ਅਮਨਦੀਪ ਸਿੰਘ
ਅੱਜ ਵਿਗਿਆਨ ਦੇ ਪੀਰੀਅਡ ਵਿਚ ਸਿਰਫ ਇਕੱਲੇ ਅਧਿਆਪਕ ਸਾਹਿਬ ਹੀ ਨਹੀਂ ਸਗੋਂ ਉਹਨਾਂ ਨਾਲ਼ ਇੱਕ ਖ਼ਾਸ ਮਹਿਮਾਨ ਵੀ ਆਏ ਸਨ।
ਵਿਗਿਆਨ ਅਧਿਆਪਕ ਸੁਨੀਲ ਅਰੋੜਾ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ - ‘ਬੱਚਿਓ, ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਅੱਜ ਸਾਡੇ ਦਰਮਿਆਨ ਪ੍ਰੋਫ਼ੈਸਰ ਚੰਦਰ ਸ਼ੇਖਰ ਜੀ ਆਏ ਹਨ ਜੋ ਕਿ ਅਮਰਿਕਾ ਵਿਖੇ ਨਾਸਾ ਵਿਚ ਇੱਕ ਵਿਗਿਆਨਕ ਹਨ। ਅੱਜ ਇਹ ਆਪ ਜੀ ਨਾਲ਼ ਵਿਗਿਆਨ ਦੀਆਂ ਗੱਲਾਂ ਕਰਨਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ।’
ਸਾਰੇ ਬੱਚਿਆਂ ਨੇ ਖੜ੍ਹੇ ਹੋ ਕਿ ਤਾੜੀਆਂ ਮਾਰ ਕੇ ਸ਼੍ਰੀਮਾਨ ਚੰਦਰ ਸ਼ੇਖਰ ਦਾ ਸੁਆਗਤ ਕੀਤਾ।
‘ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ਼ ਬ੍ਰਹਿਮੰਡ, ਸਿਤਾਰਿਆਂ ਤੇ ਗ੍ਰਹਿਆਂ ਦੀ ਗ਼ਰਦਿਸ਼ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਾਂਗਾ। ਪਰ ਉਸਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਕੀ ਪ੍ਰਿਥਵੀ ਤੇ ਹੋਰ ਗ੍ਰਹਿ ਸੂਰਜ ਦੇ ਗਿਰਦ ਘੁੰਮਦੇ ਹਨ ਜਾਂ ਕਿ ਸੂਰਜ ਤੇ ਹੋਰ ਗ੍ਰਹਿ ਪ੍ਰਿਥਵੀ ਦੇ ਗਿਰਦ ਘੁੰਮਦੇ ਹਨ?’
ਸਾਰੇ ਬੱਚੇ ਹੈਰਾਨ ਰਹਿ ਗਏ ਕਿ ਇਹ ਤਾਂ ਬਹੁਤ ਹੀ ਸੌਖਾ ਪ੍ਰਸ਼ਨ ਹੈ।
‘ਸਭ ਲੋਕ ਜਾਣਦੇ ਹਨ ਕਿ ਪ੍ਰਿਥਵੀ ਤੇ ਹੋਰ ਗ੍ਰਹਿ ਸੂਰਜ ਦੇ ਗਿਰਦ ਚੱਕਰ ਕੱਟਦੇ ਹਨ।’ ਮੋਨੂੰ ਨੇ ਬੜੇ ਨਿਸ਼ਚੇ ਨਾਲ਼ ਉੱਤਰ ਦਿੱਤਾ।
‘ਇਹ ਠੀਕ ਉੱਤਰ ਹੈ।’ ਪ੍ਰੋਫ਼ੈਸਰ ਚੰਦਰ ਸ਼ੇਖਰ ਨੇ ਕਿਹਾ - ‘ਪਰ ਇਹ ਪੂਰਾ ਸੱਚ ਨਹੀਂ ਹੈ। ਬ੍ਰਹਿਮੰਡ ਵਿਚ ਗ੍ਰਹਿ ਤੇ ਸਿਤਾਰੇ ਅਸਲ ਵਿਚ ਆਪਣੇ ਇੱਕ ਸਾਂਝੇ ਪੁੰਜ ਦੇ ਕੇਂਦਰ ਗਿਰਦ ਘੁੰਮਦੇ ਹਨ, ਜਿਸਨੂੰ ਬੈਰੀਸੈਂਟਰ (Barycenter) ਕਹਿੰਦੇ ਹਨ। ਹਰ ਇੱਕ ਵਸਤੂ ਦਾ ਇੱਕ ਪੁੰਜ ਜਾਂ ਗੁਰੂਤਾਕਰਸ਼ਣ ਕੇਂਦਰ ਹੁੰਦਾ ਹੈ। ਉਹਨਾਂ ਨੇ ਇੱਕ ਫੁੱਟਾ ਕੱਢਿਆ ਤੇ ਬੱਚਿਆਂ ਨੂੰ ਦੱਸਿਆ - ‘ਇਸ ਫੁੱਟੇ ਦਾ ਗੁਰੂਤਾਕਰਸ਼ਣ ਕੇਂਦਰ ਇਸਦੇ ਵਿਚਕਾਰ ਹੈ।’
ਫੇਰ ਉਹਨਾਂ ਨੇ ਇੱਕ ਹਥੌੜੀ ਕੱਢ ਕੇ ਦਿਖਾਈ ਤੇ ਬੱਚਿਆਂ ਨੂੰ ਪੁੱਛਿਆ - ‘ਭਲਾ ਦੱਸੋ ਇਸਦਾ ਗੁਰੂਤਾਕਰਸ਼ਣ ਕੇਂਦਰ ਕਿੱਥੇ ਹੈ?’
ਸਾਰੇ ਬੱਚੇ ਹੈਰਾਨ ਤੇ ਚੁੱਪ ਸਨ।
ਰਾਜੂ ਨੇ ਝਿਜਕਦਿਆਂ ਕਿਹਾ - ‘ਹਥੌੜੀ ਦੇ ਕੇਂਦਰ ਵਿਚ ਹੀ ਹੋਵੇਗਾ?’
‘ਕੋਈ ਹੋਰ?’ ਪ੍ਰੋਫ਼ੈਸਰ ਸਾਹਿਬ ਬੋਲੇ।
ਸਭ ਬੱਚੇ ਚੁੱਪ ਸਨ।
‘ਬੱਚਿਓ, ਇਸ ਹਥੌੜੀ ਦਾ ਗੁਰੂਤਾਕਰਸ਼ਣ ਕੇਂਦਰ ਹਥੌੜੀ ਦੇ ਸਿਰ ਦੇ ਵਿਚਕਾਰ ਹੈ ਕਿਉਂਕਿ ਉਸਦਾ ਪੁੰਜ ਜ਼ਿਆਦਾ ਹੈ ਤੇ ਉਹ ਇਸਦੇ ਇੱਕ ਪਾਸੇ ਹੈ। ਜਿਸ ਤਰ੍ਹਾਂ ਜਦੋਂ ਤੁਸੀਂ ਸੀ-ਸਾ ਉੱਤੇ ਖੇਡਦੇ ਹੋ ਤਾਂ ਉਸਦਾ ਬੈਰੀਸੈਂਟਰ ਜਾਂ ਗੁਰੂਤਾਕਰਸ਼ਣ ਕੇਂਦਰ ਉੱਥੇ ਹੋਵੇਗਾ ਜਿੱਥੇ ਦੋਵੇਂ ਬੱਚਿਆਂ ਦਾ ਔਸਤਨ ਭਾਰ ਹੋਵੇਗਾ। ਤੁਸੀਂ ਸਭ ਜਾਣਦੇ ਹੋ ਕਿ ਜੇ ਇੱਕ ਪਾਸੇ ਭਾਰਾ ਬੱਚਾ ਤੇ ਦੂਜੇ ਪਾਸੇ ਹਲਕਾ ਬੱਚਾ ਬੈਠੇ ਤਾਂ ਸੀ-ਸਾ ਕਿੱਧਰ ਝੁਕੇਗਾ?’
ਸਾਰੇ ਬੱਚੇ ਉਸਦਾ ਤਸੱਵੁਰ ਕਰਕੇ ਹੱਸਣ ਲੱਗੇ।
‘ਆਓ ਹੁਣ ਜਾਣੀਏ ਕਿ ਸੌਰਮੰਡਲ ਦਾ ਬੈਰੀਸੈਂਟਰ ਕਿੱਥੇ ਹੈ? ਕਿਓਂਕਿ ਸੂਰਜ ਦਾ ਪੁੰਜ ਪ੍ਰਿਥਵੀ ਤੋਂ ਲੱਖਾਂ ਗੁਣਾ ਜ਼ਿਆਦਾ ਹੈ ਤੇ ਪ੍ਰਿਥਵੀ ਉਸਦੇ ਮੁਕਾਬਲੇ ਬਹੁਤ ਛੋਟੀ ਹੈ। ਇਸਦਾ ਮਤਲਬ ਇਹ ਹੋਇਆ ਕਿ ਸੂਰਜ ਤੇ ਪ੍ਰਿਥਵੀ ਦਾ ਬੈਰੀਸੈਂਟਰ ਹਥੌੜੀ ਦੇ ਸਿਰ ਵਾਂਗ ਸੂਰਜ ਦੇ ਕੇਂਦਰ ਦੇ ਕੋਲ਼ ਹੈ। ਇਸੇ ਕਰਕੇ ਪ੍ਰਿਥਵੀ ਸੂਰਜ ਦੇ ਗਿਰਦ ਗ਼ਰਦਿਸ਼ ਕਰਦੀ ਹੈ। ਪਰ,ਬ੍ਰਹਿਸਪਤੀ ਜਿਸਦਾ ਪੁੰਜ ਪ੍ਰਿਥਵੀ ਤੋਂ 318 ਗੁਣਾ ਜ਼ਿਆਦਾ ਹੈ। ਇਸ ਕਰਕੇ ਬ੍ਰਹਿਸਪਤੀ ਤੇ ਸੂਰਜ ਦੋਵਾਂ ਦਾ ਬੈਰੀਸੈਂਟਰ ਸੂਰਜ ਤੋਂ ਥੋੜ੍ਹਾ ਜਿਹਾ ਬਾਹਰ ਹੈ!’ ਪ੍ਰੋਫ਼ੈਸਰ ਚੰਦਰ ਸ਼ੇਖਰ ਕਹਿ ਰਹੇ ਸਨ, ‘ਸੌਰ ਮੰਡਲ ਦਾ ਆਪਣਾ ਵੀ ਬੈਰੀਸੈਂਟਰ ਹੈ ਜੋ ਕਿ ਸੂਰਜ, ਸਾਰੇ ਗ੍ਰਹਿਆਂ, ਉਪਗ੍ਰਹਿਆਂ, ਅਕਾਸ਼ੀਪਿੰਡਾਂ ਤੇ ਹੋਰ ਸਭ ਚੀਜ਼ਾਂ ਦੇ ਸਾਂਝੇ ਪੁੰਜ ਦਾ ਕੇਂਦਰ ਹਾਂ। ਸੁਰਜ, ਪ੍ਰਿਥਵੀ ਤੇ ਹੋਰ ਸਭ ਗ੍ਰਹਿ ਉਸ ਸਾਂਝੇ ਬੈਰੀਸੈਂਟਰ ਦੇ ਦੁਆਲ਼ੇ ਗ਼ਰਦਿਸ਼ ਕਰਦੇ ਹਨ।’
ਸਭ ਬੱਚੇ ਅੱਜ ਬਹੁਤ ਖ਼ੁਸ਼ ਸਨ ਕਿਓਂਕਿ ਅੱਜ ਉਹਨਾਂ ਨੂੰ ਵਿਗਿਆਨ ਦੇ ਪੀਰੀਅਡ ਵਿਚ ਬਹੁਤ ਹੀ ਖ਼ਾਸ ਤੇ ਵਿਲੱਖਣ ਜਾਣਕਾਰੀ ਪ੍ਰਾਪਤ ਹੋਈ!
ਉਸਤੋਂ ਬਾਅਦ ਪ੍ਰੋਫ਼ੈਸਰ ਚੰਦਰ ਸ਼ੇਖਰ ਬੱਚਿਆਂ ਨਾਲ਼ ਕਾਫ਼ੀ ਦੇ ਗੱਲਬਾਤ ਕਰਦੇ ਰਹੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਨੇ ਨਾਸਾ ਦਾ ਮਿਸ਼ਨ ਵੀ ਦੱਸਿਆ,’ਅਮਰੀਕਾ ਦੀ ਨਾਸਾ ਸੰਸਥਾ ਹਵਾ ਤੇ ਪੁਲਾੜ ਵਿਚ ਅਣਜਾਣ ਰਹੱਸਾਂ ਨੂੰ ਖੋਜਦੀ ਹੈ, ਲੋਕਾਂ ਦੇ ਭਲੇ ਲਈ ਨਵੀਆਂ ਕਾਢਾਂ ਕੱਢਦੀ ਹੈ ਅਤੇ ਆਪਣੀਆਂ ਖੋਜਾਂ ਨਾਲ਼ ਕੁਲ ਦੁਨੀਆਂ ਨੂੰ ਪ੍ਰੇਰਣਾ ਦਿੰਦੀ ਹੈ!’
ਫੇਰ ਉਹਨਾਂ ਨੇ ਨਾਸਾ ਸਪੇਸਪਲੇਸ ਦਾ ਮਿਸ਼ਨ ਵੀ ਦੱਸਿਆ, ‘1998 ਵਿਚ ਸ਼ੁਰੂ ਕੀਤੀ ਗਈ ਸਪੇਸਪਲੇਸ ਦਾ ਮਿਸ਼ਨ 9-12 ਸਾਲ ਦੇ ਬੱਚਿਆਂ ਲਈ ਪੁਲਾੜ ਤੇ ਧਰਤੀ ਵਿਗਿਆਨ ਬਾਰੇ ਸਿੱਖਿਆ ਨੂੰ ਮਜ਼ੇਦਾਰ ਖੇਡਾਂ, ਪ੍ਰੋਯੋਗਿਕ ਗਤੀਵਿਧੀਆਂ ਅਤੇ ਛੋਟੇ ਵੀਡੀਓ ਦੇ ਮਾਧਿਅਮ ਰਾਹੀਂ ਸੌਖਾ ਤੇ ਰੁਝਾਉ ਬਣਾਉਣਾ ਹੈ।’
ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ,’ਜੇ ਤੁਸੀਂ ਮਨ ਲਗਾ ਕੇ ਵਿਗਿਆਨ ਦੀ ਪੜ੍ਹਾਈ ਕਰੋਗੇ ਤਾਂ ਤੁਸੀਂ ਵੀ ਨਾਸਾ ਵਰਗੀਆਂ ਸੰਸਥਾਵਾਂ ਵਿਚ ਕੰਮ ਕਰ ਸਕਦੇ ਹੋ ਤੇ ਮਨੁੱਖਤਾ ਦੇ ਭਲੇ ਲਈ ਨਵੀਆਂ ਖੋਜਾਂ ਵਿਚ ਯੋਗਦਾਨ ਪਾ ਸਕਦੇ ਹੋ।’