼ ਅੰਤਾਂ ਦੀ ਊਰਜਾ ਪੈਦਾ ਹੋਈ ਤੇ ਸਾਡਾ ਸੂਰਜ ਹੋਂਦ ਵਿਚ ਆਇਆ। ਪਰ ਉਸੇ ਚੱਕੀ ਦੇ ਕੇਂਦਰ ਤੋਂ ਦੂਰ ਦੇ ਰਾਹਾਂ ‘ਤੇ ਵੀ ਮਾਦਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਸਾਡੀ ਧਰਤੀ (ਪ੍ਰਿਥਵੀ), ਹੋਰ ਗ੍ਰਹਿ ਤੇ ਅਕਾਸ਼ੀਪਿੰਡ ਬਣੇ ਜੋ ਸੂਰਜ ਦੇ ਦੁਆਲ਼ੇ ਘੁੰਮਣ ਲੱਗੇ। ਸੂਰਜ ਦੇ ਨੇੜੇ ਬਹੁਤ ਗਰਮੀ ਸੀ ਇਸ ਲਈ ਉੱਥੇ ਪਥਰੀਲੇ ਗ੍ਰਹਿ ਹੀ ਬਣ ਸਕੇ, ਸੂਰਜ ਤੋਂ ਦੂਰ ਬਹੁਤ ਠੰਡ ਸੀ ਬਰਫ਼ ਤੇ ਗੈਸ ਤੋਂ ਬ੍ਰਹਿਸਪਤੀ, ਸ਼ਨੀ ਵਰਗੇ ਗੈਸ ਦੇ ਵੱਡੇ-ਵੱਡੇ ਗ੍ਰਹਿ ਬਣ ਗਏ। ਬ੍ਰਹਿਸਪਤੀ ਗ੍ਰਹਿ ਇੰਨਾ ਵੱਡਾ ਹੈ ਕਿ ਉਹ ਇੱਕ ਹੋਰ ਸੂਰਜ ਬਣਦਾ-ਬਣਦਾ ਰਹਿ ਗਿਆ। ਇਸ ਤਰ੍ਹਾਂ ਸਾਡੀ ਧਰਤੀ ਵੀ ਇੱਕ ਪਥਰੀਲਾ ਗ੍ਰਹਿ ਬਣੀ ਪਰ ਕੁਦਰਤ ਦੇ ਰੰਗ ਵੇਖੋ ਧਰਤੀ ਨਾ ਬਹੁਤੀ ਗਰਮ ਹੈ ਤੇ ਨਾ ਹੀ ਬਹੁਤੀ ਠੰਡੀ ਹੈ, ਇੱਥੇ ਪਾਣੀ ਵੀ ਹੈ ਜੋ ਕਿ ਜੰਮ ਕੇ ਬਰਫ਼ ਨਹੀਂ ਬਣਿਆ ਹੈ, ਸਿਵਾਇ ਧਰੁਵੀ ਖੇਤਰਾਂ ਦੇ। ਧਰਤੀ ਸੂਰਜ ਤੋਂ ਬਿਲਕੁਲ ਸਹੀ ਦੂਰੀ ਤੇ ਹੈ ਜਿਸਨੂੰ ਵਿਗਿਆਨਕ ਗੋਲਡੀਲੌਕਸ ਖੇਤਰ (Goldilocks Zone) ਕਹਿੰਦੇ ਹਨ। ਹੁਣ ਸਾਨੂੰ ਗੋਲਡੀਲੌਕਸ ਦੀ ਕਹਾਣੀ ਤੋਂ ਸਮਝ ਆਇਆ ਕਿ ਧਰਤੀ ਉੱਤੇ 4 ਅਰਬ ਸਾਲ ਪਹਿਲਾਂ ਜੀਵਨ ਦੀ ਹੋਂਦ ਕਿਸ ਤਰ੍ਹਾਂ ਸ਼ੁਰੂ ਹੋਈ।


ਇਸ ਤਰ੍ਹਾਂ ਬ੍ਰਹਿਮੰਡ ਵਿਚ ਅਨੰਤ ਗ੍ਰਹਿ ਵੀ ਹਨ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਗੋਲਡੀਲੌਕਸ ਗ੍ਰਹਿ ਵੀ ਹੋਣੇ ਹਨ, ਜੋ ਆਪਣੇ ਸੂਰਜ ਤੋਂ ਸਾਡੀ ਧਰਤੀ ਵਾਂਗ ਸਹੀ ਦੂਰੀ ਉੱਤੇ ਹੁੰਦੇ ਹਨ, ਜੋ ਨਾਂ ਤਾਂ ਬਹੁਤੇ ਗਰਮ (ਜਿਵੇਂ ਕਿ ਬੁੱਧ ਤੇ ਸ਼ੁੱਕਰ) ਅਤੇ ਨਾਂ ਹੀ ਬਹੁਤੇ ਠੰਡੇ (ਬ੍ਰਹਿਸਪਤੀ, ਸ਼ਨੀ ਆਦਿ) ਹਨ ਅਤੇ ਜਿਹੜੇ ਆਪਣੀ ਹਿੱਕ ਤੇ ਸਾਡੇ ਵਰਗਾ ਜੀਵਨ ਸਮੋਈ ਬੈਠੇ ਹੋ ਸਕਦੇ ਹਨ! ਉਹਨਾਂ ਜੀਵਾਂ ਵਿਚ ਵੀ ਸਾਡੇ ਵਰਗੀਆਂ ਕਮਜ਼ੋਰੀਆਂ ਤੇ ਚੰਗੇ ਗੁਣ ਹੋ ਸਕਦੇ ਹਨ!


ਤਾਰਾ ਵਿਗਿਆਨੀ ਅੱਜ ਕੱਲ੍ਹ ਗੋਲਡੀਲੌਕਸ ਵਰਗੇ ਬਾਹਰਲੇ ਗ੍ਰਹਿ (Goldilocks exoplanets) ਲੱਭ ਰਹੇ ਹਨ, ਜੋ ਸਾਡੇ ਸੌਰ-ਮੰਡਲ ਤੋਂ ਬਾਹਰ ਦੇ ਤਾਰਿਆਂ ਦੁਆਲ਼ੇ ਘੁੰਮ ਰਹੇ ਹਨ। ਜੋ ਆਪਣੇ ਸੂਰਜ ਤੋਂ ਧਰਤੀ ਵਾਂਗ ਸਹੀ ਦੂਰੀ ਅਤੇ ਹਨ, ਜੋ ਨਾਂ ਤਾਂ ਬਹੁਤੇ ਗਰਮ ਅਤੇ ਨਾਂ ਹੀ ਬਹੁਤੇ ਠੰਡੇ ਹਨ ਅਤੇ ਜਿਨ੍ਹਾਂ ਤੇ ਜੀਵਨ ਦੀ ਹੋਂਦ ਹੋ ਸਕਦੀ ਹੈ! ਅਜਿਹਾ ਹੀ ਇੱਕ ਗ੍ਰਹਿ K2-18b ਹੈ, ਜਿਸ ਦੇ ਵਾਯੂਮੰਡਲ ਵਿਚ ਨਾਸਾ ਦੀ ਜੇਮਜ਼ ਵੈੱਬ ਟੈਲੀਸਕੋਪ ਨੇ ਮਿਥੇਨ ਤੇ ਕਾਰਬਨ ਡਾਈਆਕਸਾਈਡ ਲੱਭੀ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਗ੍ਰਹਿ ਹਨ ਤੇ ਕਿਸੇ ਗ੍ਰਹਿ ਤੇ ਆਕਸੀਜਨ ਵੀ ਹੋ ਸਕਦੀ ਹੈ। ਉਸ ਗ੍ਰਹਿ ‘ਤੇ ਠੰਡਾ ਜਲਵਾਯੂ ਉੱਥੇ ਸਾਡੇ ਧਰੁਵੀ ਖੇਤਰਾਂ ਵਰਗੀ ਜ਼ਿੰਦਗੀ ਸਿਰਜ ਸਕਦਾ ਹੈ ਅਤੇ ਗਰਮ ਜਲਵਾਯੂ ਭੂ-ਮੱਧ ਰੇਖੀ ਖੇਤਰਾਂ ਵਰਗੀ ਜ਼ਿੰਦਗੀ ਸਿਰਜ ਸਕਦਾ ਹੈ ਜਾਂ ਫਿਰ ਦੋਵਾਂ ਤਰ੍ਹਾਂ ਦੀ ਜ਼ਿੰਦਗੀ ਵੀ ਸੰਭਵ ਹੋ ਸਕਦੀ ਹੈ। ਪਰ ਅਜੇ ਤੱਕ ਕਿਸੇ ਵੀ ਹੋਰ ਗ੍ਰਹਿ ਤੇ ਪ੍ਰਿਥਵੀ ਵਰਗੇ ਜੀਵਨ ਦੇ ਸਬੂਤ ਨਹੀਂ ਮਿਲੇ ਹਨ।