Light Storm ਹਲਕਾ ਤੂਫ਼ਾਨ

ਵਿਗਿਆਨ ਗਲਪ ਕਹਾਣੀ - ਹਲਕਾ ਤੂਫ਼ਾਨ - ਅਮਨਦੀਪ ਸਿੰਘ

ਕਰੁਣਾ ਉਸ ਦਿਨ ਜਦ ਆਪਣੀ ਮਾਂ ਦੇ ਨਾਲ "ਨਿਊ ਵੇਵ ਰੋਬੋ ਸੈਂਟਰ" ਤੋਂ ਘਰ ਦੇ ਕੰਮ ਕਰਨ ਲਈ ਇਕ ਰੋਬਟ ਖਰੀਦਣ ਗਈ ਤਾਂ ਉਸ ਦਾ ਮਨ ਖੁਸ਼ੀ ਵਿੱਚ ਫੁਲਿਆ ਨਹੀਂ ਸਮਾ ਰਿਹਾ ਸੀ। ਕਰੁਣਾ ਦਸ-ਗਿਆਰਾਂ ਸਾਲ ਦੀ ਗੁੱਡੀ-ਵਰਗੀ, ਬੜੀ ਪਿਆਰੀ, ਇੱਕ ਛੋਟੀ ਜਿਹੀ ਬੱਚੀ ਸੀ। ਉਸ ਨੇ ਅੱਜ ਤਕ ਕਦੇ ਰੋਬਟ ਨਹੀਂ ਵੇਖੇ ਸਨ। ਸਿਰਫ਼ ਸੁਣਿਆ ਹੀ ਸੀ- ਉਹਨਾਂ ਦੇ ਬਾਰੇ ਵਿੱਚ, ਸਕੂਲ ਵਿੱਚ ਉਸ ਦਿਨ ਜਦ ਮਿੱਸ ਵਿਗਿਆਨ ਦਾ 'ਬਾਰ੍ਹਵਾਂ ਅਧਿਆਇ' ਪੜ੍ਹਾ ਰਹੀ ਸੀ ਤਾਂ ਉਸ ਵਿੱਚ ਰੋਬਟ ਦਾ ਜ਼ਿਕਰ ਆਇਆ ਸੀ ਅਤੇ ਇਸੇ 'ਗੱਲ ਤੇ' 'ਮਿਸ' ਨੇ ਰੋਬਟਾਂ ਤੇ ਇੱਕ ਲੰਬਾ ਚੌੜਾ ਭਾਸ਼ਣ ਦੇ ਦਿੱਤਾ ਸੀ। ਪਰ ਉਹ 'ਮਿਸ' ਦੇ ਭਾਸ਼ਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਰ ਹੋ ਗਈ ਸੀ। 'ਮਿਸ' ਦਾ ਭਾਸ਼ਣ ਦੇਣਾ ਉਸਨੂੰ ਹਮੇਸ਼ਾ ਬੋਰ ਲਗਦਾ ਸੀ। ਵਿਗਿਆਨ-ਅਧਿਆਪਕਾ, ਮਿੱਸ ਨੀਲਾ ਜਦ ਆਪਣੀ ਜਪਾਨੀ ਐਨਕਾਂ ਦੇ ਵਿੱਚੋਂ ਸਾਰੇ ਬੱਚਿਆਂ ਵੱਲ ਝਾਕ ਕੇ ਭਾਸ਼ਣ ਦੇਣਾ ਸ਼ੁਰੂ ਕਰਦੀ ਸੀ ਤਾਂ ਉਸਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਕਰੁਣਾ ਦਾ ਹੀ ਨਹੀਂ ਸਾਰੇ ਬੱਚਿਆਂ ਦਾ ਵੀ ਇਹੀ ਹਾਲ ਸੀ। ਖ਼ੈਰ ਉਸ ਦਿਨ ਤਾਂ ਉਸਨੇ 'ਮਿਸ' ਦਾ ਭਾਸ਼ਣ ਧਿਆਨ ਨਾਲ ਨਹੀਂ ਸੁਣਿਆ ਸੀ। ਪਰ ਜਦ ਰੇਣੁਕਾ, ਜੋ ਉਸਦੀ ਜਮਾਤਣ ਸੀ, ਨੇ ਆਪਣੇ ਘਰ ਆਏ ਨਵੇਂ ਰੋਬਟ ਬਾਰੇ ਮਿਰਚ ਮਸਾਲਾ ਲਾ ਕੇ ਦਸਿਆ ਤਾਂ ਉਸ ਦੇ ਮੂੰਹ 'ਚ ਪਾਣੀ ਭਰ ਆਇਆ ਸੀ।

"ਹੱਛਾ!..... ਤਾਂ ਫੇਰ ਤੁਹਾਡਾ ਰੋਬਟ ਕੀ ਕੀ ਕਰਦਾ ਏ?" ਉਸਨੇ ਰੇਣੁਕਾ ਦੀ ਖੁਸ਼ਾਮਦ ਕਰਦਿਆਂ ਪੁਛਿਆ।

"ਸਾਡਾ ਰੌਬਟ ਘਰ ਦੇ ਸਾਰੇ ਕੰਮ ਕਰਦਾ ਹੈ ਅਤੇ ਸਵੇਰੇ ਮੈਨੂੰ ਬਿਸਕਿਟੱਸ ਨਾਲ ਦੁੱਧ ਅਤੇ ਦੁਪਹਿਰ ਨੂੰ ਟਾਫੀਆਂ ਅਤੇ ਚਾਕਲੈਟ ਦਿੰਦਾ ਹੈ। ਸ਼ਾਮ ਨੂੰ ਆਈਸ ਕਰੀਮ.... ਸੱਚ ਮੈਂ ਤੇ ਉਹ ਬਹੁਤ ਚੰਗੇ ਦੋਸਤ ਬਣ ਗਏ ਹਾਂ।"

ਉਹ ਰੇਣੁਕਾ ਦੀ ਗੱਲ ਸੁਣਕੇ ਸੁਪਨਿਆਂ ਵਿੱਚ ਗੁੰਮ ਹੋ ਗਈ ਸੀ। ਕਾਸ਼ ! ਸਾਡੇ ਘਰ ਵੀ ਇਕ ਪਿਆਰਾ ਜਿਹਾ ਰੋਬਟ ਹੁੰਦਾ। ਉਹ ਸੌਚਦੀ- ਮੈਨੂੰ ਵੀ ਚਾਕਲੇਟ ਤੇ ਬਿਸਕਿੱਟਸ ਦਿੰਦਾ.....।

....ਤੇ ਫੇਰ ਉਸ ਦਿਨ ਜਦ ਕਰੁਣਾ ਦੇ ਪਿਤਾ ਨੇ ਉਸ ਦੀ ਮਾਂ ਨੂੰ ਇਕ ਰੋਬਟ ਲੈ ਆਉਣ ਬਾਰੇ ਆਖਿਆ ਤਾਂ ਉਹ ਖੁਸ਼ੀ ਵਿੱਚ ਚੀਖ਼ ਉੱਠੀ ਸੀ।

ਇਲੈਕਟਰੋਨਿਕ ਟਰੇਨ ਨੂੰ ਇੱਕ ਝਟਕਾ ਲਗਿਆ ਤਾਂ ਕਰੁਣਾ ਵਰਤਮਾਨ ਵਿੱਚ ਪਰਤੀ। ਉਸ ਦੀ ਮਾਂ ਆਖ ਰਹੀ ਸੀ ਕਿ ਸਟੇਸ਼ਨ ਆ ਗਿਆ ਹੈ। ਉਹ ਸੁੱਤੇ ਸਿੱਧ ਉਠ ਕੇ ਮਾਂ ਨਾਲ ਤੁਰ ਪਈ। ਪਰ ਰੌਬਟ ਦੋਸਤ ਦੇ ਖਿਆਲ ਅਜੇ ਵੀ ਉਸ ਦੇ ਮਨ ਵਿੱਚ ਘਰ ਕਰੀ ਬੈਠੇ ਸਨ। "ਨਿਊ ਵੇਵ ਰੋਬੋ ਸੈਂਟਰ" ਸਟੇਸ਼ਨ ਤੋਂ ਥੋੜ੍ਹੀ ਵਿੱਥ ਤੇ ਹੀ ਸੀ। ਉਹ ਸਜੀਆਂ-ਧਜੀਆਂ ਦੁਕਾਨਾਂ ਦੀ ਸੁੰਦਰਤਾ ਨੂੰ ਅੱਛੀਆਂ ਨਜ਼ਰਾਂ ਨਾਲ ਵੇਖ ਰਹੀ ਸੀ।

"ਨਿਊ ਵੇਵ ਰੋਬੋ ਸੈਂਟਰ" ਰੰਗ ਬਰੰਗੀਆਂ ਰੌਸ਼ਨੀਆਂ ਵਿੱਚ ਝਿਲਮਿਲ ਕਰਦੀ ਇੱਕ ਆਕਰਸ਼ਕ ਦੁਕਾਨ ਸੀ। ਕਰੁਣਾ ਨੂੰ ਉਹ ਉਸ ਦੀ ਮਾਂ ਦੁਆਰਾ ਸਜਾਏ ਘਰ ਨਾਲੋਂ ਵੀ ਵਧੇਰੇ ਖੂਬਸੂਰਤ ਲੱਗੀ। ਉਸਨੇ ਨਜ਼ਰਾਂ ਘੁਮਾ ਕੇ ਇੱਧਰ-ਉਧਰ ਤਕਿਆ ਤਾਂ ਚਾਰੇ ਪਾਸੇ ਰੌਬਟ ਹੀ ਰੌਬਟ ਨਜ਼ਰ ਆਏ। ਉਹ ਬੇੱਹਦ ਪਤਲੀ ਆਵਾਜ਼ ਵਿੱਚ ਗੱਲਾਂ ਕਰ ਰਹੇ ਸਨ। ਕਾਊਂਟਰਮੈਨ ਕਰੁਣਾ ਵੱਲ ਵੇਕ ਕੇ ਮੁਸਕਰਾਇਆ। ਮਿਸਿਜ਼ ਸਿੰਘ ਉਸੇ ਵਿਅਕਤੀ ਵਲ ਜਾ ਰਹੀ ਸੀ। ਉਸ ਨੇ ਉਸ ਵਿਅਕਤੀ ਨਾਲ ਹੱਥ ਮਿਲਾਇਆ ਅਤੇ ਬੋਲੀ ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਰੌਬਟ ਕਰੀਦਣਾ ਚਾਹੁੰਦੀ ਹਾਂ।

ਉਹ ਵਿਅਕਤੀ ਨਿਮਰਤਾ ਨਾਲ ਬੋਲਿਆ... ਉਹ ਨੁੱਕਰ ਵਿੱਚ ਕੰਪਿਊਟਰ ਜ਼ੀਰੋ(ਮਾਸਟਰ) ਹੈ। ਉਸ ਨਾਲ ਸੰਪਰਕ ਕਰੋ, ਉਹ ਤੁਹਾਨੂੰ ਇਕ ਵਧੀਆ ਰੌਬਟ ਦੇਵੇਗਾ।

ਮਿਸਿਜ਼ ਸਿੰਘ ਤੇ ਕਰੁਣਾ ਕੰਪਿਊਟਰ ਜ਼ੀਰੋ ਵੱਲ ਨੂੰ ਚਲ ਪਈਆਂ। ਕਰੁਣਾ ਨੇ ਉਸ ਦੀਆਂ ਪੈਨੀਆਂ ਅੱਖਾਂ ਵਿੱਚ ਹਰੇ ਬਲਦੇ ਬਲਬ ਵੇਖੇ। ਕੰਪਿਊਟਰ ਕਰੁਣਾ ਨੂੰ ਵੇਖ ਕੇ ਪਿਆਰ ਨਾਲ ਬੋਲਿਆ "ਹੈਲੋ ਲਵਲੀ ਕਿਡ।" ਫੇਰ ਉਹ ਮਿਸਿਜ਼ ਸਿੰਘ ਵੱਲ ਨੂੰ ਮੁਖਾਤਿਬ ਹੋਇਆ....."ਮੈਡਮ, ਦਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?"

"ਮੈਂ ਘਰ ਦੇ ਕੰਮਾਂ ਵਿੱਚ ਨਿਪੁੰਨ ਇਕ ਰੌਬਟ ਖਰੀਦਣਾ ਚਾਹੁੰਦੀ ਹਾਂ।" "ਓ.ਕੇ. ਬਸ ਥੋੜ੍ਹੀ ਦੇਰ ਇੰਤਜ਼ਾਰ ਕਰੋ।" ਕੰਪਿਊਟਰ ਲੰਬੀ ਆਵਾਜ਼ ਵਿੱਚ ਬੇਲਿਆ।

ਫੇਰ ਉਸ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਤਿੰਨ ਵਾਰ ਜਲੇ ਬੁਝੇ। ਸ਼ਾਇਦ ਉਹ ਕੋਈ ਮਸਤਕ ਸੰਦੇਸ਼ ਭੇਜ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਇਕ ਤਿੰਨ ਫੁੱਟ ਰੌਬਟ ਚੱਲਦਾ ਹੋਇਆ ਉਹਨਾਂ ਦੇ ਕੋਲ ਆਇਆ। ਉਸ ਦਾ ਧਾਤ ਦਾ ਬਣਿਆ ਹੋਇਆ ਹਰਾ ਚਿਹਰਾ ਬਹੁਤ ਖੂਬਸੁਰਤ ਸੀ ਅਤੇ ਉਸ ਦੀਆਂ ਅੱਖਾਂ ਦੇ ਬਲਬਾਂ ਦਾ ਰੰਗ ਨੀਲਾ ਸੀ।

ਮਾਸਟਰ ਕੰਪਿਊਟਰ (ਜ਼ੀਰੋ) ਬੋਲਿਆ...."ਮੈਡਮ ਇਹ ਲਉ, ਆਪਣਾ ਰੌਬਟ।" ਫੇਰ ਉਸਨੇ ਰੌਬਟ ਨੂੰ ਆਦੇਸ਼ ਦਿੱਤਾ......."ਨੰਬਰ ਟੈਨ, ਤੂੰ ਇਹਨਾਂ ਦੀ ਹੀ ਆਗਿਆ ਦਾ ਪਾਲਣ ਕਰਨਾ ਹੈ।"

"ਓ. ਕੇ. ਲਾਰਡ", ਰੌਬਟ ਥੋੜ੍ਹਾ ਜਿਹਾ ਝੁਕਦਾ ਹੋਇਆ ਬੋਲਿਆ। "ਹੈਲੋ.... ਮੇਰਾ ਨਾਂ ਰਾਜਦੀਪ ਹੈ ਤੇ ਇਹ ਮੇਰੀ ਬੇਟੀ ਕਰੁਣਾ ਹੈ।" ਮਿਸਿਜ਼ ਸਿੰਘ ਪਿਆਰ ਨਾਲ ਉਸਨੂੰ ਤੱਕਦਿਆਂ ਬੋਲੀ।

ਰੌਬਟ ਦੀਆਂ ਅੱਖਾਂ ਦੇ ਬਲਬ ਥੋੜ੍ਹੀ ਦੇਰ ਜਗੇ ਬੁਝੇ, ਫੇਰ ਉਹ ਤਿਖੀ ਪਰ ਬਰੀਕ ਆਵਾਜ਼ ਵਿੱਚ ਬੋਲਿਆ....."ਹੈਲੋ.... ਮੇਰਾ ਨਾਂ ਐਲੀ ਹੈ।" ਫੇਰ ਉਸ ਕਰੁਣਾ ਨੂੰ ਆਖਿਆ.... ਹੈਲੋ.... ਪਿਆਰੇ ਬੱਚੇ।

ਕਰੁਣਾ ਮੁਸਕਰਾਈ।

ਫੇਰ ਰਾਜਦੀਪ ਨੇ ਰੌਬਟ ਦਾ ਬਿਲ ਅਦਾ ਕੀਤਾ ਅਤੇ ਘਰ ਵਾਪਿਸ ਆਉਣ ਲਈ ਸਟੇਸ਼ਨ ਵੱਲ ਨੂੰ ਚੱਲ ਪਈ।


ਰਸਤੇ ਵਿੱਚ ਕਰੁਣਾ ਐਲੀ ਨੂੰ ਪੁੱਛ ਰਹੀ ਸੀ...."ਐਲੀ.... ਕੀ ਤੂੰ ਮੈਨੂੰ ਰੋਜ਼ ਨਾਸ਼ਤੇ ਵਿੱਚ ਬਿਸਕਿਟਸ ਅਤੇ ਦੁੱਧ ਦੇਵੇਂਗਾ?"

"ਕਿਉਂ ਨਹੀਂ ਬੇਬੀ...ਬੱਚਿਆਂ ਨੂੰ ਖੁਸ਼ ਰੱਖਣਾ ਤਾਂ ਸਾਨੂੰ ਖਾਸ ਤੌਰ ਤੇ ਸਿਖਾਇਆ ਜਾਂਦਾ ਹੈ।" ਉਸਦੀ ਆਵਾਜ਼ ਵਿੱਚ ਨਰਮੀ ਸੀ।

ਐਲੀ ਨੂੰ ਆਇਆਂ ਹੁਣ ਮਹੀਨਾ ਬੀਤ ਚੁਕਿਆ ਸੀ। ਕਰੁਣਾ ਉਸ ਦੀ ਸੰਗਤ ਵਿੱਚ ਹੁਣ ਕਾਫੀ ਖੁਸ਼ ਰਹਿੰਦੀ ਸੀ। ਐਲੀ ਉਸਦੀ ਹਰ ਜ਼ਰੁਰਤ ਦਾ ਖਿਆਲ ਰੱਖਦਾ ਸੀ। ਜਦ ਕਦੇ ਐਲੀ ਵਿਹਲਾ ਹੁੰਦਾ ਸੀ ਤਾਂ ਉਹ ਕਰਣਾ ਨਾਲ "ਲੁਕਣਮਿਟੀ" ਵੀ ਖੇਡਦਾ ਹੁੰਦਾ ਸੀ।


ਅੱਜ ਅੇਤਵਾਰ ਸੀ ਅਤੇ ਕਰੁਣਾ ਦੇਰ ਤੱਕ ਸੌਂਦੀ ਰਹੀ ਸੀ। ਐਲੀ ਨੂੰ ਵੀ ਪਤਾ ਸੀ ਕਿ ਅੱਜ ਉਸਨੇ ਦੇਰ ਨਾਲ ਉਠਣਾ ਹੈ। ਇਸ ਲਈ ਉਹ ਦਸ ਵਜੇ ਦੁੱਧ ਅਤੇ ਬਿਸਕਿਟਸ ਲੈ ਕੇ ਉਸ ਦੇ ਕਮਰੇ ਵਿੱਚ ਪੁੱਜਾ ਅਤੇ ਉਸਨੂੰ ਉਠਦਿਆਂ ਬੋਲਿਆ "ਉਠੋ ਬੇਬੀ ਲਓ ਦੁੱਧ ਪੀ ਲਓ। ਉਹ ਹੋ... ਉਠੋ ਨਾ... ਅੱਜ ਮੈਂ ਰੌਬੋਟੀਜ਼ ਯੂਨੀਅਨ ਦੀ ਮੀਟਿੰਗ ਤੇ ਜਾਣਾ ਹੈ।"

ਕਰੁਣਾ ਉਠਦਿਆਂ ਬੋਲੀ "ਐਲੀ.... ਅੱਗੇ ਤਾਂ ਤੂੰ ਕਦੇ ਕਿਤੇ ਨਹੀਂ ਗਿਆ? ਅੱਜ ਕਿਉਂ ਜਾਣਾ ਹੈ? ਮੈਂ ਤੇਰੇ ਨਾਲ ਖੇਡਣਾ ਸੀ....।"

"ਉਹ ਬੇਬੀ, ਮੈਂ ਕਿਉਂਕਿ ਰੋਬੋਟੀਜ਼ ਯੂਨੀਅਨ ਦਾ ਨਵਾਂ ਮੈਂਬਰ ਬਣਿਆ ਹਾਂ। ਕੋਈ ਨਹੀਂ ਮੈ ਛੇਤੀ ਹੀ ਆ ਜਾਣਾ ਹੈ। ਅੱਛਾ ਮੇਰਾ ਸਮਾਂ ਹੋ ਗਿਆ।"

ਇੰਨਾ ਕਹਿਕੇ ਐਲੀ ਚਲਿਆ ਗਿਆ। ਕਰੁਣਾ ਥੋੜ੍ਹਾ ਜਿਹਾ ਉਦਾਸ ਹੋ ਗਈ। ਉਸਨੇ ਐਲੀ ਨੂੰ ਆਵਾਜ਼ ਦੇ ਕੇ ਰੋਕਣਾ ਚਾਹਿਆ ਪਰ ਤਦੇ ਉਸਨੂੰ ਬਾਹਰੋਂ ਤਿਖਾ ਤੇ ਉਚਾ ਸ਼ੋਰ ਸੁਣਾਈ ਦਿਤਾ।

ਉਸਨੇ ਖਿੜਕੀ ਦਾ ਪਰਦਾ ਹਟਾ ਕੇ ਹੇਠਾਂ ਵੇਖਿਆ ਤਾਂ ਸੜਕ ਤੇ ਅਨੇਕਾਂ ਰੌਬੋਟਾਂ ਦਾ ਇਕ ਵਿਸ਼ਾਲ ਜਲੂਸ ਟੁਰਿਆ ਜਾ ਰਿਹਾ ਸੀ। ਉਹ ਉਚੀ ਆਵਾਜ਼ ਵਿੱਚ ਨਾਅਰੇ ਲਗਾ ਰਹੇ ਸਨ।

"ਰੋਬੋਟੀਜ਼ ਯੂਨੀਅਨ.....।"

"ਜ਼ਿੰਦਾਬਾਦ।"

"ਅਸੀਂ ਕੀ ਚਾਹੁੰਦੇ ਹਾਂ?"

"ਆਜ਼ਾਦੀ....।"

ਉਸਨੇ ਵੇਖਿਆ ਕਿ ਐਲੀ ਵੀ ਰੌਬੋਟਾਂ ਦੇ ਜਲੂਸ ਵਿਸ ਸ਼ਾਮਿਲ ਹੋ ਗਿਆ ਹੈ। ਕਰੁਣਾ ਦੌੜ ਕੇ ਦੂਸਰੇ ਕਮਰੇ ਵਿੱਚ ਆਪਣੀ ਮਾਂ ਕੋਲ ਆ ਗਈ। ਰਾਜਦੀਪ ਖਿੜਕੀ ਰਾਹੀਂ ਰੌਬਟਾਂ ਨੂੰ ਹੀ ਤੱਕ ਰਹੀ ਸੀ।

ਉਹਨਾਂ ਵੇਖਿਆ ਕਿ ਰੌਬਟ ਹੌਰ ਉਚੀ ਆਵਾਜ਼ ਵਿੱਚ ਨਾਅਰੇ ਲਗਾਉਣ ਲਗ ਪਏ ਸਨ।

ਪਰ ਅਚਾਨਕ - ਉਸੇ ਵੇਲੇ ਉਥੇ ਇਕ "ਧਮਾਕਾ" ਹੋਇਆ ਅਤੇ ਸਾਰੇ ਰੌਬਟ ਬੇਜਾਨ ਹੋ ਕੇ ਜ਼ਮੀਨ ਤੇ ਡਿਗ ਪਏ।

ਕਰੁਣਾ ਨੇ ਵੇਖਿਆ ਕਿ ਇਕ ਪਾਸਿਉਂ ਕੁਝ ਵਿਅਕਤੀ ਰੌਬਟਾਂ ਵੱਲ ਵੱਧ ਰਹੇ ਸਨ।

ਕਰੁਣਾ ਨੇ ਆਪਣੀ ਮਾਂ ਤੋਂ ਪੁਛਿਆ ਕਿ ਇਹ ਕੀ ਵਾਪਰ ਰਿਹਾ ਹੈ?

ਮਿਸਿਜ਼ ਸਿੰਘ ਨੇ ਦਸਿਆ "ਕਰੁਣਾ.... ਇਹ ਵਿਅਕਤੀ ਮਸ਼ਹੂਰ ਵਿਗਿਆਨਕ ਹਨ। ਇਹਨਾਂ ਨੇ ਹੀ ਰੋਬੇਸ਼ੂਟਗੰਨ ਨਾਲ ਰੌਬਟਾਂ ਦਾ ਸਰਕਟ ਡੈਡ ਕੀਤਾ ਹੈ ਅਤੇ ਹੁਣ ਇਹ ਵੇਖਣਗੇ ਰੌਬਟਾਂ ਦੇ ਦਿਮਾਗ ਵਿੱਚ ਬਗਾਵਤ ਦਾ ਵਿੱਚਾਰ ਕਿਉਂ ਤੇ ਕਿਵੇਂ ਆਇਆ।"

"ਕੀ ਹੁਣ ਸਾਡਾ ਐਲੀ ਕਦੇ ਵਾਪਸ ਨਹੀਂ ਆਏਗਾ?" ਉਸਨੇ ਰਤਾ ਉਦਾਸ ਸੁਰ ਵਿੱਚ ਪੁਛਿਆ। ਉਸਦੀਆਂ ਅੱਖਾਂ ਵਿੱਚ ਹਲਕਾ ਤੂਫਾਨ ਝਲਕ ਰਿਹਾ ਸੀ।

"ਬੇਬੀ... ਅਸੀਂ ਨਵਾਂ ਐਲੀ ਲੈ ਆਵਾਂਗੇ।" ਰਾਜਦੀਪ ਨੇ ਕਰੁਣਾ ਨੂੰ ਪਿਆਰ ਨਾਲ ਆਪਣੀ ਜੱਫੀ ਵਿੱਚ ਲੈਂਦਿਆਂ ਆਖਿਆ।

ਕਰੁਣਾ ਵੀ ਸਭ ਕੁਝ ਭੁੱਲ ਕੇ ਮਾਂ ਦੇ ਪਿਆਰ ਸਾਗਰ ਵਿੱਚ ਡੁੱਬ ਗਈ।

"ਟੁੱਟਦੇ ਤਾਰਿਆਂ ਦੀ ਦਾਸਤਾਨ (1989)" ਵਿੱਚੋਂ - ਅੱਜ ਦੇ ਯੁੱਗ ਵਿੱਚ ਰੋਬੋਟ ਜਾਂ ਕੰਪਿਊਟਰ ਹੀ ਬਹੁਤ ਸਾਰੇ ਕੰਮ ਕਰਦੇ ਹਨ - ਕਾਰਖਾਨਿਆਂ ਵਿੱਚ ਵਸਤਾਂ ਦਾ ਨਿਰਮਾਣ, ਜਹਾਜ਼ ਚਲਾਉਣਾ(ਆਟੋ ਪਾਇਲਟ), ਘਰ ਦੀ ਸਫ਼ਾਈ, ਦਫਤਰਾਂ ਦੇ ਕੰਮ, ਸਟਾਕ ਮਾਰਕੀਟ ਵਿੱਚ ਸ਼ੇਅਰਾਂ ਦੀ ਖਰੀਦੋ-ਫ਼ਰੋਖ਼ਤ। ਸਵੈ-ਚਲਨੀਕਰਨ ਜਾਂ ਆਟੋਮੇਸ਼ਨ (automation) ਨੇ ਮਨੁੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਤੋਂ ਬਾਂਝਾ ਕਰ ਦਿੱਤਾ ਹੈ। ਜੇ ਕਿਤੇ ਵੀ ਥੋੜ੍ਹੀ ਜਿਹੀ ਖਰਾਬੀ ਆ ਜਾਵੇ ਤਾਂ ਲੱਖਾਂ-ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ। ਜੇ ਇੱਕ ਦਿਨ ਇਹ ਸਿਸਟਮ ਖੜ ਜਾਵੇ ਤਾਂ ਅੱਜ ਦੇ ਮਨੁੱਖ ਦੀ ਪੂਰੀ ਜ਼ਿੰਦਗੀ ਖੜ ਜਾਵੇਗੀ। ਅਸੀਂ ਇਸ ਸਿਸਟਮ ਉੱਤੇ ਬਹੁਤ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ। ਹਾਲਾਂਕਿ ਰੋਬੋਟ ਜਾਂ ਕੰਪਿਊਟਰ ਦੀ ਬਗ਼ਾਵਤ ਤਕਨੀਕੀ ਤੌਰ ਤੇ ਅਜੇ ਆਪਣੇ ਆਪ ਸੰਭਵ ਨਹੀਂ ਪਰ ਕੋਈ ਵੀ ਸ਼ੈਤਾਨੀ ਦਿਮਾਗ਼ ਉਹਨਾਂ ਨੂੰ ਸਮੂਹਿਕ ਤੌਰ ਹੈਕ (Hack) ਜਾਂ ਕੰਟਰੋਲ ਕਰ ਸਕਦਾ ਹੈ। ਅੱਜ ਦੇ ਯੁੱਗ ਵਿੱਚ ਹੈਕਰ (Hackers) ਕੰਪਨੀਆਂ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਰਹੇ ਹਨ। ਈਲੌਨ ਮਸਕ, ਜੋ ਟੈਸਲਾ, ਸੋਲਰ ਸਿਟੀ ਅਤੇ ਸਪੇਸ-ਐਕਸ, ਵਰਗੀਆਂ ਕੰਪਨੀਆਂ ਦਾ ਸੰਸਥਾਪਕ ਹੈ, ਦੇ ਅਨੁਸਾਰ ਭਵਿੱਖ ਵਿੱਚ ਜਦੋਂ ਮਸ਼ੀਨਾਂ ਹੀ ਸਾਰੇ ਕੰਮ ਕਰਨ ਲੱਗ ਪੈਣਗੀਆਂ ਤਾਂ ਲੋਕਾਂ ਵਾਸਤੇ ਨੌਕਰੀਆਂ ਨਹੀਂ ਹੋਣਗੀਆਂ, ਉਦੋਂ ਸਰਕਾਰ ਨੂੰ ਹੀ ਉਹਨਾਂ ਨੂੰ ਥੋੜਾ-ਬਹੁਤਾ ਖਰਚਾ-ਪਾਣੀ ਦੇਣਾ ਪਵੇਗਾ - ਜਿਸ ਤਰ੍ਹਾਂ ਸਵਿਟਜ਼ਰਲੈਂਡ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਖਰਚਾ ਦਿੰਦੀ ਹੈ।