ਅਮਨਦੀਪ ਸਿੰਘ
ਮਿੰਟੂ ਦੀ ਉਦੋਂ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ।
‘ਹੁਣ ਅਸੀਂ ਅਗਲੇ ਮਹੀਨੇ ਹੀ ਤੁਹਾਡੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਇੱਕ-ਦੋ ਮਹੀਨੇ ਲਈ ਕੈਨੇਡਾ ਜਾਵਾਂਗੇ।‘ ਉਸਦੇ ਪਿਤਾ ਜੀ ਅਮਰਪ੍ਰੀਤ ਸਿੰਘ ਨੇ ਐਲਾਨ ਕੀਤਾ।
‘ਵਾਹ, ਮੈਨੂੰ ਯਕੀਨ ਨਹੀਂ ਆ ਰਿਹਾ!‘ ਉਸਦੀ ਛੋਟੀ ਭੈਣ ਰਾਣੀ ਵੀ ਖ਼ੁਸ਼ੀ ਨਾਲ਼ ਬੋਲੀ।
‘ਚਲੋ ਹੁਣ ਤੁਸੀਂ ਆਪਣਾ ਸਕੂਲ ਦਾ ਕੰਮ ਕਰੋ, ਅਸੀਂ ਤਿਆਰੀ ਸ਼ੁਰੂ ਕਰਦੇ ਹਾਂ।’ ਉਸਦੇ ਮਾਤਾ ਜੀ ਪ੍ਰੀਤੀ ਨੇ ਕਿਹਾ।
‘ਠੀਕ ਹੈ, ਮਾਤਾ ਜੀ।’ ਦੋਵਾਂ ਨੇ ਇੱਕੋ ਵੇਲੇ ਕਿਹਾ। ਹੁਣ ਤਾਂ ਉਹ ਮਾਤਾ ਜੀ ਦੀ ਹਰ ਇੱਕ ਗੱਲ ਮੰਨਣ ਲਈ ਤਿਆਰ ਸਨ।
ਉਨ੍ਹਾਂ ਨੂੰ ਚੰਗਾ ਵਤੀਰਾ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸੋਚਿਆ। ਉਹ ਦੋਵੇਂ ਆਪਣੇ-ਆਪਣੇ ਕਮਰਿਆਂ ਵਿੱਚ ਚਲੇ ਗਏ ਤੇ ਆਪਣਾ ਸਕੂਲ ਦਾ ਕੰਮ ਕਰਨ ਵਿੱਚ ਰੁੱਝ ਗਏ।
ਮਿੰਟੂ ਦੇ ਚਾਚਾ ਜੀ ਸਰਬਜੀਤ ਸਿੰਘ ਕੈਨੇਡਾ ਰਹਿੰਦੇ ਸਨ ਜਿਨ੍ਹਾਂ ਨੇ ਹੀ ਉਨ੍ਹਾਂ ਦੇ ਪਿਤਾ ਜੀ ਨੂੰ ਸਪਾਂਸਰਸ਼ਿੱਪ ਦੇ ਕਾਗ਼ਜ਼ ਭੇਜੇ ਸਨ, ਜਿਸ ਕਰਕੇ ਵੀਜ਼ਾ ਆਸਾਨੀ ਨਾਲ਼ ਲੱਗ ਗਿਆ ਸੀ।
ਮਈ ਦਾ ਮਹੀਨਾ ਪਤਾ ਹੀ ਨਹੀਂ ਕਿੰਝ ਬੀਤ ਗਿਆ। ਜਿਵੇ ਹੀ ਜੂਨ ਦਾ ਮਹੀਨਾ ਚੜ੍ਹਿਆ, ਗਰਮੀ ਆਪਣੇ ਸਿਖਰ ‘ਤੇ ਪੁੱਜ ਗਈ ਸੀ। ਪਸੀਨਾ ਇੰਝ ਆਉਂਦਾ ਸੀ ਜਿਵੇ ਪਰਬਤ ਵਿੱਚੋਂ ਪਾਣੀ ਸਿੰਮ ਰਿਹਾ ਹੋਵੇ। ਉਸਨੂੰ ਬਾਹਲੀ ਗਰਮੀ ਲੱਗਣੀ ਸ਼ੁਰੂ ਹੋ ਗਈ। ਪਰ ਉਹ ਖ਼ੁਸ਼ ਸੀ ਕਿ ਉਹ ਦੂਜੇ ਦਿਨ ਹੀ ਕੈਨੇਡਾ ਚਲੇ ਜਾਣਗੇ ਤੇ ਉੱਥੋਂ ਦੀਆਂ ਸੁਹਾਵਣੀਆਂ ਗਰਮੀਆਂ ਵਿੱਚ ਘੁੰਮਣਗੇ। ਉਸਨੇ ਕੈਨੇਡਾ ਦੇ ਮੌਸਮ ਬਾਰੇ ਸਾਰਾ ਕੁਝ ਪੜ੍ਹ ਲਿਆ ਸੀ। ਟਰੰਟੋ ਜਿੱਥੇ ਉਨ੍ਹਾਂ ਨੇ ਜਾਣਾ ਸੀ, ਠੰਡ ਬਹੁਤ ਪੈਂਦੀ ਸੀ ਪਰ ਗਰਮੀਆਂ ਬਹੁਤ ਸੁਹਾਵਣੀਆਂ ਹੁੰਦੀਆਂ ਸਨ - ਦਿਨ ਦਾ ਤਾਪਮਾਨ 22 ਤੋਂ 32 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਹੀ ਰਹਿੰਦਾ ਹੈ, ਪੰਜਾਬ ਵਾਂਗ 45 ਡਿਗਰੀ ਨਹੀਂ।
ਉਨ੍ਹਾਂ ਨੇ ਆਪਣੀ ਸਾਰੀ ਤਿਆਰੀ ਕਰ ਲਈ ਸੀ। ਅਮਰਪ੍ਰੀਤ ਤੇ ਪ੍ਰੀਤੀ ਨੇ ਸਾਰੇ ਅਟੈਚੀ ਚੰਗੀ ਤਰ੍ਹਾਂ ਪੈਕ ਕਰ ਲਏ ਸਨ। ਇੱਕ ਮਹੀਨੇ ਦੇ ਲਈ ਕੱਪੜੇ ਤੇ ਹੋਰ ਗਿਫ਼ਟ ਵਗੈਰਾ ਪੈਕ ਕਰ ਲਏ। ਹਰ ਇੱਕ ਦਾ ਇੱਕ ਆਪਣਾ-ਆਪਣਾ ਅਟੈਚੀ-ਕੇਸ ਤਿਆਰ ਸੀ। ਰਾਣੀ ਆਪਣੇ ਛੋਟੇ ਜਿਹੇ ਗੁਲਾਬੀ ਡਿਜ਼ਨੀ ਅਟੈਚੀ ਨਾਲ਼ ਬਹੁਤ ਖ਼ੁਸ਼ ਸੀ, ਜੋ ਕਿ ਪਿਛਲੀ ਵਾਰ ਉਸਦੇ ਚਾਚਾ ਜੀ ਉਸ ਲਈ ਕੈਨੇਡਾ ਤੋਂ ਹੀ ਲੈ ਕੇ ਆਏ ਸਨ।
ਮਿੰਟੂ ਨੇ ਆਪਣੇ ਲਈ ਪੜ੍ਹਨ ਲਈ ਕੁਝ ਮੈਗ਼ਜ਼ੀਨ ਤੇ ਕਿਤਾਬਾਂ ਰੱਖ ਲਈਆਂ ਤਾਂ ਜੋ ਉਹ ਬੋਰ ਨਾ ਹੋਵੇ। ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਵੈਸੇ ਉਹ ਆਪਣੇ ਫ਼ੋਨ ਤੇ ਵੀ ਕਿਤਾਬਾਂ ਪੜ੍ਹ ਸਕਦਾ ਸੀ, ਪਰ ਉਹ ਗੱਲ ਨਹੀਂ ਬਣਦੀ ਸੀ, ਉਸਨੂੰ ਅਸਲੀ ਕਿਤਾਬ ਪੜ੍ਹਨਾ ਹੀ ਚੰਗਾ ਲਗਦਾ ਸੀ।
ਜਲੰਧਰ ਤੋਂ ਦਿੱਲੀ ਤੱਕ ਦਾ ਸਫ਼ਰ ਬਹੁਤ ਲੰਬਾ ਸੀ। ਪਰ ਇਨੋਵਾ ਗੱਡੀ ਬਹੁਤ ਖੁੱਲ੍ਹੀ-ਡੁੱਲ੍ਹੀ ਸੀ, ਉਹ ਅਰਾਮ ਨਾਲ਼ ਬੈਠ ਕੇ ਜਾ ਰਹੇ ਸਨ, ਬਾਹਰ ਖੇਤਾਂ ਦੀ ਹਰਿਆਲੀ ਨੂੰ ਦੇਖਦੇ ਹੋਏ। ਕਾਰ ਡ੍ਰਾਈਵਰ ਨੇ ਵਧੀਆ ਪੰਜਾਬੀ ਗੀਤ ਲਗਾਏ ਹੋਏ ਸਨ। ਪਤਾ ਹੀ ਨਹੀਂ ਚੱਲਿਆ ਕਿ ਸਫ਼ਰ ਕਦੋਂ ਕੱਟ ਗਿਆ ਤੇ ਉਹ ਦਿੱਲੀ ਏਅਰਪੋਰਟ ਪੁੱਜ ਗਏ।
ਮਿੰਟੂ ਏਅਰਪੋਰਟ ਪਹਿਲਾਂ ਵੀ ਆਇਆ ਹੋਇਆ ਸੀ, ਪਰ ਉਹ ਆਪਣੇ ਚਾਚਾ ਜੀ ਨੂੰ ਚੜ੍ਹਾਉਣ ਆਏ ਹੋਏ ਬਾਹਰੋਂ ਹੀ ਮੁੜ ਗਏ ਸਨ। ਏਅਰਪੋਰਟ ਅੰਦਰੋਂ ਬਹੁਤ ਸ਼ਾਨਦਾਰ ਤੇ ਸਾਫ਼ ਸੀ, ਬਾਹਰਲੇ ਮਹੌਲ ਨਾਲ਼ੋਂ ਬਿਲਕੁਲ ਅੱਡ ਹੀ ਮਾਹੌਲ, ਜਿਵੇਂ ਉਹ ਹੁਣੇ ਹੀ ਬਾਹਰਲੇ ਮੁਲਕ ਆ ਗਏ ਹੋਣ। ਕੈਨੇਡਾ ਏਅਰਲਾਈਨ ਦੇ ਕਾਊਂਟਰ ਤੋਂ ਬੋਰਡਿੰਗ ਪਾਸ ਲੈ ਕੇ ਤੇ ਆਪਣੇ ਅਟੈਚੀ ਚੈੱਕ-ਇਨ ਕਰਵਾ ਕੇ ਸਿਰਫ਼ ਹੱਥ ਵਿੱਚ ਫੜਨ ਵਾਲ਼ੇ ਬੈਗ ਲੈ ਕੇ, ਉਹ ਇਮੀਗ੍ਰੇਸ਼ਨ ਦੀ ਲਾਈਨ ਵਿੱਚ ਜਾ ਕੇ ਖੜ੍ਹ ਗਏ। ਉਸਦੇ ਪਿਤਾ ਜੀ ਉਨ੍ਹਾਂ ਚਾਰਾਂ ਦੇ ਪਾਸਪੋਰਟ ਚੈੱਕ ਕਰਵਾਉਣ ਲੱਗੇ। ਉਹ ਹੋਰ ਲਾਈਨਾਂ ਵਿੱਚ ਖੜੇ ਅੱਲਗ-ਅੱਲਗ ਦੇਸਾਂ ਦੇ ਬਸ਼ਿੰਦੇ ਦੇਖ ਰਿਹਾ ਸੀ - ਕੋਈ ਗੋਰਾ ਸੀ ਤੇ ਕੋਈ ਚੀਨੀ। ਬਹੁਤ ਸਾਰੇ ਗੋਰੇ, ਗੋਰੀਆਂ ਆਪਣੀ ਪਿੱਠ ਤੇ ਬੈਕਪੈਕ ਲਟਕਾਈ ਵਾਪਸ ਜਾ ਰਹੇ ਸਨ। ਉਨ੍ਹਾਂ ਨੇ ਬੜੇ ਖੁਲ੍ਹੇ-ਡੁਲ੍ਹੇ ਕਪੜੇ ਪਾਏ ਹੋਏ ਸਨ। ਪਰ ਭਾਰਤ ਦੀ ਗਰਮੀ ਕਾਰਨ ਉਨ੍ਹਾਂ ਦੇ ਰੰਗ ਭੂਰੇ ਹੋ ਗਏ ਸਨ, ਫਿਰ ਵੀ ਉਹ ਬਹੁਤ ਖ਼ੁਸ਼ ਦਿਖਾਈ ਦੇ ਰਹੇ ਸਨ! ਪਾਸਪੋਰਟ ਚੈੱਕ ਕਰਵਾ ਕੇ ਉਹ ਉੱਥੇ ਪਹੁੰਚ ਗਏ ਜਿਥੋਂ ਕੈਨੇਡਾ ਏਅਰਲਾਈਨ ਦਾ ਜਹਾਜ਼ ਚੱਲਣਾ ਸੀ। ਅਜੇ ਜਹਾਜ਼ ਨੂੰ ਚੱਲਣ ਲਈ ਡੇਢ ਕੁ ਘੰਟਾ ਪਿਆ ਸੀ। ਉਸਦੇ ਮਾਤਾ-ਪਿਤਾ ਸਮਾਨ ਰੱਖ ਕੇ, ਕੁਰਸੀਆਂ ‘ਤੇ ਬੈਠਕੇ ਇੰਤਜ਼ਾਰ ਕਰਨ ਲੱਗੇ। ਉਸਦਾ ਮਨ ਖੂਬਸੂਰਤ ਦੁਕਾਨਾਂ ਨੂੰ ਦੇਖਣ ਲਈ ਕਰਨ ਲੱਗਿਆ।
‘ਪਿਤਾ ਜੀ, ਕੀ ਮੈਂ ਦੁਕਾਨਾਂ ਦੇਖ ਆਵਾਂ?’
‘ਠੀਕ ਹੈ ਬੇਟੇ, ਪਰ ਜ਼ਿਆਦਾ ਦੂਰ ਨਾ ਜਾਈਂ।’
‘ਵੀਰੇ, ਮੈਂ ਵੀ ਜਾਣਾ ਹੈ।’ ਰਾਣੀ ਬੋਲੀ।
ਮਿੰਟੂ ਤੇ ਰਾਣੀ ਅਲੱਗ-ਅਲੱਗ ਕਿਸਮ ਦੀਆਂ ਦੁਕਾਨਾਂ ਦੇਖਣ ਲੱਗੇ - ਕਿਤਾਬਾਂ ਦੀਆਂ, ਸੋਵੀਨੀਅਰ ਤੇ ਸਜਾਵਟ ਦੇ ਸਮਾਨ ਦੀਆਂ, ਖਾਣ-ਪੀਣ ਦੀਆਂ - ਇੰਨੀਆਂ ਸੁੰਦਰ ਦੁਕਾਨਾਂ ਉਸਨੇ ਕਿਤੇ ਨਹੀਂ ਸਨ ਵੇਖੀਆਂ, ਮਾਲ ਦੇ ਵਿੱਚ ਵੀ ਨਹੀਂ। ਭਾਰਤ ਦੇ ਚਮਕਦੇ ਸ਼ੋ-ਪੀਸ, ਅਸਲੀ-ਨਕਲੀ ਫੁੱਲਾਂ ਦੇ ਜੀਵੰਤ ਰੰਗ, ਲੋਕਾਂ ਦੀਆਂ ਗੱਲਾਂ-ਬਾਤਾਂ ਦੀ ਗੂੰਜ, ਕੌਫੀ ਅਤੇ ਨਵੀਆਂ ਕਿਤਾਬਾਂ ਦੀ ਹਲਕੀ ਖੁਸ਼ਬੂ ਮਿੰਟੂ ਦੇ ਮਨ ਨੂੰ ਛੋਹ ਰਹੇ ਸਨ। ਉਸਦਾ ਮਨ ਕੀਤਾ ਉਹ ਪੜ੍ਹਨ ਲਈ ਹੋਰ ਕਿਤਾਬਾਂ ਖਰੀਦ ਲਏ। ਪਰ ਉੱਥੇ ਹਰ ਇੱਕ ਚੀਜ਼ ਬਹੁਤ ਮਹਿੰਗੀ ਸੀ। ਸਭ ਕੁਝ ਦੇਖ ਕੇ ਰਾਣੀ ਦੀਆਂ ਅੱਖਾਂ ਵਿੱਚ ਵੀ ਹੈਰਾਨੀ ਸੀ। ਉਹ ਇੱਕ ਚੱਕਰ ਲਗਾ ਕੇ ਵਾਪਸ ਆ ਗਏ। ਉਦੋਂ ਹੀ ਬੋਰਡਿੰਗ ਦੀ ਅਨਾਊਂਸਮੈਂਟ ਹੋ ਗਈ ਤੇ ਉਸਦੇ ਪਿਤਾ ਜੀ ਨੇ ਉਨ੍ਹਾਂ ਨੂੰ ਜਲਦੀ ਨਾਲ਼ ਸਮਾਨ ਚੁੱਕ ਕੇ ਲਾਈਨ ਵਿੱਚ ਲੱਗਣ ਲਈ ਕਿਹਾ। ਬਹੁਤ ਸਾਰੇ ਲੋਕ ਲਾਈਨ ਵਿੱਚ ਪਹਿਲਾਂ ਹੀ ਲੱਗ ਗਏ ਸਨ, ਉਹ ਸਭ ਜਲਦੀ ਨਾਲ਼ ਜਹਾਜ਼ ਵਿੱਚ ਜਾਣਾ ਚਾਹੁੰਦੇ ਸਨ। ਏਅਰ-ਹੋਸਟੈੱਸ ਸਭ ਦੇ ਪਾਸਪੋਰਟ ਤੇ ਬੋਰਡਿੰਗ ਪਾਸ ਚੈੱਕ ਕਰ ਰਹੀ ਸੀ। ਉਸਨੇ ਮੁਸਕਰਾਉਂਦਿਆ ਉਨ੍ਹਾਂ ਦੇ ਪਾਸਪੋਰਟ ਤੇ ਬੋਰਡਿੰਗ ਪਾਸ ਚੈੱਕ ਕਰਕੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ ਤੇ ਜਹਾਜ਼ ਅੰਦਰ ਜਾਣ ਲਈ ਇਸ਼ਾਰਾ ਕੀਤਾ। ਇੱਕ ਲੰਬੀ ਜਿਹੀ ਸੁਰੰਗ ਦੇ ਵਿੱਚੋਂ ਦੀ ਹੁੰਦੇ ਹੋਏ, ਉਹ ਜਹਾਜ਼ ਦੇ ਦਰਵਾਜ਼ੇ ਕੋਲ਼ ਪਹੁੰਚੇ। ਦੋ ਏਅਰ ਹੋਸਟੈੱਸ ਉੱਥੇ ਵੀ ਉਨ੍ਹਾਂ ਦੇ ਸਵਾਗਤ ਤੇ ਗਾਈਡ ਕਰਨ ਲਈ ਖੜੀਆਂ ਸਨ। ਸੀਟਾਂ ਵਿੱਚਕਾਰ ਤੰਗ ਜਿਹੇ ਰਸਤੇ ਵਿੱਚੋਂ ਦੀ ਹੁੰਦੇ ਹੋਏ, ਉਹ ਸੀਟਾਂ ਦੇ ਨੰਬਰ ਚੈੱਕ ਕਰਦਿਆਂ ਆਪਣੀ ਸੀਟ ਲੱਭ ਰਹੇ ਸਨ। ਜਹਾਜ਼ ਕੀ ਸੀ, ਇੱਕ ਤਰ੍ਹਾਂ ਦਾ ਵਿਸ਼ਾਲ ਹਾਲ ਸੀ। ਅੱਧਾ ਜਹਾਜ਼ ਪਾਰ ਕਰਦੇ ਹੋਏ, ਉਹ ਜਹਾਜ਼ ਦੇ ਪਿਛਲੇ ਪਾਸੇ ਪਹੁੰਚ ਗਏ। ਸੀਟਾਂ ਦੇ ਉੱਪਰਲੇ ਖਾਨਿਆਂ ਵਿੱਚ ਬੈਗ ਰੱਖ ਕੇ ਉਹ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ। ਉਹ ਆਪਣੇ ਪਿਤਾ ਜੀ ਨਾਲ਼ ਤੇ ਰਾਣੀ ਮਾਤਾ ਜੀ ਨਾਲ਼ ਬੈਠ ਗਈ। ਉਸਨੇ ਤੇ ਰਾਣੀ ਨੇ ਖਿੜਕੀ ਵਾਲ਼ੀ ਸੀਟ ਲੈ ਲਈ। ਬਾਹਰ ਦਿੱਲੀ ਸ਼ਹਿਰ ਦੀਆਂ ਰੌਸ਼ਨੀਆਂ, ਪ੍ਰਦੂਸ਼ਣ ਦੇ ਧੂੰਏ ਵਿੱਚ ਵੀ ਖੂਬਸੂਰਤ ਲੱਗ ਰਹੀਆਂ ਸਨ। ਉਨ੍ਹਾਂ ਦੇ ਸਾਹਮਣੇ ਸੀਟ ਤੇ ਲੱਗੇ ਟੀਵੀ ਦੀ ਸਕਰੀਨ ‘ਤੇ ਸੁਰੱਖਿਆ ਦੀ ਅਨਾਊਂਸਮੈਂਟ ਸ਼ੁਰੂ ਹੋ ਗਈ, ਤੇ ਏਅਰ-ਹੋਸਟੈੱਸ ਨੇ ਵੀ ਆਪਣੇ ਹੱਥ ਵਿੱਚ ਬੈਲਟ ਫੜ ਕੇ ਸੁਰੱਖਿਆ ਦੇ ਨਿਰਦੇਸ਼ ਦੱਸਣੇ ਸ਼ੁਰੂ ਕਰ ਦਿੱਤੇ, ਨਾਲ਼ ਹੀ ਜਹਾਜ਼ ਹੌਲ਼ੀ-ਹੌਲ਼ੀ ਚੱਲਣ ਲੱਗ ਪਿਆ। ਉਹ ਸਾਰੇ ਜਣੇ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਨੇ ਸੁਰੱਖਿਆ ਬੈਲਟ ਪਹਿਲਾਂ ਹੀ ਚੰਗੀ ਤਰ੍ਹਾਂ ਬੰਨ੍ਹ ਲਈ ਸੀ।
ਸੁਰੱਖਿਆ ਅਨਾਊਂਸਮੈਂਟ ਖਤਮ ਹੁੰਦੇ ਹੀ, ਜਹਾਜ਼ ਦੀ ਅਵਾਜ਼ ਉੱਚੀ ਹੋ ਗਈ ਤੇ ਉਹ ਰਨਵੇ ‘ਤੇ ਇੱਕਦਮ ਤੇਜ਼ ਦੌੜਨ ਲੱਗਿਆ। ਮਿੰਟੂ ਬੜੀ ਨੀਝ ਨਾਲ਼ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ, ਇੰਨੇ ਨੂੰ ਜਹਾਜ਼ ਨੇ ਹਵਾ ਵਿੱਚ ਉਡਾਣ ਭਰ ਲਈ। ਉਸਦਾ ਦਿਲ ਘਾਊਂ-ਮਾਊਂ ਜਿਹਾ ਹੋਣ ਲੱਗਿਆ, ਪਰ ਉਹ ਥੱਲੇ ਪਿੱਛੇ ਰਹਿ ਰਿਹਾ ਘੁੱਗ-ਵੱਸਦਾ ਦਿੱਲੀ ਸ਼ਹਿਰ ਵੇਖਣ ਵਿੱਚ ਮਸਰੂਫ਼ ਸੀ, ਦਿੱਲੀ ਸ਼ਹਿਰ ਦੀਆਂ ਰੌਸ਼ਨੀਆਂ ਮੀਲਾਂ-ਬੱਧੀ ਫੈਲੀਆਂ ਹੋਈਆਂ ਸਨ। ਮਿੰਟਾਂ ਵਿੱਚ ਹੀ ਜਹਾਜ਼ ਕਾਲ਼ੇ-ਕਾਲ਼ੇ ਬੱਦਲਾਂ ਤੋਂ ਉੱਪਰ ਉੱਠ ਗਿਆ ਤੇ ਸ਼ਹਿਰ ਦੀ ਰੌਸ਼ਨੀਆਂ ਬਹੁਤ ਪਿੱਛੇ ਰਹਿ ਗਈਆਂ ਸਨ। ਉਸਨੇ ਆਪਣੇ ਸਾਹਮਣੇ ਲੱਗੀ ਸਕਰੀਨ ‘ਤੇ ਦੇਖਿਆ, ਉਹ ਪਾਕਿਸਤਾਨ ਦੇ ਉੱਪਰੋਂ ਉਡਦੇ ਹੋਏ ਅਫ਼ਗਾਨਿਸਤਾਨ ਵੱਲ ਨੂੰ ਉਡ ਰਹੇ ਸਨ। ਜਹਾਜ਼ ਦੀ ਸਪੀਡ ਹੁਣ 800 ਕਿਲੋਮੀਟਰ ਪ੍ਰਤੀ ਘੰਟਾ ਸੀ ਤੇ ਉਹ 34000 ਫੁੱਟ ਉਚਾ ਉਡ ਰਿਹਾ ਸੀ, ਬਾਹਰ ਦਾ ਤਾਪਮਾਨ ਮਨਫ਼ੀ 46 ਡਿਗਰੀ ਸੀ। ਉਹ ਸਾਰੀ ਜਾਣਕਾਰੀ ਪੜ੍ਹ ਕੇ ਹੈਰਾਨ ਹੋ ਰਿਹਾ ਸੀ! ਫੇਰ ਉਸਨੇ ਟੀਵੀ ਦੇਖਣਾ ਸ਼ੁਰੂ ਕਰ ਦਿੱਤਾ, ਹੌਲੀਵੁੱਡ ਤੇ ਬੌਲੀਵੁੱਡ ਦੀਆਂ ਨਵੀਆਂ ਰਿਲੀਜ਼ ਹੋਈਆਂ ਸਭ ਫ਼ਿਲਮਾਂ ਸਨ, ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਹੜੀ ਫ਼ਿਲਮ ਦੇਖੇ। ਹੋਰ ਵੀ ਤਰ੍ਹਾਂ ਤਰ੍ਹਾਂ ਦੇ ਟੀਵੀ ਪ੍ਰੋਗਾਮ ਤੇ ਗੀਤ-ਸੰਗੀਤ ਸੀ। ਉਸਨੇ ਆਪਣੇ ਪਰਿਵਾਰ ਵੱਲ ਵੇਖਿਆ, ਉਸਦੇ ਪਿਤਾ ਜੀ ਕੋਈ ਡਾਕੂਮੈਂਟਰੀ ਦੇਖ ਰਹੇ ਸਨ, ਮਾਤਾ ਜੀ ਪੰਜਾਬੀ ਫ਼ਿਲਮ, ਰਾਣੀ ਆਪਣੀ ਮਨਪਸੰਦ ਡਿਜ਼ਨੀ ਫ਼ਿਲਮ ਦੇਖ ਰਹੀ ਸੀ। ਉਸਨੇ ਆਸਪਾਸ ਨਜ਼ਰ ਘੁਮਾਈ, ਸਾਰੇ ਲੋਕ ਕੋਈ ਨਾ ਕੋਈ ਫ਼ਿਲਮ ਦੇਖ ਰਹੇ ਸਨ, ਇਸ ਕੋਨੇ ਵਿੱਚ ਤਕਰੀਬਨ ਸਾਰੇ ਹੀ ਪੰਜਾਬੀ ਜਾਂ ਭਾਰਤੀ ਲੋਕ ਹੀ ਸਨ। ਕੋਈ ਟਾਵਾਂ-ਟਾਵਾਂ ਗੋਰਾ ਨਜ਼ਰ ਆ ਰਿਹਾ ਸੀ। ਉਸਨੇ ਸੋਚਿਆ ਕਿ ਬਾਲੀਵੁੱਡ ਫ਼ਿਲਮਾਂ ਤਾਂ ਦੇਖਦੇ ਹੀ ਰਹਿੰਦੇ ਹਾਂ, ਇਸ ਕਰਕੇ ਕੋਈ ਹੌਲੀਵੁੱਡ ਫ਼ਿਲਮ ਦੇਖੀ ਜਾਏ। ਉਸਨੇ ਇੱਕ ਐਕਸ਼ਨ ਫਿਲਮ “ਟਾਪ-ਗੰਨ” ਲਗਾ ਲਈ।
ਏਅਰ-ਹੋਸਟੈੱਸ ਖਾਣ-ਪੀਣ ਦਾ ਸਮਾਨ ਵਰਤਾਉਣ ਲੱਗ ਗਈ। ਰਾਣੀ ਨੂੰ ਖੇਡਣ ਲਈ ਕਿੱਟ ਵੀ ਮਿਲ਼ੀ, ਤੇ ਉਹ ਉਸਨੂੰ ਲੈ ਕੇ ਬਹੁਤ ਖ਼ੁਸ਼ ਹੋਈ। ਉਹ ਛੋਟੇ ਬੱਚਿਆਂ ਵਿੱਚ ਹੁਣ ਨਹੀਂ ਸੀ ਆਉਂਦਾ। ਇਸ ਕਰਕੇ ਉਸਨੂੰ ਅਜਿਹੀ ਕੋਈ ਕਿੱਟ ਨਹੀਂ ਮਿਲ਼ੀ। ਇੰਨੀ ਪਿਆਰੀ ਕਿੱਟ ਦੇਖ ਕੇ ਉਸਦਾ ਮਨ ਲਲਚਾ ਰਿਹਾ ਸੀ! ਇੱਕ ਪਲ ਲਈ ਤਾਂ ਉਸਦਾ ਮਨ ਕੀਤਾ ਕਿ ਉਹ ਵੀ ਮੁੰਡਿਆਂ ਵਾਲ਼ੀ ਖੇਡਣ ਦੀ ਕਿੱਟ ਮੰਗੇ। ਪਰ ਫੇਰ ਉਸਨੂੰ ਸ਼ਰਮ ਜਿਹੀ ਆ ਗਈ। ‘ਲਾਲਚ ਨਹੀਂ ਕਰਨਾ ਚਾਹੀਦਾ।’ ਉਸਨੇ ਆਪਣੇ ਮਨ ਵਿੱਚ ਸੋਚਿਆ ਤੇ ਫ਼ਿਲਮ ਦੇਖਣ ਵਿੱਚ ਮਸਤ ਹੋ ਗਿਆ। ਤੇ ਨਾਲ਼-ਨਾਲ਼ ਸੋਡੇ ਦੀਆਂ ਚੁਸਕੀਆਂ ਭਰਨ ਲੱਗਾ ਤੇ ਸਨੈਕਸ ਖਾਣ ਲੱਗਾ। ਅੱਧੇ ਕੁ ਘੰਟੇ ਬਾਅਦ ਏਅਰ-ਹੋਸਟੈੱਸ ਡਿਨਰ ਵੀ ਲੈ ਕੇ ਆ ਗਈ, ਜਿਸ ਵਿੱਚ ਸਾਗ, ਮੱਕੀ ਦੀ ਰੋਟੀ, ਮੱਖਣ, ਦਹੀਂ, ਚੌਲ਼, ਤੇ ਖੀਰ ਸੀ। ਬਹੁਤ ਹੀ ਸਵਾਦਲਾ ਖਾਣਾ ਸੀ। ਖਾਣਾ ਖਾ ਕੇ ਤੇ ਫ਼ਿਲਮ ਦੇਖ ਕੇ ਉਸਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਉਸਦੇ ਮਾਤਾ, ਪਿਤਾ ਤੇ ਰਾਣੀ ਤਾਂ ਪਹਿਲਾਂ ਹੀ ਸੌਂ ਚੁੱਕੇ ਸਨ। ਜਹਾਜ਼ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਸਨ, ਜੋ ਕਿ ਯਾਤਰੀਆਂ ਨੂੰ ਸੌਂਣ ਦਾ ਸੰਕੇਤ ਸੀ। ਜਹਾਜ਼ ਹਵਾ ਵਿੱਚ ਬੜੇ ਅਰਾਮ ਨਾਲ਼ ਤੈਰ ਰਿਹਾ ਸੀ, ਉਸਨੂੰ ਇੰਨੀ ਤੇਜ਼ ਸਪੀਡ ਦਾ ਰਤਾ ਵੀ ਪਤਾ ਨਹੀਂ ਲੱਗ ਰਿਹਾ ਸੀ। ਜਹਾਜ਼ ਦੇ ਝੂਟੇ ਲੈਂਦਿਆਂ-ਲੈਂਦਿਆਂ ਉਸਦੀ ਅੱਖ ਲੱਗ ਗਈ।
ਉਹ ਡੂੰਘੀ ਨੀਂਦ ਵਿੱਚ ਸੀ ਜਦੋਂ ‘ਖੜ-ਖੜ’ ਨਾਲ਼ ਉਸਦੀ ਨੀਂਦ ਖੁਲ੍ਹ ਗਈ।
‘ਬੇਟੇ, ਸੀਟ ਬੈਲਟ ਲਗਾ ਲੈ - ਅਨਾਊਂਸਮੈਂਟ ਹੋਈ ਹੈ ਕਿ ਜਹਾਜ਼ ਤੇਜ਼ ਹਵਾਵਾਂ ਵਿੱਚੋਂ ਦੀ ਗ਼ੁਜ਼ਰ ਰਿਹਾ ਜਿਸ ਕਰਕੇ ਟਰਬੂਲੈਂਸ ਹੋ ਰਹੀ ਹੈ।’ ਉਸਦੇ ਪਿਤਾ ਜੀ ਉਸਨੂੰ ਉਠਾ ਰਹੇ ਸਨ।
ਉਸਨੇ ਸੀਟ ਬੈਲਟ ਲਗਾ ਲਈ। ਸਾਹਮਣੇ ਸਕਰੀਨ ਤੇ ਦੇਖਣ ਤੇ ਜਹਾਜ਼ ਯੂਰਪ ਦੇ ਉੱਪਰੋਂ ਦੀ ਗ਼ੁਜ਼ਰ ਰਿਹਾ ਸੀ, ਅਜੇ ਜਹਾਜ਼ ਨੇ ਅੱਧਾ ਰਸਤਾ ਨਹੀਂ ਸੀ ਪਾਰ ਕਰਿਆ। ਉਹ ਫੇਰ ਨੀਂਦ ਦੀ ਗੋਦ ਵਿੱਚ ਸੌਂ ਗਿਆ। ਜਦੋਂ ਉਸਦੀ ਨੀਂਦ ਖੁੱਲ੍ਹੀ ਤਾਂ ਦਿਨ ਚੜ੍ਹ ਆਇਆ ਸੀ। ਏਅਰ-ਹੋਸਟੈੱਸ ਬਰੇਕਫਾਸਟ ਦੇ ਰਹੀਆਂ ਸਨ। ਉਸਨੇ ਦੇਖਿਆ ਕਿ ਉਸਦੇ ਪਿਤਾ ਜੀ ਤੇ ਮਾਤਾ ਜੀ ਨੇ ਤਾਂ ਬ੍ਰੇਕਫਾਸਟ ਕਰ ਵੀ ਲਿਆ ਸੀ ਤੇ ਤਜ਼ਾਦਮ ਲੱਗ ਰਹੇ ਸਨ। ਰਾਣੀ ਅਜੇ ਵੀ ਘੂਕ ਸੁੱਤੀ ਪਈ ਸੀ। ਕਈ ਲੋਕ ਜਿਨ੍ਹਾ ਵਿੱਚੋਂ ਜ਼ਿਆਦਾਤਰ ਬਜ਼ੁਰਗ ਸਨ, ਜਹਾਜ਼ ਦੇ ਆਈਲ (ਸੀਟਾਂ ਦੇ ਦਰਮਿਆਨ ਰਸਤਾ) ਵਿੱਚ ਚੱਲ ਫਿਰ ਰਹੇ ਸਨ। ਸ਼ਾਇਦ ਬੈਠੇ ਬੈਠੇ ਥੱਕ ਗਏ ਹੋਣ। ਸਫ਼ਰ ਵੀ ਤਾਂ ਬਹੁਤ ਲੰਬਾ ਸੀ। ਉਸਨੇ ਜਹਾਜ਼ ਦੇ ਮੈਗ਼ਜ਼ੀਨ ਵਿੱਚ ਪੜ੍ਹਿਆ ਸੀ ਕਿ ਲੰਬਾ ਸਮਾਂ ਬੈਠਣ ਨਾਲ਼ ਲੱਤਾਂ ਪੈਰਾਂ ਦੀਆਂ ਨਾੜਾਂ ਵਿੱਚ ਖ਼ੂਨ ਜੰਮ ਜਾਂਦਾ ਹੈ, ਜਿਸ ਨਾਲ਼ ਲੱਤਾਂ ਸੁੱਜ ਸਕਦੀਆਂ ਹਨ ਤੇ ਬਲੱਡ-ਕਲੌਟ ਵੀ ਹੋ ਸਕਦਾ ਹੈ। ਇਸ ਕਰਕੇ ਚੱਲਦੇ-ਫਿਰਦੇ ਰਹਿਣਾ ਚਾਹੀਦਾ ਹੈ ਤੇ ਪਾਣੀ ਵੀ ਪੀਂਦੇ ਰਹਿਣਾ ਚਾਹੀਦਾ ਹੈ। ਮਿੰਟੂ ਨੇ ਵੀ ਉੱਠਣਾ ਹੀ ਠੀਕ ਸਮਝਿਆ ਤੇ ਵਾਸ਼ਰੂਮ ਵੱਲ ਨੂੰ ਦੇਖਣ ਲੱਗ ਪਿਆ ਕਿ ਖਾਲੀ ਹੈ ਕਿ ਨਹੀਂ। ਇੱਕ ਵਾਸ਼ਰੂਮ ਖਾਲੀ ਸੀ। ਹੱਥ-ਮੂੰਹ ਧੋ ਕੇ ਉਹ ਵਾਪਸ ਆਪਣੀ ਸੀਟ ਤੇ ਆ ਗਿਆ। ਉਸਨੂੰ ਜ਼ੋਰ ਦੀ ਭੁੱਖ ਲੱਗੀ ਹੋਈ ਸੀ, ਉਸਨੇ ਫਟਾ ਫਟ ਖਾਣੇ ਦੀ ਟਰੇ ਚੁੱਕੀ। ਬ੍ਰੇਕਫਾਸਟ ਵਿੱਚ ਬ੍ਰੈਡ-ਟੋਸਟ, ਫ਼ਲ, ਜੂਸ ਤੇ ਹੋਰ ਕਿੰਨਾ ਕੁਛ ਸੀ, ਜਿਨ੍ਹਾਂ ਦਾ ਉਸਨੂੰ ਨਾਮ ਵੀ ਨਹੀਂ ਸੀ ਪਤਾ। ਉਸਨੇ ਮਜ਼ੇ ਨਾਲ਼ ਬਰੇਕਫਾਸਟ ਕੀਤਾ। ਜਹਾਜ਼ ਯੂਰਪ ਟੱਪ ਚੁੱਕਾ ਸੀ ਤੇ ਅੱਧਾ ਰਸਤਾ ਵੀ ਪਾਰ ਕਰ ਚੁੱਕਾ ਸੀ, ਪਰ ਅਜੇ ਵੀ ਛੇ-ਸੱਤ ਘੰਟੇ ਦਾ ਸਫ਼ਰ ਬਾਕੀ ਸੀ।
ਮਿੰਟੂ ਫੇਰ ਇੱਕ ਹੋਰ ਹੌਲੀਵੁੱਡ ਫ਼ਿਲਮ “ਸਪਾਈਡਰ ਮੈਨ” ਦੇਖਣ ਲੱਗ ਪਿਆ। ਸਪਾਈਡਰ ਮੈਨ - ਸੁਪਰ ਹੀਰੋ, ਉਸਨੂੰ ਬਹੁਤ ਚੰਗਾ ਲਗਦਾ ਸੀ, ਸ਼ਕਤੀਸ਼ਾਲੀ ਮੱਕੜੀ ਦੇ ਜਾਲ਼ ਨਾਲ਼ ਉਸਦਾ ਇੱਕ ਇਮਾਰਤ ਤੋਂ ਦੂਜੀ ਇਮਾਰਤ ‘ਤੇ ਕੁੱਦਣਾ, ਦੁਸ਼ਟਾਂ ਨੂੰ ਫੜਨਾ ਬੜਾ ਹੈਰਾਨੀ ਭਰਿਆ ਸੀ! ਉਹ ਫ਼ਿਲਮ ਦੇਖਣ ਵਿੱਚ ਇੰਨਾ ਮਘਨ ਹੋ ਗਿਆ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਿਆ। ਪਰ ਅਜੇ ਵੀ ਚਾਰ ਕੁ ਘੰਟੇ ਦਾ ਸਫ਼ਰ ਪਿਆ ਸੀ। ਰਾਣੀ ਵੀ ਉੱਠ ਗਈ ਸੀ, ਉਸਨੇ ਸੀਟ ਪਿੱਛੇ ਦੇਖ ਕੇ ਉਸਨੂੰ ਬੁਲਾਇਆ।
‘ਰਾਣੀ , ਤੂੰ ਕੀ ਦੇਖ ਰਹੀ ਏਂ?’
‘ਵੀਰੇ, ਮੈਂ ਹੁਣ ‘ਡਿਜ਼ਨੀ ਦੀ ਫਰੋਜ਼ਨ’ ਦੇਖ ਰਹੀ ਹਾਂ।‘
ਡਿਜ਼ਨੀ ਦੀਆਂ ਫ਼ਿਲਮਾਂ ਰਾਣੀ ਦੀਆਂ ਮਨਪਸੰਦ ਸਨ।
‘ਚੰਗਾ, ਠੀਕ ਹੈ। ਤੇ ਮਾਤਾ ਜੀ?’
‘ਉਹ ਤਾਂ ਪੰਜਾਬੀ ਹੀ ਦੇਖਦੇ ਹਨ, ਤੇ ਹੁਣ ਦਿਲਜੀਤ ਦੀ ‘ਹੌਸਲਾ ਰੱਖ’ ਦੇਖ ਰਹੇ ਹਨ। ਬਹੁਤ ਵਧੀਆ ਫ਼ਿਲਮ ਹੈ! ਮੈਂ ਵੀ ਦੇਖਾਂਗੀ।’
ਉਸਨੇ ਆਪਣੇ ਪਿਤਾ ਜੀ ਵੱਲ ਦੇਖਿਆ ਜੋ ਕਿ ਮੈਗਜ਼ੀਨ ਪੜ੍ਹਨ ਵਿੱਚ ਮਸਰੂਫ਼ ਸਨ। ਉਸਦਾ ਮਨ ਕੀਤਾ ਕਿ ਉੱਠ ਕੇ ਉਹ ਜਹਾਜ਼ ਵਿੱਚ ਘੁੰਮੇ। ਉਸਨੇ ਆਪਣੇ ਪਿਤਾ ਜੀ ਤੋਂ ਇਜਾਜ਼ਤ ਲਈ ਤੇ ਰਾਣੀ ਨੂੰ ਨਾਲ਼ ਲੈ ਕੇ ਇੱਕ ਪੂਰਾ ਚੱਕਰ ਲਗਾ ਕੇ ਆਇਆ। ਦਰਵਾਜ਼ਿਆਂ ਦੇ ਕੋਲ਼ ਦੀ ਖਾਲੀ ਜਗ੍ਹਾ ਤੋਂ ਹੇਠਾਂ ਜ਼ਮੀਨ ਜ਼ਿਆਦਾ ਵਧੀਆ ਨਜ਼ਰ ਆਉਂਦੀ ਸੀ।
ਸਕਰੀਨ ‘ਤੇ ਨਕਸ਼ਾ ਦੇਖਣ ‘ਤੇ ਲਗਦਾ ਹੈ, ਉਹ ਉੱਤਰੀ ਧਰੁਵ ਦੇ ਨੇੜੇ ਤੋਂ ਗ਼ੁਜ਼ਰ ਰਹੇ ਹਨ। ਹੇਠਾਂ ਹਰ ਪਾਸੇ ਚਿੱਟੀ ਬਰਫ਼ ਸੀ, ਜੋ ਸੂਰਜ ਦੀ ਧੁੱਪ ਨਾਲ਼ ਚਮਕ ਕੇ ਅੱਖਾਂ ਨੂੰ ਚੁੰਧਿਆ ਰਹੀ ਸੀ।
‘ਉਹ ਲਗਦਾ ਹੈ ਅਸੀਂ ਉੱਤਰੀ ਧਰੁਵ ਦੇ ਕੋਲ਼ੋਂ ਦੀ ਗ਼ੁਜ਼ਰ ਰਹੇ ਹਾਂ।’
‘ਥੱਲੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ। ਵਾਹ! ਕਿੰਨਾ ਚੰਗਾ ਲੱਗ ਰਿਹਾ ਹੈ। ਮੈਨੂੰ ਬਰਫ਼ ‘ਚ ਬਣੀ ਫਰੋਜ਼ਨ ਫਿਲਮ ਯਾਦ ਆ ਰਹੀ ਹੈ।’ ਰਾਣੀ ਚਹਿਕ ਰਹੀ ਸੀ।
‘ਹਾਂ ਅਸੀਂ ਸੈਂਟਾ ਕਲੌਜ਼’ ਦੇ ਦੇਸ਼ ਤੋਂ ਉਡ ਰਹੇ ਹਾਂ।’ ਉਸਨੇ ਰਾਣੀ ਨੂੰ ਉਕਸਾਉਣ ਲਈ ਮੁਸਕਰਾਉਂਦਿਆਂ ਕਿਹਾ।
‘ਵੀਰੇ, ਕੀ ਸੈਂਟਾ ਸੱਚਮੁੱਚ ਹੁੰਦਾ ਹੈ?’
ਰਾਣੀ ਅਜੇ ਵੀ ਸੈਂਟਾ ਨੂੰ ਮੰਨਦੀ ਲਗਦੀ ਸੀ। ਕਾਨਵੈਂਟ ਸਕੂਲ ਵਿੱਚ ਪੜ੍ਹਦੀ ਹੋਣ ਕਰਕੇ, ਹਰ ਸਾਲ ਉਸਨੂੰ ਕ੍ਰਿਸਮਸ ‘ਤੇ ਗਿਫ਼ਟ ਮਿਲਦੇ ਸਨ, ਜੋ ਕਿ ਉਹ ਕਹਿੰਦੇ ਸਨ ਕਿ ਸੈਂਟਾ ਲੈ ਕੇ ਆਉਂਦਾ ਹੈ।
‘ਮੈਨੂੰ ਕੀ ਪਤਾ?’ ਉਹ ਉਸਦਾ ਭਰਮ ਤੋੜਨਾ ਨਹੀਂ ਚਾਹੁੰਦਾ ਸੀ।
ਵਾਪਸ ਆ ਕੇ ਉਹ ਮਸ਼ਹੂਰ ਸਾਇੰਸ ਫ਼ਿਕਸ਼ਨ ਫ਼ਿਲਮ ‘ਡਿਊਨ’ ਦੇਖਣ ਲੱਗ ਪਿਆ। ਉਸਨੂੰ ਫ਼ਿਲਮ ਦੀ ਇੰਨੀ ਸਮਝ ਨਹੀਂ ਆ ਹੀ ਸੀ, ਪਰ ਉਹ ਇਹ ਦੇਖ ਰਿਹਾ ਸੀ ਕਿ ਲੋਕ ਮਾਰੂਥਲ ਦੇ ਵਿੱਚ “ਸਪਾਈਸ” ਨਾ ਦਾ ਤੱਤ ਲੱਭਣ ਲਈ ਲੜ ਰਹੇ ਸਨ ਜੋ ਕਿ ਬਹੁਤ ਕੀਮਤੀ ਸੀ ਜੋ ਉਨ੍ਹਾਂ ਨੂੰ ਨਵਜੀਵਨ ਦੇਣ ਲਈ ‘ਤੇ ਸਪੇਸ ਸ਼ਿੱਪ ਨੂੰ ਪ੍ਰਕਾਸ਼ ਦੀ ਗਤੀ ਤੋਂ ਵੀ ਤੇਜ਼ ਚਲਾਉਣ ਲਈ ਜ਼ਰੂਰੀ ਸੀ।
ਏਅਰ-ਹੋਸਟੈੱਸ ਇੱਕ ਵਾਰ ਫੇਰ ਖਾਣਾ ਲੈ ਕੇ ਆ ਗਈ। ਹੁਣ ਉਸਦਾ ਖਾਣ ਦਾ ਬਹੁਤਾ ਮਨ ਨਹੀਂ ਸੀ। ਉਸਨੂੰ ਲੱਗ ਰਿਹਾ ਸੀ ਕਿ ਉਸਦਾ ਪੇਟ ਜ਼ਿਆਦਾ ਹੀ ਭਰ ਚੁੱਕਾ ਹੈ। ਪਰ ਫੇਰ ਵੀ ਉਸਨੇ ਚੌਲ਼ ਤੇ ਮਟਰ ਦੀ ਸਵਾਦਲੀ ਸਬਜ਼ੀ ਖਾ ਹੀ ਲਈ, ਤੇ ਥੋੜਾ ਜਿਹਾ ਜੂਸ ਪੀ ਲਿਆ।
ਆਖਿਰਕਾਰ ਜਹਾਜ਼ ਕੈਨੇਡਾ ਪਹੁੰਚਣ ਹੀ ਵਾਲ਼ਾ ਸੀ। ਹੇਠਾਂ ਸਮੁੰਦਰ ਵਰਗੀ ਵੱਡੀ ਝੀਲ ਦੇਖ ਕੇ ਉਸਨੂੰ ਬਹੁਤ ਵਧੀਆ ਲੱਗ ਰਿਹਾ ਸੀ। ਉਸਨੇ ਕੈਨੇਡਾ ਦੀ ਮਹਾਨ ਝੀਲ ਓਨਟੈਰੀਓ ਬਾਰੇ ਪੜ੍ਹਿਆ ਹੋਇਆ ਸੀ, ਤੇ ਹੁਣ ਉਹ ਆਪਣੀਆਂ ਅੱਖਾਂ ਨਾਲ਼ ਉਸਦੀ ਵਿਸ਼ਾਲਤਾ ਦੇਖ ਰਿਹਾ ਸੀ। ਉਨ੍ਹਾਂ ਦਾ ਜਹਾਜ਼ ਸਵੇਰ ਦੇ ਵੇਲੇ ਸਾਢੇ ਛੇ ਵਜੇ, ਟਰੋਂਟੋ ਏਅਰਪੋਰਟ ‘ਤੇ ਉੱਤਰ ਗਿਆ।
ਜਹਾਜ਼ ਤੋਂ ਉੱਤਰ ਕੇ ਉਹ ਇਮੀਗ੍ਰੇਸ਼ਨ ਦੀ ਲਾਈਨ ਵਿੱਚ ਲੱਗ ਪਏ। ਏਅਰਪੋਰਟ ਬਹੁਤ ਹੀ ਸ਼ਾਨਦਾਰ ਤੇ ਆਧੁਨਿਕ ਸੀ। ਹਰ ਇੱਕ ਚੀਜ਼ ਬੜੇ ਹੀ ਸੁੰਦਰ ਤਰੀਕੇ ਨਾਲ਼ ਸਜਾਈ ਹੋਈ ਸੀ। ਇਮੀਗ੍ਰੇਸ਼ਨ ਕਰਵਾ ਕੇ ਤੇ ਬੈਗ ਲੈ ਕੇ ਉਹ ਬਾਹਰ ਆ ਗਏ। ਬਾਹਰ ਦਾ ਦ੍ਰਿਸ਼ ਤਾਂ ਹੋਰ ਵੀ ਖੂਬਸੂਰਤ ਸੀ, ਖੁੱਲ੍ਹਾ ਨੀਲਾ ਅਸਮਾਨ, ਚਿੱਟੇ-ਚਿੱਟੇ ਤਿਤਰਖੰਭੀ ਬੱਦਲ, ਹਰ ਇੱਕ ਚੀਜ਼ ਬਹੁਤ ਹੀ ਸਾਫ਼-ਸੁਥਰੀ ਤੇ ਸ਼ਾਨਦਾਰ ਨਜ਼ਰ ਆ ਰਹੀ ਸੀ। ਉਸਦੇ ਚਾਚਾ ਜੀ ਬਾਹਰ ਖੜੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਉਹ ਸਾਰਿਆਂ ਨੂੰ ਬੜੇ ਪਿਆਰ ਨਾਲ਼ ਜੱਫੀ ਪਾ ਕੇ ਮਿਲ਼ੇ। ਕਾਰ ਵਿੱਚ ਸਾਰਾ ਸਮਾਨ ਉਨ੍ਹਾਂ ਨੇ ਆਪ ਹੀ ਰੱਖਿਆ।
‘ਇੱਥੇ ਕੁਲੀ ਆਮ ਨਹੀਂ ਹੁੰਦੇ, ਜੋ ਤੁਹਾਡਾ ਸਮਾਨ ਰੱਖ ਦੇਣ।‘ ਸਰਬਜੀਤ ਨੇ ਉਨ੍ਹਾਂ ਨੂੰ ਦੱਸਿਆ। ਮਿੰਟੂ ਨੇ ਵੀ ਪੜ੍ਹਿਆ ਹੋਇਆ ਸੀ ਕਿ ਕੈਨੇਡਾ ਵਿੱਚ ਸਾਰੇ ਕੰਮ ਆਪ ਆਪਣੇ ਹੱਥੀਂ ਕਰਨੇ ਪੈਂਦੇ ਹਨ।
ਸਰਬਜੀਤ ਉਸਦੇ ਪਿਤਾ ਜੀ ਅਮਰਪ੍ਰੀਤ ਸਿੰਘ ਤੋਂ ਉਮਰ ਵਿੱਚ ਕਾਫ਼ੀ ਛੋਟੇ ਸਨ। ਮਿੰਟੂ ਦੇ ਦਾਦਾ ਜੀ ਤੇ ਦਾਦੀ ਜੀ ਦੇ ਗ਼ੁਜ਼ਰ ਜਾਣ ਬਾਅਦ, ਅਮਰਪ੍ਰੀਤ ਨੇ ਹੀ ਸਰਬਜੀਤ ਨੂੰ ਪੜ੍ਹਾਇਆ ਸੀ ਤੇ ਜਦੋਂ ਸਰਬਜੀਤ ਨੇ ਉੱਚੀ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਜਾਣ ਦੀ ਇੱਛਾ ਜਤਾਈ ਤਾਂ ਅਮਰਪ੍ਰੀਤ ਨੇ ਜ਼ਮੀਨ ਬੈਂਕ ਕੋਲ਼ ਰਹਿਣ ਰੱਖ ਕੇ ਕੈਨੇਡਾ ਜਾਣ ਲਈ ਲੋੜੀਂਦੇ ਪੈਸੇ ਇਕੱਠੇ ਕਰ ਕੇ ਦਿੱਤੇ ਸਨ। ਹੁਣ ਸਰਬਜੀਤ ਨੂੰ ਕੈਨੇਡਾ ਆਇਆਂ ਤਿੰਨ ਸਾਲ ਤੋਂ ਜ਼ਿਆਦਾ ਹੋ ਗਏ ਸਨ, ਤੇ ਉਹ ਉੱਥੇ ਪੱਕਾ ਵੀ ਹੋ ਗਿਆ ਸੀ। ਉਹ ਉੱਚੀ ਪੜ੍ਹਾਈ ਕਰ ਕੇ ਹੁਣ ਉੱਥੇ ਵਧੀਆ ਨੌਕਰੀ ਕਰ ਰਿਹਾ ਸੀ।
‘ਹੋਰ ਮਿੰਟੂ ਬੇਟੇ ਕਿਸ ਤਰ੍ਹਾਂ ਹੋ?’ ਅਚਾਨਕ ਚਾਚਾ ਜੀ ਦੇ ਬੋਲ ਸੁਣ ਕੇ ਮਿੰਟੂ ਆਪਣੇ ਖ਼ਿਆਲਾਂ ਵਿੱਚੋਂ ਨਿੱਕਲ ਕੇ ਵਾਪਸ ਵਰਤਮਾਨ ਵਿੱਚ ਆਇਆ।
‘ਠੀਕ ਹੈ, ਚਾਚਾ ਜੀ। ਕੈਨੇਡਾ ਬਹੁਤ ਸੋਹਣਾ ਦਿਖ ਰਿਹਾ ਹੈ!’
‘ਹਾਂ, ਹਾਂ। ਇਹ ਤਾਂ ਕੁਛ ਵੀ ਨਹੀਂ, ਅਜੇ ਤਾਂ ਤੁਹਾਨੂੰ ਹੋਰ ਬਹੁਤ ਸੋਹਣੀਆਂ ਜਗ੍ਹਾ ਦਿਖਾਣੀਆਂ ਹਨ। ਕੈਨੇਡਾ ਦੀ ਸੈਰ ਕਰਾਉਣੀ ਹੈ। ਵੈਲਕਮ ਟੂ ਕੈਨੇਡਾ!’
ਰਾਣੀ ਵੀ ਕੈਨੇਡਾ ਪਹੁੰਚ ਕੇ ਬਹੁਤ ਖ਼ੁਸ਼ ਸੀ।
ਸਰਬਜੀਤ ਨੇ ਉਨ੍ਹਾਂ ਦੇ ਬੈਗ ਵੈਨ ਵਿੱਚ ਰੱਖਦਿਆਂ ਦੱਸਿਆ - ‘ਇਹ ਵੈਨ ਮੈਂ ਕਿਰਾਏ ਤੇ ਲੈ ਕੇ ਆਇਆ ਹਾਂ। ਮੇਰੀ ਕਾਰ ਵਿੱਚ ਐਨਾ ਸਮਾਨ ਫਿੱਟ ਨਹੀਂ ਆਉਣਾ ਸੀ।’
ਸਰਬਜੀਤ ਨੇ ਵੈਨ ਆਪਣੇ ਘਰ ਵੱਲ ਨੂੰ ਭਜਾ ਦਿੱਤੀ। ਮਿੰਟੂ ਉੱਚੀਆਂ-ਉੱਚੀਆਂ ਖੂਬਸੂਰਤ ਇਮਾਰਤਾਂ ਤੇ ਸਾਫ਼ ਸੁਥਰਾ ਆਲਾ-ਦੁਆਲਾ ਹੈਰਾਨੀ ਨਾਲ਼ ਦੇਖ ਰਿਹਾ ਸੀ! ਸੜਕ ‘ਤੇ ਟ੍ਰੈਫ਼ਿਕ ਹੋਣ ਦੇ ਬਾਵਜੂਦ ਵੀ ਵਾਹਨਾਂ ਦੇ ਧੂਏਂ ਦਾ ਪ੍ਰਦੂਸ਼ਣ ਨਹੀਂ ਦਿਖ ਸੀ।
ਮਿਨੀ ਵੈਨ ਇੱਕ ਸ਼ਾਨਦਾਰ ਅਪਰਟਮੈਂਟ ਕੰਪਲੈਕਸ ਦੇ ਸਾਹਮਣੇ ਰੁਕੀ। ਸਰਬਜੀਤ ਨੇ ਉਨ੍ਹਾਂ ਨੂੰ ਉੱਤਰਨ ਲਈ ਕਿਹਾ ਤੇ ਆਪ ਸਮਾਨ ਉਤਾਰਨ ਲੱਗ ਪਿਆ। ਅਮਰਪ੍ਰੀਤ ਤੇ ਮਿੰਟੂ ਉਸਦੀ ਮਦਦ ਕਰਨ ਲੱਗੇ। ਫੇਰ ਸਰਬਜੀਤ ਵੈਨ ਪਾਰਕ ਕਰਨ ਚਲਿਆ ਗਿਆ।
ਉਦੋਂ ਤੱਕ ਮਿੰਟੂ ਆਲਾ-ਦੁਆਲਾ ਦੇਖਣ ਲੱਗਿਆ। ਬਹੁਤ ਹੀ ਖੂਬਸੂਰਤ ਇਮਾਰਤਾਂ ਸਨ, ਆਸ-ਪਾਸ ਬਹੁਤ ਹੀ ਸੋਹਣੇ ਤੇ ਹਰੇ-ਭਰੇ ਰੁੱਖ ਕਿਸੇ ਪੇਂਟਿੰਗ ਵਰਗਾ ਦ੍ਰਿਸ਼ ਸਿਰਜ ਰਹੇ ਸਨ! ਮਿੱਠੀ-ਮਿੱਠੀ ਧੁੱਪ ਚੜ੍ਹ ਰਹੀ ਸੀ ਤੇ ਕੂਲੀ ਹਵਾ ਵਗ ਰਹੀ ਸੀ।
‘ਪਿਤਾ ਜੀ, ਦੇਖੋ ਕਿੰਨੀ ਸੋਹਣੀ ਥਾਂ ਹੈ?’
‘ਹਾਂ, ਬੇਟੇ ਧਰਤੀ ਤੇ ਜੇ ਕਿਤੇ ਸਵਰਗ ਹੈ ਤਾਂ ਇੱਥੇ ਹੀ ਹੈ!‘ ਅਮਰਪ੍ਰੀਤ ਵੀ ਬਹੁਤ ਪ੍ਰਭਾਵਿਤ ਲੱਗ ਰਿਹਾ ਸੀ।
‘ਅਸੀਂ ਕਿੰਨੇ ਖ਼ੁਸ਼-ਕਿਸਮਤ ਹਾਂ। ਜੋ ਛੁੱਟੀਆਂ ਮਨਾਉਣ ਇੱਥੇ ਆਏ ਹਾਂ।’ ਰਾਣੀ ਚਹਿਕਦਿਆਂ ਬੋਲੀ।
‘ਹਾਂ, ਬੇਟੇ ਸਭ ਤੇਰੇ ਚਾਚਾ ਜੀ ਦੀ ਬਦੌਲਤ।’ ਪ੍ਰੀਤੀ ਕਾਰ ਪਾਰਕ ਕਰਕੇ ਆਉਂਦੇ ਸਰਬਜੀਤ ਨੂੰ ਦੇਖਦਿਆਂ ਬੋਲੀ।
‘ਨਹੀਂ, ਭਾਬੀ ਜੀ। ਇਹ ਤਾਂ ਸਭ ਭਾਜੀ ਤੇ ਤੁਹਾਡੀ ਬਦੌਲਤ ਹੀ ਹੈ ਕਿ ਮੈਂ ਇੱਥੇ ਤੱਕ ਪਹੁੰਚ ਸਕਿਆ। ਆਓ ਹੁਣ ਉੱਪਰ ਚਲੀਏ।’
ਜਿਸ ਇਮਾਰਤ ਵਿੱਚ ਸਰਬਜੀਤ ਦਾ ਅਪਾਰਟਮੈਂਟ ਸੀ, ਉਹ ਦਸ ਮੰਜ਼ਲਾਂ ਸੀ। ਸਰਬਜੀਤ ਦਾ ਅਪਾਰਟਮੈਂਟ ਚੌਥੀ ਮੰਜ਼ਲ ‘ਤੇ ਸੀ। ਲਿਫ਼ਟ ਰਾਹੀਂ ਸਮਾਨ ਲੈ ਕੇ ਉਹ ਚੌਥੀ ਮੰਜ਼ਲ ‘ਤੇ ਪਹੁੰਚੇ।
ਅਪਾਰਟਮੈਂਟ ਬਹੁਤ ਹੀ ਸਜਿਆ ਹੋਇਆ ਤੇ ਸਾਫ਼-ਸੁਥਰਾ ਸੀ। ਸੁੰਦਰ ਅਪਾਰਟਮੈਂਟ ਦੇਖ ਕੇ ਉਨ੍ਹਾਂ ਦੀ ਅੱਖਾਂ ਅੱਡੀਆਂ ਰਹਿ ਗਈਆਂ!
‘ਇਸਤੋਂ ਵਧੀਆ ਇੱਥੇ ਹੋਰ ਕੋਈ ਅਪਾਰਟਮੈਂਟ ਨਹੀਂ ਹੋਣਾ।’ ਮਿੰਟੂ ਨੇ ਸੋਚਿਆ। ਹਰ ਇੱਕ ਚੀਜ਼ ਬੜੇ ਸਲੀਕੇ ਨਾਲ਼ ਸਜਾਈ ਹੋਈ ਸੀ। ਅਪਾਰਟਮੈਂਟ ਵਿੱਚ ਦੋ ਬੈੱਡਰੂਮ, ਲਿਵਿੰਗ ਰੂਮ (ਬੈਠਕ), ਰਸੋਈ ਤੇ ਦੋ ਬਾਥਰੂਮ ਸਨ।
ਇੱਕ ਬੈੱਡਰੂਮ ਵਿੱਚ ਸਮਾਨ ਰੱਖ ਕੇ ਉਹ ਬੈਠਕ ਵਿੱਚ ਆ ਕੇ ਬੈਠ ਗਏ। ਸਰਬਜੀਤ ਨੇ ਵੱਡੇ ਸਾਰੇ ਬਿਜਲਈ-ਸਟੋਵ ‘ਤੇ ਚਾਹ ਬਣਾਉਣੀ ਰੱਖ ਦਿੱਤੀ। ਪਰ ਪ੍ਰੀਤੀ ਨੇ ਆਉਂਦਿਆਂ ਹੀ ਰਸੋਈ ਸੰਭਾਲ ਲਈ।
‘ਸਰਬਜੀਤ, ਹੁਣ ਰਸੋਈ ਦੀ ਜ਼ਿੰਮੇਵਾਰੀ ਮੇਰੀ। ਦੋ ਮਹੀਨੇ ਹੁਣ ਤੈਨੂੰ ਰਸੋਈ ਦਾ ਕੋਈ ਕੰਮ ਕਰਨ ਦੀ ਲੋੜ ਨਹੀਂ।’
‘ਠੀਕ ਹੈ ਭਾਬੀ ਜੀ। ਆਹ ਸਾਰਾ ਸਮਾਨ ਇੱਥੇ ਪਿਆ ਹੈ।’ ਸਰਬਜੀਤ ਨੇ ਕੈਬਿਨੇਟ ਵੱਲ ਇਸ਼ਾਰਾ ਕਰਦਿਆਂ ਕਿਹਾ।
ਚਾਹ ਪੀਂਦਿਆਂ ਸਰਬਜੀਤ ਨੇ ਦੱਸਿਆ - ‘ਇਹ ਅਪਾਰਟਮੈਂਟ ਮੈਂ ਸਿਰਫ਼ ਦੋ ਮਹੀਨੇ ਲਈ ਹੀ ਤੁਹਾਡੇ ਰਹਿਣ ਲਈ ਕਿਰਾਏ ‘ਤੇ ਲਿਆ ਹੈ। ਮੈਂ ਤਾਂ ਆਪਣੇ ਦੋਸਤਾਂ ਨਾਲ਼ ਇੱਕ ਹੋਰ ਜਗ੍ਹਾ ਰਹਿੰਦਾ ਸੀ, ਤੇ ਕਿਰਾਇਆ ਵੰਡਣ ਨਾਲ਼ ਕਾਫ਼ੀ ਬੱਚਤ ਵੀ ਹੋ ਜਾਂਦੀ ਸੀ।’
‘ਚੰਗਾ, ਤੇਰਾ ਬਹੁਤ-ਬਹੁਤ ਧੰਨਵਾਦ।’ ਅਮਰਪ੍ਰੀਤ ਨੇ ਕਿਹਾ।
ਥੋੜ੍ਹੀ ਦੇਰ ਬਾਅਦ ਉਹ ਨਹਾ-ਧੋ ਕੇ ਤਜ਼ਾਦਮ ਹੋ ਗਏ। ਪਰ ਉਨ੍ਹਾਂ ਤੋਂ ਰੁਕਿਆ ਨਾ ਗਿਆ ਤੇ ਉਹ ਸਾਰੇ ਜਣੇ ਸੌਂ ਗਏ। ਲੰਮੇ ਸਫ਼ਰ ਕਰਕੇ ਉਹ ਬਹੁਤ ਥੱਕੇ ਹੋਏ ਸਨ ਤੇ ਉਨ੍ਹਾਂ ਨੂੰ ਜੈਟ-ਲੈਗ ਵੀ ਹੋਇਆ ਹੋਇਆ ਸੀ, ਜਿਸ ਨਾਲ਼ ਜਹਾਜ਼ ਵਿੱਚ ਸਫ਼ਰ ਕਰਕੇ, ਸਮਾਂ ਤੇ ਥਾਂ ਬਦਲਣ ਨਾਲ਼ ਬੇਵਕਤੀ ਨੀਂਦ ਆਉਂਦੀ ਹੈ।
ਸਰਬਜੀਤ ਆਪਣੇ ਕੰਮ ‘ਤੇ ਚਲਿਆ ਗਿਆ ਸੀ।
ਇੱਕ-ਦੋ ਦਿਨ ਚੰਗਾ ਅਰਾਮ ਕਰਨ ਨਾਲ਼ ਉਨ੍ਹਾਂ ਦੀ ਥਕਾਵਟ ਲਹਿ ਗਈ। ਸਰਬਜੀਤ ਦੀ ਸਲਾਹ ‘ਤੇ ਹੁਣ ਉਹ ਦਿਨ ਵੇਲੇ ਨਹੀਂ ਸੀ ਸੌਂਦੇ ਤੇ ਕੈਨੇਡਾ ਦੇ ਸਮੇਂ ਦੇ ਅਨੁਕੂਲ ਹੋ ਰਹੇ ਸਨ। ਅਮਰਪ੍ਰੀਤ ਨੇ ਵੀ ਕੰਮ ‘ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਸਰਬਜੀਤ ਨੇ ਜਹਾਜ਼ ਦੀਆਂ ਟਿਕਟਾਂ ਤੇ ਅਪਾਰਟਮੈਂਟ ਦਾ ਕਿਰਾਇਆ ਪੂਰਾ ਕਰਨ ਲਈ, ਪਹਿਲਾਂ ਹੀ ਆਪਣੇ ਇੱਕ ਜਾਣਕਾਰ ਨਾਲ਼ ਗੱਲ ਕੀਤੀ ਹੋਈ ਸੀ ਤੇ ਅਮਰਪ੍ਰੀਤ ਨੂੰ ਇੱਕ ਗੈਸ-ਸਟੇਸ਼ਨ ‘ਤੇ ਲਗਾ ਦਿੱਤਾ ਸੀ। ਅਮਰਪ੍ਰੀਤ ਖੁੱਲੀ-ਵਿੱਚਾਰਧਾਰਾ ਵਾਲਾ ਸੀ, ਦਸਾਂ-ਨਹੁੰਆਂ ਦੀ ਕਿਰਤ ਵਿੱਚ ਯਕੀਨ ਰੱਖਦਾ ਸੀ, ਤੇ ਕਿਸੇ ਵੀ ਕੰਮ ਨੂੰ ਉੱਚਾ-ਨੀਵਾਂ ਨਹੀਂ ਸਮਝਦਾ ਸੀ।
‘ਬਾਹਰਲੇ ਦੇਸ਼ਾਂ ਵਿੱਚ ਹਰੇਕ ਵਿਅਕਤੀ ਨੂੰ ਕੰਮ ਕਰਨਾ ਪੈਂਦਾ ਹੈ, ਕੋਈ ਵੀ ਵਿਹਲਾ ਨਹੀਂ ਬੈਠਦਾ।’ ਉਸਨੇ ਮਿੰਟੂ ਨੂੰ ਦੱਸਿਆ।
ਮਿੰਟੂ ਦਾ ਮਨ ਕਰਿਆ ਕਿ ਕਾਸ਼ ਉਹ ਵੀ ਕੋਈ ਕੰਮ ਕਰ ਸਕਦਾ!
*****
ਸ਼ਨੀਵਾਰ ਛੁੱਟੀ ਵਾਲ਼ੇ ਦਿਨ ਉਨ੍ਹਾਂ ਨੇ ਘੁੰਮਣ ਦਾ ਪ੍ਰੋਗਰਾਮ ਬਣਾਇਆ।
‘ਸਭ ਤੋਂ ਪਹਿਲਾਂ ਤੁਸੀਂ ਵੰਡਰਲੈਂਡ ਐਮਯੂਜ਼ਮੈਂਟ ਪਾਰਕ ਘੁੰਮਣਾ ਚਾਹੁੰਦੇ ਹੋ ਜਾਂ ਟਰੋਂਟੋ ਸ਼ਹਿਰ ਦੀ ਸੈਰ ਕਰਨਾ ਚਾਹੁੰਦੇ ਹੋ?’ ਸਰਬਜੀਤ ਨੇ ਪੁੱਛਿਆ।
‘ਵੰਡਰਲੈਂਡ!’ ਮਿੰਟੂ ਤੇ ਰਾਣੀ ਦੋਵੇਂ ਇਕੱਠੇ ਚੀਕੇ।
ਬੱਚਿਆਂ ਨੂੰ ਤਾਂ ਹਰ ਵੇਲੇ ਅਨੰਦਮਈ ਅਨੁਭਵ ਹੀ ਚਾਹੀਦੇ ਹਨ।
‘ਠੀਕ ਹੈ!’ ਸਰਬਜੀਤ ਨੇ ਕਿਹਾ।
ਮਿੰਟੂ ਤੇ ਰਾਣੀ ਭੱਜ ਕੇ ਕਾਰ ਵਿੱਚ ਬੈਠ ਗਏ। ਸਰਬਜੀਤ ਉਨ੍ਹਾਂ ਸਾਰਿਆਂ ਨੂੰ ਕੈਨੇਡਾ ਦੇ ਵੰਡਰਲੈਂਡ ਐਮਯੂਜ਼ਮੈਂਟ ਪਾਰਕ ਵਿੱਚ ਲੈ ਗਿਆ, ਜੋ ਕਿ ਉਨ੍ਹਾਂ ਦੇ ਘਰ ਤੋਂ ਸਿਰਫ਼ ਅੱਧੇ ਕੁ ਘੰਟੇ ਦਾ ਹੀ ਰਸਤਾ ਸੀ।
ਵੰਡਰਲੈਂਡ ਕੈਨੇਡਾ ਦੀ ਸਭ ਤੋਂ ਵੱਡੀ ਐਮਯੂਜ਼ਮੈਂਟ ਪਾਰਕ ਸੀ, ਜਿੱਥੇ ਬੱਚਿਆਂ ਤੇ ਵੱਡਿਆਂ ਲਈ ਝੂਲੇ, ਹਿੰਡੋਲ, ਰੋਲਰ-ਕੋਸਟਰ, ਤੇ ਪਾਣੀ ਦੀ ਪਾਰਕ ਵੀ ਸੀ, ਜੋ ਕਿ ਪਰਿਵਾਰਕ ਮਨਪਰਚਾਵੇ ਤੇ ਝੂਲਿਆਂ ਦਾ ਅਨੰਦ ਲੈਣ ਲਈ ਬਹੁਤ ਹੀ ਰੋਮਾਂਚਕ ਜਗ੍ਹਾ ਸੀ! ਹਰ ਪਾਸੇ ਉਨ੍ਹਾਂ ਨੂੰ ਪੰਜਾਬੀ ਬੱਚੇ ਤੇ ਜੁਆਨ ਜ਼ਿਆਦਾ ਗਿਣਤੀ ਵਿੱਚ ਨਜ਼ਰ ਆਏ।
‘ਇਵੇਂ ਲੱਗ ਰਿਹਾ ਹੈ ਕਿ ਅਸੀਂ ਪੰਜਾਬ ਦੇ ਕਿਸੇ ਪਾਰਕ ਵਿੱਚ ਆ ਗਏ ਹੋਈਏ!’ ਮਿੰਟੂ ਨੇ ਕਿਹਾ।
‘ਹਾਂ, ਇੱਥੇ ਪੰਜਾਬੀ ਵਸੋਂ ਬਹੁਤ ਜ਼ਿਆਦਾ ਹੈ।‘ ਸਰਬਜੀਤ ਨੇ ਦੱਸਿਆ।
ਮਿੰਟੂ ਤੇ ਰਾਣੀ ਨੇ ਸਾਰੇ ਝੂਲੇ, ਰੋਲਰ-ਕੋਸਟਰ ਤੇ ਰਾਈਡਾਂ ਦਾ ਬਹੁਤ ਮਜ਼ਾ ਲਿਆ। ਰਾਈਡਾਂ ਤੇ ਚੱਕਰ ਕੱਟਦੇ ਹੋਏ ਉਨ੍ਹਾਂ ਦੇ ਮਨ ਵਿੱਚ ਤੇ ਪੇਟ ਵਿੱਚ ਵੀ ਚੱਕਰ ਆਉਣ ਲੱਗ ਪਏ। ਸਰਬਜੀਤ, ਅਮਰਪ੍ਰੀਤ, ਤੇ ਪ੍ਰੀਤੀ ਨੇ ਸਿਰਫ਼ ਕੁਝ ਕੁ ਹੀ ਰਾਈਡਾਂ ਦਾ ਅਨੰਦ ਮਾਣਿਆ। ਪੂਰੇ ਪਰਿਵਾਰ ਦਾ ਇੰਝ ਇਕੱਠਿਆਂ ਮਨਪ੍ਰਚਾਵਾ ਕਰਨਾ ਬਹੁਤ ਹੀ ਸੁੱਖਮਈ ਅਨੁਭਵ ਸੀ!
ਮਿੰਟੂ ਨੂੰ ਸਭ ਤੋਂ ਜ਼ਿਆਦਾ ‘ਥੰਡਰ ਰਨ (Thunder Run)’ ਰੋਲਰ-ਕੋਸਟਰ ਬਹੁਤ ਵਧੀਆ ਲੱਗਿਆ। ਜੋ ਕਿ ਇੱਕ ਨਕਲੀ ਪਹਾੜੀ ਦੇ ਵਿੱਚ ਬਣਾਇਆ ਹੋਇਆ ਸੀ। ਉਹ ਬੜਾ ਹੀ ਸਨਸਨੀਖੇਜ਼ ਤੇ ਸਭ ਤੋਂ ਅੱਲਗ ਸੀ ਕਿਉਂਕਿ ਜਦੋਂ ਉਹ ਪਹਾੜੀ ਦੇ ਅੰਦਰ ਗਿਆ ਤਾ ਇੱਕ ਦਮ ਹਨੇਰਾ ਹੋ ਗਿਆ ਸੀ, ਜਿਸ ਨਾਲ਼ ਉਨ੍ਹਾਂ ਦੀ ਉਤਸੁਕਤਾ ਤੇ ਰੋਮਾਂਚ ਚੌਗਣਾ ਹੋ ਗਿਆ ਸੀ!
ਉੰਝ ਭਾਵੇਂ ਕਾਫ਼ੀ ਗਰਮੀ ਸੀ ਪਰ ਫੇਰ ਵੀ ਮੌਸਮ ਬਹੁਤ ਵਧੀਆ ਸੀ। ਪੰਜਾਬ ਦੀ ਗਰਮ ਨਾਲ਼ੋਂ ਤਾਂ ਇੱਥੋਂ ਦੀ ਗਰਮੀ ਘੱਟ ਸੀ ਪਰ ਧੁੱਪ ਬਹੁਤ ਤਿੱਖੀ ਸੀ। ਅਚਾਨਕ ਬੜੇ ਤੇਜ਼ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਸਭ ਰਾਈਡਾਂ ਬੰਦ ਹੋ ਗਈਆਂ। ਭਿੱਜਣ ਤੋਂ ਬਚਣ ਲਈ ਉਹ ਇੱਕ ਦੁਕਾਨ ਦੇ ਅੰਦਰ ਚਲੇ ਗਏ ਤੇ ਕੁਝ ਖਾਣ-ਪੀਣ ਲੱਗ ਪਏ। ਕਿੰਨੀ ਦੇਰ ਮੀਂਹ ਪੈਂਦਾ ਰਿਹਾ।
‘ਇੱਥੋਂ ਦੇ ਬਸ਼ਿੰਦਿਆਂ ਵਾਂਗੂੰ ਇੱਥੋਂ ਦੀ ਧਰਤੀ ਵੀ ਗਰਮੀ ਨਹੀਂ ਝੱਲਦੀ। ਜਿੱਦਣ ਕਦੇ ਵੀ ਬਹੁਤੀ ਗਰਮੀ ਹੋਵੇ ਤਾਂ ਝੱਟ ਹੀ ਮੀਂਹ ਵੀ ਪੈਣ ਲੱਗ ਜਾਂਦਾ ਹੈ।‘ ਸਰਬਜੀਤ ਉਨ੍ਹਾਂ ਨੂੰ ਦੱਸ ਰਿਹਾ ਸੀ।
ਚਾਹ-ਪਾਣੀ ਪੀਣ ਤੋਂ ਬਾਅਦ ਸਰਬਜੀਤ ਨੇ ਸਲਾਹ ਦਿੰਦਿਆਂ ਕਿਹਾ - ‘ਜਦ ਤੱਕ ਮੀਂਹ ਪੈਂਦਾ ਹੈ, ਅਸੀਂ ਅੰਦਰ ਕੋਈ ਸ਼ੋਅ ਦੇਖਣੇ ਚੱਲਦੇ ਹਨ। ਪਾਰਕ ਵਿੱਚ ਬਹੁਤ ਸਾਰੇ ਲਾਈਵ ਸ਼ੋਅ ਵੀ ਹੁੰਦੇ ਸੀ। ਉਹ ਇੱਕ ਸਰਕਸ ਦੇਖਣ ਵਿੱਚ ਰੁੱਝ ਗਏ, ਬਹੁਤ ਹੀ ਵਧੀਆ ਸਰਕਸ ਸੀ ਜਿਸ ਵਿੱਚ ਬਾਜ਼ੀਗਰ ਬਹੁਤ ਹੀ ਸੋਹਣੀ ਬਾਜ਼ੀ ਪਾ ਰਹੇ ਸਨ। ਘੰਟੇ ਕੁ ਬਾਅਦ ਜਦੋਂ ਉਹ ਸਰਕਸ ਦੇਖ ਕੇ ਬਾਹਰ ਆਏ ਤਾਂ ਮੀਂਹ ਥੱਮ ਚੁੱਕਿਆ ਸੀ। ਪਰ ਹਲਕੀ-ਹਲਕੀ ਕਿਣਮਿਣ ਹੋ ਰਹੀ ਸੀ। ਅਜੇ ਕੋਈ ਵੀ ਰਾਈਡਾਂ ਨਹੀਂ ਸੀ ਚੱਲ ਰਹੀਆਂ।
ਉਹ ਥੋੜ੍ਹੀ ਦੇਰ ਠੰਡੀ ਫ਼ੁਹਾਰ ਦੇ ਵਿੱਚ ਘੁੰਮਦੇ ਰਹੇ। ਉਸਤੋਂ ਬਾਅਦ ਕਾਰ ਰੇਸ ਰਾਈਡ ਸ਼ੁਰੂ ਹੋ ਗਈ, ਜੋ ਕਿ ਸਚਮੁਚ ਦੀ ਮਿਨੀ ਰੇਸ ਕਾਰ ਸੀ। ਉਨ੍ਹਾਂ ਸਾਰਿਆਂ ਨੇ ਉਸਦਾ ਬਹੁਤ ਅਨੰਦ ਮਾਣਿਆ। ਕਾਰਾਂ ਰੇਸ ਕੋਰਸ ‘ਤੇ ਚੱਲਦੇ ਹੋਏ ਇੱਕ ਦੂਜੇ ਨਾਲ਼ ਟਕਰਾਉਂਦੀਆਂ ਵੀ ਸਨ। ਅਸਲੀ ਜੇਤੂ ਓਹੀ ਸੀ ਜੋ ਬਚਦੇ ਹੋਏ ਆਪਣੀ ਕਾਰ ਅੱਗੇ ਲੈ ਜਾਏ!
ਸ਼ਾਮ ਪੈ ਚੁੱਕੀ ਸੀ ਤੇ ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ। ਉਹ ਹੱਸਦੇ-ਖੇਡਦੇ ਘਰ ਵਾਪਸ ਆਏ। ਮਿੰਟੂ ਤੇ ਰਾਣੀ ਬਹੁਤ ਖ਼ੁਸ਼ ਸਨ ਤੇ ਪੂਰੇ ਰਸਤੇ ਝੂਲਿਆਂ ਦੇ ਬਾਰੇ ਗੱਲਾਂ ਕਰਦੇ ਰਹੇ। ਰਾਣੀ ਨੂੰ ਰੇਸ ਕਾਰ ਬਹੁਤ ਵਧੀਆ ਲੱਗੀ ਸੀ!
‘ਵੀਰੇ, ਤੈਨੂੰ ਕਿਹੜੀ ਰਾਈਡ ਚੰਗੀ ਲੱਗੀ?’
‘ਮੈਨੂੰ ਤਾਂ ਥੰਡਰ ਰਨ ਵਧੀਆ ਲੱਗੀ, ਤੈਨੂੰ?’
‘ਮੈਨੂੰ ਤਾਂ ਰੇਸ ਕਾਰ ਬਹੁਤ ਵਧੀਆ ਲੱਗੀ। ਥੰਡਰ ਰਨ ਵਿੱਚ ਤਾਂ ਮੈਨੂੰ ਬੜਾ ਡਰ ਲੱਗਿਆ।’
ਦੂਜੇ ਦਿਨ ਐਤਵਾਰ ਨੂੰ ਉਹ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਏ। ਗੁਰਦਵਾਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਸੀ ਤੇ ਦੇਖਣ ਨੂੰ ਬਿਲਕੁਲ ਪੰਜਾਬ ਦੇ ਗੁਰਦਵਾਰਿਆਂ ਵਰਗੀ ਸੀ। ਉਨ੍ਹਾਂ ਨੇ ਪਾਠ ਤੇ ਸ਼ਬਦ-ਕੀਰਤਨ ਸੁਣਨ ਤੋਂ ਬਾਅਦ ਗੁਰੂ ਕਾ ਲੰਗਰ ਛਕਿਆ। ਉਸਤੋਂ ਬਾਅਦ ਉਨ੍ਹਾਂ ਨੇ ਕੁਝ ਸਮਾਂ ਗੁਰਦਆਰੇ ਦੀ ਲਾਇਬ੍ਰੇਰੀ ਵਿੱਚ ਬਿਤਾਇਆ। ਬਹੁਤ ਸਾਰੀਆਂ ਕਿਤਾਬਾਂ ਮੁਫ਼ਤ ਸਨ, ਮਿੰਟੂ ਨੇ ਆਪਣੀ ਤੇ ਰਾਣੀ ਦੀ ਪਸੰਦ ਦੇ ਸਿੱਖ ਕਾਮਿਕਸ ਤੇ ਹੋਰ ਕਿਤਾਬਾਂ ਪੜ੍ਹਨ ਲਈ ਲਈਆਂ। ਉਸਦੇ ਮਾਤਾ ਜੀ ਨੇ ਵੀ ਆਪਣੇ ਲਈ ਕੁਝ ਕੁ ਕਿਤਾਬਾਂ ਲਈਆਂ।
ਅਗਲੇ ਹਫ਼ਤੇ ਉਹ ਦਿਨ ਭਰ ਘਰ ਹੀ ਰਹੇ ਕਿਉਂਕਿ ਸਰਬਜੀਤ ਤੇ ਅਮਰਪ੍ਰੀਤ ਦੋਵੇਂ ਕੰਮ ‘ਤੇ ਚਲੇ ਜਾਂਦੇ ਸੀ। ਮਿੰਟੂ ਤੇ ਰਾਣੀ ਖੂਬ ਟੀਵੀ ਦੇਖ ਰਹੇ ਸਨ। ਜਾਂ ਫੇਰ ਮਿੰਟੂ ਆਪਣੇ ਨਾਲ਼ ਲਿਆਂਦੀਆਂ ਕਿਤਾਬਾਂ ਪੜ੍ਹ ਲੈਂਦਾ ਸੀ। ਸ਼ਾਮ ਨੂੰ ਉਹ ਬਾਹਰ ਸੈਰ ਕਰਨ ਚਲੇ ਜਾਂਦੇ ਸੀ। ਉਨ੍ਹਾਂ ਨੂੰ ਹੋਰ ਬਹੁਤ ਸਾਰੇ ਪੰਜਾਬੀ ਲੋਕ ਤੇ ਪਰਿਵਾਰ ਮਿਲਦੇ ਸਨ - ਇੰਝ ਲਗਦਾ ਸੀ ਜਿਵੇਂ ਕਿ ਮਿਨੀ ਪੰਜਾਬ ਹੋਵੇ!
*****
ਅਗਲੇ ਹਫ਼ਤੇ ਉਨ੍ਹਾਂ ਨੇ ਨਿਆਗਰਾ ਫ਼ਾਲਜ਼ ਘੁੰਮਣ ਦਾ ਪ੍ਰੋਗਰਾਮ ਬਣਾਇਆ। ਨਿਆਗਰਾ ਫ਼ਾਲਜ਼ ਉੱਥੋਂ ਤਕਰੀਬਨ ਡੇਢ-ਦੋ ਘੰਟੇ ਦਾ ਰਸਤਾ ਸੀ। ਸਰਬਜੀਤ ਕਾਰ ਚਲਾ ਰਿਹਾ ਸੀ। ਉਹ ਸਾਰੇ ਬਾਹਰ ਸੜਕ ਤੇ ਆਉਂਦੇ ਜਾਂਦੇ ਸ਼ਹਿਰਾਂ ਵੱਲ ਵੇਖ ਰਹੇ ਸਨ, ਜੋ ਕਿ ਬਹੁਤ ਹੀ ਖੂਬਸੂਰਤ ਸਨ। ਸੁੰਦਰ ਉੱਚੀਆਂ ਇਮਾਰਤਾਂ ਦੀ ਸ਼ੋਭਾ ਦੇਖਣ ਵਾਲ਼ੀ ਸੀ। ਬਹੁਤ ਸਾਰੇ ਮਾਲ, ਹੋਟਲ ਤੇ ਮਲਟੀ-ਨੈਸ਼ਨਲ ਕੰਪਨੀਆਂ ਦੀਆਂ ਇਮਾਰਤਾਂ ਸਨ। ਪਰ ਜਿਵੇਂ ਹੀ ਉਹ ਨਿਆਗਰਾ ਫ਼ਾਲਜ਼ ਦੇ ਨੇੜੇ ਪਹੁੰਚ ਰਹੇ ਸਨ, ਆਸਪਾਸ ਦਾ ਦ੍ਰਿਸ਼ ਕੁਦਰਤ ਦੀ ਹਰਿਆਲੀ ਵਿੱਚ ਬਦਲ ਰਿਹਾ ਸੀ। ਸੜਕ ਦੇ ਨਾਲ਼ ਨਾਲ਼ ਮਹਾਨ ਓਨਟੈਰੀਓ ਝੀਲ ਕਿਸੇ ਸਮੁੰਦਰ ਵਾਂਗ ਦਿਖਾਈ ਦੇ ਰਹੀ ਸੀ।
‘ਦੇਖੋ, ਕਿੰਨੀ ਵੱਡੀ ਝੀਲ ਹੈ!’ ਮਿੰਟੂ ਨੇ ਕਿਹਾ।
‘ਹਾਂ, ਇਸੇ ਝੀਲ ਵਿੱਚ ਹੀ ਨਿਆਗਰਾ ਫ਼ਾਲਜ਼ ਦਾ ਪਾਣੀ ਜਾਂਦਾ ਹੈ, ਜੋ ਕਿ ਇੱਕ ਹੋਰ ਵੱਡੀ ਝੀਲ ਈਰੀ ਵਿੱਚੋਂ ਆਉਂਦਾ ਹੈ।’ ਸਰਬਜੀਤ ਨੇ ਦੱਸਿਆ।
ਤਦ ਤੱਕ ਉਹ ਨਿਆਗਰਾ ਫ਼ਾਲਜ਼ ਸ਼ਹਿਰ ਵਿੱਚ ਪਹੁੰਚ ਗਏ ਸਨ। ਦੂਰ ਵਿਸ਼ਾਲ ਆਬਸ਼ਾਰ (ਝਰਨੇ) ਨਜ਼ਰ ਆ ਰਹੇ ਸਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
‘ਇੰਨੇ ਵੱਡੇ ਝਰਨੇ!’ ਰਾਣੀ ਨੇ ਖ਼ੁਸ਼ੀ ਨਾਲ਼ ਚੀਕ ਕੇ ਕਿਹਾ।
‘ਹਾਂ, ਕੋਲ਼ ਜਾ ਕੇ ਤਾਂ ਹੋਰ ਵੀ ਵੱਡੇ ਨਜ਼ਰ ਆਉਣਗੇ। ਬੱਸ ਮੈਂ ਕਾਰ ਖੜੀ ਕਰਦਾ ਹਾਂ, ਫੇਰ ਅਸੀਂ ਕੋਲ਼ੋਂ ਜਾ ਕੇ ਵੇਖਾਂਗੇ।’ ਸਰਬਜੀਤ ਨੇ ਆਪਣੀ ਕਾਰ ਪਾਰਕਿੰਗ ਵੱਲ ਨੂੰ ਮੋੜਦਿਆਂ ਕਿਹਾ।
ਉਹ ਕਾਰ ਪਾਰਕ ਕਰ ਕੇ ਬਾਹਰ ਆ ਗਏ ਤੇ ਸੜਕ ਪਾਰ ਕਰਕੇ ਝਰਨਿਆਂ ਦੇ ਬਿਲਕੁਲ ਸਾਹਮਣੇ ਆ ਗਏ।
‘ਓਹ, ਠੰਡੀ-ਠੰਡੀ ਫ਼ੁਹਾਰ ਜਿਵੇਂ ਗੁਦਗੁਦੀ ਕਰ ਰਹੀ ਹੈ!’ ਰਾਣੀ ਡਿਗਦੇ ਝਰਨਿਆਂ ਵਿੱਚੋਂ ਮੀਂਹ ਵਾਂਗ ਬਰਸ ਰਹੀ ਫ਼ੁਹਾਰ ਨਾਲ਼ ਭਿੱਜਦੀ ਹੋਈ ਬਹੁਤ ਹੀ ਖ਼ੁਸ਼ ਸੀ। ਮਿੰਟੂ ਵੀ ਬਹੁਤ ਹੈਰਾਨ ਤੇ ਖ਼ੁਸ਼ ਸੀ। ਅਮਰਪ੍ਰੀਤ ਤੇ ਪ੍ਰੀਤੀ ਵੀ ਇੱਕ ਤਰ੍ਹਾਂ ਦੇ ਵਿਸਮਾਦ ਨਾਲ਼ ਡਿਗਦੀਆਂ ਹੋਈਆਂ ਮਹਾਨ ਆਬਸ਼ਾਰਾਂ ਦੇਖ ਰਹੇ ਸੀ।
‘ਜਦੋਂ ਵੀ ਮੈਂ ਇੱਥੇ ਆਉਂਦਾ ਹਾਂ, ਮੈਨੂੰ ਅਜੀਬ ਜਿਹਾ ਸੁਕੂਨ ਮਿਲ਼ਦਾ ਹੈ। ਦਿਲ ਵਿੱਚ ਠੰਡ ਪੈ ਜਾਂਦੀ ਹੈ!’ ਸਰਬਜੀਤ ਕਹਿ ਰਿਹਾ ਸੀ, ਜੋ ਕਿ ਉੱਥੇ ਕਾਫ਼ੀ ਵਾਰ ਆ ਚੁੱਕਿਆ ਸੀ - ‘ਓਹ ਸਾਹਮਣੇ ਦੂਜੇ ਪਾਸੇ ਅਮਰੀਕਾ ਹੈ। ਤੇ ਉਹ ਪੁਲ਼ ਅਮਰੀਕਾ ਨੂੰ ਜਾਂਦਾ ਹੈ, ਜਿਸਨੂੰ ਰੇਨਬੋ (ਸਤਰੰਗੀ ਪੀਂਘ) ਪੁਲ਼ ਕਹਿੰਦੇ ਹਨ। ਮਿੰਟੂ ਕੀ ਤੂੰ ਉੱਥੇ ਸਤਰੰਗੀ ਪੀਂਘ ਲੱਭ ਸਕਦਾ ਏਂ?’
ਮਿੰਟੂ ਨੇ ਪੁਲ ਵੱਲ ਨੂੰ ਵੇਖਿਆ, ਝਰਨਿਆਂ ਦਾ ਪਾਣੀ ਹੇਠਾਂ ਡਿਗ ਕੇ ਪੁਲ਼ ਤੀਕ ਉਛਾਲੇ ਖਾਂਦਾ ਸੀ। ਪੁਲ ਜੋ ਕਿ ਕਾਫ਼ੀ ਉੱਚਾ ਸੀ, ਤਕਰੀਬਨ 20-25 ਮੰਜ਼ਿਲਾ ਇਮਾਰਤ ਜਿੰਨਾ! ਜਦੋਂ ਸੂਰਜ ਦੀ ਧੁੱਪ ਪਾਣੀ ਦੀ ਫ਼ੁਹਾਰ ਵਿੱਚੋਂ ਪਰਦੀਪਤ ਹੁੰਦੀ ਸੀ ਤਾਂ ਉੱਥੇ ਸਤਰੰਗੀ ਪੀਂਘ ਬਣਦੀ ਸੀ।
‘ਹਾਂ ਚਾਚਾ ਜੀ, ਮੈਨੂੰ ਸਤਰੰਗੀ ਪੀਂਘ ਦਿੱਖ ਰਹੀ ਹੈ।’
‘ਮੈਂ ਵੀ ਦੇਖਣੀ ਹੈ।’ ਰਾਣੀ ਬੋਲੀ।
‘ਉੱਧਰ ਪੁਲ ਵੱਲ ਨੂੰ ਦੇਖ! ਤੈਨੂੰ ਨਜ਼ਰ ਆਏਗੀ।’
‘ਹਾਂ ਵੀਰੇ ਮੈਨੂੰ ਦਿੱਖ ਰਹੀ ਹੈ। ਬਹੁਤ ਹੀ ਸੋਹਣੀ ਸਤਰੰਗੀ ਪੀਂਘ ਹੈ।’
‘ਚਲੋ, ਹੁਣ ਅਸੀਂ ਕਿਸ਼ਤੀ ਦੀ ਸੈਰ ਕਰਦੇ ਹਾਂ।’ ਸਰਬਜੀਤ ਨੇ ਦੇਖਿਆ।
ਇਹ ਸੁਣ ਕੇ ਮਿੰਟੂ ਤੇ ਰਾਣੀ ਹੋਰ ਵੀ ਬਹੁਤ ਖ਼ੁਸ਼ ਹੋਏ!
ਉਹ ‘ਮੇਡ ਆਫ਼ ਦਾ ਮਿਸਟ (Maid of the Mist)’ ਨਾਂ ਦੀ ਕਿਸ਼ਤੀ ਜੋ ਕਿ ਯਾਤਰੀਆਂ ਨੂੰ ਬਿਲਕੁਲ ਝਰਨਿਆਂ ਦੇ ਕੋਲ਼ ਲੈ ਜਾਂਦੀ ਸੀ, ਦੀਆਂ ਟਿਕਟਾਂ ਲੈ ਕੇ, ਲਿਫ਼ਟ ਦੇ ਰਾਹੀਂ ਹੇਠਾਂ ਦਰਿਆ ਤੱਕ ਪਹੁੰਚੇ, ਜਿੱਥੇ ਉਹ ਇੱਕ ਵੱਡੀ ਕਿਸ਼ਤੀ ਦੇ ਵਿੱਚ ਸਵਾਰ ਹੋਣ ਵਾਲ਼ੀ ਲਾਈਨ ਵਿੱਚ ਲੱਗ ਗਏ। ਉਨ੍ਹਾਂ ਨੂੰ ਝਰਨਿਆਂ ਦੇ ਪਾਣੀ ਤੋਂ ਭਿੱਜਣ ਲਈ ਬਚਣ ਲਈ ਗੁਲਾਬੀ ਰੰਗ ਦੀਆਂ ਮੋਮਜਮਾਮਿਆਂ ਦੀਆਂ ਬਣੀਆਂ ਬਰਸਾਤੀਆਂ ਵੀ ਦਿੱਤੀਆਂ ਗਈਆਂ ਸਨ।
ਕਿਸ਼ਤੀ ਵਿੱਚ ਸਵਾਰ ਹੋ ਕੇ ਉਨ੍ਹਾਂ ਨੇ ਆਪੋ ਆਪਣੀਆਂ ਬਰਸਾਤੀਆਂ ਪਹਿਨ ਲਈਆਂ।
ਮਿੰਟੂ ਤੇ ਰਾਣੀ ਕਿਸ਼ਤੀ ਦੀ ਛੱਤ ‘ਤੇ ਸਭ ਤੋਂ ਅੱਗੇ ਮਸਤੂਲ ਦੇ ਕੋਲ ਜਾ ਕੇ ਖੜੇ ਹੋ ਗਏ। ਉਹ ਦੋਵੇਂ ਬਹੁਤ ਹੀ ਉਤਸ਼ਾਹਿਤ ਤੇ ਉਤਸੁਕ ਸਨ। ਵਿਸ਼ਾਲ ਝਰਨਿਆਂ ਦਾ ਮੰਜ਼ਰ ਬਹੁਤ ਹੀ ਖੂਬਸੂਰਤ ਸੀ। ਉਨ੍ਹਾਂ ਨੇ ਕੁਝ ਕੁ ਫੋਟੋ ਖਿੱਚੀਆਂ ਤੇ ਵੀਡੀਓ ਵੀ ਬਣਾਏ।
ਗਾਈਡ ਤੇ ਪ੍ਰਕ੍ਰਿਤੀ ਵਿਗਿਆਨੀ (Naturalist) ਦੇ ਸਵਾਗਤ ਨਾਲ਼ ਕਿਸ਼ਤੀ ਚੱਲ ਪਈ, ਤੇ ਉਹ ਨਿਆਗਰਾ ਝਰਨਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲੱਗਿਆ। ‘ਮੇਡ ਆਫ਼ ਦਾ ਮਿਸਟ’ ਕਿਸ਼ਤੀ ਪਹਿਲੀ ਵਾਰ 1846 ਈ: ਵਿੱਚ ਸ਼ੁਰੂ ਹੋਈ ਸੀ, ਜਿਸਨੇ ਯਾਤਰੀਆਂ ਨੂੰ ਅਨੰਦਮਈ ਅਨੁਭਵ ਕਰਵਾਏ ਤੇ ਅੱਜ ਤੱਕ ਕਰਵਾਉਂਦੀ ਆ ਰਹੀ ਹੈ। ਇਸਤੋਂ ਪਹਿਲਾਂ ਯਾਤਰੂਆਂ ਨੂੰ ਨਿਆਗਰਾ ਦਰਿਆ ਪਾਰ ਕਰਵਾਉਣ ਲਈ ਬੇੜੀਆਂ ਪੈਂਦੀਆਂ ਸਨ, ਪਰ ਕੁਝ ਉੱਦਮੀ ਲੋਕਾਂ ਨੇ ਵੱਡੀ ਕਿਸ਼ਤੀ ਦੀ ਲੋੜ ਮਹਿਸੂਸ ਕਰਦਿਆਂ ਭਾਫ਼-ਕਿਸ਼ਤੀ ਸ਼ੁਰੂ ਕੀਤੀ ਜੋ ਯਾਤਰੀ, ਮਾਲ, ਡਾਕ ਤੇ ਹੋਰ ਸਮਾਨ ਇੱਧਰ-ਉੱਧਰ ਲੈ ਕੇ ਜਾਣ ਲੱਗੀ। ਪਰ ਜਦੋ ਦਰਿਆ ਦੇ ਉੱਪਰ ਪੁਲ ਬਣ ਗਿਆ ਤਾ ਕਿਸ਼ਤੀ ਦਾ ਕਾਰੋਬਾਰ ਘਟ ਗਿਆ ਤੇ ਉਸਨੂੰ ਬਹੁਤ ਨੇੜੇ ਤੋਂ ਝਰਨਿਆਂ ਦੀ ਖੂਬਸੂਰਤੀ ਵੇਖਣ ਵਾਸਤੇ ਵਰਤਿਆ ਜਾਣ ਲੱਗਿਆ, ਜੋ ਕਿ ਬਹੁਤ ਮਸ਼ਹੂਰ ਅਨੁਭਵ ਸਾਬਤ ਹੋਇਆ। ਕਿਸ਼ਤੀ ਦੀ ਸੈਰ ਇੱਕ ਪ੍ਰਮੁੱਖ ਆਕਰਸ਼ਣ ਬਣੀ। 1949 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਇਸਦੀ ਸੈਰ ਕੀਤੀ। 1952 ਵਿੱਚ ਜਗਤ-ਪ੍ਰਸਿੱਧ ਅਦਾਕਾਰਾ ਮੈਰਿਲਿਨ ਮੁਨਰੋ ਨੇ ‘ਨਿਆਗਰਾ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਸਦੀ ਸਵਾਰੀ ਕੀਤੀ। ਇਸਦੀ ਸੈਰ ਯਾਤਰੀਆਂ ਨੂੰ ਲਗਾਤਾਰ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਦੁੱਤੀ ਅਨੁਭਵ ਪ੍ਰਦਾਨ ਕਰਦੀ ਆ ਰਹੀ ਹੈ। ਇਹ ਸਟੀਲ ਦੀ ਬਣੀ ਤਕਰੀਬਨ 80 ਫੁੱਟ ਲੰਬੀ ਤੇ 145 ਟੰਨ ਭਾਰੀ, ਜਿਸ ਵਿੱਚ 350 ਹੌਰਸ ਪਾਵਰ ਦੇ ਦੋ ਇੰਜਣ ਲੱਗੇ ਹੋਏ ਹੁੰਦੇ ਹਨ। ਗਾਈਡ ਨੇ ਪਾਣੀ ‘ਤੇ ਤੈਰ ਰਹੀ ਭੂਰੇ ਰੰਗ ਦੀ ਫ਼ੋਮ ਬਾਰੇ ਵੀ ਦੱਸਿਆ। ਭੂਰੇ ਰੰਗ ਦੀ ਫ਼ੋਮ, ਨਿਰੰਤਰ ਕਈ ਟੰਨ ਪਾਣੀ ਡਿਗਣ ਕਰਕੇ ਕੁਦਰਤੀ ਹੀ ਬਣਦੀ ਹੈ। ਫ਼ੋਮ ਦਾ ਭੂਰਾ ਰੰਗ ਮਿੱਟੀ (ਕੈਲਸ਼ੀਅਮ ਕਾਰਬੋਨੇਟ) ਅਤੇ ਹੋਰ ਬਨਸਪਤੀ ਆਦਿਕ ਦੇ ਮਿਸ਼ਰਣ ਕਰਕੇ ਹੁੰਦਾ ਹੈ। ਮਿੰਟੂ ਨੇ ਹੇਠਾਂ ਦਰਿਆ ਵੱਲ ਭੂਰੇ ਰੰਗ ਦੀ ਝੱਗ ਨੂੰ ਦੇਖਿਆ, ਜਿਸ ਬਾਰੇ ਗਾਈਡ ਦੱਸ ਰਿਹਾ ਸੀ, ਜੋ ਕਿ ਸਾਬਣ ਦੀ ਝੱਗ ਵਰਗੀ ਪਰ ਮਟਿਆਲੀ ਲੱਗ ਰਹੀ ਸੀ।
ਜਿਵੇਂ ਹੀ ਕਿਸ਼ਤੀ ਅਮਰੀਕਨ ਝਰਨੇ ਦੇ ਕੋਲ਼ ਪੁੱਜੀ ਤਾਂ ਪਾਣੀ ਦੀ ਪਹਿਲੀ ਕੋਮਲ ਫ਼ੁਹਾਰ ਉਨ੍ਹਾਂ ਦੇ ਉੱਪਰ ਪਈ - ਜੋ ਕਿ ਬੜੀ ਸੁਖਦਾਈ ਤੇ ਰੋਮਾਂਚਿਕ ਮਹਿਸੂਸ ਹੋ ਰਹੀ ਸੀ! ਅਮਰੀਕਨ ਝਰਨਿਆਂ ਤੋਂ ਬਾਅਦ ‘ਮੇਡ ਆਫ਼ ਦਾ ਮਿਸਟ’ ਕਿਸ਼ਤੀ ਬ੍ਰਾਈਡਲ ਵੇਲ ਤੇ ਹੋਰਸ ਸ਼ੂ ਨਾਂ ਦੇ ਝਰਨਿਆਂ ਦੇ ਧੜਕਦੇ ਦਿਲ ਵੱਲ ਲੈ ਗਈ। ਗਾਈਡ ਦੇ ਅਨੁਸਾਰ 2,27,125 ਲੀਟਰ ਡਿਗਦੇ ਪਾਣੀ ਦੀ ਗਰਜ ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦੀ ਹੋਈ ਇੱਕ ਤਰ੍ਹਾਂ ਦਾ ਅਨਹਦ ਨਾਦ ਪੈਦਾ ਕਰ ਰਹੀ ਸੀ, ਜਿਸ ਨਾਲ਼ ਸਭ ਯਾਤਰੀਆਂ ਦਾ ਦਿਲ ਮੋਹਿਆ ਗਿਆ ਸੀ। ਝਰਨਿਆਂ ਦੀ ਵਿਸ਼ਾਲਤਾ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਹੈਰਾਨੀ ਨਾਲ਼ ਅੱਡੀਆਂ ਰਹਿ ਗਈਆਂ! ਸਰਸ਼ਾਰ ਡਿਗਦੇ ਪਾਣੀ ਤੋਂ ਉਪਜੀ ਧੁੰਦ ਦਾ ਜ਼ੋਰਦਾਰ ਸਪਰਸ਼ ਉਨ੍ਹਾਂ ਦੇ ਮੁੱਖ ਤੇ ਬੜਾ ਪਿਆਰਾ ਤੇ ਸੁਕੂਨ ਭਰਿਆ ਲੱਗ ਰਿਹਾ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਦੇ ਉੱਪਰ ਪਾਣੀ ਦੀਆਂ ਬੂੰਦਾਂ ਦਾ ਸ਼ੋਖ਼ਮਈ ਨਾਚ ਹੋ ਰਿਹਾ ਹੋਵੇ!
ਰਾਣੀ ਖ਼ੁਸ਼ੀ ਨਾਲ਼ ਟੱਪ ਰਹੀ ਸੀ ਤੇ ਨਾਲ਼ੇ ਮੀਂਹ ਵਰਗੀ ਡਿਗਦੀ ਫ਼ੁਹਾਰ ਵਿੱਚ ਗਿੱਲੀ ਹੋ ਰਹੀ ਸੀ। ਮਿੰਟੂ ਅਜੇ ਵੀ ਡਿਗਦੇ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਿਵੇ ਹੀ ਕਿਸ਼ਤੀ ਬਿਲਕੁਲ ਝਰਨੇ ਦੇ ਹੇਠਾਂ ਪਹੁੰਚੀ ਤਾਂ ਉਹ ਪੂਰੀ ਤਰ੍ਹਾਂ ਭਿੱਜਿਆ ਗਿਆ, ਹਾਲਾਂਕਿ ਬਰਸਾਤੀ ਵੀ ਪਾਈ ਹੋਈ ਸੀ, ਪਰ ਫਿਰ ਵੀ ਉਸਦੇ ਮੂੰਹ ਤੇ ਲੱਤਾਂ-ਪੈਰ ਪੂਰੀ ਤਰ੍ਹਾਂ ਗਿੱਲੇ ਹੋ ਚੁੱਕੇ ਸਨ।
ਠੰਡੀ-ਠੰਡੀ, ਕੂਲੀ ਕੂਲੀ ਫ਼ੁਹਾਰ ਉਸਨੂੰ ਜਿਵੇਂ ਸਮੋਹਿਤ ਕਰ ਰਹੀ ਸੀ ਤੇ ਉਹ ਜਿਵੇਂ ਲਿਵ ਵਿੱਚ ਵਿਲੀਨ ਹੋਏ ਡਿਗਦੀ ਆਬਸ਼ਾਰ ਦੇ ਨੀਲੇ ਪਾਣੀਆਂ ਦਾ ਗੂੰਜਦਾ ਰਾਗ ਸੁਣਦੇ ਰਹਿਣਾ ਚਾਹੁੰਦਾ ਸੀ - ਜਿਸਦੀਆਂ ਵਲ਼ ਖਾਂਦੀਆਂ ਲਹਿਰਾਂ ਵਰਗੀਆਂ ਸੁਰਾਂ ਮਨ ਦੀਆਂ ਨਾਜ਼ੁਕ ਤਹਿਆਂ ਵਿੱਚ ਧੁਰ ਅੰਦਰ ਸਮਾ ਰਹੀਆਂ ਸਨ। ਧੁੰਦ ਦੇ ਬੱਦਲ ਸੂਰਜ ਦੀਆਂ ਅਗਨ ਕਿਰਨਾਂ ਵਿੱਚ ਵਿੱਚ ਵੀ ਕੰਬਣੀ ਜਿਹੀ ਛੇੜ ਰਹੇ ਸਨ ਤੇ ਉਹ ਜਿਵੇਂ ਸਤਰੰਗੀ ਪੀਂਘ ਵਿੱਚ ਹੁਲਾਰੇ ਲੈ ਰਿਹਾ ਸੀ! ਝਰਨਿਆਂ ਦੇ ਕੋਲ਼ ਪਹੁੰਚ ਕੇ ਚਾਰੇ ਪਾਸੇ ਜਿਵੇਂ ਧੁੰਦ ਹੀ ਧੁੰਦ ਛਾ ਗਈ ਸੀ ਤੇ ਆਸ ਪਾਸ ਕੁਝ ਵੀ ਨਜ਼ਰ ਨਹੀਂ ਆ ਰਹੀਆਂ ਸੀ।
‘ਵੀਰੇ, ਤੂੰ ਕਿੱਥੇ ਏਂ? ਮੈਨੂੰ ਨਜ਼ਰ ਨਹੀਂ ਆ ਰਿਹਾ।’ ਰਾਣੀ ਆਪਣੀ ਮਾਤਾ ਜੀ ਨਾਲ਼ ਚਿੰਬੜੀ ਹੋਈ ਬੋਲ ਰਹੀ ਸੀ।
‘ਮੈਂ, ਇੱਥੇ ਹੀ ਹਾਂ!’ ਉਸਨੇ ਜਵਾਬ ਦਿੱਤਾ।
ਹੌਲ਼ੀ-ਹੌਲ਼ੀ ਕਿਸ਼ਤੀ ਵਾਪਸ ਆਉਣੀ ਸ਼ੁਰੂ ਹੋ ਗਈ। ਇੱਕ ਵਾਰ ਫੇਰ ਉਹ ਦਿਨ ਦੀ ਰੌਸ਼ਨੀ ਵਿੱਚ ਇੱਕ ਦੂਜੇ ਨੂੰ ਨਜ਼ਰ ਆਉਣ ਲੱਗੇ।
‘ਬਹੁਤ ਹੀ ਮਜ਼ੇਦਾਰ ਟੂਰ ਹੈ।’ ਅਮਰਪ੍ਰੀਤ ਵੀ ਖ਼ੁਸ਼ੀ ਨਾਲ਼ ਚਹਿਕ ਰਿਹਾ ਸੀ। ਉਹ ਸਾਰੇ ਹੀ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ‘ਬਿਲਕੁਲ।’ ਪ੍ਰੀਤੀ ਨੇ ਵੀ ਹਾਂ ਨਾਲ਼ ਸਿਰ ਹਿਲਾਉਂਦਿਆ ਕਿਹਾ। ਕੁਝ ਪਲ ਲਈ ਉਨ੍ਹਾਂ ਨੂੰ ਹੋਰ ਸਭ ਕੁਝ ਭੁੱਲ ਗਿਆ ਸੀ! ਧੁੰਦ ਦੀ ਨਮੀ ਨਾਲ਼ ਭਿੱਜੇ ਉਨ੍ਹਾਂ ਦੇ ਮੁੱਖਾਂ ‘ਤੇ ਫੈਲੀ ਖ਼ੁਸ਼ੀ ਪ੍ਰਤੱਖ ਨਜ਼ਰ ਰਹੀ ਸੀ। ਕਿਸ਼ਤੀ ਤੋਂ ਵਾਪਸ ਆ ਕੇ ਵੀ ਝਰਨਿਆਂ ਦੇ ਵਿਸਮਾਦੀ ਸਪਰਸ਼ ਦਾ ਕੰਪਨ ਬਹੁਤ ਦੇਰ ਤੱਕ ਉਨ੍ਹਾਂ ਦੇ ਹਿਰਦਿਆਂ ਵਿੱਚ ਥਰਥਰਾਉਂਦਾ ਰਿਹਾ।
‘ਮੈਨੂੰ ਭੁੱਖ ਲੱਗੀ ਹੈ।’ ਥੱਕ-ਚੁੱਕੀ ਰਾਣੀ ਨੇ ਕਿਹਾ।
ਹੁਣ ਉਹ ਵੀ ਸਾਰੇ ਥੱਕ ਚੁੱਕੇ ਸਨ ਤੇ ਭੁੱਖੇ ਸਨ। ਉਹ ਪਾਰਕਿੰਗ ਵਿੱਚ ਵਾਪਸ ਪਹੁੰਚ ਗਏ। ਪ੍ਰੀਤੀ ਨੇ ਆਪਣੇ ਨਾਲ਼ ਲਿਆਂਦੇ ਖਾਣੇ ਨੂੰ ਕੱਢਿਆ। ਸਰਬਜੀਤ ਤੇ ਅਮਰਪ੍ਰੀਤ ਨੇ ਘਾਹ ਨੇ ਚਾਦਰ ਵਿਛਾ ਕੇ ਪਿਕਨਿਕ ਦਾ ਮਹੌਲ ਬਣਾ ਦਿੱਤਾ। ਪ੍ਰੀਤੀ ਨੇ ਸਭ ਤੋਂ ਪਹਿਲਾ ਬੱਚਿਆਂ ਨੂੰ ਖਾਣਾ ਦਿੱਤਾ। ਉਥੇ ਹੋਰ ਵੀ ਬਹੁਤ ਸਾਰੇ ਲੋਕ ਪਿਕਨਿਕ ਮਨਾ ਰਹੇ ਸਨ। ਉਨ੍ਹਾਂ ਵਿੱਚ ਕਾਫ਼ੀ ਪੰਜਾਬੀ ਪਰਿਵਾਰ ਵੀ ਸਨ। ਖਾਣਾ ਖਾ ਕੇ ਉਹ ਥੋੜੀ ਦੇਰ ਨਿਆਗਰਾ ਸ਼ਹਿਰ ਨੂੰ ਵੇਖਣ ਲੱਗ ਪਏ। ਨਾਲ਼ੇ ਉਹ ਚਾਹ ਪੀਣ ਲਈ ਤੇ ਬੱਚਿਆਂ ਲਈ ਆਈਸਕਰੀਮ ਦੀ ਦੁਕਾਨ ਲੱਭਣ ਲੱਗ ਪਏ।
‘ਕਿੰਨਾ ਸੁੰਦਰ ਸ਼ਹਿਰ ਹੈ!’ ਮਿੰਟੂ ਆਸਪਾਸ ਦੀਆਂ ਇਮਾਰਤਾਂ ਤੇ ਦੁਕਾਨਾਂ ਦੀ ਸ਼ਾਨ ਦੇਖ ਕੇ ਕਹਿ ਰਿਹਾ ਸੀ।
‘ਹਾਂ, ਬੇਟੇ। ਇੱਧਰੋਂ ਕੈਨੇਡਾ ਵਾਲ਼ੇ ਪਾਸਿਓਂ ਝਰਨਿਆਂ ਦਾ ਨਜ਼ਾਰਾ ਬਹੁਤ ਅਲੌਕਿਕ ਹੈ, ਕਿਉਂਕਿ ਇੱਧਰੋਂ ਸਾਰੇ ਝਰਨੇ ਪੂਰੇ ਨਜ਼ਰ ਆਉਂਦੇ ਹਨ। ਅਮਰੀਕਾ ਵਾਲ਼ੇ ਪਾਸਿਓਂ ਝਰਨੇ ਪੂਰੇ ਨਜ਼ਰ ਨਹੀਂ ਆਉਂਦੇ।’ ਸਰਬਜੀਤ ਨੇ ਦੱਸਿਆ।
ਉਦੋਂ ਤੱਕ ਸ਼ਾਮ ਪੈ ਚੁੱਕੀ ਸੀ ਤੇ ਉਨ੍ਹਾਂ ਨੇ ਵਾਪਸ ਟਰੰਟੋ ਵੱਲ ਨੂੰ ਚਾਲੇ ਪਾ ਦਿੱਤੇ। ਅੱਜ ਦਾ ਨਿਆਗਰਾ ਫ਼ਾਲਜ਼ ਦਾ ਟਰਿੱਪ ਉਨ੍ਹਾਂ ਲਈ ਯਾਦਗਾਰੀ ਹੋ ਨਿਬੜਿਆ ਸੀ!
*****
ਉਸ ਤੋਂ ਅਗਲੇ ਸ਼ਨੀਵਾਰ ਉਨ੍ਹਾਂ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਸਰਬਜੀਤ ਨੇ ਉਨ੍ਹਾਂ ਨੂੰ ਅਫਰੀਕਨ ਲਾਇਨ ਸਫ਼ਾਰੀ ਘੁੰਮਾਉਣ ਦਾ ਪ੍ਰੋਗਰਾਮ ਬਣਾਇਆ। ਰਾਣੀ ਤਾਂ ਪੱਬਾਂ ਭਾਰ ਉੱਛਲ ਪਈ ਤੇ ਉਸਦੇ ਗੁਲਾਬੀ ਬੂਟਾਂ ਵਿੱਚੋਂ ‘ਚੀਂ-ਚੀਂ’ ਦੀ ਅਵਾਜ਼ ਨਿੱਕਲ਼ੀ। ਮਿੰਟੂ ਵੀ ਬਹੁਤ ਖ਼ੁਸ਼ ਸੀ। ਪਰ ਹੈਰਾਨੀ ਭਰੀ ਗੱਲ ਸੀ ਕਿ ਉਨ੍ਹਾਂ ਦੇ ਮੰਮੀ-ਡੈਡੀ ਵੀ ਖ਼ੁਸ਼ ਤੇ ਉਤਸੁਕ ਸਨ। ਤਰ੍ਹਾਂ-ਤਰ੍ਹਾਂ ਦੇ ਸੋਹਣੇ ਜੰਗਲੀ ਜਾਨਵਰ ਦੇਖਣ ਲਈ ਕੌਣ ਨਹੀਂ ਖ਼ੁਸ਼ ਹੋਵੇਗਾ!
‘ਸਫ਼ਾਰੀ ਵਿੱਚ ਜੰਗਲੀ ਜਾਨਵਰ ਖੁੱਲ੍ਹੇ ਫਿਰਦੇ ਹਨ, ਚਿੜੀਆ ਘਰ ਵਾਂਗ ਪਿੰਜਰੇ ਵਿੱਚ ਬੰਦ ਨਹੀਂ ਹੁੰਦੇ। ਪਰ ਅਸੀਂ ਆਪਣੀ ਕਾਰ ਵਿੱਚੋਂ ਹੀ ਉਨ੍ਹਾਂ ਨੂੰ ਦੇਖਾਂਗੇ।’ ਮਿੰਟੂ ਨੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ।
‘ਹੱਛਾ ਵੀਰੇ, ਫਿਰ ਤਾਂ ਬਹੁਤ ਹੀ ਮਜ਼ਾ ਆਏਗਾ! ਕੀ ਅਸੀਂ ਸ਼ੇਰ ਦੇਖ ਸਕਾਂਗੇ? ਇੱਕ ਵਾਰ ਜਦੋਂ ਅਸੀਂ ਜਿਮ ਕਾਰਬੈੱਟ ਨੈਸ਼ਨਲ ਪਾਰਕ ਦੇਖਣ ਗਏ ਸੀ ਤਾਂ ਕੋਈ ਸ਼ੇਰ-ਚੀਤਾ ਨਜ਼ਰ ਨਹੀਂ ਆਇਆ।’
‘ਹਾਂ - ਹਾਂ। ਭਾਰਤ ਦੀ ਜਿਮ ਕਾਰਬੈੱਟ ਪਾਰਕ ਅਸਲੀ ਜੰਗਲ ਹੈ ਪਰ ਇਹ ਸਫ਼ਾਰੀ ਮਨੁੱਖਾਂ ਦੁਆਰਾ ਬਣਾਇਆ ਗਿਆ ਪਾਰਕ ਹੈ ਜਿੱਥੇ ਜਾਨਵਰ ਖੁਲ੍ਹੇ ਫਿਰਦੇ ਹਨ ਪਰ ਫਿਰ ਵੀ ਵਾਤਾਵਰਣ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ।’ ਸਰਬਜੀਤ ਨੇ ਪਿਆਰ ਨਾਲ਼ ਰਾਣੀ ਨੂੰ ਦੱਸਦਿਆਂ ਕਿਹਾ।
‘ਗਰ ਰਰ। …!!!’ ਮਿੰਟੂ ਨੇ ਰਾਣੀ ਨੂੰ ਡਰਾਉਣ ਲਈ ਸ਼ੇਰ ਵਾਂਗ ਦਹਾੜ ਮਾਰਨ ਦੀ ਕੋਸ਼ਿਸ਼ ਕੀਤੀ।
‘ਸਾਨੂੰ ਸ਼ੇਰ ਕੁੱਝ ਕਹਿਣਗੇ ਤਾਂ ਨਹੀਂ?’ ਮਿੰਟੂ ਨੂੰ ਨਜ਼ਰਅੰਦਾਜ਼ ਕਰਦਿਆਂ ਰਾਣੀ ਨੇ ਡਰਦੀ ਹੋਈ ਨੇ ਪੁੱਛਿਆ। ਉਸਦੀਆਂ ਅੱਖਾਂ ਵਿੱਚੋਂ ਚਿੰਤਾ ਦੀ ਭਾਵਨਾ ਝਲਕ ਰਹੀ ਸੀ।
‘ਨਹੀਂ ਨਹੀਂ। ਕਾਰ ਅੰਦਰ ਅਸੀਂ ਸੁਰੱਖਿਅਤ ਹੋਵਾਂਗੇ।’ ਸਰਬਜੀਤ ਨੇ ਉਸਨੂੰ ਹੌਸਲਾ ਦਿੰਦਿਆਂ ਕਿਹਾ।
ਅਫਰੀਕਨ ਲਾਇਨ ਸਫ਼ਾਰੀ ਤਕਰੀਬਨ ਡੇਢ ਕੁ ਘੰਟੇ ਦਾ ਰਸਤਾ ਸੀ। ਪ੍ਰੀਤੀ ਨੇ ਖਾਣ-ਪੀਣ ਦਾ ਸਮਾਨ ਪੈਕ ਕਰ ਲਿਆ ਸੀ। ਕਾਰ ਵਿੱਚ ਸਫ਼ਰ ਦੇ ਦੌਰਾਨ ਮਿੰਟੂ ਤੇ ਰਾਣੀ ਦੋਵੇਂ ਪੰਜਾਬੀ ਗਾਣੇ ਸੁਣਦੇ, ਬੇਚੈਨੀ ਨਾਲ਼ ਸਫ਼ਾਰੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦਾ ਧਿਆਨ ਕਾਰ ਤੋਂ ਬਾਹਰ ਹੀ ਸੀ ਪਰ ਸਫ਼ਾਰੀ ਤੱਕ ਦਾ ਰਸਤਾ ਬਹੁਤ ਲੰਬਾ ਲੱਗ ਰਿਹਾ ਸੀ! ਹਾਲਾਂਕਿ ਆਸ-ਪਾਸ ਹਰੇ-ਭਰੇ ਖੇਤ ਤੇ ਦਰਖਤਾਂ ਦੀ ਹਰਿਆਲੀ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਹੀ ਸੀ।
‘ਬਿਲਕੁਲ ਪੰਜਾਬ ਦੇ ਖੇਤਾਂ ਵਰਗੇ ਖੇਤ ਤੇ ਹਰਿਆਲੀ। ਦੇਖੋ ਖੇਤਾਂ ਵਿੱਚ ਘਾਹ ਦੀਆਂ ਭਰੀਆਂ ਵੀ ਪਈਆਂ ਹਨ।’ ਅਮਰਪ੍ਰੀਤ ਖ਼ੁਸ਼ੀ ਨਾਲ਼ ਬੋਲਿਆ।
‘ਹਾਂ ਜੀ ਵੀਰ ਜੀ। ਪਰ ਪੰਜਾਬ ਦੀਆਂ ਭਰੀਆਂ ਤੋਂ ਕਾਫ਼ੀ ਅਲੱਗ ਤੇ ਵੱਡੀਆਂ ਹਨ। ਫਾਰਮ ਵੀ ਕਾਫ਼ੀ ਵੱਡੇ-ਵੱਡੇ ਹੁੰਦੇ ਹਨ।’
‘ਉਹ ਦੇਖੋ ਟਰੈਕਟਰ ਵੀ ਚੱਲ ਰਿਹਾ ਹੈ।’ ਮਿੰਟੂ ਬੋਲਿਆ।
‘ਹਾਂ, ਜ਼ਿਆਦਾਤਰ ਉਹ ਘਾਹ ਕੱਟਣ ਲਈ ਵਰਤੇ ਜਾਂਦੇ ਹਨ।’
‘ਇੱਥੇ ਅੱਜ-ਕੱਲ ਕਿਹੜੀ ਪੈਦਾਵਾਰ ਹੁੰਦੀ ਹੈ?’ ਅਮਰਪ੍ਰੀਤ ਨੇ ਪੁੱਛਿਆ।
‘ਮੱਕੀ, ਆੜੂ, ਆਲੂ-ਬੁਖ਼ਾਰੇ, ਚੈਰੀ, ਖੀਰੇ ਆਦਿ।’ ਸਰਬਜੀਤ ਨੇ ਜਵਾਬ ਦਿੱਤਾ।
ਆਖਰਕਾਰ ਉਹ ਸਫ਼ਾਰੀ ਦੇ ਗੇਟ ‘ਤੇ ਪਹੁੰਚ ਗਏ। ਮਿੰਟੂ ਨੂੰ ਸਫ਼ਾਰੀ ਦਾ ਗੇਟ ਦੇਖ ਕੇ ‘ਜੁਰੈਸਿਕ ਪਾਰਕ’ ਫ਼ਿਲਮ ਵਿੱਚਲਾ ਗੇਟ ਯਾਦ ਆ ਗਿਆ। ਉਸ ਦੇ ਦਿਲ ਵਿੱਚ ਇੱਕ ਅਜੀਬ ਕਿਸਮ ਦੀ ਲਹਿਰ ਜਿਹੀ ਉੱਠੀ। ਗੇਟ ‘ਤੇ ਸਫ਼ਾਰੀ ਦੇ ਅੰਦਰ ਜਾਣ ਲਈ ਕਾਰਾਂ ਦੀ ਇੱਕ ਲੰਬੀ ਲਾਈਨ ਸੀ।
‘ਓਹੋ, ਹੁਣ ਸਾਨੂੰ ਹੋਰ ਇੰਤਜ਼ਾਰ ਕਰਨਾ ਪੈਣਾ ਹੈ।’ ਰਾਣੀ ਸਫ਼ਾਰੀ ਦੇਖਣ ਲਈ ਕਾਹਲ਼ੀ ਪੈ ਰਹੀ ਸੀ।
‘ਬੱਸ ਪੰਦਰਾਂ-ਵੀਹ ਮਿੰਟ ਹੀ ਲੱਗਣਗੇ।’ ਸਰਬਜੀਤ ਨੇ ਕਿਹਾ।
ਠੀਕ ਵੀਹ ਕੁ ਮਿੰਟ ਬਾਅਦ ਉਹ ਟਿਕਟ ਖਿੜਕੀ ਕੋਲ਼ ਪੁੱਜ ਗਏ, ਸਰਬਜੀਤ ਨੇ ਟਿਕਟਾਂ ਲੈ ਲਈਆਂ। ਬੱਸ ਫੇਰ ਕੀ ਸੀ… ਉਨ੍ਹਾਂ ਦਾ ਭਿੰਨ-ਭਿੰਨ ਕਿਸਮ ਦੇ ਜੰਗਲੀ ਜਾਨਵਰਾਂ ਤੇ ਪੰਛੀਆਂ ਨਾਲ਼ ਭਰੀ ਸਫ਼ਾਰੀ ਦਾ ਸਫ਼ਰ ਸ਼ੁਰੂ ਹੋ ਗਿਆ।
ਅਫਰੀਕਨ ਲਾਇਨ ਸਫ਼ਾਰੀ ਕੋਈ ਆਮ ਚਿੜੀਆਂ ਘਰ ਨਹੀਂ ਸੀ। 1968 ਵਿੱਚ ਇਸਦੇ ਸੰਸਥਾਪਕ ਕਰਨਲ ਡੇਲੀ ਨੇ ਕਨੇਡੀਅਨ ਲੋਕਾਂ ਲਈ ਇੱਕ ਨਵੇਂ ਕਿਸਮ ਦੇ ਆਕਰਸ਼ਣ ਨੂੰ ਬਣਾਉਣ ਦਾ ਸੁਪਨਾ ਲਿਆ ਸੀ ਜੋ ਜਲਦੀ ਹੀ 1969 ਵਿੱਚ ਸਾਕਾਰ ਹੋ ਗਿਆ ਸੀ ਜਦੋਂ ਸਫ਼ਾਰੀ ਦੇ ਦਰਵਾਜ਼ੇ ਲੋਕਾਂ ਲਈ ਖੁੱਲ੍ਹੇ ਸਨ।
ਉੱਥੇ ਲਿਖਿਆ ਹੋਇਆ ਸੀ - “ਆਪਣੀ ਕਾਰ ਵਿੱਚ 9 ਕਿਲੋਮੀਟਰ ਦਾ ਪੈਂਡਾ ਤਹਿ ਕਰਦੇ ਹੋਏ, 7 ਵੱਡੀਆਂ ਸ਼ਿਕਾਰਗਾਹਾਂ ਵਿੱਚ, ਦੁਨੀਆ ਭਰ ਦੇ ਸ਼ਾਨਦਾਰ ਪੰਛੀਆਂ ਅਤੇ ਜਾਨਵਰਾਂ ਦੇ ਨੇੜੇ ਜਾਣ ਲਈ ਤਿਆਰ ਹੋ ਜਾਓ, ਜਿੱਥੇ ਨੈਰੋਬੀ ਸ਼ਰਣ ਗਾਹ (Sanctuary), ਸਿੰਬਾ ਸ਼ੇਰ ਪਿੰਡ (Country), ਟਿੰਬਾਵਤੀ ਸ਼ੇਰ ਪਿੰਡ, ਵੈਂਕੀ ਬੁਸ਼ਲੈਂਡ ਟ੍ਰੇਲ, ਰੌਕੀ ਰਿਜ ਘਾਹ ਦਾ ਮੈਦਾਨ (Veldt - ਦੱਖਣੀ ਅਫਰੀਕਾ ਦਾ ਉਹ ਭਾਗ ਜੋ ਨਾ ਜੰਗਲ ਹੈ ਅਤੇ ਨਾ ਹੀ ਵਾਹੀਯੋਗ ਹੈ), ਆਸਟ੍ਰੇਲਸ਼ੀਆ ਅਤੇ ਅਮਰੀਕਾ ਦੇ ਜਾਨਵਰ ਵਿਸ਼ੇਸ਼ ਤੌਰ ‘ਤੇ ਵਸਾਏ ਗਏ ਹਨ।”
ਸਭ ਤੋਂ ਪਹਿਲਾਂ ਉਨ੍ਹਾਂ ਨੇ ਚਿੱਟੀਆਂ ਤੇ ਕਾਲੀਆਂ ਧਾਰੀਆਂ ਵਾਲ਼ੇ ਜ਼ੀਬਰਾ ਦਾ ਝੁੰਡ ਦੇਖਿਆ ਜੋ ਕਿ ਦੁਪਹਿਰ ਦੇ ਸੂਰਜ ਦੀਆਂ ਕਿਰਨਾਂ ਨਾਲ਼ ਲਿਸ਼ਕ ਰਹੀਆਂ ਸਨ। ਜ਼ੀਬਰਾ ਪਾਣੀ ਪੀਣ ਜਾ ਰਹੇ ਲਗਦੇ ਸਨ।
ਫੇਰ ਇੱਕਦਮ ਉਨ੍ਹਾਂ ਦੇ ਅੱਗੇ ਹਿਰਨਾਂ ਦੀ ਡਾਰ ਆ ਗਈ। ਕਾਰਾਂ ਤੋਂ ਬੇਖ਼ਬਰ, ਸੋਹਣੇ ਸੋਹਣੇ ਹਿਰਨ ਮਸਤੀ ਨਾਲ਼ ਸੜਕ ਪਾਰ ਕਰ ਰਹੇ ਸਨ।
‘ਇੱਥੇ ਸੜਕ ਪਾਰ ਕਰਨ ਦਾ ਅਧਿਕਾਰ ਪਹਿਲਾਂ ਜਾਨਵਰਾਂ ਦਾ ਹੈ!’ ਅਮਰਪ੍ਰੀਤ ਬੋਲਿਆ।
‘ਰਾਣੀ, ਓਹ ਦੇਖ ਗੈਂਡੇ!’ ਮਿੰਟੂ ਨੇ ਚੀਕਦਿਆਂ, ਦੂਰ ਪਾਣੀ ਦੇ ਕੋਲ਼ ਤੇ ਝਿੱਕੜ ਵਿੱਚ ਲੱਥਪੱਥ, ਉੱਸਲਵੱਟੇ ਖਾਂਦੇ (Wallowing) ਗੈਂਡਿਆ ਵੱਲ ਇਸ਼ਾਰਾ ਕੀਤਾ।
‘ਵਾਹ! ਬਿਲਕੁਲ ਸੂਰਾਂ ਵਾਂਗ ਇਹ ਵੀ ਚਿੱਕੜ ਵਿੱਚ ਖ਼ੁਸ਼ ਰਹਿੰਦੇ ਹਨ। ਅਸੀਂ ਸ਼ੇਰ ਕਦੋਂ ਦੇਖਾਂਗੇ?’
‘ਜਲਦੀ ਹੀ,’ ਸਰਬਜੀਤ ਪਿਆਰ ਨਾਲ਼ ਬੋਲਿਆ, ‘ਸਾਨੂੰ ਰਸਤੇ ‘ਤੇ ਹੀ ਰਹਿਣਾ ਪੈਣਾ ਏ, ਅਸੀਂ ਸਭ ਨੂੰ ਓਵਰਟੇਕ ਕਰਕੇ ਪਹਿਲਾਂ ਸ਼ੇਰਾਂ ਨੂੰ ਨਹੀਂ ਦੇਖ ਸਕਦੇ!’
‘ਹਾਂ ਜੀ।’ ਰਾਣੀ ਝੇਂਪਦਿਆਂ ਬੋਲੀ। ਉਹ ਚੁੱਪ ਕਰਕੇ ਬਾਹਰ ਦਾ ਨਜ਼ਾਰਾ ਦੇਖਣ ਵਿੱਚ ਮਘਨ ਹੋ ਗਈ। ਸਫ਼ਾਰੀ ਸੱਚਮੁੱਚ ਹੀ ਬਹੁਤ ਵਧੀਆ ਬਣਾਈ ਹੋਈ ਸੀ। ਜੰਗਲੀ ਜਾਨਵਰਾਂ ਖ਼ਾਸ ਤੌਰ ‘ਤੇ ਅਲੋਪ ਰਹੇ ਜਾਨਵਰਾਂ ਨੂੰ ਸਾਂਭਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਸੀ।
ਆਖਰ ਉਹ ਸ਼ੇਰਾਂ ਦੇ ਖੇਤਰ ਵਿੱਚ ਪਹੁੰਚ ਗਏ। ਪੰਜ-ਛੇ ਸ਼ੇਰ ਪੱਥਰਾਂ ਦੇ ਚਬੂਤਰੇ ਉੱਤੇ ਸੁਸਤਾ ਰਹੇ ਸਨ। ਇੱਕ ਪਾਸੇ ਇੱਕ ਸ਼ੇਰ ਪਰਿਵਾਰ ਖੜ੍ਹਾ ਸੀ। ਮਾਦਾ ਸ਼ੇਰ ਆਪਣੇ ਛੋਟੇ-ਛੋਟੇ ਪਿਆਰੇ ਬੱਚਿਆਂ (Cubs) ਨਾਲ਼ ਖੇਡ ਰਹੀ ਸੀ। ਸ਼ੇਰ ਦੇ ਬੱਚੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਇੱਕ ਦੂਜੇ ਦੇ ਉੱਪਰ ਚੜ੍ਹ ਰਹੇ ਸਨ।
ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਇੱਕ ਸ਼ੇਰ ਨੇ ਉੱਚੀ ਦੇਣੀ ਦਹਾੜ ਮਾਰੀ। ਆਸ ਪਾਸ ਦੇ ਦਰਖਤਾਂ ਤੋਂ ਪੰਛੀ ਉਡ ਗਏ ਤੇ ਹਿਰਨਾਂ ਦੀਆਂ ਡਾਰਾਂ ਭੱਜਣ ਲੱਗੀਆਂ। ਮਿੰਟੂ ਤੇ ਰਾਣੀ ਦੇ ਉੱਪਰਲੇ ਸਾਹ ਉੱਪਰ ਤੇ ਹੇਠਲੇ ਹੇਠਾਂ ਰਹਿ ਗਏ।
ਮਿੰਟੂ ਚੁੱਪ ਤੇ ਦੰਗ ਸੀ। ਉਸ ਨੂੰ ਇਸ ਅਨੁਭਵ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਸੁੱਝ ਰਹੇ ਸਨ।
‘ਵਾਹ! ਸਿੰਘ ਬੁਕੇ…’ ਅਮਰਪ੍ਰੀਤ ਵੀ ਹੈਰਾਨੀ ਵਿੱਚ ਬੋਲਿਆ।
‘ਬਹੁਤ ਵਧੀਆ, ਮਜ਼ਾ ਆ ਗਿਆ।’ ਰਾਣੀ ਉੱਛਲਦੀ ਬੋਲੀ। ਉਸਦੀਆਂ ਅੱਖਾਂ ਵਿੱਚ ਖ਼ੁਸ਼ੀ ਦੀ ਚਮਕ ਸੀ।
‘ਮੰਮੀ, ਦੇਖੋ ਇਨ੍ਹਾਂ ਦੇ ਬੱਚੇ ਕਿੰਨੇ ਪਿਆਰੇ ਹਨ - ਜਿਵੇਂ ਬਲੂੰਗੜੇ ਹੋਣ।’
‘ਹਾਂ , ਬੇਟੇ!’ ਪ੍ਰੀਤੀ ਵੀ ਖ਼ੁਸ਼ੀ ਨਾਲ਼ ਰਾਣੀ ਨੂੰ ਆਪਣੀ ਗੋਦੀ ਵਿੱਚ ਲੈਂਦਿਆਂ ਬੋਲੀ - ‘ਤੁਸੀਂ ਵੀ ਤਾਂ ਮੇਰੇ ਪਿਆਰੇ ਬਲੂੰਗੜੇ ਹੋ!’
‘ਹਾਂ, ਸ਼ੇਰ ਵੀ ਤਾਂ ਬਿੱਲੀ ਪਰਿਵਾਰ (Cat Family) ਵਿੱਚੋਂ ਹੀ ਹਨ। ਰਾਣੀ ਤੈਨੂੰ ਪਤੈ ਸ਼ੇਰਾਂ ਦੇ ਝੁੰਡ ਨੂੰ ਅੰਗ੍ਰੇਜ਼ੀ ਵਿੱਚ ਪ੍ਰਾਇਡ (Pride) ਕਹਿੰਦੇ ਹਨ।’
‘ਨਹੀਂ ਵੀਰੇ।;
‘ਡੈਡੀ ਸ਼ੇਰ ਆਪਣੇ ਪਰਿਵਾਰ ਤੇ ਖੇਤਰ ਦੀ ਰੱਖਿਆ ਕਰਦਾ ਹੈ ਤੇ ਮੰਮੀ ਸ਼ੇਰ ਸ਼ਿਕਾਰ ਕਰਕੇ ਆਪਣੇ ਪਰਿਵਾਰ ਲਈ ਭੋਜਨ ਦਾ ਇੰਤਜ਼ਾਮ ਕਰਦੀ ਹੈ।’
ਸਾਰੇ ਮਿੰਟੂ ਦੀ ਜਾਣਕਾਰੀ ਤੇ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਸਨ।
ਸ਼ੇਰਾਂ ਨੂੰ ਦੇਖਦਿਆਂ ਉਨ੍ਹਾਂ ਦੀ ਕਾਰ ਹੌਲ਼ੀ-ਹੌਲ਼ੀ ਜਾ ਰਹੀ ਸੀ। ਜਿਵੇਂ ਹੀ ਉਹ ਸ਼ੇਰਾਂ ਦੇ ਖੇਤਰ ਤੋਂ ਬਾਹਰ ਆਏ ਤਾਂ ਅੱਗੇ ਮੋੜ ਆ ਗਿਆ।
‘ਇੱਕ ਰਸਤੇ ਤੇ ਬਾਂਦਰ ਹੁੰਦੇ ਹਨ ਜੋ ਕਾਰਾਂ ਉੱਪਰ ਵੀ ਚੜ੍ਹ ਜਾਂਦੇ ਹਨ ਤੇ ਦੂਜੇ ਰਸਤੇ ਤੇ ਨਹੀਂ। ਦੱਸੋ ਕਿੱਧਰ ਚੱਲੀਏ?’ ਸਰਬਜੀਤ ਨੇ ਮੁਸਕਰਾਉਂਦਿਆਂ ਪੁੱਛਿਆ।
‘ਬਾਂਦਰਾਂ ਵਾਲ਼ੇ ਰਸਤੇ ਚੱਲੋ।’ ਮਿੰਟੂ ਤੇ ਰਾਣੀ ਇਕੱਠੇ ਬੋਲੇ। ਉਨ੍ਹਾਂ ਲਈ ਇਹ ਸਵਾਲ ਬਹੁਤ ਸੌਖਾ ਸੀ। ਉਹ ਬਾਂਦਰਾਂ ਦੀਆਂ ਕਲੋਲਾਂ ਦੇਖਣੀਆਂ ਚਾਹੁੰਦੇ ਸਨ। ਬਾਂਦਰਾ ਤੋਂ ਰਾਣੀ ਨੂੰ ਵੀ ਕੋਈ ਡਰ ਨਹੀਂ ਸੀ ਲੱਗ ਰਿਹਾ। ਪੰਜਾਬ ਵਿੱਚ ਉਨ੍ਹਾਂ ਨੇ ਬਥੇਰੇ ਬਾਂਦਰ ਦੇਖੇ ਹੋਏ ਸਨ, ਪਰ ਫੇਰ ਵੀ ਉਹ ਇਥੋ ਦੇ ਬਾਂਦਰਾਂ ਦੀਆਂ ਹਰਕਤਾਂ ਵੀ ਦੇਖਣੀਆਂ ਚਾਹੁੰਦੇ ਸਨ।
‘ਠੀਕ ਹੈ, ਸੱਤ ਬਚਨ!’ ਇਹ ਕਹਿੰਦਿਆਂ ਸਰਬਜੀਤ ਨੇ ਕਾਰ ਬਾਂਦਰਾਂ ਵੱਲ ਦੇ ਰੂਟ ‘ਤੇ ਪਾ ਦਿੱਤੀ।
ਅੱਗੇ ਤਾਂ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਸਾਰੀਆਂ ਕਾਰਾਂ ਬਾਂਦਰਾਂ ਨੂੰ ਦੇਖਣ ਲਈ ਰੁਕੀਆਂ ਹੋਈਆਂ ਸਨ ਜਾਂ ਫਿਰ ਬਾਂਦਰਾਂ ਨੇ ਰੋਕੀਆਂ ਹੋਈਆਂ ਸਨ - ਇਹ ਕਹਿਣਾ ਮੁਸ਼ਕਲ ਸੀ।
‘ਓਹ ਦੇਖੋ ਕਈ ਲੋਕ ਬਾਂਦਰਾਂ ਨੂੰ ਕੇਲੇ ਤੇ ਹੋਰ ਕੁਝ ਖਿਲਾ ਰਹੇ ਹਨ!’ ਰਾਣੀ ਹੈਰਾਨੀ ਨਾਲ਼ ਬੋਲੀ।
‘ਬਾਂਦਰਾਂ ਜਾਂ ਹੋਰ ਜਾਨਵਰਾਂ ਨੂੰ ਕੁਝ ਖਿਲਾਉਣਾ ਸਖਤ ਮਨ੍ਹਾ ਹੈ। ਪਰ ਫਿਰ ਵੀ ਲੋਕ ਨਹੀਂ ਹਟਦੇ। ਜਾਨਵਰਾਂ ਦੇ ਪੇਟ ਮਨੁੱਖੀ ਖਾਣੇ ਨਾਲ਼ ਖਰਾਬ ਹੋ ਜਾਂਦੇ ਹਨ।’ ਸਰਬਜੀਤ ਨੇ ਦੱਸਿਆ।
ਬਾਂਦਰ ਮਜ਼ੇ ਨਾਲ਼ ਬੇਫ਼ਿਕਰ ਕਾਰਾਂ ਉੱਪਰ ਉੱਛਲ-ਕੁੱਦ ਮਚਾ ਰਹੇ ਸਨ। ਕਈ ਬਾਂਦਰ ਦਰਖਤਾਂ ਤੇ ਚੜ੍ਹੇ ਹੋਏ ਸਨ। ਇੱਕ ਬਾਂਦਰ ਉਨ੍ਹਾਂ ਦੀ ਕਾਰ ਉੱਪਰ ਚੜ੍ਹ ਆਇਆ - ਜਿਵੇਂ ਕੁਝ ਖਾਣ ਲਈ ਮੰਗ ਰਿਹਾ ਹੋਵੇ।
‘ਸਾਡੇ ਕੋਲ਼ ਤੇਰੇ ਲਈ ਖਾਣ ਲਈ ਕੁਝ ਨਹੀਂ ਹੈ।’ ਰਾਣੀ ਉੱਚੀ ਦੇਣੀਂ ਬੋਲੀ ਜਿਵੇਂ ਬਾਂਦਰ ਉਸ ਦੀ ਗੱਲ ਸੁਣ ਰਿਹਾ ਹੋਵੇ। ਉਹ ਛੇਤੀਂ ਹੀ ਛਾਲ ਮਾਰ ਕੇ ਨੇੜਲੇ ਦਰਖ਼ਤ ‘ਤੇ ਚੜ੍ਹ ਗਿਆ।
ਬਾਂਦਰਾਂ ਦੀਆਂ ਹਰਕਤਾਂ ਦੇਖ ਕੇ ਉਹ ਖੂਬ ਹੱਸੇ ਤੇ ਉਨ੍ਹਾਂ ਦਾ ਵਧੀਆ ਮਨੋਰੰਜਨ ਹੋਇਆ।
ਬਾਂਦਰਾਂ ਦੇ ਇਲਾਕੇ ਵਿੱਚੋਂ ਨਿੱਕਲ ਕੇ ਉਹ ਜਿਰਾਫਾਂ ਦੇ ਖੇਤਰ ਵਿੱਚ ਪਹੁੰਚ ਗਏ। ਉੱਚੇ-ਲੰਮੇ ਜਿਰਾਫ ਦੇਖ ਕੇ ਉਹ ਬਹੁਤ ਖ਼ੁਸ਼ ਹੋਏ।
‘ਵਾਹ! ਕਿੰਨਾ ਖੂਬਸੂਰਤ ਨਜ਼ਾਰਾ ਹੈ!’ ਅਮਰਪ੍ਰੀਤ ਵੀ ਜਿਰਾਫ ਦੇਖ ਕੇ ਖ਼ੁਸ਼ ਹੋ ਰਿਹਾ ਸੀ।
ਇੱਕ ਜਿਰਾਫ ਉੱਚੇ-ਲੰਮੇ ਦਰਖ਼ਤ ਤੋਂ ਪੱਤੇ ਤੋੜ ਕੇ ਖਾ ਰਿਹਾ ਸੀ।
‘ਇਸਦੀ ਗਰਦਨ ਕਿੰਨੀ ਲੰਮੀ ਹੈ।’ ਰਾਣੀ ਹੈਰਾਨੀ ਨਾਲ਼ ਬੋਲੀ।
ਫੇਰ ਅੱਗੇ ਸੜਕ ਤੇ ਉਨ੍ਹਾਂ ਨੇ ਸ਼ੁਤਰਮੁਰਗ (Ostrich) ਦੇਖੇ ਜੋ ਮਿੱਟੀ ਵਿੱਚ ਆਪਣਾ ਸਿਰ ਖੁਰਕ ਰਹੇ ਸਨ, ਜਿਵੇਂ ਖਾਜ ਕਰ ਰਹੇ ਹੋਣ। ਕਈ ਸ਼ੁਤਰਮੁਰਗ ਕਾਰਾਂ ਨੂੰ ਦੇਖ ਕੇ ਤੇਜ਼ੀ ਨਾਲ਼ ਨੱਠਣ ਲੱਗੇ, ਪਰ ਇੱਕ ਦੋ ਸ਼ੁਤਰਮੁਰਗ ਉੱਥੇ ਖੜੇ ਰਹੇ, ਜਿਵੇਂ ਉਹ ਵੀ ਕੁਝ ਖਾਣ ਲਈ ਮੰਗ ਰਹੇ ਹੋਣ।
‘ਕਿੰਨੇ ਵੱਡੇ ਪੰਛੀ! ਇਨ੍ਹਾਂ ਦੀਆਂ ਗਰਦਨਾਂ ਵੀ ਲੰਮੀਆਂ ਲੰਮੀਆਂ ਹਨ।’ ਰਾਣੀ ਬੋਲੀ।
‘ਹਾਂ , ਇਹ ਬਹੁਤ ਤੇਜ਼ ਭੱਜਦੇ ਹਨ, ਪਰ ਉਡ ਨਹੀਂ ਸਕਦੇ!’
ਅੱਗੇ ਜਾ ਕੇ ਉਨ੍ਹਾਂ ਨੇ ਹਾਥੀ, ਜੰਗਲੀ ਮੱਝਾਂ ਤੇ ਬਲਦ, ਨੀਲਗਾਇ, ਯਾਕ, ਅਲਪਾਕਾ, ਬਬੂਨ, ਗਿਬਨ, ਚਿੰਪੈਂਜ਼ੀ ਅਤੇ ਹੋਰ ਬਹੁਤ ਸਾਰੇ ਜਾਨਵਰ ਤੇ ਪੰਛੀ ਦੇਖੇ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਫ਼ਾਰੀ ਦਾ ਸਫ਼ਰ ਖਤਮ ਹੋ ਗਿਆ। ਪਰ ਵਿਲੱਖਣ ਕਿਸਮ ਦੀ ਸਫ਼ਾਰੀ ਨੂੰ ਦੇਖ ਕੇ ਉਨ੍ਹਾਂ ਨੂੰ ਖੂਬ ਅਨੰਦ ਆਇਆ।
ਜਿਵੇਂ ਹੀ ਉਹ ਵਾਪਸ ਗੇਟ ਕੋਲ਼ ਪਹੁੰਚੇ ਤਾਂ ਉੱਥੇ ਖਾਣ-ਪੀਣ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਖੇਡਣ ਲਈ ਇੱਕ ਬਹੁਤ ਵੱਡਾ ਤਲਾਬ ਸੀ ਜਿਸਦੇ ਵਿੱਚਕਾਰ ਇੱਕ ਫੁਹਾਰਾ ਸੀ। ਬਹੁਤ ਸਾਰੇ ਬੱਚੇ ਉਸ ਵਿੱਚ ਨਹਾ ਤੇ ਖੇਡ ਰਹੇ ਸਨ।
‘ਮੈਂ ਵੀ ਪਾਣੀ ਵਿੱਚ ਖੇਡਣਾ।’ ਰਾਣੀ ਚੀਕੀ।
‘ਪਰ ਮੈਂ ਤੁਹਾਡੇ ਲਈ ਤੈਰਨ ਵਾਲ਼ੇ ਕੱਪੜੇ ਨਹੀਂ ਰੱਖੇ।’ ਪ੍ਰੀਤੀ ਬੋਲੀ।
‘ਕੋਈ ਗੱਲ ਨਹੀਂ, ਅਸੀਂ ਇੱਥੋਂ ਖਰੀਦ ਲੈਂਦੇ ਹਾਂ।’ ਸਰਬਜੀਤ ਨੇ ਕਿਹਾ।
‘ਪਰ ਇੱਥੇ ਤਾਂ ਮਹਿੰਗੇ ਹੋਣੇ ਹਨ।’
‘ਨਹੀਂ, ਕੋਈ ਗੱਲ ਨਹੀਂ।’
ਉਨ੍ਹਾਂ ਨੇ ਰਾਣੀ ਤੇ ਮਿੰਟੂ ਲਈ ਦੋ ਤੈਰਨ ਵਾਲ਼ੇ ਲਿਬਾਸ (Swimming Costume) ਖਰੀਦ ਲਏ।
ਮਿੰਟੂ ਤੇ ਰਾਣੀ ਦੋਵਾਂ ਨੇ ਤਲਾਬ ਤੇ ਫੁਹਾਰੇ ਦਾ ਬਹੁਤ ਅਨੰਦ ਮਾਣਿਆ, ਜਦ ਤੱਕ ਉਹ ਥੱਕ ਨਹੀਂ ਗਏ ਤੇ ਉਨ੍ਹਾਂ ਨੂੰ ਭੁੱਖ ਨਹੀਂ ਲੱਗ ਗਈ।
‘ਮੰਮੀ, ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ।’ ਰਾਣੀ ਭੱਜੀ-ਭੱਜੀ ਪ੍ਰੀਤੀ ਕੋਲ਼ ਆਈ।
‘ਠੀਕ ਹੈ, ਆਓ ਖਾਈਏ।’ ਪ੍ਰੀਤੀ ਨੇ ਪਿਕਨਿਕ ਟੇਬਲ ‘ਤੇ ਖਾਣਾ ਪ੍ਰੋਸ ਦਿੱਤਾ। ਸਰਬਜੀਤ ਤੇ ਅਮਰਪ੍ਰੀਤ ਆਲੂ ਦੇ ਚਿਪਸ, ਸੋਡਾ ਤੇ ਚਾਹ-ਪਾਣੀ ਵੀ ਖਰੀਦ ਕੇ ਲੈ ਆਏ।
ਉਨ੍ਹਾਂ ਨੇ ਪਿਕਨਿਕ ਮਨਾਉਂਦਿਆਂ ਰੱਜ ਕੇ ਖਾਣ-ਪੀਣ ਕੀਤਾ।
‘ਬਹੁਤ ਸੁਆਦ ਖਾਣਾ ਹੈ, ਮਜ਼ਾ ਆ ਗਿਆ।’ ਰਾਣੀ ਖ਼ੁਸ਼ੀ ਨਾਲ਼ ਬੋਲੀ।
‘ਭੁੱਖੇ ਪੇਟ ਤਾਂ ਸਭ ਕੁਝ ਚੰਗਾ ਲਗਦਾ ਹੈ।’ ਪ੍ਰੀਤੀ ਨੇ ਕਿਹਾ।
ਖਾਣਾ ਖਾ ਕੇ ਚੱਲਣ ਤੋਂ ਪਹਿਲਾਂ ਉਨ੍ਹਾਂ ਨੇ ਯਾਦ ਵਾਸਤੇ ਇੱਕ ਸੋਵੀਨੀਅਰ ਵੀ ਖਰੀਦਿਆ।
ਜਿਵੇਂ ਹੀ ਉਨ੍ਹਾਂ ਨੇ ਘਰ ਵੱਲ ਨੂੰ ਚਾਲੇ ਪਾਏ ਰਾਣੀ ਨੇ ਕਿਹਾ - ‘ਅੱਜ ਦਾ ਦਿਨ ਸਭ ਤੋਂ ਮਜ਼ੇਦਾਰ ਤੇ ਵਧੀਆ ਸੀ।’
ਮਿੰਟੂ ਤੇ ਬਾਕੀ ਸਭ ਨੇ ‘ਹਾਂ’ ਵਿੱਚ ਸਰ ਹਿਲਾਇਆ।
‘ਆਪਣੇ ਚਾਚਾ ਜੀ ਦਾ ਧੰਨਵਾਦ ਕਰੋ, ਜੋ ਤੁਹਾਨੂੰ ਇੰਨੀ ਸੈਰ ਕਰਾ ਰਹੇ ਹਨ।’ ਪ੍ਰੀਤੀ ਨੇ ਕਿਹਾ।
‘ਧੰਨਵਾਦ ਚਾਚਾ ਜੀ!’ ਮਿੰਟੂ ਤੇ ਰਾਣੀ ਦੋਵਾਂ ਨੇ ਇਕੱਠਿਆਂ ਕਿਹਾ।
‘ਕੋਈ ਗੱਲ ਨਹੀਂ। ਇਹ ਤਾਂ ਮੇਰਾ ਫ਼ਰਜ਼ ਹੈ!’
ਦੂਰ ਖਿਤਿਜ ‘ਤੇ ਸੰਗਤਰੀ ਭਾਹ ਬਿਖੇਰਦਾ ਹੋਇਆ, ਛੁਪ ਰਿਹਾ ਸੂਰਜ, ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਪਿੱਛੇ ਰਹਿ ਗਏ ਸਫ਼ਾਰੀ ਦੇ ਜੰਗਲ ਵਿੱਚ ਉਨ੍ਹਾਂ ਨੂੰ ਪੰਛੀਆਂ ਦੀ ਚਹਿਚਹਾਹਟ ਤੇ ਸ਼ੇਰਾਂ ਦੀ ਦਹਾੜ ਦੀ ਕਨਸੋਅ ਪੈਂਦੀ ਲੱਗ ਰਹੀ ਸੀ।
‘ਹੁਣ ਅਸੀਂ ਸ਼ਬਦ-ਕੀਰਤਨ ਸੁਣਦੇ ਹਾਂ ਤੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ।’ ਅਮਰਪ੍ਰੀਤ ਨੇ ਕਿਹਾ, ਇਸ ਤੋਂ ਪਹਿਲਾਂ ਬੱਚੇ ਪੰਜਾਬੀ ਗਾਣੇ ਲਗਾਉਣ ਦੀ ਮੰਗ ਕਰਨ।
*****
ਕੈਨੇਡਾ ਆਇਆਂ ਨੂੰ ਉਨ੍ਹਾਂ ਨੂੰ ਚਾਰ ਹਫ਼ਤਿਆਂ ਤੋਂ ਵੱਧ ਹੋ ਚੁੱਕੇ ਸਨ। ਅਮਰਪ੍ਰੀਤ ਤਾਂ ਆਪਣੇ ਕੰਮ ਵਿੱਚ ਰੁੱਝ ਗਿਆ ਸੀ, ਸ਼ਾਮ ਤੱਕ ਥੱਕ ਜਾਂਦਾ ਸੀ ਤੇ ਜਲਦੀ ਸੌਂ ਜਾਂਦਾ ਸੀ। ਸਰਬਜੀਤ ਵੀ ਕੰਮ ਤੋਂ ਥੱਕਿਆ ਆਉਂਦਾ ਸੀ। ਪਰ ਉਸ ਲਈ ਬੜੇ ਸੁੱਖ ਦੀ ਗੱਲ ਸੀ ਕਿ ਭਾਬੀ ਦਾ ਬਣਾਇਆ ਸਵਾਦਲਾ ਭੋਜਨ ਮਿਲਦਾ ਸੀ। ਪਰ ਪ੍ਰੀਤੀ, ਮਿੰਟੂ ਤੇ ਰਾਣੀ ਘਰ ਬੈਠੇ ਥੋੜ੍ਹੇ ਬੋਰ ਹੋ ਰਹੇ ਸਨ। ਉਹ ਕਿੰਨੀ ਕੁ ਦੇਰ ਟੀਵੀ ਦੇਖ ਸਕਦੇ ਸੀ ਜਾਂ ਕਿਤਾਬਾਂ ਪੜ੍ਹ ਸਕਦੇ ਸੀ। ਸ਼ਾਮ ਨੂੰ ਉਹ ਬਾਹਰ ਸੈਰ ਕਰਨ ਜਾਂਦੇ ਸੀ ਪਰ ਇਸਤੋਂ ਇਲਾਵਾ ਉਹ ਦਿਨ ਵਿੱਚ ਹੋਰ ਕਿਤੇ ਨਹੀਂ ਜਾ ਸਕਦੇ ਸੀ। ਇੱਥੇ ਪੰਜਾਬ ਵਾਂਗ ਖੁੱਲ੍ਹ-ਡੁੱਲ੍ਹ ਨਹੀਂ ਸੀ ਕਿ ਕਿਤੇ ਵੀ ਜਦੋਂ ਮਰਜ਼ੀ ਚਲੇ ਜਾਓ। ਬੱਸ-ਸਟੈਂਡ ਉਨ੍ਹਾਂ ਦੇ ਅਪਾਰਟਮੈਂਟ ਤੋਂ ਥੋੜੀ ਦੂਰ ਸੀ - ਤਕਰੀਬਨ ਮੀਲ ਕੁ। ਟੈਕਸੀ ਦਾ ਕਿਰਾਇਆ ਬਹੁਤ ਜ਼ਿਆਦਾ ਸੀ। ਇਸ ਲਈ ਉਹ ਹਰ ਵਕਤ ‘ਵੀਕਐਂਡ’ ਦਾ ਇੰਤਜ਼ਾਰ ਕਰਦੇ ਰਹਿੰਦੇ ਸੀ। ਉਹ ਮਹਿਸੂਸ ਕਰ ਸਕਦੇ ਸੀ ਕਿ ਪੰਜਾਬ ਤੋਂ ਆਏ ਮਾਪਿਆਂ ਤੇ ਬਜ਼ੁਰਗਾਂ ਦਾ ਇੱਥੇ ਮਨ ਕਿਓਂ ਨਹੀਂ ਲਗਦਾ? ਕੋਈ ਕਿੰਨੀ ਕੁ ਦੇਰ ਘਰ ਦੇ ਅੰਦਰ ਵਿਹਲਾ ਬੈਠਾ ਰਹਿ ਸਕਦਾ ਹੈ? ਇੱਥੇ ਹਰ ਇੱਕ ਵਿਅਕਤੀ ਨੂੰ ਕੰਮ ਕਰਨਾ ਪੈਦਾ ਸੀ। ਲੋਕ ਜੁੰਡਲੀਆਂ ਬਣਾ ਕੇ ਫਾਲਤੂ ਗੱਲਾਂ ਕਰਕੇ ਆਪਣਾ ਕੀਮਤੀ ਵਕਤ ਜਾਇਆ ਨਹੀਂ ਸੀ ਕਰਨਾ ਚਾਹੁੰਦੇ। ਇੱਥੇ ਲੋਕ ਕੰਮ ਵਿੱਚ ਇੰਨੇ ਰੁੱਝੇ ਹੋਏ ਹੁੰਦੇ ਹਨ ਕਿ ਕਿਸੇ ਕੋਲ਼ ਮਿਲਣ ਲਈ ਵੀ ਵਕਤ ਨਹੀਂ ਹੁੰਦਾ। ਲੋਕ ਸਿਰਫ਼ ‘ਵੀਕਐਂਡ’ ਤੇ ਹੀ ਮਿਲਦੇ ਸਨ। ਇਸ ਕਰਕੇ ਉਹ ਕਿਸੇ ਹੋਰ ਰਿਸ਼ਤੇਦਾਰ ਨੂੰ ਮਿਲ਼ ਵੀ ਨਹੀਂ ਸੀ ਸਕਦੇ। ਬਹੁਤੇ ਲੋਕ ਤਾਂ ‘ਵੀਕਐਂਡ’ ਤੇ ਰਾਤਾਂ ਨੂੰ ਵੀ ਕੰਮ ਕਰਦੇ ਹਨ। ਦੋ-ਦੋ ਤਿੰਨ-ਤਿੰਨ ਕੰਮ ਵੀ ਕਰਦੇ ਹਨ, ਕਿਓਂਕਿ ਬਿਨਾ ਪੈਸੇ ਦੇ ਇੱਥੇ ਜੀਣਾ ਦੁਰਕਾਰ ਸੀ। ਪੈਸੇ ਤੋਂ ਬਿਨਾ ਬੰਦੇ ਦੀ ਕੋਈ ਕੀਮਤ ਨਹੀਂ ਸੀ। ਹਾਲਾਂਕਿ ਕੈਨੇਡਾ ਸਰਕਾਰ ਵਲ੍ਹੋਂ ਲੋਕਾਂ ਨੂੰ ਪੈਨਸ਼ਨ ਜਾਂ ਹੋਰ ਭੱਤੇ ਵੀ ਮਿਲ਼ਦੇ ਸਨ ਤੇ ਮੁਫ਼ਤ ਡਾਕਟਰੀ ਸਹਾਇਤਾ ਵੀ ਸੀ, ਪਰ ਉਹ ਸਹੂਲਤ ਸਿਰਫ਼ ਕੈਨੇਡਾ ਦੇ ਨਾਗਰਿਕਾਂ ਤੇ ਪੱਕੇ ਲੋਕਾਂ ਲਈ ਹੀ ਹੁੰਦੀ ਹੈ। ਕੱਚੇ ਤੇ ਸੈਰ ਕਰਨ ਆਏ ਯਾਤਰੀਆਂ ਨੂੰ ਮੈਡੀਕਲ ਬੀਮਾ ਆਪਣੇ ਖਰਚੇ ‘ਤੇ ਹੀ ਲੈਣਾ ਪੈਂਦਾ ਸੀ ਜੋ ਕਿ ਕਾਫ਼ੀ ਮਹਿੰਗਾ ਸੀ। ਮੁੱਕਦੀ ਗੱਲ ਕੈਨੇਡਾ ਇੱਕ ਮਿੱਠੀ ਜੇਲ ਹੈ, ਜਿੱਥੇ ਸਭ ਤਰ੍ਹਾਂ ਦੀਆਂ ਸਹੁਲਤਾਂ ਹਨ, ਜਿਸਦੇ ਇਮੀਗ੍ਰੈਂਟ ਲੋਕ ਆਦੀ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਛੱਡ ਕੇ ਵਾਪਸ ਨਹੀਂ ਪਰਤ ਸਕਦੇ!
ਫੇਰ ਵੀ ਦਿਨ ਬੀਤਦੇ ਜਾ ਰਹੇ ਸਨ …। ਆਉਣ ਵਾਲ਼ੇ ‘ਵੀਕਐਂਡ’ ਵਿੱਚ ਉਹ ਓਨਟੈਰੀਓ ਝੀਲ ਦੇ ਕਿਨਾਰੇ ਬਣਿਆ ਬੀਚ, ਸ਼ਾਪਿੰਗ ਮਾਲ ਤੇ ਹੋਰ ਮਸ਼ਹੂਰ ਥਾਵਾਂ ਦੇਖਣੇ ਗਏ। ਇੰਨੀਆਂ ਖੂਬਸੂਰਤ ਥਾਵਾਂ ਦੇਖ ਕੇ ਉਨ੍ਹਾਂ ਦਾ ਮਨ ਗਦਗਦ ਹੋ ਗਿਆ ਸੀ ਤੇ ਉਸ ਵਿੱਚ ਸਦਾ ਲਈ ਮਿੱਠੀਆਂ ਯਾਦਾਂ ਵੱਸ ਗਈਆਂ ਸਨ।
ਪਰ ਅਜੇ ਟਰੋਂਟੋ ਸ਼ਹਿਰ ਦੇਖਣਾ ਰਹਿ ਗਿਆ ਸੀ। ਉਨ੍ਹਾਂ ਨੇ ਇੱਕ ਦਿਨ ਸ਼ਨੀਵਾਰ ਨੂੰ ਟਰੋਂਟੋ ਡਾਊਨਟਾਊਨ ਤੇ ਸੀ.ਐਨ. ਟਾਵਰ ਦੇਖਣ ਦਾ ਪ੍ਰੋਗਰਾਮ ਬਣਾਇਆ। ਟਰੋਂਟੋ ਡਾਊਨਟਾਊਨ (Downtown) ਉਨ੍ਹਾਂ ਦੇ ਅਪਾਰਟਮੈਂਟ ਤੋਂ ਕਾਰ ਰਾਹੀਂ ਤਕਰੀਬਨ ਪੌਣੇ ਕੁ ਘੰਟੇ ਦਾ ਰਸਤਾ ਸੀ। ਮਿੰਟੂ ਤੇ ਰਾਣੀ ਕਾਰ ਦੇ ਵਿੱਚੋਂ ਦੂਰ ਦਿਖਦੀਆਂ ਅਸਮਾਨ ਨੂੰ ਛੂੰਹਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਵੇਖ ਰਹੇ ਸਨ। ਜਿਵੇਂ ਜਿਵੇਂ ਕਾਰ ਸ਼ਹਿਰ ਦੇ ਕੋਲ਼ ਪਹੁੰਚਦੀ ਗਈ, ਉਹ ਉੱਚੀਆਂ ਇਮਾਰਤਾਂ ਨੇੜੇ ਆਉਂਦੀਆਂ ਗਈਆਂ। ਨੇੜੇ ਤੋਂ ਉਹ ਇਮਾਰਤਾਂ ਹੋਰ ਵੀ ਉੱਚੀਆਂ ਦਿੱਖ ਰਹੀਆਂ ਸਨ ਤੇ ਸੁੰਦਰ ਸਕਾਈਲਾਈਨ (Skyline) ਬਣਾ ਰਹੀਆਂ ਸਨ। ਕਾਰ ਪਾਰਕ ਕਰ ਕੇ ਉਹ ਪਹਿਲਾਂ ਥੋੜ੍ਹੀ ਦੇਰ ਵਿੱਚ ਘੁੰਮਦੇ ਰਹੇ ਤੇ ਤਰ੍ਹਾਂ-ਤਰ੍ਹਾਂ ਦੀਆਂ ਸਜੀਆਂ ਹੋਈਆਂ ਦੁਕਾਨਾਂ ਦੇਖਦੇ ਰਹੇ, ਜਿਵੇਂ ਕਿ ਇਲੈਕਟ੍ਰੋਨਿਕਸ, ਕੱਪੜੇ, ਖਿਡੌਣੇ ਆਦਿ ਦੀਆਂ ਦੁਕਾਨਾਂ।
‘ਮੈਂ ਇੱਕ ਗੁੱਡੀ ਖਰੀਦਣੀ ਹੈ।’ ਰਾਣੀ ਖਿਡੌਣਿਆਂ ਦੀਆਂ ਦੁਕਾਨਾਂ ਦੇਖ ਕੇ ਕਹਿਣ ਲੱਗ ਪਈ।
‘ਬੇਟੇ, ਬਾਅਦ ਵਿੱਚ ਲੈ ਦਿਆਂਗੇ।’ ਪ੍ਰੀਤੀ ਨੇ ਕਿਹਾ।
ਪਰ ਉਹ ਜ਼ਿਦ ਤੇ ਅੜੀ ਰਹੀ। ਸਰਬਜੀਤ ਤੇ ਅਮਰਪ੍ਰੀਤ ਨੇ ਉਸਨੂੰ ਉਸਦੇ ਪਸੰਦ ਦੀ ਇੱਕ ਬਾਰਬੀ ਡੌਲ ਲੈ ਦਿੱਤੀ। ਇੱਥੇ ਸਭ ਕੁਝ ਬਹੁਤ ਮਹਿੰਗਾ ਸੀ। ਇਸ ਕਰਕੇ ਮਿੰਟੂ ਨੇ ਕੁਝ ਵੀ ਨਹੀਂ ਲੈਣਾ ਠੀਕ ਸਮਝਿਆ। ਉਹ ਖ਼ੁਸ਼ ਸੀ ਕਿ ਉਹ ਇੰਨੇ ਆਲੀਸ਼ਾਨ ਇਲਾਕੇ ਵਿੱਚ ਘੁੰਮ ਰਿਹਾ ਸੀ। ਰਾਣੀ ਗੁੱਡੀ ਲੈ ਕੇ ਬਹੁਤ ਖ਼ੁਸ਼ ਸੀ।
ਉਨ੍ਹਾਂ ਦੇ ਸਾਹਮਣੇ ਸੀ. ਐਨ. ਟਾਵਰ ਸੀ, ਜੋ ਦੁਨੀਆਂ ਦੇ ਸਭ ਤੋਂ ਉੱਚੇ ਟਾਵਰਾਂ ਵਿੱਚੋਂ ਇੱਕ ਸੀ। ਉਹ ਪੌੜੀਆਂ ਚੜ੍ਹ ਕੇ ਟਾਵਰ ਦੇ ਮੁੱਖ ਦਰਵਾਜ਼ੇ ਕੋਲ਼ ਪਹੁੰਚ ਗਏ। ਉਨ੍ਹਾਂ ਨੇ ਟਿਕਟਾਂ ਲਈਆਂ ਤੇ ਸਕਿਊਰਿਟੀ ਚੈੱਕ ਕਰਵਾ ਕੇ ਲਾਈਨ ਦੇ ਵਿੱਚ ਖੜ ਗਏ। ਸਤੰਬਰ 2002 ਵਿੱਚ ਨਿਊ ਯੌਰਕ, ਅਮਰੀਕਾ ਦੇ ਟਵਿੰਨ ਟਾਵਰਜ਼ ‘ਤੇ ਹੋਏ ਖ਼ੂਨੀ ਅੱਤਵਾਦੀ ਹਮਲੇ ਤੋਂ ਬਾਅਦ ਹਰ ਮਹਤਵਪੂਰਣ ਜਗ੍ਹਾ ਤੇ ਸਕਿਊਰਿਟੀ ਚੈੱਕ ਜ਼ਰੂਰ ਹੁੰਦਾ ਸੀ। ਅੰਦਰ, ਲਾਈਨ ਬਹੁਤ ਹੀ ਲੰਮੀ ਸੀ, ਉਨ੍ਹਾਂ ਦੇ ਅੱਗੇ ਤਕਰੀਬਨ ਹਜ਼ਾਰ ਕੁ ਲੋਕ ਹੋਣਗੇ।
‘ਇਸ ਤਰ੍ਹਾਂ ਤਾਂ ਸਾਡੀ ਵਾਰੀ ਸ਼ਾਮ ਤੀਕ ਹੀ ਆਵੇਗੀ।’ ਅਮਰਪ੍ਰੀਤ ਨੇ ਸਰਬਜੀਤ ਨੂੰ ਕਿਹਾ।
‘ਹਾਂ, ਕਿਓਂਕਿ ਉੱਪਰ ਲਿਫ਼ਟ ਰਾਹੀਂ ਜਾਣਾ ਪੈਂਦਾ ਹੈ ਜਿਸ ਵਿੱਚ ਥੋੜ੍ਹੇ ਲੋਕ ਹੀ ਜਾ ਸਕਦੇ ਹਨ , ਇਸ ਕਰਕੇ ਲਾਈਨ ਬਹੁਤ ਲੰਬੀ ਹੈ। ਪਰ ਚੰਗੀ ਗੱਲ ਇਹ ਹੈ ਕਿ ਅਸੀਂ ਦਿਨ ਤੇ ਸ਼ਾਮ ਦਾ ਵਿਊ (View) ਦੇਖ ਸਕਾਂਗੇ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ।’
ਬਹੁਤ ਹੀ ਲੰਬੀ ਲਾਈਨ ਸੀ। ਪਰ ਮਿੰਟੂ ਖ਼ੁਸ਼ ਸੀ ਕਿ ਉਸਨੂੰ ਦੀਵਾਰਾਂ ਤੇ ਲੱਗੀਆਂ ਤਸਵੀਰਾਂ ਤੋਂ ਟਾਵਰ ਦਾ ਇਤਿਹਾਸ ਪੜ੍ਹਨ ਦਾ ਸਮਾਂ ਮਿਲ਼ ਰਿਹਾ ਸੀ। ਰਾਣੀ ਆਪਣੀ ਬਾਰਬੀ ਡੌਲ ਨਾਲ਼ ਖ਼ੁਸ਼ ਸੀ। ਅਮਰਪ੍ਰੀਤ, ਸਰਬਜੀਤ ਤੇ ਪ੍ਰੀਤੀ ਆਪਸ ਵਿੱਚ ਗੱਲਾਂ ਮਾਰ ਰਹੇ ਸਨ।
ਮਿੰਟੂ ਸੀ.ਐਨ. ਟਾਵਰ ਦੇ ਬਾਰੇ ਬੜੇ ਸ਼ੌਕ ਨਾਲ਼ ਪੜ੍ਹ ਰਿਹਾ ਸੀ - 553.5 ਮੀਟਰ (1815.5 ਫੁੱਟ) ਉੱਚਾ, 1976 ਵਿੱਚ ਬਣਿਆ ਟਾਵਰ ਦੂਰਸੰਚਾਰ ਤੇ ਨਿਰੀਖਣ ਕਰਨ ਲਈ ਬਣਾਇਆ ਗਿਆ ਸੀ। ਸੀ.ਐਨ. (CN) ਦਾ ਮਤਲਬ ਕਨੇਡੀਅਨ ਨੈਸ਼ਨਲ ਸੀ ਜੋ ਕਿ ਰੇਲਵੇ ਕੰਪਨੀ ਦਾ ਨਾਂ ਸੀ ਜਿਸ ਨੇ ਇਹ ਟਾਵਰ ਕੈਨੇਡਾ ਸੀਮੈਂਟ ਕੰਪਨੀ ਤੋਂ ਬਣਵਾਇਆ ਸੀ। 32 ਸਾਲ ਤੱਕ ਇਹ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਰਿਹਾ ਸੀ ਤੇ ਹੁਣ ਦੁਬਈ ਦੇ ਬੁਰਜ-ਖਲੀਫ਼ਾ ਨੇ ਇਸਦਾ ਇਸਦਾ ਰਿਕਾਰਡ ਤੋੜ ਦਿੱਤਾ ਹੈ। ਪਰ ਧਰਤੀ ਦੇ ਪੱਛਮੀ ਅਰਧਗੋਲੇ ਵਿੱਚ ਇਹ ਅਜੇ ਵੀ ਸਭ ਤੋਂ ਉੱਚਾ ਟਾਵਰ ਹੈ। ਇਹ ਕੋਈ ਆਮ ਇਮਾਰਤ ਨਹੀਂ ਸਗੋਂ ਟਾਵਰ ਹੈ ਕਿਉਂਕਿ ਇਸ ਵਿੱਚ ਮੰਜ਼ਲਾਂ ਤੇ ਰਹਿਣ ਲਈ ਅਪਾਰਟਮੈਂਟ ਜਾਂ ਦਫ਼ਤਰ ਨਹੀਂ ਹਨ। ਇਹ ਤਕੜੇ ਤੋਂ ਤਕੜੇ ਭੁਚਾਲ ਵਿੱਚ ਵੀ ਅਡੋਲ ਰਹਿ ਸਕਦਾ ਹੈ!
ਉਹ ਇੰਤਜ਼ਾਰ ਕਰਕੇ ਥੱਕ ਚੁੱਕੇ ਸਨ, ਪਰ ਉੱਪਰ ਜਾ ਕੇ ਦੇਖਣ ਦਾ ਉਤਸ਼ਾਹ ਉਨ੍ਹਾਂ ਨੂੰ ਤਜ਼ਾਦਮ ਰੱਖ ਰਿਹਾ ਸੀ। ਤਕਰੀਬਨ ਦੋ ਕੁ ਘੰਟੇ ਬਾਅਦ ਉਨ੍ਹਾਂ ਦਾ ਉੱਪਰ ਲੈ ਕੇ ਜਾਣ ਵਾਲ਼ੀ ਲਿਫਟ ਤੱਕ ਪਹੁੰਚਣ ਦੀ ਵਾਰੀ ਆਈ। ਉਹ ਲਿਫ਼ਟ ਦੇ ਅੰਦਰ ਪਹੁੰਚ ਗਏ, ਲਿਫ਼ਟ ਪੂਰੀ ਸ਼ੀਸ਼ੇ ਦੇ ਬਣੀ ਹੋਈ ਸੀ ਤੇ ਉਹ ਬਾਹਰ ਦਾ ਨਜ਼ਾਰਾ ਦੇਖ ਸਕਦੇ ਸੀ, ਤੇ ਜਦੋਂ ‘ਜ਼ੂਮ’ ਕਰਦੀ ਲਿਫ਼ਟ ਇੰਨੀ ਤੇਜ਼ ਸਪੀਡ ਨਾਲ਼ ਚੱਲੀ ਤਾਂ ਉਨ੍ਹਾਂ ਦੇ ਦਿਲ ਘਾਂਊ-ਮਾਊਂ ਕਰਨ ਲੱਗੇ ਤੇ ਉਨ੍ਹਾਂ ਦੇ ਕੰਨ ਤੇਜ਼ ਦਬਾਅ ਦੇ ਨਾਲ਼ ਫਟਣ ਨੂੰ ਲੱਗੇ। ਬਾਹਰ ਦੀਆਂ ਇਮਾਰਤਾਂ ਛੋਟੀਆਂ ਤੋਂ ਛੋਟੀਆਂ ਦਿਖਾਈ ਦੇਣ ਲੱਗੀਆਂ। ਭਾਵੇਂ ਉਹ ਲਿਫ਼ਟ ਦੇ ਅੰਦਰ ਸੁਰੱਖਿਅਤ ਸਨ, ਪਰ ਫਿਰ ਵੀ ਬਾਹਰ ਸ਼ੀਸ਼ੇ ਵਿੱਚੋਂ ਥੱਲੇ ਦੇਖ ਕੇ ਮਿੰਟੂ ਨੂੰ ਡਰ ਲੱਗ ਰਿਹਾ ਸੀ। ਇੱਕ ਮਿੰਟ ਦੇ ਵਿੱਚ ਲਿਫ਼ਟ ਉੱਪਰ ਪਹੁੰਚ ਗਈ ਸੀ।
‘ਵਾਹ!’ ਉੱਪਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਮੂੰਹੋ ਆਪ-ਮੁਹਾਰੇ ਹੈਰਾਨੀ ਭਰਿਆ ਸ਼ਬਦ ਨਿੱਕਲਿਆ - ‘ਇੰਝ ਲੱਗ ਰਿਹਾ ਕਿ ਅਸੀਂ ਰੱਬ ਦੀ ਧੁੰਨੀ ਵਿੱਚ ਪਹੁੰਚ ਗਏ ਹੋਈਏ!’
‘ਕਿੰਨਾ ਸੋਹਣਾ ਸ਼ਹਿਰ ਦਿਖ ਰਿਹਾ ਹੈ!’ ਰਾਣੀ ਖ਼ੁਸ਼ੀ ਨਾਲ਼ ਚਹਿਕ ਕੇ ਬੋਲੀ।
‘ਹਾਂ, ਪੂਰਾ 360 ਡਿਗਰੀ ਦ੍ਰਿਸ਼!’ ਮਿੰਟੂ ਨੇ ਕਿਹਾ - ਅਸੀਂ 114ਵੀਂ ਮੰਜ਼ਲ ‘ਤੇ ਹਾਂ।‘
ਪੂਰਾ ਚੱਕਰ ਲਗਾ ਕੇ ਉਨ੍ਹਾਂ ਨੇ ਬਾਹਰ ਦਾ ਅਲੌਕਿਕ ਨਜ਼ਾਰਾ ਦੇਖਿਆ। ਪੂਰਾ ਟਰੋਂਟੋ ਸ਼ਹਿਰ, ਓਨਟੈਰੀਓ ਝੀਲ ਤੇ ਹੋਰ ਥਾਵਾਂ ਦੂਰ ਤੱਕ ਵਿਛੀਆਂ ਹੋਈਆਂ ਦਿਖ ਰਹੀਆਂ ਸਨ।
‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਸੱਚਮੁੱਚ ਇੰਨੇ ਉੱਚੇ ਪਹੁੰਚ ਚੁੱਕੇ ਹਾਂ। ਸਰਬਜੀਤ ਨੇ ਸਭ ਤੋਂ ਵਧੀਆ ਜਗ੍ਹਾ ਸਭ ਤੋਂ ਬਾਅਦ ਵਿੱਚ ਦਿਖਾਉਣ ਲਈ ਪਲੈਨ ਬਣਾਇਆ ਹੋਇਆ ਸੀ।’ ਪ੍ਰੀਤੀ ਹੈਰਾਨੀ ਨਾਲ਼ ਕਹਿ ਰਹੀ ਸੀ।
ਸਰਬਜੀਤ ਨਿੰਮਾ ਜਿਹਾ ਮੁਸਕਰਾਇਆ।
‘ਵੀਰੇ ਤੈਨੂੰ ਪਤੈ ਮੈਂ ਇੱਥੋਂ ਉੱਪਰੋਂ ਦੂਰ ਆਪਣਾ ਅਪਾਰਟਮੈਂਟ ਦੇਖ ਸਕਦੀ ਹਾਂ!’ ਰਾਣੀ ਨੇ ਮਿੰਟੂ ਨੂੰ ਮਜ਼ਾਕ ਕਰਦਿਆਂ ਕਿਹਾ।
‘ਮੈਨੂੰ ਲਗਦੈ ਤੂੰ ਅਪਾਰਟਮੈਂਟ ਨਹੀਂ ਇੱਥੋਂ ਨੌਰਥ ਪੋਲ ‘ਤੇ ਸੈਂਟਾ ਦੀ ਵਰਕਸ਼ਾਪ ਜ਼ਰੂਰ ਦੇਖ ਰਹੀ ਹੋਵੇਂਗੀ ਤੇ ਆਪਣੇ ਲਈ ਲਿਆਉਣ ਵਾਲੇ ਤੋਹਫ਼ੇ ਬਾਰੇ ਸੋਚ ਰਹੀ ਹੋਵੇਂਗੀ!’
‘ਕਾਸ਼! ਮੈਂ ਉਹ ਦੇਖ ਸਕਦੀ।’
‘ਆਓ ਹੁਣ ਤੁਹਾਨੂੰ ਇੱਥੋਂ ਦੀ ਸਭ ਤੋਂ ਖ਼ਾਸ ਜਗ੍ਹਾ ਦਿਖਾਵਾਂ।’ ਸਰਬਜੀਤ ਉਨ੍ਹਾਂ ਨੂੰ ਲੈ ਕੇ ਉੱਥੋਂ ਦੇ ਸੰਸਾਰ-ਪ੍ਰਸਿੱਧ ਸ਼ੀਸ਼ੇ ਦੇ
ਫ਼ਰਸ਼ ਨੂੰ ਦੇਖਣ ਲਈ ਲੈ ਕੇ ਗਿਆ।
‘ਓਹੋ, ਇੱਥੋਂ ਤਾਂ ਥੱਲੇ ਸਭ ਕੁਝ ਦਿਖਦਾ ਹੈ।’ ਪ੍ਰੀਤੀ ਨੇ ਸ਼ੀਸ਼ੇ ਦੇ ਫ਼ਰਸ਼ ਤੋਂ ਥੱਲੇ ਦੇਖਦਿਆਂ ਕਿਹਾ - ‘ਮੈਨੂੰ ਤਾਂ ਡਰ ਲਗਦਾ ਹੈ।’
‘ਨਹੀਂ, ਇਹ ਤਾਂ ਤੁਹਾਡੇ ਮਨ ਦਾ ਡਰ ਹੈ। ਇਹ ਸ਼ੀਸ਼ਾ ਇੰਨਾ ਪੱਕਾ ਹੈ ਕਿ ਇਸ ਉੱਤੇ ਹਾਥੀ ਵੀ ਖੜ ਸਕਦਾ ਹੈ।‘ ਸਰਬਜੀਤ ਨੇ ਕਿਹਾ। ਅਮਰਪ੍ਰੀਤ, ਮਿੰਟੂ ਤੇ ਰਾਣੀ ਸ਼ੀਸ਼ੇ ਦੇ ਉੱਪਰੋਂ ਚੱਲ ਇਕ ਦੂਜੇ ਪਾਸੇ ਵੀ ਪਹੁੰਚ ਗਏ ਸਨ।
ਪ੍ਰੀਤੀ ਨੂੰ ਥੋੜ੍ਹਾ ਸਮਾਂ ਲੱਗਿਆ ਪਰ ਉਹ ਹੌਲ਼ੀ ਹੌਲ਼ੀ ਬਿਨਾ ਹੇਠਾਂ ਦੇਖੇ ਫ਼ਰਸ਼ ‘ਤੇ ਚੱਲ ਰਹੀ ਸੀ। ਸਰਬਜੀਤ ਵੀ ਉਸ ਦੇ ਨਾਲ਼ ਹੀ ਸੀ।
‘ਅਸਲ ਵਿੱਚ ਇਸਦੇ ਥੱਲੇ ਦੀ ਮੰਜ਼ਲ ਤੇ ਇੱਕ ਹੋਰ ਸ਼ੀਸ਼ੇ ਦਾ ਫ਼ਰਸ਼ ਹੈ, ਜਿਸ ਦੇ ਵਿੱਚੋਂ ਦੀ ਅਸੀਂ ਦੇਖ ਰਹੇ ਹਾਂ। ਇਸ ਕਰਕੇ ਡਰਨ ਦੀ ਬਹੁਤੀ ਗੱਲ ਨਹੀਂ। ਇਹੀ ਇੱਥੋਂ ਦਾ ਸਭ ਤੋਂ ਸਨਸਨੀ ਭਰਿਆ ਨਜ਼ਾਰਾ ਹੈ ਜੋ ਤੁਹਾਡੇ ਸਰੀਰ ਵਿੱਚ ਝਰਨਾਹਟਾਂ ਛੇੜ ਦਿੰਦਾ ਹੈ!’ ਸਰਬਜੀਤ ਉਨ੍ਹਾਂ ਨੂੰ ਜੋਸ਼ ਨਾਲ਼ ਦੱਸ ਰਿਹਾ ਸੀ - ‘ਜੇ ਤੁਸੀਂ ਹੋਰ ਵੀ ਸਨਸਨੀਖੇਜ਼ ਮਨੋਰੰਜਨ ਕਰਨਾ ਹੈ ਤਾਂ ਬਾਹਰ ਬਾਜ਼ੀਗਰ ਵਾਂਗ ‘ਐੱਜ ਵਾਕ (Edge Walk)’ ਵੀ ਕਰ ਸਕਦੇ ਹੋ।’
‘ਓ ਹੋ ਨਹੀਂ! ਮੈਂ ਤਾਂ ਮਰ ਜਾਵਾਂਗੀ। ਲੋਕ ਕਿਵੇਂ ਕਰ ਲੈਂਦੇ ਹਨ। ਪਾਗਲ ਹੁੰਦੇ ਹੋਣੇ ਨੇ।’ ਪ੍ਰੀਤੀ ਨੇ ਕਿਹਾ।
‘ਪਾਗਲ ਜਾਂ ਸਾਹਸੀ! ਪਰ 200 ਡਾਲਰ ਤੋਂ ਵੀ ਉੱਪਰ ਲਗਦੇ ਹਨ।’
ਉਸਤੋਂ ਬਾਅਦ ਉਹ ਬਾਹਰ ਖੁੱਲ੍ਹੇ ਅਸਮਾਨ ਵਿੱਚ ਗਏ, ਜਿੱਥੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੱਕੀ ਧਾਤ ਦੀ ਵਾੜ ਲੱਗੀ ਹੋਈ ਸੀ। ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸਨ।
‘ਓਹ ਕਿੰਨੀ ਤੇਜ਼ ਹਵਾ ਤੇ ਠੰਡ ਹੈ!’ ਰਾਣੀ ਆਪਣੀ ਮੰਮੀ ਨਾਲ਼ ਚਿੰਬੜੀ ਹੋਈ ਕਹਿ ਰਹੀ ਸੀ।
‘ਇੰਝ ਲੱਗ ਰਿਹਾ ਹੈ ਜਿਵੇਂ ਹਵਾ ਨਾਲ਼ ਟਾਵਰ ਵੀ ਹਿੱਲ ਰਿਹਾ ਹੋਵੇ!’ ਮਿੰਟੂ ਬੋਲਿਆ।
‘ਉਂਵੇ ਹੀ ਲਗਦਾ ਹੈ। ਪਰ ਜੇ ਅਸੀਂ ਉੱਪਰ 33 ਮੰਜ਼ਲ ਹੋਰ ‘ਸਕਾਈ ਪੌਡ’ ‘ਤੇ ਜਾਈਏ ਤਾਂ ਉਹ ਸੱਚਮੁੱਚ ਹੀ ਹਿੱਲਦਾ ਹੈ!’ ਸਰਬਜੀਤ ਨੇ ਦੱਸਿਆ - ‘ਚਲੋ, ਆਓ ਹੁਣ ਅਸੀਂ ਘੁੰਮਦੇ ਹੋਏ ਰੈਸਟੋਰੈਂਟ ਵਿੱਚ ਚਾਹ ਪੀਂਦੇ ਹਾਂ।’
ਉਹ ਲਿਫ਼ਟ ਰਾਹੀਂ 360 ਰੈਸਟੋਰੈਂਟ ਵਾਲ਼ੀ ਮੰਜ਼ਲ ‘ਤੇ ਪਹੁੰਚ ਗਏ।
‘ਇਹ ਤਾਂ ਬਹੁਤ ਮਹਿੰਗਾ ਹੋਏਗਾ।’ ਪ੍ਰੀਤੀ ਬੋਲੀ।
‘ਹਾਂ, ਤਾਂਹੀ ਤਾਂ ਅਸੀਂ ਸਿਰਫ਼ ਚਾਹ ਹੀ ਪੀਣੀ ਹੈ।’ ਅਮਰਪ੍ਰੀਤ ਨੇ ਹੱਸਦਿਆਂ ਕਿਹਾ।
ਉਹਨਾ ਨੇ ਵੇਟਰ ਨੂੰ ਤਿੰਨ ਕੱਪ ਚਾਹ ਤੇ ਮਿੰਟੂ ਤੇ ਰਾਣੀ ਲਈ ਜੂਸ ਆਰਡਰ ਕਰ ਦਿੱਤੇ। ਰੈਸਟੋਰੈਂਟ ਮੱਠੀ-ਮੱਠੀ ਚਾਲ ਵਿੱਚ ਘੁੰਮ ਰਿਹਾ ਸੀ।
‘ਇੱਥੇ ਬੈਠ ਕੇ ਬਾਹਰ ਦਾ ਬਦਲਦਾ ਨਜ਼ਾਰਾ ਦੇਖਣ ਦਾ ਆਪਣਾ ਹੀ ਅਨੰਦ ਹੈ।’ ਅਮਰਪ੍ਰੀਤ ਨੇ ਕਿਹਾ।
‘ਹਾਂ, ਇਸਦਾ 360 ਨਾਂ ਤਾਂ ਹੀ ਪਿਆ ਕਿ ਇਹ ਪੂਰਾ ਚੱਕਰ ਲਾਉਂਦਾ ਹੈ! ਸੂਰਜ ਡੁੱਬਣ ਤੇ ਇੱਥੋਂ ਬਹੁਤ ਹੀ ਮਨਮੋਹਕ ਦ੍ਰਿਸ਼ ਦਿਖਦਾ ਹੈ।’ ਸਰਬਜੀਤ ਬੋਲਿਆ।
ਇੰਨੇ ਨੂੰ ਵੇਟਰ ਚਾਹ ਤੇ ਜੂਸ ਲੈ ਕੇ ਆ ਗਈ। ਉਹ ਗਰਮਾ-ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਬਾਹਰ ਦਾ ਖੂਬਸੂਰਤ ਦ੍ਰਿਸ਼ ਦੇਖ ਰਹੇ ਸੀ। ਹੇਠਾਂ ਜ਼ਮੀਨ ਤੇ ਇਮਾਰਤਾਂ ਬਹੁਤ ਛੋਟੀਆਂ ਦਿਖਾਈ ਦੇ ਰਹੀਆਂ ਸਨ। ਤੁਰਦੇ-ਫਿਰਦੇ ਲੋਕ ਕੀੜੀਆਂ ਵਾਂਗ ਦਿਖ ਰਹੇ ਸਨ। ਸੰਗਤਰੀ ਭਾਹ ਬਿਖੇਰਦਾ ਸੂਰਜ ਛਿਪਣ ਨੂੰ ਕਰ ਰਿਹਾ ਸੀ ਤੇ ਰੌਸ਼ਨੀਆਂ ਵੀ ਜਗ ਪਈਆਂ ਸਨ। ਬਹੁਤ ਹੀ ਅਲੌਕਿਕ ਤੇ ਬਿਸਮ ਭਰਿਆ ਨਜ਼ਾਰਾ ਸੀ!
ਚਾਹ ਪੀ ਕੇ ਤੇ ਤਰੋ ਤਾਜ਼ਾ ਹੋ ਕੇ, ਆਖਰਕਾਰ ਦੋ ਕੁ ਘੰਟੇ ਬਾਅਦ ਉਹ ਲਿਫ਼ਟ ਲੈ ਕੇ ਹੇਠਾਂ ਆ ਗਏ। ਇੱਕ ਵਾਰ ਫੇਰ ‘ਜ਼ੂਮ’ ਕਰਦੀ ਲਿਫ਼ਟ ਨਾਲ਼ ਉਨ੍ਹਾਂ ਦੇ ਕੰਨ ਸਾਂ-ਸਾਂ ਕਰਨ ਲੱਗੇ। ਪਰ ਹੁਣ ਉਹ ਉਸਦੇ ਆਦੀ ਹੋ ਚੁੱਕੇ ਸਨ! ਲਿਫ਼ਟ ਸਿੱਧੀ ਉਨ੍ਹਾਂ ਨੂੰ ਗਿਫ਼ਟ ਸ਼ਾਪ ਵਿੱਚ ਲੈ ਕੇ ਆਈ।
‘ਬਈ, ਇੱਕ ਸੋਵੀਨੀਅਰ ਤਾਂ ਲੈਣਾ ਬਣਦਾ ਹੈ।’ ਪ੍ਰੀਤੀ ਨੇ ਕਿਹਾ।
‘ਠੀਕ ਹੈ।’ ਅਮਰਪ੍ਰੀਤ ਨੇ ਹਾਮੀ ਭਰੀ। ਉਹ ਫਰਿੱਜ ‘ਤੇ ਲਗਾਉਣ ਲਈ, ਸੀ. ਐਨ. ਟਾਵਰ ਦਾ ਇੱਕ ਚੁੰਬਕੀ ਸੋਵੀਨੀਅਰ ਨਿਸ਼ਾਨੀ ਦੇ ਤੌਰ ‘ਤੇ ਖਰੀਦ ਕੇ ਬਾਹਰ ਆ ਗਏ।
ਕਾਰ ਤੱਕ ਜਾਂਦੇ ਹੋਏ ਉਨ੍ਹਾਂ ਨੂੰ ‘ਟਿਮ ਹਾਰਟਨਜ਼’ ਰੈਸਟੋਰੈਂਟ ਦੀਖਿਆ। ਉਨ੍ਹਾਂ ਨੇ ਖਾਣ ਲਈ ਉੱਥੋਂ ਦੇ ਮਸ਼ਹੂਰ ਆਲੂ ਦੇ ਚਿਪਸ, ਕੌਫੀ ਤੇ ਬੱਚਿਆਂ ਲਈ ਕੋਲਡ ਡਰਿੰਕ ਲਏ।
‘ਸੱਚਮੁੱਚ ਹੀ ਸੀ. ਐਨ. ਟਾਵਰ ਦੇਖ ਕੇ ਬਹੁਤ ਵਧੀਆ ਲੱਗਿਆ।’ ਪ੍ਰੀਤੀ ਨੇ ਧੰਨਵਾਦ ਦੀ ਭਾਵਨਾ ਨਾਲ਼ ਕਿਹਾ, ਸਾਰਿਆਂ ਤੋਂ ਵੱਧ ਉਸ ਨੂੰ ਸੀ. ਐਨ. ਟਾਵਰ ਚੰਗਾ ਲੱਗਿਆ ਲਗ ਰਿਹਾ ਸੀ।
*****
ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਵਕਤ ਕਿੱਥੇ ਖੰਭ ਲਾ ਕੇ ਉਡ ਗਿਆ। ਪਰ ਉਨ੍ਹਾਂ ਨੇ ਕੈਨੇਡਾ ਵਿੱਚ ਛੇ ਹਫ਼ਤੇ ਬਹੁਤ ਵਧੀਆ ਬਿਤਾਏ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਸਦੀਵੀ ਮਿੱਠੀ ਯਾਦ ਬਣ ਗਏ। ਉਨ੍ਹਾਂ ਨੇ ਖੂਬ ਖਰੀਦੋ-ਫਰੋਖਤ ਵੀ ਕੀਤੀ ਤੇ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰ ਵਾਸਤੇ ਵੀ ਸਮਾਨ ਖਰੀਦਿਆ। ਆਖਰ ਉਨ੍ਹਾਂ ਦੀ ਵਾਪਸੀ ਫਲਾਈਟ ਦਾ ਦਿਨ ਨੇੜੇ ਆ ਗਿਆ। ਅਮਰਪ੍ਰੀਤ ਤੇ ਪ੍ਰੀਤੀ ਨੇ ਸੂਟਕੇਸ ਚੰਗੀ ਤਰ੍ਹਾਂ ਪੈਕ ਕਰ ਲਏ ਅਤੇ ਸਰਬਜੀਤ ਨੇ ਉਨ੍ਹਾਂ ਦਾ ਭਾਰ ਜੋਕ ਕੇ ਚੈੱਕ ਕਰ ਲਿਆ ਕਿ ਕਿਤੇ ਉਹ ਪੰਜਾਹ ਕਿੱਲੋ ਤੋਂ ਵੱਧ ਤਾਂ ਨਹੀਂ ਸੀ, ਕਿਉਂਕਿ ਸੂਟਕੇਸ ਭਾਰ ਵੱਧ ਹੋਣ ਤੇ ਵਾਧੂ ਪੈਸੇ ਦੇਣੇ ਪੈਂਦੇ ਹਨ।
ਅਮਰਪ੍ਰੀਤ, ਪ੍ਰੀਤੀ ਤੇ ਬੱਚਿਆਂ ਨੇ ਸਰਬਜੀਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹ ਸਭ ਸਰਬਜੀਤ ਤੋਂ ਅਲੱਗ ਹੋਣ ਲੱਗੇ ਥੋੜ੍ਹਾ ਭਾਵੁਕ ਮਹਿਸੂਸ ਕਰ ਰਹੇ ਸਨ।
‘ਚਾਚਾ ਜੀ, ਬਹੁਤ ਮਜ਼ਾ ਆਇਆ। ਤੁਹਾਡਾ ਬਹੁਤ-ਬਹੁਤ ਧੰਨਵਾਦ।’ ਮਿੰਟੂ ਨੇ ਆਪਣੇ ਸਰਬਜੀਤ ਨੂੰ ਜੱਫੀ ਪਾਉਂਦਿਆਂ ਕਿਹਾ।
‘ਥੈਂਕ ਯੂ, ਚਾਚਾ ਜੀ।’ ਰਾਣੀ ਵੀ ਉਸ ਨਾਲ਼ ਲਿਪਟ ਗਈ - ‘ਹੁਣ ਤੁਸੀਂ ਜਲਦੀ-ਜਲਦੀ ਪੰਜਾਬ ਆਉਣਾ।’
‘ਚੰਗਾ ਰਾਣੀ, ਮੈਂ ਜਲਦੀ ਨਾਲ਼ ਆਵਾਂਗਾ।’ ਸਰਬਜੀਤ ਨੇ ਉਸ ਨੂੰ ਧਰਵਾਸ ਦਿੰਦਿਆਂ ਕਿਹਾ।
ਏਅਰਪੋਰਟ ਪਹੁੰਚ ਕੇ ਉਹ ਆਪਣਾ ਸਮਾਨ ਚੈੱਕ-ਇਨ ਕਰਾ ਕੇ ਫਲਾਈਟ ਦੇ ਚੱਲਣ ਦਾ ਇੰਤਜ਼ਾਰ ਕਰਨ ਲੱਗੇ। ਪੱਛਮ ਵੱਲ ਛਿਪਦੇ ਸੂਰਜ ਦੀ ਲਲਿਮਾ ਵਿੱਚ ਟਾਰਮੈਕ (ਪਟੜੀ) ‘ਤੇ ਖੜੇ ਅਲੱਗ-ਅਲੱਗ ਏਅਰਲਾਈਨਾਂ ਦੇ ਜਹਾਜ਼ ਬਹੁਤ ਹੀ ਸੋਹਣੇ ਲੱਗ ਰਹੇ ਸਨ।
ਏਅਰ ਹੋਸਟੈੱਸ ਨੇ ਉਨ੍ਹਾਂ ਨੂੰ ਜਹਾਜ਼ ਅੰਦਰ “ਜੀ ਆਇਆਂ” ਕਿਹਾ ਤੇ ਉਨ੍ਹਾਂ ਦੀਆਂ ਸੀਟਾਂ ਵੱਲ ਨੂੰ ਇਸ਼ਾਰਾ ਕੀਤਾ। ਉਹ ਆਪਣੀਆਂ-ਆਪਣੀਆਂ ਸੀਟਾਂ ‘ਤੇ ਬੈਠ ਗਏ।
ਇੱਕ ਵਾਰ ਫੇਰ ਏਅਰ ਹੋਸਟੈੱਸ ਨੇ ਰਾਣੀ ਨੂੰ ਖਿਡੌਣਿਆਂ ਦੀ ਕਿੱਟ ਦਿੱਤੀ ਜਿਸ ਨੂੰ ਲੈ ਕੇ ਉਹ ਬਹੁਤ ਖ਼ੁਸ਼ ਹੋਈ।
ਜਿਵੇਂ ਹੀ ਵੱਡੇ ਸਾਰੇ ਏਅਰ ਕੈਨੇਡਾ ਦੇ ਜਹਾਜ਼ ਨੇ ਉਡਾਣ ਭਰੀ ਤਾਂ ਉਨ੍ਹਾਂ ਦੇ ਦਿਲ ਵਿੱਚ “ਘਾਊਂ-ਮਾਊਂ” ਜਿਹਾ ਹੋਇਆ। ਉਨ੍ਹਾਂ ਦੇ ਦੇਖਦੇ ਦੇਖਦੇ ਮਿੰਟਾਂ ਵਿੱਚ ਹੀ ਜਹਾਜ਼ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ। ਮਿੰਟੂ ਨੇ ਖਿੜਕੀ ਵਿੱਚੋਂ ਹੇਠਾਂ ਦੇਖਿਆ। ਟਰੋਂਟੋ ਸ਼ਹਿਰ ਦੀਆਂ ਜਗਮਗ ਕਰਦੀਆਂ ਰੌਸ਼ਨੀਆਂ ਹੇਠਾਂ ਬਹੁਤ ਦੂਰ ਹੁੰਦੀਆਂ ਨਜ਼ਰ ਆਈਆਂ…
‘ਇਨ੍ਹਾਂ ਰੌਸ਼ਨੀਆਂ ਵਿੱਚ ਹੀ ਕਿਤੇ ਉੱਚਾ-ਲੰਮਾ ਸੀ.ਐਨ. ਟਾਵਰ, ਅਫਰੀਕਨ ਲਾਇਨ ਸਫ਼ਾਰੀ, ਤੇ ਹੋਰ ਆਕਰਸ਼ਣ ਹੋਣਗੇ, ਜੋ ਉਨ੍ਹਾਂ ਦੀਆਂ ਯਾਦਾਂ ਵਿੱਚ ਵੱਸ ਗਏ ਸਨ!’ ਉਸ ਨੇ ਸੋਚਿਆ।
ਦੋ ਕੁ ਦਿਨ ਬਾਅਦ ਉਹ ਆਪਣੇ ਘਰ ਪਹੁੰਚ ਗਏ। ਉਹ ਬਹੁਤ ਥੱਕ ਚੁੱਕੇ ਸਨ - ਉਨ੍ਹਾਂ ਨੂੰ ਕਾਫ਼ੀ ਜੈਟ ਲੈਗ ਮਹਿਸੂਸ ਹੋ ਰਿਹਾ ਸੀ ਤੇ ਬੇਵਕਤ ਨੀਂਦ ਆ ਰਹੀ ਸੀ। ਕੈਨੇਡਾ ਤੇ ਇੰਡੀਆ ਵਿੱਚ ਸਮੇਂ ਦਾ ਕਾਫ਼ੀ ਅੰਤਰ ਹੋਣ ਕਰ ਕੇ, ਜਹਾਜ਼ ਦਾ ਸਫ਼ਰ ਕਰਦਿਆਂ ਮਨੁੱਖੀ ਸਰੀਰ ਅੰਦਰਲੀ ਰਵਾਨੀ (Circadian Rhythm) ਦਾ ਸੰਤੁਲਨ ਵਿਗੜ ਜਾਂਦਾ ਹੈ। ਪਰ ਆਪਣੇ ਘਰ ਆ ਕੇ ਉਨ੍ਹਾਂ ਨੇ ਬਹੁਤ ਸੁਕੂਨ ਤੇ ਅਰਾਮ ਮਹਿਸੂਸ ਕੀਤਾ।
‘ਤੁਸੀਂ ਭਾਵੇਂ ਪੂਰੀ ਦੁਨੀਆਂ ਘੁੰਮ ਲਓ, ਆਪਣੇ ਘਰ ਵਰਗਾ ਸੁੱਖ ਕਿਤੇ ਨਹੀਂ ਹੈ।’ ਮਿੰਟੂ ਨੇ ਸੋਚਿਆ।
‘ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ਼ ਨਾ ਬੁਖਾਰੇ!’