Kids Habits ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ
- ਇਕਵਾਕ ਸਿੰਘ ਪੱਟੀ
ਅਕਸਰ ਪਰਿਵਾਰਾਂ ਵਿੱਚ ਜਦ ਛੋਟੇ ਬੱਚੇ ਤੋਤਲਾ ਬੋਲਣਾ ਸ਼ੁਰੂ ਕਰਦੇ ਹਨ ਤਾਂ ਸੱਭ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਜੋ ਵੀ ਬੋਲਦੇ ਹਨ ਉਸਦਾ ਉਚਾਰਨ ਭਾਵੇਂ ਗਲਤ ਵੀ ਹੋਵੇ ਪਰ ਸਾਨੂੰ ਸੁਣਨ ਵਿੱਚ ਵਧੀਆ ਅਤੇ ਪਿਆਰਾ ਲੱਗਦਾ ਹੈ। ਫਿਰ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਤਾਂ ਉਹਨਾਂ ਦੇ ਬੋਲ ਹੋਰ ਸਪੱਸ਼ਟ ਹੁੰਦੇ ਜਾਂਦੇ ਹਨ, ਪਰ ਕੁੱਝ ਆਦਤਾਂ ਜਾਂ ਵੱਡਿਆਂ ਨੂੰ ਬੁਲਾਉਣ ਦਾ ਢੰਗ ਨਹੀਂ ਬਦਲਦਾ ਅਤੇ ਕਈ ਵਾਰ ਅਸੀਂ ਵੀ ਬੱਚਿਆਂ ਦੀ ਉਹ ਆਦਤਾਂ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਛੋਟੇ ਬੱਚੇ ਕਈ ਵਾਰ ਆਪਣੇ ਮਾਤਾ-ਪਿਤਾ ਜਾਂ ਪਰਿਵਾਰ ਦੇ ਹੋਰ ਜੀਆਂ ਦਾ ਨਾਂ ਲੈ ਕੇ ਬੁਲਾਉਂਦੇ ਹਨ, ਉਦੋਂ ਤਾਂ ਸਾਨੂੰ ਚੰਗਾ ਲੱਗਦਾ ਹੈ, ਪਰ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਹਨ ਉਹਨਾਂ ਦੀ ਇਹੀ ਆਦਤ ਬਣ ਜਾਂਦੀ ਹੈ, ਜਦ ਕਿਤੇ ਅੰਦਰ ਬਾਹਰ ਉਹ ਆਪਣੇ ਮਾਤਾ-ਪਿਤਾ ਨੂੰ ਨਾਂ ਲੈ ਕੇ ਬੁਲਾਉਣ ਤਾਂ ਉਸ ਵੇਲੇ ਸਾਨੂੰ ਕਿਰਕਿਰੀ ਜਿਹੀ ਹੋਈ ਮਹਿਸੂਸ ਹੁੰਦੀ ਹੈ, ਕਿਉਂਕਿ ਇਸ ਨਾਲ ਮਾਤਾ-ਪਿਤਾ ਦੀ ਪਰਵਰਿਸ਼ ਤੇ ਵੀ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਹੋ ਰਹੇ ਵਿਕਾਸ ਦੇ ਨਾਲ ਨਾਲ ਅਸੀਂ ਕੁੱਝ ਸਮਾਂ ਬੱਚਿਆਂ ਵਾਸਤੇ ਕੱਢ ਕੇ ਉਹਨਾਂ ਦੀ ਬੋਲ-ਬਾਣੀ, ਉੱਠਣ-ਬੈਠਣ, ਖਾਣ-ਪੀਣ ਆਦਿ ਦਾ ਸਲੀਕਾ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਉਹ ਕੁੱਝ ਉਦਾਹਰਣਾਂ ਨੂੰ ਸਮਝਦੇ ਹਾਂ:
ਧੰਨਵਾਦ ਕਹਿਣ ਦੀ ਆਦਤ:
ਅਕਸਰ ਹੀ ਛੋਟੇ ਬੱਚਿਆਂ ਦੇ ਜਨਮਦਿਨ ਮੌਕੇ ਜਾਂ ਵੈਸੇ ਵੀ ਜਦ ਮਹਿਮਾਨ ਘਰ ਆਉਂਦੇ ਹਨ ਤਾਂ ਘਰ ਵਿੱਚ ਛੋਟੇ ਬੱਚੇ ਹੋਣ ਕਰਕੇ ਉਹਨਾਂ ਲਈ ਕੁੱਝ ਤੋਹਫੇ, ਚਾਕਲੇਟ, ਟਾਫੀਆਂ ਜਾਂ ਹੋਰ ਸੌਗਾਤਾਂ ਲੈ ਕੇ ਆਉਂਦੇ ਹਨ ਤਾਂ ਬੱਚਿਆਂ ਕੋਲੋਂ ਮਹਿਮਾਨਾਂ ਨੂੰ ਧੰਨਵਾਦ, ਮਿਹਰਬਾਨੀ ਕਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਕਿਉਂਕਿ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਬੱਚੇ ਕਹਿ ਦਿੰਦੇ ਹਨ ਕਿ ਇਹ ਤੋਹਫਾ ਉਹਨਾਂ ਨੂੰ ਪਸੰਦ ਨਹੀਂ ਹੈ, ਜਾਂ ਇਸਨੂੰ ਬਦਲ ਕੇ ਦੂਜਾ ਲੈ ਕੇ ਦਿਉ ਜਾਂ ਕਈ ਵਾਰ ਆਪ ਹੀ ਮਹਿਮਾਨਾਂ ਕੋਲੋਂ ਪੈਸੇ ਜਾਂ ਤੋਹਫੇ ਮੰਗਦੇ ਹਨ। ਬੱਚੇ ਹੋਣ ਕਰਕੇ ਸਾਹਮਣੇ ਤਾਂ ਕੋਈ ਕੁੱਝ ਨਹੀਂ ਕਹਿੰਦਾ ਪਰ ਪਿੱਠ ਪਿੱਛੇ ਜ਼ਰੂਰ ਗੱਲਾਂ ਬਣ ਜਾਂਦੀਆਂ ਹਨ ਅਤੇ ਬੱਚਿਆਂ ਲਈ ਵੀ ਅਜਿਹੀ ਆਦਤ ਅੱਗੇ ਜਾ ਕੇ ਨੁਕਸਾਨ ਵਾਲੀ ਹੋ ਸਕਦੀ ਹੈ, ਇਸ ਲਈ ਬੱਚਿਆਂ ਨੂੰ ਚੰਗੀ ਸਿੱਖਿਆ ਉਹਨਾਂ ਦੇ ਵੱਡੇ ਹੋਣ ਦੇ ਨਾਲ ਨਾਲ ਹੀ ਦਿੰਦੇ ਰਹਿਣਾ ਚਾਹੀਦਾ ਹੈ ਅਤੇ ਹਰ ਮਿਲਣ ਵਾਲੀ ਸ਼ੈਅ ਲਈ ਧੰਨਵਾਦ ਬੱਚਿਆਂ ਕੋਲੋਂ ਕਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵੱਡਿਆਂ ਦਾ ਨਾਮ ਨਾ ਲੈਣਾ:
ਜਿਵੇਂ ਸ਼ੁਰੂ ਵਿੱਚ ਹੀ ਅਸੀਂ ਗੱਲ ਕਰ ਆਏ ਹਾਂ ਕਿ ਜਦ ਬੱਚੇ ਘਰ ਵਿੱਚ ਵੱਡਿਆਂ ਦਾ ਨਾਂ ਲੈਂਦੇ ਹਨ ਤਾਂ ਅਸੀਂ ਅਣਦੇਖਾ ਕਰ ਜਾਂਦੇ ਹਨ ਅਤੇ ਵੱਡੇ ਹੋਣ ਤੇ ਉਹਨਾਂ ਦੀ ਇਹੀ ਆਦਤ ਪੱਕ ਜਾਂਦੀ ਹੈ, ਜਿਸ ਨੂੰ ਬਦਲਣਾ ਬਾਅਦ ਵਿੱਚ ਮੁਸ਼ਕਿਲ ਹੋ ਜਾਂਦਾ ਹੈ। ਜਦ ਅਸੀ ਵੱਡਿਆਂ (ਰਿਸ਼ੇਤਦਾਰਾਂ) ਨਾਲ ਬੱਚਿਆਂ ਨੂੰ ਮਿਲਵਾਉਂਦੇ ਹਨ ਤਾਂ ਬੱਚਿਆਂ ਇਹ ਜ਼ਰੂਰ ਦੱਸਿਆ ਜਾਵੇ ਕਿ ਉਹ ਸਾਡੇ ਰਿਸ਼ਤੇ ਵਿੱਚ ਕੀ ਲੱਗਦੇ ਹਨ ਤਾਂ ਕਿ ਬੱਚੇ ਛੇਤੀ ਨਾਲ ਵੱਡਿਆਂ ਨੂੰ ਕਿਵੇਂ ਅਤੇ ਕਿਸ ਰਿਸ਼ਤੇ ਦੇ ਨਾਂ ਤੇ ਸੰਬੋਧਨ ਹੋਣਾ ਹੈ ਪਤਾ ਲੱਗ ਜਾਏ।
ਬੂਹੇ ਤੇ ਇੰਤਜ਼ਾਰ ਕਰਨਾ:
ਛੋਟੀ ਉਮਰ ਦੇ ਬੱਚਿਆਂ ਨੂੰ ਕਿਸੇ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਲੱਗੀ ਘੰਟੀ ਵਜਾਉਣਾ ਬਹੁਤ ਅਨੰਦਿਤ ਕਰਦਾ ਹੈ। ਉਹ ਬਾਰ ਬਾਰ ਉਸ ਘੰਟੀ ਨੂੰ ਵਜਾਉਂਦੇ ਹਨ, ਜੋ ਕਿ ਬਹੁਤ ਭੱਦਾ ਲੱਗਦਾ ਹੈ, ਕਿਉਂਕਿ ਅੰਦਰ ਬੈਠਾ ਬੰਦਾ ਖਿੱਝ ਜਾਂਦਾ ਹੈ ਅਤੇ ਬੁਰਾ ਭਲਾ ਕਹਿੰਦਾ ਹੋਇਆ ਬਾਹਰ ਬੂਹਾ ਖੋਲ੍ਹਣ ਆਉਂਦਾ ਹੈ, ਜੋ ਕਿ ਚੰਗੀ ਗੱਲ ਨਹੀਂ। ਇਸਦੇ ਨਾਲ ਦਰਵਾਜ਼ਾ ਖੁਲ੍ਹਦੇ ਹੀ ਸਾਡੇ ਬੱਚੇ ਬਿਨ੍ਹਾਂ ਸਲਾਮ ਦੁਆ ਕੀਤੇ ਇੱਕ ਦਮ ਭੱਜ ਕੇ ਅੰਦਰ ਵੱਲ ਨੂੰ ਭੱਜ ਜਾਂਦੇ ਹਨ, ਜੋ ਕਿ ਵੱਡਿਆ ਲਈ ਵੀ ਨਮੋਸ਼ੀ ਭਰਿਆ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਦੱਸਿਆ ਜਾਵੇ ਕਿ ਘੰਟੀ ਵਜਾਉਣ ਤੋਂ ਬਾਅਦ ਕੁੱਝ ਦੇਰ ਇੰਤਜ਼ਾਰ ਕਰਨਾ ਚਾਹੀਦਾ ਹੈ। ਦੋਸਤ-ਮਿੱਤਰ, ਰਿਸ਼ਤੇਦਾਰ ਜਾਂ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ, ਸ਼ਿਸ਼ਟਾਚਾਰ ਹਰ ਥਾਂ ਉੰਨਾ ਹੀ ਜ਼ਰੂਰੀ ਹੁੰਦਾ ਹੈ।
ਪ੍ਰਹੁਣਿਆ ਦੀ ਤਰ੍ਹਾਂ ਰਹਿਣਾ:
ਰਿਸ਼ਤੇਦਾਰਾਂ ਦੇ ਘਰ ਜਾਂ ਕੁੱਝ ਥਾਵਾਂ ਤੇ ਜਾ ਕੇ ਬੱਚੇ ਬਹੁਤ ਜਲਦੀ ਘੁਲ ਮਿਲ ਜਾਂਦੇ ਹਨ ਅਤੇ ਫਿਰ ਆਪਣੀ ਮਰਜ਼ੀ ਕਰਦੇ ਹੋਏ ਜਿੱਧਰ ਮਰਜ਼ੀ ਬਿਨ੍ਹਾਂ ਦੇਖੇ ਜਾਂ ਸੋਚੇ ਸਮਝੇ ਭੱਜੇ ਫਿਰਦੇ ਹਨ, ਜਿਵੇਂ ਮਰਜ਼ੀ ਕਿਸੇ ਚੀਜ਼ ਨੂੰ ਬਿਨ੍ਹਾਂ ਇਜਾਜ਼ਤ ਦੇ ਚੁੱਕ ਲੈਂਦੇ ਹਨ। ਕਈ ਵਾਰ ਕੁੱਝ ਚੀਜਾਂ ਜਾਂ ਖਿਡੌਣੇ ਟੁੱਟ ਵੀ ਜਾਂਦੇ ਹਨ। ਉਸ ਵੇਲੇ ਮੌਕੇ ਤੇ ਹੀ ਅਸੀਂ ਬੱਚਿਆਂ ਨੂੰ ਝਿੜਕ ਦਿੰਦੇ ਹਾਂ ਜਾਂ ਕਈ ਵਾਰ ਥੱਪੜ ਵੀ ਜੜ੍ਹ ਦਿੰਦੇ ਹਾਂ। ਇਸ ਨਾਲੋਂ ਚੰਗਾ ਹੈ ਕਿ ਬੱਚਿਆਂ ਨੂੰ ਘਰ ਵਿੱਚ ਹੀ ਜਾਂ ਘਰ ਆ ਕੇ ਹਰ ਚੀਜ਼ ਪ੍ਰਤੀ ਉਹਨਾਂ ਦੀ ਜੁਆਬਦੇਹੀ ਦੀ ਆਦਤ ਸਿਖਾਈ ਜਾਵੇ। ਜਦ ਤੱਕ ਮੇਜ਼ਬਾਨ ਖਾਣ ਲਈ ਨਾ ਕਹੇ ਤਦ ਤੱਕ ਸਬਰ ਰੱਖਣ ਦੀ ਜਾਂਚ ਬੱਚਿਆਂ ਨੂੰ ਸਿਖਾਈ ਜਾਵੇ। ਇਸੇ ਤਰ੍ਹਾਂ ਬੱਚਿਆਂ ਵੱਲੋਂ ਜੂਠਾ ਛੱਡਣ ਦੀ ਆਦਤ ਨੂੰ ਜ਼ਰੂਰ ਬਦਲਿਆ ਜਾਵੇ ਅਤੇ ਘਰ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇ। ਮੱਦਦਗਾਰ ਬਣਨ ਦੀ ਪ੍ਰੇਰਣਾ: ਕਿਸੇ ਦੇ ਘਰ ਪ੍ਰਹੁਣੇ ਬਣ ਕੇ ਜਾਣ ਤੋਂ ਬਾਅਦ ਉੱਥੇ ਖਾਣਾ ਪ੍ਰੋਸਣ ਵੇਲੇ ਇੱਕ ਦੂਜੇ ਦੀ ਮੱਦਦ ਕਰਨ ਦੀ ਜਾਂਚ ਸਿਖਾਈ ਜਾਵੇ। ਇਹ ਆਦਤ ਆਪਣੇ ਘਰ, ਸਕੂਲ, ਪਾਰਕ ਬਾਜ਼ਾਰ ਆਦਿ ਹੋਰ ਥਾਵਾਂ ਤੇ ਕਾਰ-ਵਿਹਾਰ ਕਰਦੇ ਹੋਏ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰੇਗੀ ਅਤੇ ਮਾਤਾ-ਪਿਤਾ ਦਾ ਵੀ ਨਾਂ ਚਮਕੇਗਾ। ਘਰੇਲੂ ਕੰਮਾਂ ਵਿੱਚ ਵੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਭੈਣ-ਭਰਾ ਨਾਲ ਛੋਟੇ ਮੋਟੇ ਕੰਮਾਂਕਾਰਾਂ ਵਿੱਚ ਹੱਥ ਵਟਾਉਣ ਦੀ ਜਾਂਚ ਸਿਖਾਈ ਜਾਵੇ।
ਅਜਿਹੇ ਹੋਰ ਵੀ ਬਹੁਤ ਸਾਰੇ ਨੁਕਤੇ ਹਨ ਜਿੰਨ੍ਹਾਂ ਨੂੰ ਅਜ਼ਮਾ ਕੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਹਿਜ਼ੀਬ ਸਿਖਾ ਸਕਦੇ ਹਾਂ। ਇਹ ਕੇਵਲ ਬਚਪਨ ਵਿੱਚ ਹੀ ਨਹੀਂ ਸਗੋਂ ਉਮਰ ਦੇ ਹਰ ਪੜਾਅ ਵਿੱਚ ਉਨ੍ਹਾਂ ਦੀ ਮੱਦਦ ਕਰੇਗੀ ਅਤੇ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣੇਗੀ। ਜਿਹੋ ਜਿਹਾ ਵਿਹਾਰ ਅਸੀਂ ਬੱਚਿਆਂ ਕੋਲੋਂ ਚਾਹੁੰਦੇ ਹਾਂ ਉਹੋ ਜਿਹਾ ਵਿਵਹਾਰਕ ਜੀਵਣ ਸਾਨੂੰ ਵੀ ਜਿਊਣਾ ਪਵੇਗਾ। ਆਓ! ਬੱਚਿਆਂ ਨੂੰ ਚੰਗੇ ਨਾਗਰਿਕ ਅਤੇ ਸਾਮਜਿਕ ਜੀਵ ਬਣਾਉਣ ਵਿੱਚ ਉਹਨਾਂ ਦੀ ਮੱਦਦ ਕਰੀਏ। ਆਮੀਨ!
ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।