ਪ੍ਰਹਲਾਦ ਭਗਤ
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਆਸਾ ਮਹਲਾ ੪ ॥ ਪੰਨਾ ੪੫੧ |
In each and every age, He creates His devotees and preserves their honor, O Lord King.
The Lord killed the wicked Harnaakhash, and saved Prahlaad.
ਹਰਣਾਖਸ਼ ਨਾਂ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ | ਉਸਨੇ ਭਗਵਾਨ ਬ੍ਰਹਮਾ ਦੀ ਭਗਤੀ ਕਰ ਕੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਨਾਂ ਉਹ ਦਿਨੇ ਮਰੇਗਾ, ਨਾਂ ਉਹ ਰਾਤ ਨੂੰ ਮਰੇਗਾ, ਨਾਂ ਉਹ ਅੰਦਰ ਮਰੇਗਾ ਅਤੇ ਨਾਂ ਉਹ ਬਾਹਰ ਮਰੇਗਾ, ਨਾਂ ਹੀ ਕਿਸੇ ਜਾਨਵਰ ਤੋਂ ਮਰੇਗਾ ਅਤੇ ਨਾਂ ਹੀ ਕਿਸੇ ਇਨਸਾਨ ਕੋਲੋਂ!
ਭਗਵਾਨ ਤੋਂ ਅਮਰ ਹੋਣ ਦਾ ਵਰਦਾਨ ਪਾ ਕੇ ਉਹ ਆਪ ਹੀ ਭਗਵਾਨ ਬਣ ਬੈਠਿਆ| ਉਸਨੇ ਭਗਵਾਨ ਦੇ ਮੰਦਿਰਾਂ ਨੂੰ ਬੰਦ ਕਰਵਾ ਦਿੱਤਾ ਅਤੇ ਆਪਣੀ ਪਰਜਾ ਨੂੰ ਉਸਦੀ ਪੂਜਾ ਕਰਨ ਲਈ ਕਿਹਾ | ਡਰਦੀ ਗਰੀਬ ਪਰਜਾ ਉਸਨੂੰ ਰੱਬ ਵਾਂਗ ਪੂਜਣ ਲੱਗੀ ...
ਹਰਣਾਖਸ਼ ਦਾ ਇੱਕ ਪੁੱਤਰ ਸੀ - ਪ੍ਰਹਲਾਦ, ਜੋ ਕਿ ਵਿਸ਼ਣੂ ਦਾ ਭਗਤ ਸੀ | ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ | ਇਹ ਸੁਣ ਕੇ ਹਰਣਾਖਸ਼ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਪ੍ਰਹਲਾਦ ਨੂੰ ਕਾਲ-ਕੋਠੜੀ ਵਿੱਚ ਬੰਦ ਕਰ ਦਿੱਤਾ ਜਾਵੇ! ਜਿੱਥੇ ਉਹ ਘੁਟ-ਘੁਟ ਕੇ ਮਰ ਜਾਵੇਗਾ ... ਪਰ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ!
ਹਰਣਾਖਸ਼ ਨੇ ਫਿਰ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਜਾਵੇ | ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਨਹੀਂ ਸੀ ਜਲ ਸਕਦੀ! ਹੋਲਿਕਾ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ | ਜਦੋਂ ਅੱਗ ਬੁਝੀ ਤਾਂ ਪ੍ਰਹਲਾਦ ਸਹੀ-ਸਲਾਮਤ ਬਾਹਰ ਨਿੱਕਲ ਆਇਆ ਪਰ ਹੋਲਿਕਾ ਜਲ ਕੇ ਸੁਆਹ ਹੋ ਗਈ...
ਹੁਣ ਹਰਣਾਖਸ਼ ਦੇ ਸਬਰ ਦਾ ਬੰਨ੍ਹ ਟੁੱਟ ਗਿਆ, ਗੁੱਸੇ ਵਿੱਚ ਆ ਕੇ ਉਸਨੇ ਤਲਵਾਰ ਕਢ ਲਈ ਅਤੇ ਪ੍ਰਹਲਾਦ ਨੂੰ ਤਪਦੇ ਥੰਮ ਨਾਲ ਜੱਫੀ ਪਾਉਣ ਲਈ ਹੁਕਮ ਦਿੱਤਾ | ਪ੍ਰਹਲਾਦ ਦੇ ਦਿਲ ਵਿੱਚੋਂ ਅਵਾਜ਼ ਆਈ -
ਪਾ ਲੈ ਤਪਦੇ ਥੰਮਾਂ ਨੂੰ ਜੱਫੀਆਂ
ਆਪੇ ਤੈਨੂੰ ਰਾਮ ਰੱਖ ਲਊ!
ਜਦ ਪ੍ਰਹਲਾਦ ਨੇ ਤਪਦੇ ਥੰਮ ਨਾਲ ਜੱਫੀ ਪਾਈ ਤਾਂ ਥੰਮ ਪਾਟ ਗਿਆ ਅਤੇ ਉਸ ਵਿਚੋਂ ਨਰਸਿੰਘ ਅਵਤਾਰ ਬਾਹਰ ਨਿੱਕਲ ਆਇਆ - ਜੋ ਕਿ ਖੁਦ ਵਿਸ਼ਨੂੰ ਭਗਵਾਨ ਆਪ ਸਨ | ਨਰਸਿੰਘ ਨਾਂ ਤਾਂ ਆਦਮੀ ਸੀ ਤੇ ਨਾਂ ਹੀ ਜਾਨਵਰ | ਨਰਸਿੰਘ ਹਰਣਾਖਸ਼ ਨੂੰ ਦਰਵਾਜ਼ੇ ਤੇ ਲੈ ਗਿਆ ਕਿਓਂਕਿ ਉਹ ਨਾਂ ਤਾਂ ਅੰਦਰ ਮਰ ਸਕਦਾ ਸੀ ਨਾਂ ਹੀ ਬਾਹਰ | ਉਸ ਵੇਲੇ ਨਾਂ ਤਾਂ ਦਿਨ ਸੀ ਤੇ ਨਾਂ ਹੀ ਰਾਤ ਸੀ ਅਤੇ ਸ਼ਾਮ ਦਾ ਵੇਲਾ ਸੀ | ਨਰਸਿੰਘ ਅਵਤਾਰ ਨੇ ਇੱਕ ਪਲ ਵਿੱਚ ਹੀ ਹਰਣਾਖਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ...
ਇਸ ਤਰ੍ਹਾਂ ਭਗਵਾਨ ਨੇ ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ!