ਹਰੀ ਕ੍ਰਿਸ਼ਨ ਮਾਇਰ
ਆਪਣੇ ਵੱਲੋਂ ਤਾਂ ਮੀਤ ਘਰ ਦਾ ਕੰਮ, ਬੜੀ ਰੀਝ ਨਾਲ ਕਰਕੇ ਲੈ ਜਾਂਦਾ ਸੀ। ਲਿਖਾਈ ਸਾਫ਼ ਅਤੇ ਸੋਹਣੀ ਲਿਖਦਾ। ਗਣਿਤ ਦੀ ਕਾਪੀ ਵਿੱਚ ਰਫ਼ ਕੰਮ ਲਈ, ਲਕੀਰ ਮਾਰ ਕੇ ਜਗ੍ਹਾ ਛੱਡ ਲੈਂਦਾ। ਪੰਜਾਬੀ ਦੀ ਕਾਪੀ ਤੇ ਉਸਨੂੰ ਕਈ ਵਾਰ ‘ਗੁੱਡ’ ਵੀ ਮਿਲ ਚੁੱਕਾ ਸੀ। ਪਰ ਸਾਇੰਸ ਵਾਲਾ ਅਧਿਆਪਕ ਤਾਂ ਮੀਤ ਦੀ ਕਾਪੀ ਨੂੰ ਬਹੁਤਾ ਹੀ ਪੜ੍ਹਨ ਲੱਗ ਪੈਂਦਾ ਸੀ। ਲਾਲ ਸਿਆਹੀ ਦੀ ਦਵਾਤ ਵਿੱਚੋਂ, ਨਿੱਬ ਵਾਲੇ ਪੈੱਨ ਦਾ ਡੋਬਾ ਲੈਂਦਾ,ਲੱਗ ਜਾਂਦਾ ਗਲਤੀਆਂ ਕੱਢਣ।ਠੀਕੇ ਲਾਉਂਦਾ ਜਾਂ ਕਾਟੇ ਮਾਰਦਾ। ਕਦੀ ਕੁਝ ਲਿਖ ਵੀ ਦਿੰਦਾ ਸੀ,ਕਾਪੀ ‘ਤੇ। ਕਦੇ ਕੋਈ ਸੂਤਰ ਠੀਕ ਨਾਂ ਲਿਖਿਆ ਹੁੰਦਾ,ਚਿੱਤਰ ਠੀਕ ਨਾਂ ਬਣਾਇਆ ਹੁੰਦਾ। ਗਲਤੀਆਂ ਕੱਢ ਕੇ ਉਹ ਕਾਪੀ ਵਗਾਹ ਕੇ ਮੀਤ ਵੱਲ ਸੁੱਟਦਾ ਅਤੇ ਆਖਦਾ,” ਮੀਤ, ਪੁੱਤ ਕੱਲ੍ਹ ਐਨੀਆਂ ਗਲਤੀਆਂ ਨਾਂ ਹੋਣ।”
ਮੀਤ ਕਾਪੀ ਚੁੱਕਦਾ, ਬਿਨਾ ਗਲਤੀਆਂ ਦੇਖਿਆਂ, ਆਪਣੇ ਬੈਗ ਵਿੱਚ ਪਾ ਲੈਂਦਾ।ਉਸ ਦੇ ਸਾਥੀ ਕਹਿੰਦੇ,” ਯਾਰ! ਕਾਪੀ ਤਾਂ ਦਿਖਾ ਦੇ, ਦੇਖੀਏ ਗਲਤੀਆਂ ਕਿਹੜੀਆਂ ਨੇ?”
ਮੀਤ ਸ਼ਰਮ ਮੰਨਦਾ। ਅੱਜ ਵੀ ਉਨ੍ਹਾ ਦੇ ਵਾਰ ਵਾਰ ਕਹਿਣ ਤੇ ਵੀ ਮੀਤ ਨੇ ਆਪਣੀ ਕਾਪੀ ਉਨ੍ਹਾ ਨੂੰ ਨਹੀਂ ਦਿਖਾਈ ਸੀ।
ਖੁੰਦਕ ਵਸ ਮੀਤ ਦੇ ਜਮਾਤੀ, ਇਹ ਸਾਰੀ ਸੂਚਨਾ ਘਰ ਤੱਕ ਲੈ ਗਏ ਸਨ।“ ਆਂਟੀ ਮੀਤ ਦੀ ਕਾਪੀ ਤਾਂ ਅੱਜ ਸਾਇੰਸ ਵਾਲੇ ਨੇ, ਲਾਲ ਗੁਲਾਲ ਕਰ ਦਿੱਤੀ, ਐਨੀਆਂ ਗਲਤੀਆਂ ਕੱਢੀਆਂ।”ਸਕੂਲੋਂ ਆਕੇ ਉਸ ਦੇ ਜਮਾਤੀਆਂ ਨੇ ਮੀਤ ਦੀ ਮਾਂ ਨੂੰ ਦੱਸਿਆ।
“ਆਂਟੀ ਅੱਜ ਉਸਦੇ ਅਧਿਆਪਕ ਨੇ ਕੰਨ ਵੀ ਮਰੋੜੇ ਸੀ।” ਇਕ ਹੋਰ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਸੀ। ਮੀਤ ਅਜੇ ਸਕੂਲੋਂ ਘਰ ਵੜਿਆ ਹੀ ਸੀ ਕਿ ਉਸ ਦੀ ਮਾਂ ਅੱਗੇ ਪੇਸ਼ੀ ਪੈ ਗਈ ਸੀ।
“ਮੀਤ, ਅੱਜ ਤੇਰੀ ਕਾਪੀ ‘ਚੋਂ ਗਲਤੀਆਂ ਨਿਕਲੀਆਂ ਨੇ?” ਮਾਂ ਨੇ ਪੁੱਛਿਆ।
“ਨਹੀਂ” ਮੀਤ ਨੇ ਝੂਠੀ ਮੁੱਠੀ ਕਹਿ ਦਿੱਤਾ।
“ਤੇਰੇ ਸਾਥੀ ਦੱਸ ਕੇ ਗਏ ਨੇ ਮੈਨੂੰ।” ਮਾਂ ਨੇ ਮੋੜਵਾਂ ਸਵਾਲ ਕੀਤਾ।
“ਮਾਂ, ਉਹ ਮੈਥੋਂ ਚਿੜ੍ਹਦੇ ਨੇ, ਮੈਂ ਹੁਸ਼ਿਆਰ ਹਾਂ, ਉਹ ਕਮਜ਼ੋਰ।” ਮੀਤ ਨੇ ਗੱਲ ਘੜ ਲਈ ਸੀ।
“ਅੱਛਾ, ਦਿਖਾ ਤਾਂ ਜ਼ਰਾ ਗਲਤੀਆਂ ਵਾਲੀ ਕਾਪੀ।” ਮਾਂ ਨੇ ਮੀਤ ਤੋਂ ਕਾਪੀ ਮੰਗੀ। ਪਰ ਮੀਤ ਤਾਂ ਗਲਤੀਆਂ ਵਾਲੀ ਕਾਪੀ, ਸਕੂਲੋਂ ਆਉਦੇ ਸਾਰ, ਬਿਸਤਰੇ ਵਿੱਚ ਲੁਕੋ ਆਇਆ ਸੀ। ਮੀਤ ਝੂਠੀ ਮੁੱਠੀ ਬੈਗ ਫਰੋਲਣ ਲੱਗਾ।ਬੋਲਿਆ,” ਮਾਂ ਕਾਪੀ ਤਾਂ ਲੱਭਦੀ ਨਹੀਂ। ਸਕੂਲੇ ਰਹਿ ਗਈ ਜਾਂ ਕਿਸੇ ਨੇ ਕੱਢ ਲਈ।” ਮੀਤ ਨੇ ਬਹਾਨਾ ਬਣਾਇਆ।
“ਕਾਪੀ ਤਾਂ ਸਕੂਲੋਂ ਤੁਰ ਕੇ, ਤੈਥੋਂ ਪਹਿਲਾਂ ਬਿਸਤਰੇ ਵਿੱਚ ਵੀ ਪਹੁੰਚ ਗਈ।” ਮਾਂ ਨੇ ਮੀਤ ਦਾ ਝੂਠ ਪਕੜ ਲਿਆ ਸੀ। ਮੀਤ ਦਾ ਰੰਗ ਉੱਡ ਗਿਆ। ਮਾਂ ਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਮਾਂ ਨੇ ਕਾਪੀ ਦੇ ਪੰਨੇ ਉਲ਼ੱਦੇ, ਦੇਖਿਆ ਕਿ ਲਾਲ ਸਿਆਹੀ ਵਾਲੇ ਪੈੱਨ ਦੇ ਡੁਬਕੇ ਡਿੱਗਣ ਨਾਲ, ਪੰਨਿਆਂ ਦੇ ਦੋਵੇਂ ਪਾਸੇ, ਲਾਲ ਆਕ੍ਰਿਤੀਆਂ ਬਣ ਗਈਆ ਸਨ। ਜੋ ਦੇਖਣ ‘ਚ ਲਾਲ ਤਿਤਲੀਆਂ ਲੱਗਦੀਆਂ ਸਨ। ਗਲਤੀਆਂ ਠੀਕ ਕਰਕੇ ਵੀ ਲਿਖੀਆਂ ਹੋਈਆਂ ਸਨ।
“ਮੀਤ, ਐਨੀਆਂ ਗਲਤੀਆਂ ਤੇਰੀਆਂ?” ਮਾਂ ਨੇ ਮੀਤ ਨੂੰ ਪੁੱਛਿਆ।
“ਉਹ ਸਾਇੰਸ ਵਾਲਾ, ਗਲਤੀਆਂ ਕੱਢਦਾ ਹੀ ਬਾਹਲੀਆਂ।” ਮੀਤ ਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ।“ਹੋਰ ਅਧਿਆਪਕ ਨਹੀਂ ਕੱਢਦੇ ਗਲਤੀਆਂ?” ਮਾਂ ਨੇ ਪੂਰੀ ਛਾਣਬੀਣ ਕੀਤੀ।
“ਕਈ ਤਾਂ ਠੀਕੇ ਈ ਲਾ ਦਿੰਦੇ ਨੇ, ਕਈ ਭੋਰਾ ਕੁ ਦਸਤਖ਼ਤ ਕਰ ਦਿੰਦੇ ਨੇ, ਕਈ ਠੀਕਾ ਮਾਰ ਕੇ ਥੱਲੇ ਵੱਡੀ ਕਰਕੇ ਤਾਰੀਖ਼ ਪਾ ਦਿੰਦੇ।” ਮੀਤ ਨੇ ਖੋਲ੍ਹ ਕੇ ਦੱਸ ਦਿੱਤਾ ਸੀ।
“ਥੋਨੂੰ ਠੀਕਾ ਮਾਰਨ ਵਾਲੇ ਮਾਸਟਰ ਚੰਗੇ ਲੱਗਦੇ ਹੋਣੇ ਨੇ?” ਮਾਂ ਭਰੀ ਪੀਤੀ ਬੋਲੀ। ਮੀਤਾ ਚੁੱਪ ਚਾਪ ਸੁਣੀ ਜਾ ਰਿਹਾ ਸੀ।
“ਕੋਈ ਜੋਖ਼ਮ ਨੀਂ ਉਠਾਉਣਾ ਪੈਂਦਾ ਨਾਂ, ਅਧਿਆਪਕ ਵੀ ਸੌਖੇ , ਤੁਸੀਂ ਵੀ ਸੌਖੇ, ਠੀਕਾ ਮਾਰੋ, ਮਿਤੀ ਪਾ ਦਿਉ।” ਮਾਂ ਤਾਂ ਲਾਲ ਪੀਲੀ ਹੋ ਗਈ ਸੀ। “ਵਧੀਆ ਅਧਿਆਪਕ ਹੈ, ਥੋਡਾ ਸਾਇੰਸ ਵਾਲਾ।” ਮਾਂ ਨੇ ਮੀਤ ਨੂੰ ਸੁਣਾਉਦਿਆ ਕਿਹਾ।
“ਮੀਤ ਅੱਜ ਦੀਆਂ ਗਲਤੀਆਂ ਨੂੰ, ਧਿਆਨ ਨਾਲ ਦੇਖ, ਅੱਗੇ ਤੋਂ ਗਲਤੀਆਂ ਘੱਟਣੀਆਂ ਚਾਹੀਦੀਆਂ ਨੇ।” ਮਾਂ ਨੇ ਮੀਤ ਨੂੰ ਅਕਲ ਦਿੰਦਿਆਂ ਕਿਹਾ।ਮਾਂ ਨੇ ਕਾਪੀ ਮੀਤ ਨੂੰ ਫੜਾ ਦਿੱਤੀ ਸੀ।
ਮੀਤ ਹੁਣ ਸਾਰਾ ਗ਼ੁੱਸਾ, ਕਾਪੀ ਦੇ ਗਲਤੀਆਂ ਵਾਲੇ ਪੰਨਿਆਂ ਉੱਤੇ ਕੱਢਣ ਲੱਗਾ। ਉਸ ਨੇ ਬਲੇਡ ਚੁੱਕਿਆ ਅਤੇ ਗਲਤੀਆਂ ਵਾਲੇ ਵਰਕੇ ਕਾਪੀ ਵਿੱਚੋਂ ਕੱਟ ਕੇ ਫਾੜ ਦਿੱਤੇ। ਭੋਰਾ ਭੋਰਾ ਕਰਕੇ, ਕੂੜੇ ਵਿੱਚ ਸੁੱਟ ਆਇਆ। ਅਗਲੇ ਪੰਨਿਆਂ ਉੱਤੇ ਉਸ ਨੇ ਸਕੂਲੋਂ ਮਿਲਿਆ ਕੰਮ ਕਰ ਲਿਆ ਸੀ।
ਦੂਜੇ ਦਿਨ ਮੀਤ ਸਕੂਲ ਚਲਾ ਗਿਆ। ਸਾਇੰਸ ਦਾ ਪੀਰੀਅਡ ਆਇਆ ਤਾਂ ਅਧਿਆਪਕ ਨੇ, ਹੋਮ ਵਰਕ ਵਾਲੀਆਂ ਕਾਪੀਆਂ,ਮੇਜ਼ ਉੱਪਰ ਰਖਵਾ ਲਈਆਂ ਸਨ।
ਕਾਪੀਆਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਤਾਂ ਪਹਿਲੀ ਹੀ ਕਾਪੀ ਮੀਤ ਦੀ ਆ ਗਈ। ਅਧਿਆਪਕ ਨੂੰ ਚੇਤੇ ਆਇਆ ਕਿ ਮੀਤ ਦੀਆਂ ਤਾਂ ਪਹਿਲੇ ਦਿਨ ਕਾਫ਼ੀ ਗਲਤੀਆਂ ਨਿਕਲੀਆਂ ਸਨ।ਉਸ ਨੇ ਮੀਤ ਨੂੰ ਕੋਲ ਬੁਲਾ ਕੇ ਪੁੱਛਿਆ,” ਕੱਲ੍ਹ ਦੀਆਂ ਗਲਤੀਆਂ ਵਾਲੇ ਪੰਨੇ ਕਿੱਥੇ ਨੇ?”
“ਪਾੜ ਦਿੱਤੇ”, ਮੀਤ ਨੇ ਕਿਹਾ।
“ਕਿਉਂ?“, ਅਧਿਆਪਕ ਨੇ ਪੁੱਛਿਆ। ਮੀਤ ਚੁੱਪ-ਚਾਪ ਖਲੋਤਾ ਰਿਹਾ।
“ਏਦਾਂ ਪੰਨੇ ਫਾੜ ਕੇ ਗਲਤੀਆਂ ਦੂਰ ਹੋ ਜਾਣਗੀਆਂ?” ਅਧਿਆਪਕ ਨੇ ਮੀਤ ਕੋਲੋਂ ਪੁੱਛਿਆ।ਮੀਤ ਤਾਂ ਕੁਝ ਬੋਲ ਹੀ ਨਹੀਂ ਸੀ ਰਿਹਾ। ਬੱਸ ਨੀਵੀਂ ਪਾਈ ਖੜਾ ਰਿਹਾ।
“ਕੱਢੀਆਂ ਗਲਤੀਆਂ ਅੱਗੇ ਪਈਆਂ ਹੋਣਗੀਆਂ, ਚੇਤੇ ਰਹੂਗਾ, ਮੁੜ ਕੇ ਉਹ ਗਲਤੀਆਂ ਨਹੀਂ ਹੋਣਗੀਆਂ। ਜੇ ਗਲਤੀਆਂ ਵਾਲੇ ਪੰਨੇ ਹੀ ਉਡਾ ਦਿੱਤੇ,ਫੇਰ ਤੂੰ ਕੀ ਸਿੱਖਣੈਂ? ਜਿਹੋ ਜਿਹਾ ਹੁਣ ਏਂ,ਓਦਾਂ ਦਾ ਹੀ ਰਹਿ ਜਾਵੇਂਗਾ। ”ਅਧਿਆਪਕ ਦੁਖੀ ਮਨ ਨਾਲ ਕਿੰਨਾ ਕੁਝ ਕਹਿ ਗਿਆ।
“ਮੈਂ ਮੁੜ ਕੇ ਅਜਿਹੀ ਗਲਤੀ ਨਹੀਂ ਕਰਾਂਗਾ।” ਮੀਤ ਨੇ ਅਧਿਆਪਕ ਨੂੰ ਕਿਹਾ। “ਪੱਕਾ” ਅਧਿਆਪਕ ਨੇ ਪੁੱਛਿਆ।
“ਹਾਂ ਜੀ.. ਦੇਖ ਲਿਓ।” ਮੀਤ ਨੇ ਵਿਸ਼ਵਾਸ ਦੁਆਇਆ।
ਉਸ ਦਿਨ ਤੋਂ ਬਾਦ ਮੀਤ ਨੇ ਕਦੀ ਕਾਪੀ ‘ਚੋਂ ਗਲਤੀਆਂ ਵਾਲਾ ਪੰਨਾ ਨਹੀਂ ਸੀ ਫਾੜਿਆ। ਲਾਲ ਸਿਆਹੀ ਦੇ ਕਾਟੇ, ਡੁਬਕਿਆਂ ਤੋਂ ਬਣਦੀਆਂ ਲਾਲ ਤਿਤਲੀਆਂ, ਕਈ ਵਾਰ ਉਸ ਦੀ ਕਾਪੀ ਤੇ ਆਉਂਦੀਆਂ ਰਹੀਆਂ। ਹਰ ਗਲਤੀ ਨੂੰ ਮੀਤ ਗਹੁ ਨਾਲ ਦੇਖਦਾ। ਚੇਤੇ ਰੱਖਦਾ ਅਤੇ ਮੁੜ ਕੇ ਗਲਤੀ ਨੂੰ ਦੁਹਰਾਂਦਾ ਨਹੀਂ ਸੀ। ਉਸ ਦੀਆਂ ਗਲਤੀਆਂ ਘਟਣ ਲੱਗੀਆ ਸਨ। ਇਕ ਦਿਨ ਅਜਿਹਾ ਵੀ ਆ ਗਿਆ, ਜਿਸ ਦਿਨ, ਸਾਇੰਸ ਵਾਲੇ ਅਧਿਆਪਕ ਨੂੰ, ਵਾਰ ਵਾਰ ਢੂੰਡਣ ਤੇ ਵੀ ਮੀਤ ਦੀ ਕਾਪੀ ‘ਚੋਂ ਕੋਈ ਗਲਤੀ ਨਹੀਂ ਲੱਭੀ ਸੀ। ਅਧਿਆਪਕ ਨੇ ਮੀਤ ਨੂੰ ਕੋਲ ਬੁਲਾ ਕੇ ਆਪਣੀ ਬੁੱਕਲ਼ ਵਿੱਚ ਘੁੱਟ ਲਿਆ, ਕਹਿੰਦਾ,”ਮੀਤ ਪੁੱਤ ਤੂੰ ਹੁਣ ਖਰਾ ਸੋਨਾ ਬਣ ਗਿਐਂ।” ਅਧਿਆਪਕ ਦੀਆਂ ਅੱਖਾਂ ਵਿੱਚ ਖ਼ੁਸ਼ੀ ਅਤੇ ਤਸੱਲੀ ਦੇ ਅੱਥਰੂ ਆ ਗਏ।
ਸਕੂਲ ਤੋਂ ਮੂੰਹ ਮੋੜਨ ਵਾਲਾ ਮੀਤ, ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਸੀ। ਮੀਤ ਨੇ ਫਿਰ ਪਿਛਾਂਹ ਮੁੜ ਕੇ ਨਾਂ ਦੇਖਿਆ। ਸਕੂਲੋਂ ਕਾਲਜ, ਮੁਕਾਬਲੇ ਦੀ ਪ੍ਰੀਖਿਆ ਵਿੱਚ ਉਹ ਵਿਦੇਸ਼ੀ ਸੇਵਾਵਾਂ ਲਈ ਚੁਣਿਆਂ ਗਿਆ ਸੀ। ਉਹੀ ਮੀਤ ਅੱਜ ਕਿਸੇ ਅੰਗਰੇਜ਼ੀ ਮੁਲਕ ਵਿੱਚ, ਉੱਚੇ ਆਹੁਦੇ ਤੇ ਬਿਰਾਜਮਾਨ ਸੀ।
ਹੁਣ ਵੀ ਹੋਮ ਵਰਕ ਦੀ ਕਾਪੀ ਉੱਤੇ ਮਾਰੇ ਲਾਲ ਕਾਟੇ, ਲਾਲ ਸਿਆਹੀ ਦੇ ਡਿੱਗੇ ਤੁਪਕਿਆਂ ਤੋਂ ਬਣੀਆਂ ਲਾਲ ਤਿਤਲੀਆਂ, ਉਸ ਨੂੰ ਚੇਤੇ ਆ ਜਾਂਦੀਆਂ ਹਨ। ਉਹ ਲਾਲ ਤਿਤਲੀਆਂ, ਜੋ ਉਸ ਨੂੰ ਆਪਣੇ ਖੰਭਾਂ ਉੱਤੇ ਬਿਠਾ ਕੇ, ਮੁਕੱਦਰ ਦੇ ਦਰਵਾਜ਼ੇ ਤੇ ਲੈ ਆਉਂਦੀਆਂ ਅਤੇ ਭਾਗਾਂ ਦੇ ਬੂਹੇ ਚਪੱਟ ਖੁੱਲ੍ਹ ਜਾਂਦੇ ਹਨ।