ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ? 

How to Spot Fake News

ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ? 

ਅੱਜ ਦੇ ਜਾਣਕਾਰੀ ਦੇ ਦਬਾਅ ਭਰੇ ਯੁੱਗ ਵਿਚ ਮੀਡੀਆ ਸਾਖਰਤਾ ਦੀ ਮਹੱਤਤਾ 

ਅਮਨਦੀਪ ਸਿੰਘ 


ਨੱਕੋ-ਨੱਕ ਭਰੀ ਜਾਣਕਾਰੀ ਦਾ ਦਬਾਅ, ਆਪਣੇ ਵਰਗੇ ਲੋਕਾਂ ਦੇ ਹਾਂ-ਪੱਖੀ ਹੁੰਗਾਰਿਆਂ ਦੀ ਗੂੰਜ ਵਿਚ, ਐਲਗੋਰਿਦਮ* ਤੇ ਜਾਣਕਾਰੀ ਦੇ ਬੇਸਮਝ ਉਪਭੋਗ ਨਾਲ਼ ਮਿਲ਼ ਕੇ ਸਾਨੂੰ ਝੂਠੀਆਂ ਖ਼ਬਰਾਂ ਨੂੰ ਸਮਝਣ ਤੋਂ ਅਸਮਰੱਥ ਬਣਾਉਂਦਾ ਹੈ। - ਸਾਇੰਟਿਫਿਕ ਅਮੈਰਿਕਨ, ਦਸੰਬਰ 2020


ਅੱਜ ਦੇ ਜਾਣਕਾਰੀ ਦੇ ਦਬਾਅ ਭਰੇ ਯੁੱਗ ਵਿਚ ਸਾਡੇ ਸਭ ਲਈ ਮੀਡੀਆ ਸਾਖਰਤਾ ਦੀ ਯੋਗਤਾ ਅਤਿ ਜ਼ਰੂਰੀ ਹੈ। ਇੱਕ ਲੋਕਤੰਤਰੀ ਸਮਾਜ ਵਿਚ, ਵਿਭਿੰਨ ਦ੍ਰਿਸ਼ਟੀਕੋਣ ਮਹੱਤਵਪੂਰਨ ਹੁੰਦੇ ਹਨ, ਅਤੇ ਮੀਡੀਆ ਸਾਖਰਤਾ ਆਲੋਚਨਾਤਮਕ ਸੋਚ ਨੂੰ ਸਮਰੱਥ ਬਣਾਉਂਦੀ ਹੈ, ਲੋਕਾਂ ਨੂੰ ਵਿਸ਼ਾਲ ਮੀਡੀਆ ਸਾਗਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਤੈਰਨ ਵਿਚ ਮਦਦ ਕਰਦੀ ਹੈ। ਹਰ ਰੋਜ਼ ਅਸੀਂ ਇੰਨੀ ਜ਼ਿਆਦਾ ਜਾਣਕਾਰੀ ਸੁਣਦੇ-ਪੜ੍ਹਦੇ ਤੇ ਦੇਖਦੇ ਹਾਂ  ਕਿ ਸਾਡੇ ਲਈ ਝੂਠ ਤੇ ਭਰੋਸੇਯੋਗ ਜਾਣਕਾਰੀ ਨੂੰ ਪਛਾਣਨਾ ਬਹੁਤ  ਮੁਸ਼ਕਲ ਹੋ ਜਾਂਦਾ ਹੈ। ਲੋਕ ਰੋਜ਼ਾਨਾ ਲਗਭਗ 8-ਘੰਟੇ ਮੀਡੀਆ ਦੀ ਵਰਤੋਂ ਕਰਦੇ ਹਨ, ਇਸ ਕਰਕੇ ਉਸ ਸਮਗਰੀ  ਨੂੰ ਗੰਭੀਰਤਾ ਨਾਲ਼ ਸਮਝਣ ਅਤੇ ਉਸਦਾ ਵਿਸ਼ਲੇਸ਼ਣ ਕਰਨਾ ਬਹੁਤ ਮਹੱਤਵਪੂਰਣ ਹੈ। ਇੰਨਾ ਜ਼ਿਆਦਾ ਮੀਡੀਆ ਦਾ ਉਪਭੋਗ ਕਰਨ ਨਾਲ਼ ਸਾਡੇ ਦਿਲੋ-ਦਿਮਾਗ਼ ਤੇ ਅਸਰ ਹੋਣਾ ਸੁਭਾਵਿਕ ਹੈ।  ਜ਼ਿਆਦਾ ਜਾਣਕਾਰੀ ਦਾ ਦਬਾਅ ਸਾਡੇ ਦਿਲੋਂ-ਦਿਮਾਗ਼ ‘ਤੇ ਹਾਵੀ ਹੋ ਜਾਂਦਾ ਹੈ ਤੇ ਜਿਸ ਨਾਲ਼ ਅਸੀਂ ਹੋਰ ਵੀ ਜ਼ਿਆਦਾ ਭੰਬਲ-ਭੂਸੇ ਵਿਚ ਪੈ ਜਾਂਦੇ ਹਾਂ, ਬੇਚੈਨ ਹੋ ਜਾਂਦੇ ਹਾਂ। ਸਾਡੀ ਆਲੋਚਨਾਤਮਿਕ/ਤਰਕਸ਼ੀਲ ਸੋਚ ਰੁਕ ਜਾਂਦੀ ਹੈ ਤੇ ਸਾਡੇ ਲਈ ਸੱਚੀ ਤੇ ਝੂਠੀ ਜਾਣਕਾਰੀ ਵਿਚ ਫ਼ਰਕ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ਼ ਸਹੀ ਫ਼ੈਸਲੇ ਲੈਣੇ ਮੁਸ਼ਕਿਲ ਹੋ ਸਕਦੇ ਹਨ।  


ਮਨੁੱਖ ਇਕ ਸਮਾਜਿਕ ਜੀਵ ਹੈ ਤੇ ਮੀਡੀਆ ਇੱਕ ਮੁੱਖ ਤਰੀਕਾ ਹੈ ਜਿਸ ਨਾਲ਼ ਅਸੀਂ ਇਕ-ਦੂਜੇ ਨਾਲ਼ ਤਾਲਮੇਲ ਰੱਖਦੇ ਹਾਂ। ਮੀਡੀਆ ਸਾਡੀ ਸਵੈ ਦੀ ਭਾਵਨਾ, ਸਮਾਜ ਅਤੇ ਸੰਸਾਰ ਦੀ ਸਮਝ ਵਿਚ ਯੋਗਦਾਨ ਪਾਉਂਦਾ ਹੈ। ਪਰ ਮੀਡੀਆ ਦੇ ਸਕਾਰਾਤਮਕ ਅਤੇ ਨਕਾਰਾਤਮਕ, ਦੋਵੇਂ ਤਰ੍ਹਾਂ ਦੇ ਪ੍ਰਭਾਵ ਹੋ ਸਕਦੇ ਹਨ।


ਇਹ ਗੱਲ ਗੌਰ ਕਰਨ ਵਾਲ਼ੀ ਹੈ ਕਿ ਲੋਕ ਆਪਣੇ ਸਮਾਜਿਕ ਗੁੱਟਾਂ ਤੋਂ ਮਿਲ਼ੀ ਜਾਣਕਾਰੀ, ਜੋ ਉਹਨਾਂ ਦੇ ਪਹਿਲਾਂ ਤੋਂ ਮੌਜੂਦ ਵਿਸ਼ਵਾਸਾਂ ਅਤੇ ਡਰਾਂ ਨਾਲ਼ ਮੇਲ ਖਾਂਦੀ ਹੈ, 'ਤੇ ਜ਼ਿਆਦਾ ਭਰੋਸਾ ਤੇ ਵਿਸ਼ਵਾਸ ਕਰਦੇ ਹਨ ਅਤੇ ਉਸਨੂੰ ਅਗੇ ਸਾਂਝਾ ਕਰਦੇ ਹਨ। 

ਅਤੇ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਮੀਡੀਆ ਇੱਕ ਵਪਾਰ ਹੈ! ਮੀਡੀਆ ਕੰਪਨੀਆਂ ਤੇ ਉਹਨਾਂ ਦੇ ਮਾਲਕਾਂ ਦਾ ਮੁੱਖ ਮੰਤਵ ਉਸ ਵਿਚੋਂ ਮੁਨਾਫ਼ਾ ਲੈਣਾ ਹੀ ਹੁੰਦਾ ਹੈ! ਸਾਨੂੰ ਮੀਡੀਆ ਨੂੰ ਸਿਸਟਮ ਦੀ ਸੋਚ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ। ਜ਼ਿਆਦਾਤਰ ਮੀਡੀਆ ਵੱਡੇ ਪੱਧਰ ਦੀਆਂ ਮੀਡੀਆ ਕਾਰਪੋਰੇਸ਼ਨਾਂ ਨਾਲ਼ ਜੁੜਿਆ ਹੋਇਆ ਹੈ।


ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਜ਼ੋਰ ਹੈ। ਸੋਸ਼ਲ ਮੀਡੀਆ ਪਲੇਟਫਾਰਮ ਕਿਸੇ ਵੀ ਖ਼ਬਰ ਜਾਂ ਪੋਸਟ ਨੂੰ ਵਾਇਰਲ ਕਰਨ ਤੇ ਵਧਾਉਣ ਲਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ ਜੋ ਅਕਸਰ ਸਨਸਨੀਖੇਜ਼ ਜਾਂ ਭਾਵਨਾਤਮਕ ਸਮਗਰੀ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਵਿਚ ਜਾਅਲੀ ਖ਼ਬਰਾਂ ਸ਼ਾਮਲ ਹੁੰਦੀਆਂ ਹਨ। ਇਸ ਤਰ੍ਹਾਂ ਸੋਸ਼ਲ-ਮੀਡੀਆ ‘ਤੇ ਲੋਕਾਂ ਦਾ ਆਪਸੀ ਤਾਲਮੇਲ ਵਧਦਾ ਹੈ ਪਰ ਇਹ ਵਰਤਾਰਾ ਗ਼ਲਤ ਜਾਣਕਾਰੀ ਨੂੰ ਵੀ ਵਧਾਉਂਦਾ ਹੈ। ਸਵੈਚਲਿਤ ਖਾਤੇ ਜਾਂ ਬੋਟ (Bots), ਗ਼ਲਤ ਜਾਣਕਾਰੀ ਨੂੰ ਵਧੇਰੇ ਕੁਸ਼ਲਤਾ ਅਤੇ ਵਿਆਪਕ ਤੌਰ 'ਤੇ ਫੈਲਾ ਸਕਦੇ ਹਨ ਤੇ ਕਿਸੇ ਵੀ ਮੁੱਦੇ ਨੂੰ ਹੋਰ ਗੁੰਝਲਦਾਰ ਬਣਾ ਸਕਦੇ ਹਨ। ਚਲਾਕ ਤੇ ਖਤਰਨਾਕ ਲੋਕ ਉਹਨਾਂ ਦੀ ਵਰਤੋਂ ਸੋਸ਼ਲ ਮੀਡੀਆ ਪ੍ਰਣਾਲੀਆਂ ਅਤੇ ਮਨੁੱਖੀ ਮਨੋਵਿਗਿਆਨ ਦੀਆਂ ਕਮਜ਼ੋਰੀਆਂ ਦਾ ਸ਼ੋਸ਼ਣ ਕਰਨ ਲਈ ਵਰਤਦੇ ਹਨ।


ਅੱਜ ਮਸਨੂਈ ਬੁੱਧੀ (ਏ.ਆਈ.) ਦੇ ਯੁੱਗ ਵਿਚ ਤੱਥਾਂ ਨੂੰ ਚੈੱਕ ਕਰਨ ਦੇ ਤਰੀਕੇ ਵੀ ਬਦਲ ਗਏ ਹਨ। ਡੈਨ ਐਵਨ (ਸੀਨੀਅਰ ਮੈਨੇਜਰ, ਨਿਊਜ਼ ਲਿਟ ਡਾਟ ਓਰਗ) ਸਾਨੂੰ ਤੱਥਾਂ ਨੂੰ ਚੈੱਕ ਕਰਨ ਦੇ ਪੰਜ ਨਿਯਮ ਸੁਝਾਉਂਦਾ ਹੈ:


ਉੱਪਰ ਦਿੱਤੇ ਨਿਯਮ ਸਾਨੂੰ ਥੋੜ੍ਹਾ ਠਹਿਰ ਕੇ, ਠਰੰਮੇ ਨਾਲ਼ ਸੰਦਰਭ ਬਾਰੇ ਸੋਚਣ ਲਈ ਪ੍ਰੇਰਿਤ ਕਰਦੇ ਹਨ ਤਾਂ ਕਿ ਅਸੀਂ ਹੇਠਾਂ ਦਿੱਤੇ ਸਵਾਲ ਪੁੱਛ ਸਕੀਏ:


ਕੀ ਇਹ ਪ੍ਰਮਾਣਿਕ ​​ਹੈ? 

ਕੀ ਇਹ ਠੋਸ ਤਰਕ 'ਤੇ ਆਧਾਰਿਤ ਹੈ। 

ਇਸਦਾ ਸਬੂਤ ਕੀ ਹੈ? 


ਜਦੋਂ ਅਸੀਂ ਇਹਨਾਂ ਸਵਾਲਾਂ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖਦੇ ਹਾਂ ਤਾਂ ਕਿਸੇ ਜਾਣਕਾਰੀ/ਪੋਸਟ/ਤਸਵੀਰ ਨੂੰ ਬਿਨਾ ਸੋਚੇ ਸਮਝੇ ਸੱਚ ਮੰਨਣ ਦੀ ਬਜਾਇ ਅਸੀਂ ਥੋੜ੍ਹਾ ਰੁਕ ਕੇ ਆਲੋਚਨਾਤਮਕ ਤੌਰ 'ਤੇ ਸੋਚ ਸਕਦੇ ਹਾਂ ਕਿ ਸਾਡੇ ਅੱਗੇ ਪੇਸ਼ ਕੀਤੀ ਗਈ ਸਮਗਰੀ  ਅਸਲ ਵਿਚ ਕੀ ਹੈ? ਅਤੇ ਹੋ ਸਕਦਾ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਉਹ ਸਮਗਰੀ ਪ੍ਰਮਾਣਿਕ ​​ਨਹੀਂ ਹੈ।


ਇਕ ਇੰਟਰਵਿਊ ਵਿਚ ਡਾ. ਐਂਥਨੀ ਫੌਚੀ (ਅਮਰੀਕਾ ਦੇ ਰਾਸ਼ਟਰਪਤੀ ਦਾ  ਸਾਬਕਾ ਮੁੱਖ ਮੈਡੀਕਲ ਸਲਾਹਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦਾ ਡਾਇਰੈਕਟਰ) ਕਹਿੰਦੇ ਹਨ ਕਿ ਕੋਵਿਡ ਪ੍ਰਤੀ ਸਾਡੇ ਜਨਤਕ ਸਿਹਤ ਜਵਾਬ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੁਆਰਾ ਗ਼ਲਤ ਜਾਣਕਾਰੀ ਦੇ ਫੈਲਾਅ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਜੋ ਕਿ ਬਦਕਿਸਮਤੀ ਨਾਲ਼ ਅਜੇ ਵੀ ਮੌਜੂਦ ਹੈ। ਇਹ ਬਹੁਤ ਹੈਰਾਨੀ ਦੀ ਗੱਲ ਕਿ ਸੰਸਾਰ ਵਿਚ ਕਿੰਨੀ ਗ਼ਲਤ ਜਾਣਕਾਰੀ ਭਰੀ ਪਈ ਹੈ ਤੇ ਬਦਕਿਸਮਤੀ ਨਾਲ਼ ਲੋਕਾਂ ਦੀਆ ਜਾਨਾਂ ਵੀ ਲੈ  ਰਹੀ ਹੈ। ਜਿਵੇਂ ਕਿ ਗ਼ਲਤ ਜਾਣਕਾਰੀ ਕਰਕੇ ਬਹੁਤ ਲੋਕ ਕੋਵਿਡ ਜਾਂ ਕੋਈ ਹੋਰ ਵੈਕਸੀਨ (ਟੀਕਾ) ਨਹੀਂ ਲਗਵਾਉਂਦੇ। ਇਸੇ ਤਰ੍ਹਾਂ ਹੀ ਕੋਵਿਡ-19 ਦੀ ਉਤਪਤੀ ਬਾਰੇ ਵੀ ਬਹੁਤ ਗ਼ਲਤ ਖ਼ਬਰਾਂ ਹਨ, ਜਿਵੇਂ ਕਿ ਕੋਵਿਡ ਵਾਇਰਸ ਇਕ ਚੀਨੀ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਇਆ ਸੀ! ਪਰ ਬਹੁਤੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਕੋਵਿਡ ਵਾਇਰਸ ਕੁਦਰਤੀ ਤੌਰ ਤੇ ਵਿਕਸਿਤ ਹੋਇਆ। ਪਰ ਫੇਰ ਵੀ ਸਾਨੂੰ ਆਪਣੇ ਆਪ ਨੂੰ ਨਿਰਪੱਖ ਰੱਖਣਾ ਚਾਹੀਦਾ ਹੈ ਜਦੋਂ ਤੱਕ ਅਸਲੀ ਅੰਕੜੇ, ਤੱਥ ਤੇ ਸਬੂਤ ਸਾਹਮਣੇ ਨਾ ਆ ਜਾਣ। ਇਹ ਗੱਲ ਜ਼ਿਕਰਯੋਗ ਹੈ ਕਿ ਕੋਵਿਦ-19 ਵਾਇਰਸ ਦੇ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਣ ਦੀ ਥਿਊਰੀ ਪਿੱਛੇ ਕੋਈ ਠੋਸ ਸਬੂਤ ਨਹੀਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਗ਼ਲਤ ਖ਼ਬਰਾਂ ਕਰਕੇ 2021 ਵਿਚ ਅਮਰੀਕਾ ਦੇ ਐਟਲਾਂਟਾ ਰਾਜ ਵਿਚ ਇੱਕ ਵਿਅਕਤੀ ਨੇ ਮਸੂਮ ਤੇ ਬੇਕਸੂਰ ਚੀਨੀ ਤੇ ਏਸ਼ੀਅਨ ਮੂਲ ਦੇ ਅੱਠ ਲੋਕਾਂ ਨੂੰ ਗੋਲ਼ੀਆਂ ਨਾਲ਼ ਮਾਰ ਦਿੱਤਾ। ਵਿਗਿਆਨਕ ਖੋਜ ਦੇ ਅਨੁਸਾਰ ਤੇ ਅਸੀਂ ਸਭ ਜਾਣਦੇ ਹਾਂ ਕਿ ਇਹੋ ਜਿਹੀਆਂ ਗ਼ਲਤ ਖ਼ਬਰਾਂ ਤੇ ਲੀਡਰਾਂ ਦੇ ਨਫ਼ਰਤ ਭਰੇ ਭਾਸ਼ਣ ਨਫ਼ਰਤੀ ਖ਼ੂਨ-ਖਰਾਬੇ ਨੂੰ ਵਧਾਉਂਦੇ ਹਨ। 


ਹਿਡਨ ਬ੍ਰੇਨ ਰੇਡੀਓ ਪੌਡਕਾਸਟ ਵਿਚ ਅਰਥਸ਼ਾਸਤਰੀ ਐਲੈਕਸ ਐਡਮਨਜ਼ ਦੱਸਦਾ ਹੈ ਕਿ ਆਸਟ੍ਰੇਲੀਆ ਵੱਸਦੀ ਇੱਕ ਠੱਗ ਤੇ ਨਕਲੀ-ਵਿਗਿਆਨ ਦੀ ਸਲਾਹਕਾਰ ਬੈੱਲ ਗਿਬਸਨ ਨੇ 2014 ਵਿਚ ਆਪਣੇ ਬਲਾਗ ਰਾਹੀਂ ਇਹ ਦਾਅਵਾ ਕੀਤਾ ਕਿ ਸਾਫ਼-ਸੁਥਰੇ ਖਾਣੇ ਤੇ ਕੁਦਰਤੀ ਉਪਚਾਰ ਨਾਲ਼ ਉਸਦਾ ਕੈਂਸਰ ਠੀਕ ਹੋ ਗਿਆ ਹੈ, ਜੋ ਕਿ ਕੀਮੋ ਥੈਰੇਪੀ ਤੇ ਹੋਰ ਡਾਕਟਰੀ ਇਲਾਜ ਨਾਲ਼ ਠੀਕ ਨਹੀਂ ਹੋ ਰਿਹਾ ਸੀ। ਉਸਦੀ ਇਹ ਕਹਾਣੀ ਵਾਇਰਲ ਹੋ ਗਈ ਤੇ ਪੂਰੀ ਦੁਨੀਆਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸਦੇ ਸਿੱਟੇ ਵਜੋਂ ਹੋ ਸਕਦਾ ਹੈ ਕਿ ਅਨੇਕਾਂ ਲੋਕਾਂ ਨੇ ਆਪਣੀਆਂ ਬਿਮਾਰੀਆਂ ਦਾ ਡਾਕਟਰੀ ਇਲਾਜ ਛੱਡ ਕੇ ਕੁਦਰਤੀ ਇਲਾਜ ਤੇ ਸਾਫ਼-ਸੁਥਰਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਹੋਵੇ। ਬੈੱਲ ਗਿਬਸਨ ਨੂੰ ਪੈਂਗੂਇਨ ਆਸਟ੍ਰੇਲੀਆ ਵਲੋਂ ਕੈਂਸਰ ਖਤਮ ਕਰਨ ਵਾਲ਼ੇ ਖਾਣੇ ਬਣਾਉਣ ਦੇ ਨੁਸਖਿਆਂ ਦੀ ਕਿਤਾਬ ਛਾਪਣ ਦੀ ਪੇਸ਼ਕਸ਼ ਵੀ ਹੋਈ।  ਉਸਨੇ ਇੱਕ ਐਪ ਵੀ ਲਾਂਚ ਕੀਤੀ, ਜਿੱਥੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਵਾਲ਼ੇ ਕੁਦਰਤੀ ਨੁਸਖ਼ੇ ਦੱਸੇ ਗਏ ਸਨ। ਪਰ ਇਸ ਸਭ ਕਾਸੇ ਵਿਚ ਇਸ ਗੱਲ ਦਾ ਲੁਕਾ ਸੀ ਕਿ ਉਸਨੂੰ ਕਦੇ ਕੈਂਸਰ ਸੀ ਹੀ ਨਹੀਂ। ਉਸਨੇ ਝੂਠ ਬੋਲਿਆ ਸੀ ਕਿ ਉਸਨੂੰ ਕੈਂਸਰ ਸੀ ਜੋ ਕੁਦਰਤੀ ਤਰੀਕੇ ਨਾਲ਼ ਬਿਨਾ ਡਾਕਟਰੀ ਇਲਾਜ ਦੇ ਠੀਕ ਹੋ ਗਿਆ ਸੀ। ਇਹ ਕਹਾਣੀ ਉਹਨਾਂ ਲੋਕਾਂ ਬਾਰੇ ਵੀ ਹੈ ਜੋ ਕਿ ਬਿਨਾਂ ਤੱਥਾਂ ਦੀ ਪਰਖ ਕੀਤਿਆਂ ਮੰਨ ਲੈਂਦੇ ਹਨ ਕਿ ਅਜਿਹਾ ਸੱਚ ਹੋ ਸਕਦਾ ਹੈ ਕਿ ਕਹਾਣੀ ਓਹੀ ਦੱਸਦੀ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਇਹ ਇੱਕ ਪੁਸ਼ਟੀਕਰਣ ਝੁਕਾ (Confirmation Bias) ਦੀ ਉਦਾਹਰਣ ਹੈ - ਪੁਸ਼ਟੀਕਰਣ ਝੁਕਾ ਮਨੋਵਿਗਿਆਨ ਅਨੁਸਾਰ ਇੱਕ ਤਰ੍ਹਾਂ ਦਾ ਤਰਕਦੋਸ਼ ਹੈ ਜਿਸ ਵਿਚ ਕਿਸੇ ਵਿਅਕਤੀ ਦਾ ਅਚੇਤ ਹੀ ਅਜਿਹੀ ਜਾਣਕਾਰੀ ਨੂੰ ਮਹੱਤਵ ਦੇਣਾ ਹੈ ਜੋ ਉਸਦੀਆਂ ਆਪਣੀਆਂ ਧਾਰਨਾਵਾਂ ਤੇ ਵਿਸ਼ਵਾਸ਼ਾਂ ਨਾਲ਼ ਮੇਲ਼ ਖਾਂਦੀ ਹੈ, ਤੇ ਅਜਿਹੀ ਜਾਣਕਾਰੀ ਨੂੰ ਰੱਦ ਕਰ ਦੇਣਾ ਜੋ ਉਸਦੇ ਵਿਸ਼ਵਾਸ਼ਾਂ ਤੇ ਖਰੀ ਨਹੀਂ ਉੱਤਰਦੀ। ਚਲਾਕ ਲੋਕ ਮੀਡੀਆ ਰਾਹੀਂ ਲੋਕਾਂ ਦੇ ਪੁਸ਼ਟੀਕਰਣ ਝੁਕਾ ਦਾ ਫ਼ਾਇਦਾ ਉਠਾਉਂਦੇ ਹਨ। ਲੋਕ ਬੈੱਲ ਗਿਬਸਨ ਵਰਗੀਆਂ ਕਹਾਣੀਆਂ ਨੂੰ ਪਸੰਦ ਕਰਦੇ ਹਨ ਕਿਉਂਕਿ ਅਜਿਹਾ ਉਹ ਬਚਪਨ ਤੋਂ ਹੀ ਸੁਣਦੇ ਆਏ ਹਨ ਕਿ ਕੁਦਰਤੀ ਇਲਾਜ ਵਧੀਆ ਹੈ ਤੇ ਦਵਾਈਆਂ ਤੇ ਟੀਕਿਆਂ ਰਾਹੀਂ ਵੱਡੀਆਂ ਮੈਡੀਕਲ ਕੰਪਨੀਆਂ ਉਹਨਾਂ ਦੇ ਸਰੀਰਾਂ ਵਿਚ ਖ਼ਤਰਨਾਕ ਰਸਾਇਣਕ ਪਦਾਰਥਾਂ ਦਾ ਜ਼ਹਿਰ ਪਾ ਰਹੀਆਂ ਹਨ। ਸਾਨੂੰ ਆਪਣੇ ਪੁਸ਼ਟੀਕਰਣ ਝੁਕਾ ਸਮਝ ਕੇ ਤੇ ਇਹ ਜਾਣਕੇ ਕਿਵੇਂ ਚਲਾਕ ਲੋਕ, ਸੋਸ਼ਲ ਮੀਡੀਆ ਐਲਗਰੋਰਿਥਮ ਤੇ ਬੋਟ (Bots) ਸਾਨੂੰ ਭਰਮਾਉਂਦੇ ਹਨ, ਅਸੀਂ ਝੂਠ ਨੂੰ ਪਹਿਚਾਨਣ ਦੇ ਯੋਗ ਬਣਾ ਸਕਦੇ ਹਾਂ। 


ਡਾ. ਡੇਵਿਡ ਗ੍ਰੈਕਨ, ਜੋ ਬ੍ਰਾਸੋਵ (ਰੋਮਾਨੀਆ) ਦੀ ਟ੍ਰਾਂਸਿਲਵੇਨੀਆ ਯੂਨੀਵਰਸਿਟੀ ਵਿਖੇ ਯੂ.ਐਸ. ਫੁਲਬ੍ਰਾਈਟ ਸਕਾਲਰ ਹੈ, ਸਾਨੂੰ ਹੇਠਾਂ ਦਿੱਤੇ ਬੇਸ਼ਕੀਮਤੀ ਸੁਝਾਅ ਦੱਸਦਾ ਹੈ:

1. ਮੀਡੀਆ ਦੇ ਸੰਭਾਵੀ ਨੁਕਸਾਨ ਤੋਂ ਸੁਚੇਤ ਰਹੋ: ਮੀਡੀਆ ਨੁਕਸਾਨ ਪਹੁੰਚਾ ਸਕਦਾ ਹੈ ਤੇ ਤੁਹਾਡੀ ਜਾਨ ਵੀ ਲੈ ਸਕਦਾ ਹੈ - ਜਿਵੇਂ ਕਿ ਫ਼ੋਨ ‘ਤੇ ਗੱਲ ਕਰਦੇ ਹੋਏ ਗੱਡੀ ਚਲਾਉਣਾ, ਖ਼ਤਰਨਾਕ ਥਾਂ, ਪਹਾੜੀਆਂ, ਪਾਰਕਾਂ ਆਦਿ ‘ਤੇ ਸੈਲਫ਼ੀ ਲੈਣਾ। ਸਾਨੂੰ ਹਰ ਸਮੇਂ ਆਪਣੇ ਆਸਪਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਹਮੇਸ਼ਾਂ ਚੇਤੰਨ ਰਹਿਣਾ ਚਾਹੀਦਾ ਹੈ।

2. ਤਰਕਸ਼ੀਲ ਮਾਨਸਿਕਤਾ ਅਪਣਾਓ: ਸਾਰੇ ਮੀਡੀਆ ਦੀ ਆਲੋਚਨਾਤਮਿਕ ਤਰੀਕੇ ਨਾਲ਼ ਘੋਖ-ਪੜਤਾਲ ਕਰੋ! ਉਸ ਮੀਡੀਆ ਦੀ ਵੀ ਜੋ ਤੁਹਾਨੂੰ ਪਸੰਦ ਹੈ।

3. ਸਮਝੋ ਕਿ ਸਾਰਾ ਮੀਡੀਆ ਮਨੁੱਖਾਂ ਨੇ ਬਣਾਇਆ ਹੈ: ਸਾਰਾ ਮੀਡੀਆ ਮਨੁੱਖਾਂ ਦੁਆਰਾ ਬਣਾਇਆ ਗਿਆ ਹੈ। ਮੀਡੀਆ ਕੋਈ ਅਸਲ ਚੀਜ਼ ਨਹੀਂ ਹੈ ਸਗੋਂ ਕਿਸੇ ਨਾ ਕਿਸੇ ਦੀ ਪ੍ਰਤੀਨਿਧਤਾ ਕਰਦਾ ਹੈ।

4. ਸਮਾਰਟਫ਼ੋਨ ਦੀ ਠੀਕ ਵਰਤੋਂ ਕਰੋ: ਜੇ ਸੰਭਵ ਹੋਵੇ ਤਾਂ ਆਪਣੇ ਸਮਾਰਟਫ਼ੋਨ ਦੇ ਫਾਲਤੂ ਦੇ ਨੋਟੀਫ਼ਿਕੇਸ਼ਨ ਬੰਦ ਰੱਖੋ ਤੇ ਲੋੜ ਪੈਣ 'ਤੇ ਹੀ ਚੈੱਕ ਕਰੋ - ਉਹ ਤਣਾਅਪੂਰਨ ਅਤੇ ਚਿੰਤਾ ਪੈਦਾ ਕਰਨ ਵਾਲੇ ਹੋ ਸਕਦੇ ਹਨ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਸਮਾਰਟਫ਼ੋਨ ਨਾਲ਼ ਹਰ ਵਕਤ ਨਾ ਜੁੜੇ ਰਹੋ।

5. "ਪਲਟਣ ਦੀ (Flipping Technique) ਤਕਨੀਕ" ਵਰਤੋ: ਜਿਸ ਤੋਂ ਪਤਾ ਲਗਦਾ ਹੈ ਕਿ ਸਮਾਜ ਵਿਚ ਲਿੰਗ, ਨਸਲ, ਜਾਂ ਪੱਖਪਾਤ ਆਦਿ ਆਮ ਹੈ। ਜਿਵੇਂ ਕਿ ਕਿਸੇ ਤਸਵੀਰ ਵਿਚ ਕੋਈ ਔਰਤ ਮਾਮੂਲੀ ਜਿਹਾ ਕੰਮ ਕਰ ਰਹੀ ਨਜ਼ਰ ਆਵੇ ਪਰ ਮਰਦ ਪ੍ਰਧਾਨ ਦਿਸੇ, ਉੱਥੇ ਮਰਦ ਨੂੰ ਮਾਮੂਲੀ ਕੰਮ ਕਰਦਾ ਵੇਖੋ ਤੇ ਔਰਤ ਨੂੰ ਪ੍ਰਧਾਨ ਬਣੇ ਹੋਏ ਦੇਖੋ। 

6. ਕੰਪਨੀਆਂ ਦੀ ਮੁਫ਼ਤ ਵਿਚ ਪ੍ਰਮੋਸ਼ਨ ਕਰਨਾ ਬੰਦ ਕਰੋ: ਪ੍ਰਤੀ ਦਿਨ ਅਸੀਂ ਲਗਭਗ 350 ਮਸ਼ਹੂਰੀਆਂ/ਇਸ਼ਤਿਹਾਰ ਦੇਖਦੇ ਹਾਂ ਜੋ ਕਿ ਅਕਸਰ ਦੋ ਕਦਮ ਵਿਚ ਹੁੰਦੇ ਹਨ  - 

ਪਹਿਲਾ ਕਦਮ - ਇੱਕ ਇਸ਼ਤਿਹਾਰ ਜੋ ਲੋਕਾਂ ਤੱਕ ਜਾਵੇਗਾ।

ਦੂਜਾ ਕਦਮ - ਲੋਕ ਉਸ ਇਸ਼ਤਿਹਾਰ ਬਾਰੇ ਗੱਲਬਾਤ ਕਰਨਗੇ। 

ਦੂਜੇ ਕਦਮ ਵਿਚ ਕੰਪਨੀ ਦੀ ਮੁਫ਼ਤ ਵਿਚ ਮਸ਼ਹੂਰੀ ਹੁੰਦੀ ਹੈ। 

7. ਸੱਭਿਆਚਾਰਕ ਜੈਮਿੰਗ (Cultural Jamming) ਨੂੰ ਵੇਖਣ ਦੀ ਕੋਸ਼ਿਸ਼ ਕਰੋ: ਕਲਚਰਲ ਜੈਮਿੰਗ ਨਾਲ਼ ਜੁੜੋ, ਜੋ ਮੁੱਖ ਧਾਰਾ ਮੀਡੀਆ ਸੰਦੇਸ਼ਾਂ ਨੂੰ ਪਲਟਦਾ ਹੈ। ਸੱਭਿਆਚਾਰਕ ਜੈਮਿੰਗ, ਮੀਡੀਆ ਉਪਭੋਗਤਾ ਦੇ ਖ਼ਿਲਾਫ਼ ਇੱਕ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਹੈ, ਤਾਂ ਜੋ ਪੱਖਪਾਤੀ ਮੀਡੀਆ ਦਾ ਪਰਦਾਪਾਸ਼ ਕੀਤਾ ਜਾ ਸਕੇ। ਵੱਖ-ਵੱਖ ਸੁਤੰਤਰ ਵੈੱਬਸਾਈਟ ਅਜਿਹੇ ਦ੍ਰਿਸ਼ਟੀਕੋਣ ਪੇਸ਼ ਕਰਦੀਆਂ ਹਨ ਜੋ ਸਮਾਜਿਕ ਨਿਯਮਾਂ ਨੂੰ ਚੁਣੌਤੀ ਦਿੰਦੀਆਂ ਹਨ ਅਤੇ ਮੀਡੀਆ ਦੀ ਸਰਗਰਮ, ਆਲੋਚਨਾਤਮਕ ਖਪਤ ਨੂੰ ਉਤਸ਼ਾਹਿਤ ਕਰਦੀਆਂ ਹਨ। ਉਹ ਇਸ ਵਿਚਾਰ ਨੂੰ ਮਜ਼ਬੂਤ ਕਰਦੇ ਹਨ ਕਿ ਅਸੀਂ ਸਿਥੱਲ ਨਹੀਂ ਸਗੋਂ ਸਰਗਰਮ ਦਰਸ਼ਕ ਹੋ ਸਕਦੇ ਹਾਂ ਅਤੇ ਅਸੀਂ ਉਹਨਾਂ ਚੀਜ਼ਾਂ ਦੀ ਆਲੋਚਨਾ ਕਰ ਸਕਦੇ ਹਾਂ ਜੋ ਸਮਾਜ ਵਿਚ ਬਹੁਤ ਆਮ ਹਨ। ਇਸ ਲਈ ਡਿਜ਼ਨੀ ਤੇ ਹੋਰ ਫ਼ਿਲਮਾਂ, ਕਥਾ-ਕਹਾਣੀਆਂ ਵਿਚ ਔਰਤਾਂ ਨੂੰ ਇੱਕ ਖ਼ਾਸ ਤਰੀਕੇ ਨਾਲ਼ ਦਰਸਾਇਆ ਜਾਂਦਾ ਹੈ। ਇਹ ਵਿਚਾਰ ਪ੍ਰੋੜ੍ਹ ਕੀਤਾ ਜਾਂਦਾ ਹੈ ਕਿ ਔਰਤ ਨੂੰ ਆਦਮੀ ਦੁਆਰਾ ਬਚਾਏ ਜਾਣ ਦੀ ਜ਼ਰੂਰਤ ਹੈ। ਅਜਿਹੇ ਵਿਚਾਰ ਸਦੀਆਂ ਤੋਂ ਚੱਲਦੇ ਆਏ ਹਨ, ਪਰ ਚੰਗੀ ਗੱਲ ਹੈ ਕਿ ਹੁਣ ਪੇਸ਼ਕਾਰੀਆਂ ਬਿਹਤਰ ਹੋ ਰਹੀਆਂ ਹਨ।

8. ਸੁਤੰਤਰ ਮੀਡੀਆ ਦਾ ਸਮਰਥਨ ਕਰੋ: ਸੁਤੰਤਰ ਮੀਡੀਆ, ਜੋ ਲੀਕ ਤੋਂ ਹਟਕੇ ਹੋਵੇ, ਪੜ੍ਹੋ, ਸੁਣੋ, ਦੇਖੋ ਤੇ ਉਸਦਾ ਸਮਰਥਨ ਕਰੋ। ਇਹ ਨਹੀਂ ਕਿ ਕਾਰਪੋਰੇਟ ਮਾਲਕੀ ਵਾਲ਼ਾ ਮੀਡੀਆ ਸਾਰਾ ਹੀ ਖਰਾਬ ਹੈ। ਪਰ ਜਮਹੂਰੀ ਸਮਾਜ ਵਿਚ ਸਾਡੇ ਲਈ ਵਿਕਲਪਾਂ ਦਾ ਹੋਣਾ ਅਤਿ ਜ਼ਰੂਰੀ ਹੈ।

9. ਸਕ੍ਰੀਨ ਤੋਂ ਹਟਕੇ ਵੀ ਗਤੀਵਿਧੀਆਂ ਕਰੋ: ਜਿਵੇਂ ਕਿ ਸੈਰ, ਸਾਈਕਲਿੰਗ ਤੇ ਹੋਰ ਖੇਡਾਂ, ਧਿਆਨ ਲਗਾਉਣਾ ਆਦਿ। ਬਾਹਰ ਕੁਦਰਤ ਨੂੰ ਦੇਖੋ, ਸੁਣੋ, ਪਹਿਚਾਣੋ ਜਾਂ ਮਹਿਸੂਸ ਕਰੋ ਕਿ ਕਿਸ ਚੀਜ਼ ਦੀ ਖ਼ੁਸ਼ਬੋ ਆ ਰਹੀ ਹੈ?

10. ਇਸ਼ਤਿਹਾਰਾਂ ਦਾ ਆਲੋਚਨਾਤਮਕ ਤੌਰ 'ਤੇ ਮੁਲਾਂਕਣ ਕਰੋ: ਕਿਸੇ ਇਸ਼ਤਿਹਾਰ ਦੀ ਆਲੋਚਨਾ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ:


ਇਹਨਾਂ ਸੁਝਾਵਾਂ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰਕੇ, ਤੁਸੀਂ ਇੱਕ ਤਰਕਸ਼ੀਲ ਸੋਚ ਵਿਕਸਿਤ ਕਰ ਸਕਦੇ ਹੋ, ਜਿਸ ਨਾਲ਼ ਤੁਸੀਂ ਵਧੇਰੇ ਜਾਗਰੂਕਤਾ ਅਤੇ ਸਮਝ ਨਾਲ਼ ਮੀਡੀਆ ਦੇ ਸੈਲਾਬ ਨੂੰ ਤੈਰ ਸਕਦੇ ਹੋ। ਜਿਸ ਤਰ੍ਹਾਂ ਸੋਸ਼ਲ ਮੀਡੀਆ ਨੂੰ ਡਿਜ਼ਾਇਨ ਕੀਤਾ ਗਿਆ ਹੈ ਉਸਦਾ ਮੰਤਵ ਸਾਨੂੰ ਜਾਣਕਾਰੀ ਨਾਲ਼ ਭਰਨਾ ਹੈ। ਸਿਰਫ਼ ਸੋਸ਼ਲ ਮੀਡੀਆ ਸੁਰਖੀਆਂ ਨੂੰ ਪੜ੍ਹਨਾ ਅਤੇ ਖਬਰਾਂ ਦੀਆਂ ਸੁਰਖੀਆਂ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ, ਪਰ ਜੇਕਰ ਅਸੀਂ ਸੂਚਿਤ ਤੇ ਸੁਚੇਤ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕੰਮ ਕਰਨਾ ਪਵੇਗਾ ਅਤੇ ਖਬਰਾਂ ਦੇ ਇੱਕ ਸਰਗਰਮ ਖਪਤਕਾਰ ਬਣਨਾ ਪਵੇਗਾ। ਪੂਰੇ ਲੇਖਾਂ ਨੂੰ ਪੜ੍ਹਨਾ ਅਤੇ ਜਿੰਨਾ ਸੰਭਵ ਹੋ ਸਕੇ ਸੰਦਰਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਵਿਚਾਰ ਹੈ। ਜੇਕਰ ਅਸੀਂ ਕੋਈ ਸੋਸ਼ਲ ਮੀਡੀਆ ਪੋਸਟ ਦੇਖਦੇ ਹਾਂ ਜੋ ਸਾਨੂੰ ਗੁੱਸੇ ਕਰਦੀ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀ ਹੈ ਤਾਂ ਸਾਨੂੰ ਥੋੜ੍ਹਾ ਰੁਕ ਕੇ ਸੋਚਣਾ ਚਾਹੀਦਾ ਹੈ, ਉਸ ਬਾਰੇ ਹੋਰ ਜਾਨਣਾ ਚਾਹੀਦਾ ਹੈ ਅਤੇ ਕੁਝ ਹੋਰ ਭਰੋਸੇਯੋਗ ਸ੍ਰੋਤਾਂ ਜਾਂ ਖ਼ਬਰਾਂ ਨੂੰ ਦੇਖਣਾ ਚਾਹੀਦਾ ਹੈ। ਜਦੋਂ ਅਸੀਂ ਖ਼ਬਰਾਂ ਨੂੰ ਆਲੋਚਨਾਤਮਿਕ ਤੌਰ ਤੇ ਦੇਖਣ-ਪਰਖਣ ਦੀ ਤਕਨੀਕ ਜਾਣ ਜਾਂਦੇ ਹਾਂ ਤਾਂ ਸਾਡੀ ਝੂਠੀਆਂ ਖ਼ਬਰਾਂ, ਔਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। 


ਜੇ ਆਪ ਜੀ ਨੂੰ ਮੀਡੀਆ ਸਾਖਰਤਾ ਬਾਰੇ ਕੋਈ ਵੀ ਹੋਰ ਜਾਣਕਾਰੀ, ਜਾਂ ਇੰਟਰਨੈੱਟ ਸ੍ਰੋਤ ਚਾਹੀਦੇ ਹੋਣ ਤਾਂ ਤੁਸੀਂ ਲੇਖਕ ਨਾਲ਼ ਸੰਪਰਕ ਕਰ ਸਕਦੇ ਹੋ। ਉਮੀਦ ਹੈ ਆਪ ਜੀ ਵੀ ਅੱਗੇ ਹੋਰ ਲੋਕਾਂ ਨੂੰ ਵੀ ਮੀਡੀਆ ਸਾਖਰਤਾ, ਤੱਥਾਂ ਨੂੰ ਕਿਵੇਂ ਚੈੱਕ ਕਰਨਾ ਤੇ ਸਭ ਤੋਂ ਉੱਪਰ ਤਰਕਸ਼ੀਲ ਸੋਚ ਕਿਵੇਂ ਵਿਕਸਿਤ ਕਰਨੀ ਹੈ, ਬਾਰੇ ਜਾਗਰੂਕ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਓਗੇ। 


* ਐਲਗੋਰਿਦਮ ਸਵੈਚਲਿਤ ਕੰਪਿਊਟਰ ਪ੍ਰਣਾਲੀਆਂ ਹਨ ਜੋ ਸਾਡੇ ਲਈ ਵਿਅਕਤੀਗਤ ਤੌਰ ਤੇ ਬਣਾਈ ਗਈ ਔਨਲਾਈਨ ਸਮਗਰੀ  ਨੂੰ ਇਕੱਠਾ ਕਰਕੇ ਪੇਸ਼ ਕਰਦੇ ਹਨ ਅਤੇ ਇਹ ਨਿਰਧਾਰਿਤ ਕਰਦੇ ਹਨ ਕਿ ਸਾਨੂੰ ਇੰਟਰਨੈਟ ‘ਤੇ ਕਿਹੋ ਜਿਹੀਆਂ ਸੋਸ਼ਲ ਮੀਡੀਆ ਫੀਡਾਂ/ਪੋਸਟਾਂ, ਖੋਜ ਇੰਜਣ ਦੇ ਨਤੀਜੇ ਅਤੇ ਖ਼ਬਰਾਂ ਸੁਝਾਈਆਂ ਜਾਣ।


ਈ-ਮੇਲ: amanysingh@gmail.com


References: 

https://hiddenbrain.org/podcast/where-truth-lies/

https://www.scientificamerican.com/article/information-overload-helps-fake-news-spread-and-social-media-knows-it/

https://www.cnn.com/2024/09/03/tech/facebook-spam-ai-meta/index.html