ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ 

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ

ਬਲਵਿੰਦਰ ਬਾਲਮ, ਗੁਰਦਾਸਪੁਰ

ਇਕ ਅਨਾਰ, ਪਪੀਤਾ, ਜਾਮੁਨ ਨੇੜੇ ਅੰਬ। 

ਘੁੱਗੀਆਂ ਦਾ ਇਕ ਜੋੜਾ ਬਹਿੰਦਾ ਖੋਲ੍ਹ ਕੇ ਖੰਭ।

ਇਸ ਦੇ ਅੱਗੇ ਫੁੱਲ ਖਿੜੀ ਕਚਨਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਸਰਸੋਂ ਵਾਲੇ ਖੇਤ ਜਦੋਂ ਲਹਿਰਾਂਦੇ ਨੇ।

ਧਰਤੀ ਦੇ ਕੰਨਾਂ ਵਿਚ ਗਹਿਣੇ ਪਾਂਦੇ ਨੇ।

ਵੱਟਾਂ ਅੰਦਰ ਪਾਣੀ ਵਾਲਾ ਪਿਆਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਵੱਡਾ ਵੀਰ ਟਰੈਕਟਰ ਜਦ ਚਲਾਂਉਦਾ ਹੈ।

ਪੈਲੀ ਦੇ ਵਿਚ ਨੂਰ ਜਿਹਾ ਫਿਰ ਆਉਂਦਾ ਹੈ।

ਇਸ ਦੇ ਵਿੱਚੋਂ ਸੋਨੇ ਦਾ ਇਕਰਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਕਾਰ ਚਲਾ ਕੇ ਭਾਬੀ ਰੋਟੀ ਲੈ ਆਵੇ।

ਸੁਹਣੀ ਲਗਦੀ ਵੱਟ ਦੇ ਉਪਰ ਬਹਿ ਜਾਵੇ।

ਬੀਜੀ-ਬਾਪੂ ਨੂੰ ਸਾਰਾ ਸੰਸਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਫਸਲਾਂ ਦੇ ਮੂੰਹ ਉਤੇ ਮੰਝਰਾ ਠਹਿਰਦੀਆਂ।

ਜਿੱਦਾਂ ਛੱਲਾਂ ਉਛਲਣ ਵਗਦੀ ਨਹਿਰ ਦੀਆਂ।

ਭਵਿੱਖ 'ਚ ਆਉਂਦਾ ਅੰਨ ਵਾਲਾ ਭੰਡਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਪਿੱਪਲ, ਬੋਹੜ, ਟਾਹਲੀ ਥੋੜੀ ਦੂਰ ਖੜੇ।

ਸਿਖਰ ਦੁਪਹਿਰੇ ਸੋਨੇ ਵਰਗੀ ਧੁੱਪ ਚੜੇ।

ਛਾਵਾਂ, ਮਾਵਾਂ ਵਰਗਾ ਸਤਿਆਚਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਅਲਸੀ ਵਾਲੇ ਫੁੱਲਾਂ ਉੱਤੇ ਹਾਸਾ ਹੈ।

ਸੁੰਦਰਤਾ ਦੀ ਅੰਗੜਾਈ ਦਾ ਵਾਸਾ ਹੈ।

ਸੂਟ ਗੁਲਾਬੀ ਵਿਚ ਸੋਹਣੀ ਮੁਟਿਆਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਅੰਬਰ ਦੇ ਵਿਚ ਕਾਲੇ ਬੱਦਲ ਛਾਏ ਨੇ।

ਝਾਤੀ ਪਾ ਕੇ ਚੰਨ ਨੇ ਰੂਪ ਵਿਖਾਏ ਨੇ।

ਜਿੱਦਾਂ ਘੁੰਢ ਚੋਂ ਨਾਰੀ ਦਾ ਦੀਦਾਰ ਦਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਚੜ੍ਹਦੇ ਪਾਣੀ 'ਚ ਬੇੜੀ ਰਾਹੀਂ ਆਉਂਦੇ ਹਾਂ।

ਇੱਕ ਨਜ਼ਾਰਾ ਡੁੱਬਦੇ ਸੂਰਜ ਦਾ ਪਾਉਂਦੇ ਹਾਂ।

ਕਲ-ਕਲ ਵਹਿੰਦੀ ਉਸ ਰਾਵੀ ਦੇ ਪਾਰ ਕਿਸੇ।

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

ਸਾਉਣ ਮਹੀਨੇ ਪੀਂਘਾਂ ਪਾਈ ਕਿਲਕਾਰੀ।

ਸੱਤ ਰੰਗੀ ਪੀਂਘ ਦੀ ਛਾਈ ਫੁਲਕਾਰੀ।

ਬਾਲਮ ਇੱਕ ਤਮੰਨਾ ਹੈ ਦਿਲਦਾਰ ਦਿਸੇ

ਸਾਡਾ ਪਿੰਡ ਤਾਂ ਖੇਤਾਂ ਦੇ ਵਿਚਕਾਰ ਦਿਸੇ।

balambalwinder@gmail.com