Emergency
ਐਮਰਜੰਸੀ
ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਅੱਠ ਕੁ ਵਰ੍ਹੇ ਦਾ ਸੀ। ਭਾਰਤ ਵਿੱਚ ਐਮਰਜੰਸੀ ਲੱਗੀ ਹੋਈ ਸੀ। ਚਾਰ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਸੀ। ਜੇ ਕੋਈ ਇਕੱਠਾ ਹੁੰਦਾ ਸੀ ਤਾਂ ਸਰਕਾਰ ਫੜ ਕੇ ਜੇਲ ਵਿੱਚ ਬੰਦ ਕਰ ਦਿੰਦੀ ਸੀ। ਬੜਾ ਹੀ ਦਹਿਸ਼ਤ ਦਾ ਮਹੌਲ ਸੀ। ਹਰ ਸਖਸ਼ ਡਰਿਆ ਤੇ ਘਬਰਾਇਆ ਹੋਇਆ ਸੀ!
ਸਾਡਾ ਸਕੂਲ ਇੱਕ ਕੁ ਮੀਲ ਦੀ ਵਿੱਥ ਤੇ ਸੀ - ਅਤੇ ਸਾਨੂੰ ਤੁਰ ਕੇ ਆਣਾ-ਜਾਣਾ ਪੈਂਦਾ ਸੀ। ਸਕੂਲ ਕੱਲਿਆਂ ਜਾਣ ਲੱਗਿਆਂ ਮਨ ਬੜਾ ਹੀ ਭੈ ਖਾਂਦਾ ਸੀ। ਜੇ ਕੋਈ ਸਾਥ ਮਿਲ ਜਾਂਦਾ ਤਾਂ ਬੜੀ ਤੱਸਲੀ ਹੁੰਦੀ ਸੀ। ਸਵੇਰੇ ਜਾਣ ਲੱਗਿਆਂ ਤਾਂ ਕੋਈ ਨਾ ਕੋਈ ਸਾਥੀ ਜ਼ਰੂਰ ਮਿਲ ਜਾਂਦਾ ਸੀ। ਵੈਸੇ ਵੀ ਸਵੇਰੇ-ਸਵੇਰੇ ਸੜਕ ਤੇ ਬੜੀ ਚਹਿਲ ਪਹਿਲ ਹੁੰਦੀ ਸੀ। ਪਰ ਛੁੱਟੀ ਤੋਂ ਬਾਅਦ ਆਉਣ ਲੱਗਿਆਂ ਕਈ ਵਾਰ ਸਾਥ ਨਹੀਂ ਸੀ ਮਿਲਦਾ - ਜੇ ਕੋਈ ਜਮਾਤੀ ਨਾਲ ਵੀ ਹੁੰਦਾ ਸੀ ਤਾਂ ਉਹ ਵੀ ਡਰਦਾ ਹੁੰਦਾ ਸੀ! ਸਿਖਰ ਦੁਪਹਿਰ ਨੂੰ ਸਿਆਹ ਸੜਕ ਵੀ ਦੂਰ ਦੂਰ ਤੱਕ ਖਾਲੀ ਨਜ਼ਰ ਆਉਂਦੀ ਸੀ। ਕੋਈ ਰਾਹਗੀਰ, ਸਾਇਕਲ ਵਾਲਾ, ਬੱਸ ਜਾਂ ਟਰੱਕ ਵੀ ਨਹੀਂ ਸੀ ਨਜ਼ਰ ਆਉਂਦਾ। ਐਮਰਜੰਸੀ ਕਰਕੇ ਅਸੀਂ ਵੈਸੇ ਵੀ ਬਹੁਤ ਘਬਰਾਏ ਰਹਿੰਦੇ ਸੀ। ਨਾਲੇ ਬੱਚਿਆਂ ਦੇ ਅਗਵਾ ਹੋਣ ਦੀਆਂ ਅਫ਼ਵਾਹਾਂ ਵੀ ਬਹੁਤ ਗਰਮ ਸਨ।
ਇੱਕ ਦਿਨ ਅਸੀਂ ਤਿੰਨ ਜਮਾਤੀ, ਸਕੂਲ ਤੋਂ ਘਰ ਵਾਸਤੇ ਦੇਰੀ ਨਾਲ ਨਿੱਕਲੇ। ਸੌਖਾ ਰਸਤਾ ਹੋਣ ਕਰਕੇ ਅਸੀਂ ਸਕੂਲ ਦੇ ਪਿੱਛੋਂ ਦੀ ਸੜਕ ਤੋਂ ਜਾ ਰਹੇ ਸੀ। ਸਿਖਰ ਦੁਪਹਿਰ ਸੀ ਅਤੇ ਸੜਕ ਬੜੀ ਹੀ ਸੁੰਨਸਾਨ ਸੀ ! ਘਬਰਾਏ ਹੋਏ ਅਸੀਂ ਵੱਡੀ ਸੜਕ ਵੱਲ੍ਹ ਨੂੰ ਜਾ ਰਹੇ ਸੀ, ਜਦੋਂ ਇੱਕ ਸਾਇਕਲ ਤੇ ਸਵਾਰ ਬੰਦਾ ਸਾਡੇ ਕੋਲੋਂ ਦੀ ਲੰਘਿਆ - ਸ਼ਾਇਦ ਕੁੱਝ ਵੇਚਣ ਵਾਲਾ ਸੀ। ਪਰ ਉਹ ਸਾਡੇ ਵਲ੍ਹ ਗਹੁ ਨਾਲ ਤੱਕ ਰਿਹਾ ਸੀ - ਜਿਵੇਂ ਕਿ ਸਾਡਾ ਮੁਆਇਨਾ ਕਰ ਰਿਹਾ ਹੋਵੇ। ਸਾਡਾ ਉਪਰਲਾ ਸਾਹ ਉੱਤੇ ਦਾ ਉੱਤੇ ਅਤੇ ਥੱਲੇ ਦਾ ਥੱਲੇ ਰਹਿ ਗਿਆ ਸੀ। ਉਹ ਥੋੜੀ ਦੇਰ ਰੁਕਿਆ ਪਰ ਫੇਰ ਚਲਾ ਗਿਆ। ਅਸੀਂ ਅਜੇ ਸੁੱਖ ਦਾ ਸਾਹ ਹੀ ਲਿਆ ਸੀ, ਜਦ ਜਾਂਦੇ ਹੋਏ ਉਸਨੇ ਫੇਰ ਪਿਛਾਂਹ ਮੁੜ ਕੇ ਸਾਡੇ ਵੱਲ੍ਹ ਵੇਖਿਆ ਤੇ ਉਹ ਆਪਣਾ ਸਾਇਕਲ ਵਾਪਿਸ ਮੋੜ ਕੇ, ਸਾਡੇ ਵੱਲ੍ਹ ਨੂੰ ਆਉਣ ਲੱਗਿਆ।
ਅਚਾਨਕ ਅਸੀਂ ਬਸਤੇ ਸਿਰ ਤੇ ਚੁੱਕੇ ਤੇ ਵੱਡੀ ਸੜਕ ਵੱਲ੍ਹ ਨੂੰ ਦਬੀੜ ਖਿੱਚ ਦਿੱਤੀ …
~ਅਮਨਦੀਪ ਸਿੰਘ