ਅਮਨਦੀਪ ਸਿੰਘ
ਇੱਕ ਵਾਰ ਦੀ ਗੱਲ ਹੈ, ਇੱਕ ਛੋਟੀ ਜਿਹੀ ਕੁੜੀ ਜਿਸਦਾ ਨਾਮ ਆਨਿਆ ਸੀ, ਅਮਰੀਕਾ ਦੇ ਮੈਸੇਚੁਸੈੱਟਸ ਰਾਜ ਦੇ ਸ਼ਹਿਰ ਬੋਸਟਨ ਵਿਖੇ ਆਪਣੇ ਮਾਤਾ ਪਿਤਾ ਨਾਲ਼ ਰਹਿੰਦੀ ਸੀ। ਉਸਨੂੰ ਪੱਤਝੜ ਦਾ ਮੌਸਮ ਬਹੁਤ ਚੰਗਾ ਲਗਦਾ ਸੀ। ਹਰ ਸਾਲ ਉਹ ਆਪਣੇ ਮਾਤਾ ਪਿਤਾ ਨਾਲ਼ ਪਤਝੜ ਦੇ ਰੰਗ ਦੇਖਣ ਜਾਂਦੀ ਸੀ - ਪੀਲ਼ੇ, ਲਾਲ-ਕਚੂਰ, ਭੂਰੇ ਰੰਗ ਦੇ ਪੱਤੇ, ਧਰਤੀ ਦੇ ਕੈਨਵਸ ਤੇ ਖੂਬਸੂਰਤ ਰੰਗ ਵਾਹੁੰਦੇ, ਉਸਦੇ ਮਨ ਨੂੰ ਬਹੁਤ ਭਾਉਂਦੇ ਸਨ। ਉਸਨੂੰ ਇੰਝ ਲਗਦਾ ਸੀ ਕਿ ਜਿਵੇਂ ਉਹ ਇੱਕ ਨਵੇਂ ਹੀ ਸੰਸਾਰ ਵਿੱਚਵਿੱਚਰ ਰਹੀ ਹੋਵੇ।
ਉਸਦੇ ਮਾਤਾ ਪਿਤਾ ਪਿੱਛਿਓਂ ਪੰਜਾਬ (ਭਾਰਤ) ਤੋਂ ਸਨ।
‘ਕੀ ਪੰਜਾਬ ਵਿੱਚ ਵੀ ਪਤਝੜ ਹੁੰਦੀ ਹੈ?’ ਇੱਕ ਦਿਨ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ।
‘ਹਾਂ, ਕਿਓਂ ਨਹੀਂ! ਉੱਥੇ ਵੀ ਮੌਸਮ ਬਦਲਦੇ ਹਨ, ਉੱਥੇ ਛੇ ਮੌਸਮ ਹੁੰਦੇ ਹਨ, ਇੱਥੇ ਵਾਂਗ ਚਾਰ ਨਹੀਂ। ਪੱਤਿਆਂ ਦੇ ਰੰਗ ਜ਼ਿਆਦਾਤਰ ਪੀਲੇ ਜਾਂ ਭੂਰੇ ਹੁੰਦੇ ਹਨ, ਬਹੁਤੇ ਲਾਲ ਨਹੀਂ। ਪਰ ਕਈ ਸ਼ਹਿਰਾਂ ਜਿਵੇਂ ਚੰਡੀਗੜ੍ਹ ਵਿੱਚਤੁਸੀਂ ਲਾਲ ਰੰਗ ਦੇ ਪੱਤੇ ਵੀ ਵੇਖ ਸਕਦੇ ਹੋ।’
‘ਕੀ ਕਦੇ ਅਸੀਂ ਉੱਥੇ ਪਤਝੜ ਵਿੱਚਜਾ ਸਕਦੇ ਹਾਂ, ਜ਼ਿਆਦਾਤਰ ਅਸੀਂ ਸਰਦੀਆਂ ਵਿੱਚਹੀ ਜਾਂਦੇ ਹਾਂ।’
‘ਕਿਓਂ ਨਹੀਂ, ਅਸੀਂ ਜਲਦੀ ਹੀ ਪ੍ਰੋਗਰਾਮ ਬਣਾਵਾਂਗੇ। ਪੰਜਾਬ ਕੀ ਅਸੀਂ ਇੰਡੀਆ ਤੇ ਦੁਨੀਆਂ ਦੇ ਹੋਰ ਵੀ ਸ਼ਹਿਰਾਂ ਵਿੱਚਜਾਵਾਂਗੇ।’
ਫੇਰ ਕੀ ਇਸ ਵਾਰ ਜਦ ਹੀ ਪਤਝੜ ਸ਼ੁਰੂ ਹੋਈ, ਸਭ ਤੋਂ ਪਹਿਲਾਂ ਉਹ ਕਿਰਾਏ ਦੀ ਕਾਰ ਵਿੱਚਉੱਤਰੀ ਅਮਰੀਕਾ ਦੇ ਪ੍ਰਾਂਤ ਵਰਮੌਂਟ ਗਏ, ਜਿੱਥੇ ਸਭ ਤੋਂ ਪਹਿਲਾਂ ਪੱਤਿਆਂ ਦੇ ਰੰਗ ਬਦਲਦੇ ਸਨ। ਦਰਖਤਾਂ ਨੇ ਪੱਤਿਆਂ ਦੇ ਰੰਗ-ਬਿਰੰਗੇ ਪੁਸ਼ਾਕੇ ਪਹਿਨੇ ਹੋਏ ਸਨ। ਐਸਪੇਨ ਦੇ ਪੱਤੇ ਸੋਨੇ ਰੰਗੇ ਸਨ, ਓਕ ਦੇ ਪੱਤੇ ਲਾਲ-ਭੂਰੇ ਸਨ ਤੇ ਮੇਪਲ ਦੇ ਪੱਤੇ ਲਾਲ-ਕਚੂਰ ਸਨ। ਮੇਪਲ ਜਿਸ ਦਾ ਰਸ ਤੇ ਖੰਡ ਬਹੁਤ ਸੁਆਦ ਹੁੰਦੀ ਹੈ।
ਅਮਰੀਕਾ ਦੇ ਹਰੇ-ਭਰੇ, ਦੁੱਧ-ਮੱਖਣ, ਪਨੀਰ ਤੇ ਆਈਸਕਰੀਮ ਦਾ ਉਤਪਾਦਨ ਕਰਨ ਵਾਲ਼ੇ ਖੂਬਸੂਰਤ ਪ੍ਰਾਂਤ ਵਰਮੌਂਟ ਦੇ ਵਿੱਚੋਂ ਦੀ ਪਤਝੜ ਦੇਖਦੇ ਹੋਏ ਉਹ ਕਨੇਡਾ ਬਾਰਡਰ ਤੇ ਪਹੁੰਚੇ। ਬਾਰਡਰ ਤੇ ਲੰਮੀ ਲਾਈਨ ਸੀ, ਪਰ ਉਹ ਬਹੁਤ ਉਤਸ਼ਾਹਿਤ ਸੀ। ਬਾਰਡਰ ਪਾਰ ਕਰਕੇ ਉਹ ਕੈਨੇਡਾ ਦੀ ਪਤਝੜ ਦੇਖਦੇ ਹੋਏ ਮਾਂਟਰੀਅਲ ਵੱਲ ਨੂੰ ਚੱਲ ਪਏ। ਸੋਨੇ, ਲਾਲ ਅਤੇ ਸੰਗਤਰੀ ਰੰਗ ਦਾ ਕੁਦਰਤੀ ਨਜ਼ਾਰਾ ਬਹੁਤ ਹੀ ਮਨਮੋਹਕ ਸੀ।
‘ਇਹ ਪੰਜਾਬ ਵਰਗਾ ਪੱਧਰਾ ਇਲਾਕਾ ਤੇ ਖੇਤ ਹਨ, ਖੂਬਸੂਰਤ ਦਿਹਾਤੀ ਦ੍ਰਿਸ਼!’ ਉਸਦੇ ਡੈਡ ਕਹਿ ਰਹੇ ਸਨ।
‘ਸੱਚਮੁੱਚ ਹੀ।’ ਉਸਦੇ ਮੰਮੀ ਬੋਲੇ।
ਉਨ੍ਹਾਂ ਨੇ ਇੱਕ ਮੂਸ (ਬਾਰਾਸਿੰਗਾ ਵਰਗਾ ਇੱਕ ਜੰਗਲੀ ਜਾਨਵਰ) ਵੀ ਦੇਖਿਆ ਜੋ ਕਿ ਖੇਤਾਂ ਵਿੱਚ ਘਾਹ ਚਰ ਰਿਹਾ ਸੀ।
ਮਾਂਟਰੀਅਲ ਤੋਂ ਉਹ ਹਵਾਈ ਜਹਾਜ਼ ਰਾਹੀਂ ਜਪਾਨ ਨੂੰ ਉਡ ਕੇ ਗਏ, ਜਿੱਥੇ ਪਤਝੜ ਦੇ ਪੱਤੇ ਕਿਰਮਚੀ ਰੰਗੇ ਸਨ। ਮੌਸਮ ਬਹੁਤ ਹੀ ਮਨ ਲੁਭਾਉਣਾ ਸੀ! ਉੱਥੇ ਉਨ੍ਹਾਂ ਨੇ ਗਗਨਚੁੰਬੀ ਇਮਾਰਤਾਂ, ਬੋਧੀ ਮੰਦਰ, ਠਾਠ-ਬਾਠ ਵਾਲ਼ੇ ਸ਼ਾਪਿੰਗ ਕੰਪਲੈਕਸ ਦੇਖੇ।
ਇੱਕ-ਦੋ ਦਿਨ ਜਪਾਨ ਵਿੱਚਘੁੰਮ ਕੇ ਉਨ੍ਹਾਂ ਨੇ ਦਿੱਲੀ ਵੱਲ ਨੂੰ ਉਡਾਣ ਭਰੀ।
ਦਿੱਲੀ ਵਿਖੇ ਪੱਤਿਆਂ ਦਾ ਰੰਗ ਜ਼ਿਆਦਾਤਰ ਹਰਾ ਹੀ ਸੀ, ਪਰ ਕਿਤੇ-ਕਿਤੇ ਸੋਨੇ ਰੰਗੀ ਭਾਹ ਮਾਰਦੇ, ਜ਼ਰਦ-ਪੀਲ਼ੇ ਤੇ ਭੂਰੇ ਨਜ਼ਰ ਆ ਰਹੇ ਸਨ। ਦਿੱਲੀ ਦੇ ਵਿੱਚਪ੍ਰਦੂਸ਼ਣ ਦਾ ਧੂਆਂ ਹਰ-ਤਰਫ਼ ਪਸਰਿਆ ਹੋਇਆ ਸੀ, ਵੈਸੇ ਮੌਸਮ ਥੋੜ੍ਹਾ ਗਰਮ ਸੀ।
ਆਪਣੇ ਨਾਨਕੇ ਚੰਡੀਗ੍ਹੜ ਪੁੱਜ ਕੇ, ਉਨ੍ਹਾਂ ਨੇ ਰੋਜ਼ ਗਾਰਡਨ ਤੇ ਸ਼ਾਂਤੀ ਪੱਥ ਦੀ ਸੈਰ ਕੀਤੀ, ਜਿੱਥੇ ਪਿੱਪਲ ਦੇ ਅੱਧੇ-ਹਰੇ ਤੇ ਅੱਧੇ-ਪੀਲ਼ੇ, ਅਮਲਤਾਸ ਦੇ ਚਮਕਦਾਰ ਪੀਲ਼ੇ ਤੇ ਕਈ ਹੋਰ ਦਰਖਤਾਂ ਦੇ ਲਾਲ-ਕਿਰਮਚੀ ਪੱਤੇ ਦੇਖੇ। ਉਨ੍ਹਾਂ ਨੇ ਚੰਡੀਗੜ੍ਹ ਆਰਟ ਮਿਊਜ਼ੀਅਮ ਵੀ ਦੇਖਿਆ।
‘ਸਾਨੂੰ ਤਾਂ ਇੱਥੇ ਰਹਿੰਦਿਆਂ ਇੰਨੇ ਸਾਲ ਹੋ ਗਏ ਨੇ ਅਸੀਂ ਤਾਂ ਕਦੇ ਨਹੀਂ ਸੋਚਿਆ ਕਿ ਇੰਨਾ ਸੋਹਣਾ ਮਿਊਜ਼ੀਅਮ ਇੱਥੇ ਹੋਏਗਾ!’ ਉਸਦੀ ਮਸੇਰੀ ਭੈਣ ਨੇ ਹੈਰਾਨ ਹੁੰਦਿਆਂ ਕਿਹਾ।
‘ਹਾਂ, ਇੱਥੇ ਸੱਚਮੁੱਚ ਬਹੁਤ ਹੀ ਸ਼ਾਨਦਾਰ ਚਿੱਤਰ ਤੇ ਮੂਰਤੀਆਂ ਹਨ!’ ਆਨਿਆ ਵੀ ਦਾਦ ਦਿੰਦਿਆਂ ਬੋਲੀ।
ਪੰਜਾਬ ਵਿੱਚ ਹਰੇ-ਭਰੇ ਖੇਤ ਉਸਨੂੰ ਬਹੁਤ ਹੀ ਮਨਮੋਹਣੇ ਤੇ ਦਿਲ ਲੁਭਾਉਣੇ ਲੱਗ ਰਹੇ ਸਨ ਕਿ ਉਹ ਪਤਝੜ ਨੂੰ ਭੁੱਲ ਹੀ ਗਈ।
‘ਹਾਂ, ਬੇਟੇ ਕਿਉਂਕਿ ਇੰਡੀਆ ਇਕੁਏਟਰ (ਭੂਮੱਧ ਰੇਖਾ) ਦੇ ਨੇੜੇ ਹੈ ਤੇ ਇੱਥੇ ਸਾਰਾ ਸਾਲ ਤੇਜ਼ ਧੁੱਪ ਰਹਿੰਦੀ ਹੈ, ਇਸ ਕਰਕੇ ਇੱਥੇ ਉੱਤਰੀ ਅਮਰੀਕਾ ਵਾਂਗ ਚਾਰ ਮੌਸਮ ਨਹੀਂ ਹੋ ਸਕਦੇ। ਪਤਝੜ ਇੱਥੇ ਦੋ ਮਹੀਨੇ ਦੀ ਹੁੰਦੀ ਹੈ ਜੋ ਮਾਨਸੂਨ ਤੋਂ ਸਰਦੀ ਦੇ ਮੌਸਮ ਦੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ।’ ਉਸਦੇ ਪਿਤਾ ਜੀ ਉਸਨੂੰ ਸਮਝ ਰਹੇ ਸਨ।
ਉਹ ਇੰਡੀਆ ਦੇ ਸਭ ਤੋਂ ਖੂਬਸੂਰਤ ਕੁਦਰਤੀ ਨਜ਼ਾਰਿਆਂ, ਹਿਮਾਲਿਆ ਪਰਬਤ, ਫੁੱਲਾਂ ਨਾਲ਼ ਲੱਦੀਆਂ ਵਾਦੀਆਂ ਦੇ ਪ੍ਰਦੇਸ਼ ਕਸ਼ਮੀਰ ਵੀ ਘੁੰਮਣ ਗਏ, ਜਿਸਦੇ ਬਾਰੇ ਕਹਿੰਦੇ ਹਨ ਕਿ ਜੇ ਧਰਤੀ ‘ਤੇ ਕਿਤੇ ਸਵਰਗ ਹੈ ਤਾਂ ਉੱਥੇ ਹੀ ਹੈ। ਅਸਲੀ ਪਤਝੜ ਦਾ ਨਜ਼ਾਰਾ ਤਾਂ ਉੱਥੇ ਦੇਖਣ ਵਾਲ਼ਾ ਸੀ। ਉਸਨੇ ਪੂਰੀ ਕਸ਼ਮੀਰ ਘਾਟੀ ਲਾਲ, ਭੂਰੇ ਅਤੇ ਸੰਗਤਰੀ ਰੰਗਾਂ ਦੀ ਫੁਲਕਾਰੀ ਵਿੱਚ ਬਦਲੀ ਹੋਈ ਦੇਖੀ! ਉੱਚੇ-ਲੰਮੇ ਚਿਨਾਰ ਦੇ ਰੁੱਖ ਵੀ ਦੇਖੇ ਜੋ ਸੰਗਤਰੀ ਤੇ ਲਾਲ ਭਾਹ ਮਾਰ ਰਹੇ ਸਨ। ਇੰਨਾ ਸ਼ਾਨਦਾਰ ਦ੍ਰਿਸ਼ ਤੇ ਦੂਰ ਹਿਮਾਲਿਆ ਪਰਬਤ ‘ਤੇ ਅਜੇ ਵੀ ਪਈ ਬਰਫ਼ ਦੇਖ ਕੇ ਅਚੰਭਿਤ ਰਹੀ ਗਈ। ਉਸਨੂੰ ਅਮਰੀਕਾ ਦੀ ਬਰਫ਼ ਦੀ ਯਾਦ ਆ ਗਈ, ਜਿਸ ਵਿੱਚ ਉਸਨੂੰ ਸਨੋਮੈਨ (ਬਰਫ਼ ਦਾ ਆਦਮੀ) ਬਣਾਉਣਾ ਤੇ ਫਿਸਲਣਾ ਬਹੁਤ ਚੰਗਾ ਲਗਦਾ ਸੀ।
ਵਾਪਸ ਦਿੱਲੀ ਏਅਰਪੋਰਟ ਨੂੰ ਜਾਂਦਿਆ ਉਸਦੇ ਡੈਡ ਨੇ ਪੁੱਛਿਆ, ‘ਬੇਟੇ, ਇਥੇ ਪਤਝੜ ਦੇਖ ਕੇ ਕਿਸ ਤਰ੍ਹਾਂ ਦਾ ਲੱਗਿਆ?’
‘ਬਹੁਤ ਵਧੀਆ, ਡੈਡ, ਮਜ਼ਾ ਆ ਗਿਆ। ਤੁਹਾਨੂੰ ਕਿਵੇਂ ਦਾ ਲੱਗਿਆ?’
ਉਸਦੇ ਡੈਡ ਕਹਿ ਰਹੇ ਸਨ, ‘ਵਧੀਆ ਲੱਗਿਆ, ਪਤਝੜ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਤੇ ਤਾਜ਼ੀ ਜਿਹੀ ਠੰਡ ਬਹੁਤ ਚੰਗੀ ਲਗਦੀ ਹੈ, ਪਰ ਗਲੋਬਲ ਵਾਰਮਿੰਗ ਨੇ ਬਹੁਤ ਕੰਮ ਖਰਾਬ ਕੀਤਾ ਹੈ - ਇਸ ਵਾਰ ਮੈਨੂੰ ਪਤਝੜ ਦੇ ਪੱਤੇ ਬੜੇ ਧੁੰਦਲੇ ਤੇ ਮਟਿਆਲ਼ੇ ਦਿਖੇ।’
‘ਹਾਂ, ਸੰਸਾਰ ਦਾ ਦਿਨੋਂ-ਦਿਨ ਵਧਦਾ ਤਾਪਮਾਨ ਤੇ ਜਲਵਾਯੂ ਪਰਿਵਰਤਨ ਵਿਚਾਰੇ ਦਰਖਤਾਂ ਨੂੰ ਹੈਰਾਨ-ਪਰੇਸ਼ਾਨ ਕਰ ਰਹੀ ਹੈ। ਕਦੇ ਪਤਝੜ ਪਹਿਲਾਂ ਤੇ ਕਦੇ ਲੇਟ ਆ ਰਹੀ ਹੈ।” ਉਸਦੀ ਮੰਮੀ ਬੋਲੀ, ਜੋ ਗਲੋਬਲ-ਵਾਰਮਿੰਗ ਵਾਰੇ ਬਹੁਤ ਚਿੰਤਾ ਕਰਦੀ ਸੀ।
ਜਦੋਂ ਉਹ ਵਾਪਸ ਅਮੀਰਕਾ ਪਹੁੰਚੇ ਤਾਂ ਹੈਰਾਨ ਹੀ ਰਹਿ ਗਏ, ਉਥੇ ਬਰਫ਼ ਦਾ ਤੂਫ਼ਾਨ ਆਇਆ ਹੋਇਆ ਸੀ।
‘ਅਕਤੂਬਰ ਵਿੱਚ ਬਰਫ਼!’ ਉਹ ਸਾਰੇ ਬਹੁਤ ਹੈਰਾਨ ਹੋ ਰਹੇ ਸਨ।
‘ਬਰਫ਼ ਤਾਂ ਦਿਸੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਕੀ ਹੋਇਆ?’
ਉਸਦੇ ਡੈਡ ਨੇ ਖ਼ਬਰਾਂ ਸੁਣਨ ਲਈ ਕਾਰ ਦਾ ਰੇਡੀਓ ਚਾਲੂ ਕਰ ਦਿੱਤਾ ਸੀ।
‘ਇਹ ਸਾਰਾ ਵਰਤਾਰਾ ਜਲਵਾਯੂ ਪਰਿਵਰਤਨ ਕਰਕੇ ਹੀ ਹੈ।’ ਉਸਦੀ ਮੰਮੀ ਨੇ ਚਿੰਤਾ ਕਰਦਿਆਂ ਕਿਹਾ, ‘ਉਮੀਦ ਹੈ ਘਰ ਵਿੱਚ ਬਿਜਲੀ ਹੋਵੇਗੀ। ਰੇਡੀਓ ਤੇ ਦੱਸ ਰਹੇ ਹਨ ਕਿ ਰੁੱਖਾਂ ਦਿਆਂ ਪੱਤਿਆਂ ਉੱਤੇ ਭਾਰੀ ਬਰਫ਼ ਦੇ ਦਬਾਅ ਕਾਰਣ ਬਹੁਤ ਸਾਰੇ ਰੁੱਖਾਂ ਦੀਆਂ ਟਹਿਣੀਆਂ ਟੁੱਟ ਗਈਆਂ ਹਨ ਤੇ ਹਜ਼ਾਰਾਂ ਹੀ ਰੁੱਖ ਡਿੱਗ ਪਏ ਹਨ। ਇਸ ਕਰਕੇ ਕਈ ਰੁੱਖ ਦੀਆਂ ਟਹਿਣੀਆਂ ਬਿਜਲੀ ਦੀਆਂ ਤਾਰਾਂ ਉੱਪਰ ਵੀ ਡਿਗ ਪਈਆਂ ਹਨ, ਜਿਸ ਕਰਕੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਹਨ।’
‘ਹਾਂ, ਸਰਦੀਆਂ ਵਿੱਚ ਜਦੋਂ ਬਰਫ਼ ਪੈਂਦੀ ਹੈ ਤਾਂ ਕਿਓਂਕਿ ਰੁੱਖਾਂ ‘ਤੇ ਪੱਤੇ ਨਹੀਂ ਹੁੰਦੇ ਤਾਂ ਬਰਫ਼ ਉਨ੍ਹਾਂ ਉੱਤੇ ਇੰਨਾ ਬੋਝ ਨਹੀਂ ਪਾ ਸਕਦੀ।’ ਉਸਦੇ ਡੈਡ ਨੇ ਦੱਸਿਆ।
ਜਦੋਂ ਉਹ ਆਪਣੇ ਘਰ ਦੇ ਕੋਲ਼ ਪਹੁੰਚੇ ਤਾਂ ਬਿਜਲੀ ਦੀਆਂ ਤਾਰਾਂ ਡਿਗਣ ਨਾਲ਼ ਰਸਤੇ ਬੰਦ ਸਨ, ਉਹ ਬੜੀ ਮੁਸ਼ਕਿਲ ਨਾਲ਼ ਕਿਸੇ ਹੋਰ ਰਸਤਿਓਂ ਘਰ ਪੁੱਜੇ।
ਰਸਤੇ ਵਿੱਚ ਉਹਨਾਂ ਨੇ ਦੇਖਿਆ ਕਿ ਕਿਸੇ ਵੀ ਘਰ ਬਿਜਲੀ ਨਹੀਂ ਸੀ।
ਅਤੇ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਗੁਆਂਢ ਤੇ ਘਰ ਵੀ ਬਿਜਲੀ ਨਹੀਂ ਸੀ। ਉਹ ਕਾਫ਼ੀ ਥੱਕੇ ਹੋਏ ਸਨ, ਇਸ ਕਰਕੇ ਇਸ ਉਮੀਦ ਵਿੱਚ ਸੌਂ ਗਏ ਕਿ ਹੋ ਸਕਦਾ ਹੈ ਸਵੇਰ ਤੱਕ ਬਿਜਲੀ ਆ ਜਾਵੇ।
ਦੂਸਰੇ ਦਿਨ ਜਦੋ ਉਹ ਉੱਠੇ ਤਾਂ ਪਤਝੜ ਦੇ ਰੰਗ-ਬਿਰੰਗੇ ਪੱਤਿਆਂ ਦੇ ਉੱਪਰ ਪਈ ਕਪਾਹ ਦੀਆਂ ਫੁੱਟੀਆਂ ਵਰਗੀ ਚਿੱਟੀ-ਚਿੱਟੀ ਬਰਫ਼ ਇੱਕ ਅਜੀਬ ਜਿਹਾ ਅਹਿਸਾਸ ਦੇ ਰਹੀ ਸੀ। ਸਵੇਰੇ ਵੀ ਬਿਜਲੀ ਨਹੀਂ ਸੀ ਤੇ ਨਹਾਉਣ ਲਈ ਗਰਮ ਪਾਣੀ ਵੀ ਨਹੀਂ ਸੀ।
ਉਹਨਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਅਗਲਾ ਦਰਖਤ ਵੀ ਅੱਧਾ ਟੁੱਟ ਚੁੱਕਾ ਸੀ। ਆਨਿਆ ਉਸਨੂੰ ਦੇਖ ਕੇ ਬਹੁਤ ਉਦਾਸ ਹੋਈ।
ਪਰ ਉਂਝ ਆਨਿਆ ਖ਼ੁਸ਼ ਸੀ ਕਿ ਕਿਉਂਕਿ ਉਹ ਪਤਝੜ ਦੇ ਕੁਦਰਤੀ ਨਜ਼ਾਰੇ ਦੇਖ ਕੇ ਆਈ ਸੀ ਤੇ ਅੱਜ ਹੈਲੋਵੀਨ ਦਾ ਤਿਓਹਾਰ ਸੀ। ਹੈਲੋਵੀਨ ਦਾ ਤਿਓਹਾਰ ਹਰ ਸਾਲ ਅਕਤੂਬਰ ਦੇ ਆਖਰੀ ਦਿਨ ਨੂੰ ਮਨਾਇਆ ਜਾਂਦਾ ਹੈ, ਜਦੋਂ ਬੱਚੇ ਸ਼ਾਮ ਦੇ ਘੁਸਮੁਸੇ ਵਿੱਚ ਅਲੱਗ-ਅਲੱਗ ਭੇਸ ਬਣਾ ਕੇ, ਆਪਣੇ ਮਨਪਸੰਦ ਪੁਸ਼ਾਕੇ ਪਾ ਕੇ ਘਰੋ-ਘਰੀ ਕੈਂਡੀਆਂ ਮੰਗਣ ਜਾਂਦੇ ਹਨ। ਪਰ ਜਲਦੀ ਹੀ ਉਸਦੀ ਖ਼ੁਸ਼ੀ ਉਦਾਸੀ ਵਿੱਚਬਦਲ ਗਈ ਕਿਉਂਕਿ ਸਾਰੇ ਘਰਾਂ ਵਿੱਚ ਬਿਜਲੀ ਨਾ ਹੋਣ ਕਰਕੇ ਸਰਕਾਰ ਨੇ ਹੈਲੋਵੀਨ ਦਾ ਤਿਉਹਾਰ ਇੱਕ-ਦੋ ਦਿਨ ਲਈ ਅੱਗੇ ਕਰ ਦਿੱਤਾ ਸੀ! ਹੁਣ ਉਸਨੂੰ ਹੈਲੋਵੀਨ ਮਨਾਉਣ ਲਈ ਇੰਤਜ਼ਾਰ ਕਰਨਾ ਪੈਣਾ ਸੀ! ਬਿਜਲੀ ਆਉਣ ਨੂੰ ਦੋ ਦਿਨ ਲੱਗ ਗਏ ਜੋ ਕਿ ਆਮ ਗੱਲ ਨਹੀਂ ਸੀ। ਜੇ ਕਦੇ ਤੂਫ਼ਾਨ ਕਰਕੇ ਬਿਜਲੀ ਜਾਂਦੀ ਸੀ ਤਾਂ ਕੁਝ ਕੁ ਘੰਟਿਆਂ ਅੰਦਰ ਹੀ ਵਾਪਸ ਆ ਜਾਂਦੀ ਸੀ। ਪਰ ਇਹ ਕੋਈ ਆਮ ਤੂਫ਼ਾਨ ਨਹੀਂ ਸੀ ਆਇਆ, ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਤੇ ਅਕਤੁਬਰ ਵਿੱਚ ਬਰਫ਼ ਪੈਣ ਦਾ ਇੱਕ ਨਵਾਂ ਰਿਕਾਰਡ ਪੈਦਾ ਹੋਇਆ ਸੀ। ਇਸ ਬਰਫ਼ੀਲੇ ਤੂਫ਼ਾਨ ਨਾਲ਼ ਜਾਨ-ਮਾਲ ਦਾ ਵੀ ਕਾਫ਼ੀ ਨੁਕਸਾਨ ਹੋਇਆ ਸੀ। ਇਹ ਆਪਣੇ ਆਪ ਵਿੱਚ ਇੱਕ ਅਨੋਖੀ “ਸਫ਼ੈਦ ਹੈਲੋਵੀਨ” ਸੀ!