ਭਾਈ ਵੀਰ ਸਿੰਘ ਜੀ ਦਾ ਜਨਮ 5 ਦਿਸੰਬਰ, 1872ਈ: ਨੂੰ ਪਿਤਾ ਸ. ਚਰਨ ਸਿੰਘ ਜੀ ਤੇ ਮਾਤਾ ਸਰਦਾਰਨੀ ਉੱਤਮ ਕੌਰ ਜੀ ਦੇ ਗ੍ਰਹਿ ਵਿਖੇ ਅਮ੍ਰਿਤਸਰ, ਪੰਜਾਬ ਵਿਚ ਹੋਇਆ। ਆਪ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਨਮ-ਦਾਤਾ ਕਿਹਾ ਜਾਂਦਾ ਹੈ। ਆਪ ਜੀ ਨੇ ਪੰਜਾਬੀ ਭਾਸ਼ਾ ਵਿਚ ਬਹੁਪੱਖੀ ਰਚਨਾਵਾਂ ਰਚੀਆਂ ਜਿਸ ਵਿਚ ਕਵਿਤਾ, ਵਾਰਤਕ, ਨਾਵਲ ਤੇ ਨਾਟਕ ਸ਼ਾਮਿਲ ਹਨ। ਇਸਤੋਂ ਇਲਾਵਾ ਆਪ ਜੀ ਨੇ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਮਹਾਨ ਕੰਮ ਵੀ ਕੀਤਾ। ਪ੍ਰੋ। ਪੂਰਨ ਸਿੰਘ ਜੀ ਲਿਖਦੇ ਹਨ ਕਿ ਭਾਈ ਵੀਰ ਸਿੰਘ ਜੀ ਆਪਣੇ ਆਪ ਵਿਚ ਇੱਕ ਯੁੱਗ ਸਨ। ਇੱਕ ਕਵੀ ਦੇ ਤੌਰ ਤੇ ਉਹ ਇੱਕ ਸ਼ਾਹਅਸਵਾਰ ਸਨ, ਜਿਨ੍ਹਾਂ ਦਾ ਕਿਸੇ ਪਰੀ ਵਰਗਾ ਘੋੜਾ ਅਤੀਤ ਤੇ ਭਵਿੱਖ ਵਿਚ ਛਲਾਂਗਾਂ ਮਾਰਦਾ, ਗ਼ੁਜ਼ਰ ਚੁੱਕੇ ਤੇ ਆਉਣ ਵਾਲ਼ੇ ਕੱਲ ਦੇ ਪਾਤਰਾਂ ਨਾਲ਼ ਗੱਲਾਂ ਮਾਰਦਾ ਹੋਇਆ, ਉੱਥੋਂ ਦੇ ਬਸ਼ਿੰਦਿਆਂ ਦੇ ਦਿਲ ਵਿਚ ਜਾ ਉੱਤਰਦਾ ਹੈ! ...