ਅਮਨਦੀਪ ਸਿੰਘ
ਸਾਡੇ ਲਈ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਕਿਓਂਕਿ ਅਸੀਂ ਨਵੀਂ ਧਰਤੀ ਨਹੀਂ ਖਰੀਦ ਸਕਦੇ! - ਪੀ.ਜੇ. ਹੋਮਜ਼, ਇੱਕ 8 ਸਾਲ ਦਾ ਬੱਚਾ
ਮਨੁੱਖਾਂ ਦੀ ਅਣਗਹਿਲੀ ਤੇ ਦੁਰਵਰਤੋਂ ਨਾਲ਼ ਧਰਤੀ ਦਾ ਜਲਵਾਯੂ ਬਦਲ ਰਿਹਾ ਹੈ ਤੇ ਧਰਤੀ ਦਾ ਤਾਪਮਾਨ ਨਿਰੰਤਰ ਵੱਧ ਰਿਹਾ ਹੈ ਜਿਸ ਨਾਲ਼ ਧਰਤੀ ਦਿਨੋ-ਦਿਨ ਹੋਰ ਗਰਮ ਹੋ ਰਹੀ ਹੈ। ਇਸਦਾ ਨਤੀਜਾ ਇਹ ਹੈ ਕਿ ਧਰਤੀ 'ਤੇ ਹੁਣ ਨਿਰੰਤਰ ਭਿਆਨਕ ਤੂਫ਼ਾਨ, ਵਾਵਰੋਲ਼ੇ, ਟਾਈਫੂਨ ਤੇ ਹੜ੍ਹ ਆ ਰਹੇ ਹਨ ਤੇ ਹਰ ਜਗ੍ਹਾ ਖਤਰਨਾਕ ਗਰਮੀ ਪੈ ਰਹੀ ਹੈ। ਇਹ ਕਹਾਣੀ ਭਵਿੱਖ ਵਿਚ ਇੱਕ ਅਜਿਹੇ ਸਮੇਂ ਦੀ ਹੈ ਜਦੋਂ ਮਨੁੱਖ ਤੇ ਧਰਤੀ ਦੇ ਹੋਰ ਜੀਵ ਇਸ ਮਾਰੂ ਵਰਤਾਰੇ ਦਾ ਸ਼ਿਕਾਰ ਹੋ ਕੇ ਅਲੋਪ ਹੋ ਚੁੱਕੇ ਹਨ। ਕੋਈ ਵੀ ਜੀਵ-ਜੰਤੂ ਨਹੀਂ ਬਚਿਆ। ਸਿਰਫ ਸਮੁੰਦਰ ਵਿਚਲੇ ਕੁੱਝ ਕੁ ਜੀਵ ਹੀ ਬਚੇ ਹਨ। ਉਹਨਾਂ ਵਿਚੋਂ ਕੁਝ ਵਿਸ਼ਾਲ ਕੇਕੜੇ ਵਰਗੇ ਜੀਵ ਵਿਕਸਿਤ ਹੋ ਗਏ ਹਨ ਜੋ ਜਲ ਅਤੇ ਥਲ ਦੋਵਾਂ ਵਿਚ ਰਹਿ ਸਕਦੇ ਹਨ। ਹੁਣ ਉਹਨਾਂ ਦਾ ਹੀ ਧਰਤੀ ਤੇ ਰਾਜ ਹੈ। ਉਹ ਸਮੁੰਦਰ ਤੱਟਾਂ 'ਤੇ ਵਿਸ਼ਾਲ ਤਿਤਲੀਆਂ ਦੇ ਮਗਰ ਤੁਰਦੇ ਹਨ ਤੇ ਉਹਨਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦੇ ਹਨ। ਬਹੁਤ ਸਾਰੀ ਧਰਤੀ ਸਿਰਫ਼ ਆਮ ਜਿਹੀ ਕਾਈ ਨਾਲ਼ ਢਕੀ ਹੋਈ ਹੈ। ਧਰਤੀ ਦੀ ਦਸ਼ਾ ਬਹੁਤ ਖਰਾਬ ਹਾਲਤ ਵਿਚ ਹੈ। ਅਜੇ ਵੀ ਨਿਰੰਤਰ ਮੌਸਮ ਬਦਲਦੇ ਹਨ - ਕਦੇ ਮੀਂਹ-ਝੱਖੜ ਤੇ ਕਦੇ ਅੱਤ ਦੀ ਗਰਮੀ!
ਰਾਤ ਦਾ ਸਮਾਂ ਹੈ। ਚਾਰੇ ਪਾਸੇ ਸੁੰਨਮਸਾਨ ਪਸਰੀ ਹੋਈ ਹੈ। ਸਮੁੰਦਰ ਤੱਟ ਤੇ ਲਹਿਰਾਂ ਦਾ ਸ਼ੋਰ ਵੀ ਮੱਠਾ ਪੈ ਗਿਆ ਹੈ। ਪੰਛੀਆਂ ਦੀਆ ਅਵਾਜ਼ਾਂ ਵੀ ਨਹੀਂ ਆ ਰਹੀਆਂ, ਇਸ ਕਰਕੇ ਨਹੀਂ ਕਿ ਉਹ ਆਪਣੇ ਆਲ੍ਹਣਿਆਂ ਨੂੰ ਵਾਪਸ ਮੁੜ ਗਏ ਹਨ, ਸਗੋਂ ਇਸ ਕਰਕੇ ਕਿ ਕੋਈ ਪੰਛੀ ਬਚਿਆ ਹੀ ਨਹੀਂ। ਇੱਕ ਪਾਸੇ ਤੱਟ ਤੇ ਥੋੜ੍ਹੀ ਹਲਚਲ ਹੋ ਰਹੀ ਛੋਟੇ-ਛੋਟੇ ਕੇਕੜੇ ਇੱਕ ਵਿਸ਼ਾਲ ਕੇਕੜੇ ਦੇ ਦੁਆਲੇ ਇਕੱਠੇ ਹੋ ਰਹੇ ਹਨ।
"ਦਾਦੀ ਮਾਂ, ਸਾਨੂੰ ਨੀਂਦ ਨਹੀਂ ਆ ਰਹੀ। ਕੋਈ ਬਾਤ ਤਾਂ ਪਾਵੋ।’ ਉਹਨਾਂ ਵਿਚੋਂ ਇੱਕ ਕੇਕੜਾ ਬੋਲਦਾ ਹੈ।
ਵਿਸ਼ਾਲ ਕੇਕੜਾ ਕਹਿੰਦਾ ਹੈ, "ਠੀਕ ਹੈ ਬੱਚਿਓ, ਅੱਜ ਮੈਂ ਤੁਹਾਨੂੰ ਮਨੁੱਖਾਂ ਦੀ ਕਹਾਣੀ ਸੁਣਾਉਂਦੀ ਹਾਂ।’
"ਇਹ ਮਨੁੱਖ ਕੌਣ ਹੁੰਦੇ ਹਨ?’
"ਬਹੁਤ ਸਦੀਆਂ ਪਹਿਲਾਂ ਸਾਡੀ ਧਰਤੀ 'ਤੇ ਮਨੁੱਖਾਂ ਦਾ ਰਾਜ ਸੀ। ਉਹਨਾਂ ਨੇ ਬਹੁਤ ਤੱਰਕੀ ਕੀਤੀ - ਪੱਥਰ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਤਰ੍ਹਾਂ-ਤਰ੍ਹਾਂ ਦੇ ਸਾਜ਼ੋ-ਸਮਾਨ ਬਣਾਏ। ਪਹਿਲਾਂ-ਪਹਿਲ ਉਹਨਾਂ ਦਾ ਜੀਵਨ ਸਾਦਾ ਸੀ, ਪਰ ਯੁੱਗਾਂ ਦੇ ਬਦਲਣ ਨਾਲ਼ ਉਹਨਾਂ ਦਾ ਜੀਵਨ ਗੁੰਝਲਦਾਰ ਬਣਦਾ ਗਿਆ। ਉਹਨਾਂ ਦੀ ਅਬਾਦੀ ਵੀ ਵੱਧਦੀ ਗਈ ਤੇ ਉਹਨਾਂ ਦੀ ਭੁੱਖ ਵੀ। ਉਹ ਇੱਕ ਦੂਜੇ ਤੋਂ ਖੋਹ ਕੇ ਖਾਣ ਲੱਗੇ। ਲੜਾਈਆਂ-ਮਾਰਕੁਟਾਈਆਂ ਕਰ ਕੇ ਇੱਕ ਦੂਜੇ ਨੂੰ ਮਾਰਨ ਲੱਗੇ। ਉਹ ਜੀਵਨ ਦੀ ਕਦਰ ਭੁੱਲ ਗਏ। ਉਹ ਜੰਗਲ ਵੱਢਣ ਲੱਗੇ ਤੇ ਜੰਗਲ ਖਤਮ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਕਰਕੇ ਬਹੁਤ ਸਾਰੇ ਜੀਵ-ਜੰਤੁ ਅਲੋਪ ਹੋ ਗਏ। ਅਜਿਹਾ ਵਰਤਾਰਾ ਕਈ ਯੁੱਗਾਂ ਤੱਕ ਚੱਲਦਾ ਰਿਹਾ। ਪਰ ਫੇਰ ਇੱਕਦਮ ਬਹੁਤ ਜਲਦੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਜਦੋ ਮਨੁੱਖਾਂ ਨੇ ਕਾਰਖਾਨੇ ਲਗਾਉਣੇ ਸ਼ੁਰੂ ਕੀਤੀ। ਜੈਵਿਕ ਬਾਲਣ - ਕੋਲਾ, ਪੈਟਰੋਲ ਤੇ ਗੈਸ ਆਦਿ ਵਰਤਣ ਨਾਲ਼ ਇੱਕ ਸਦੀ ਦੇ ਅੰਦਰ-ਅੰਦਰ ਹੀ ਧਰਤੀ ਦਾ ਤਾਪਮਾਨ ਇੱਕ ਡਿਗਰੀ ਤੋਂ ਵੀ ਵੱਧ ਗਿਆ।’
"ਕੀ ਇੱਕ ਡਿਗਰੀ ਤਾਪਮਾਨ ਦਾ ਵਧਣਾ ਨੁਕਸਾਨਦੇਹ ਹੈ?’ ਇੱਕ ਹੁਸ਼ਿਆਰ ਕੇਕੜਾ ਬੋਲਿਆ।
"ਤੁਹਾਨੂੰ ਲੱਗੇਗਾ ਕਿ ਧਰਤੀ ਦੇ ਤਾਪਮਾਨ ਦਾ ਇੱਕ ਡਿਗਰੀ ਵਧਣਾ ਤਾਂ ਕੁਝ ਵੀ ਨਹੀਂ, ਪਰ ਪੂਰੀ ਧਰਤੀ ਦਾ ਤਾਪਮਾਨ ਕਿਸੇ ਖੇਤਰ ਦੇ ਆਮ ਤਾਪਮਾਨ ਤੋਂ ਬਹੁਤ ਅੱਲਗ ਹੁੰਦਾ ਹੈ। ਉਹ ਇਸ ਗੱਲ ਉਤੇ ਬਹੁਤ ਨਿਰਭਰ ਕਰਦਾ ਹੈ ਕਿ ਧਰਤੀ ਨੇ ਸੂਰਜ ਤੋਂ ਕਿੰਨੀ ਤਪਿਸ਼ ਲਈ ਹੈ ਤੇ ਕਿੰਨੀ ਵਾਪਿਸ ਪੁਲਾੜ ਵਿਚ ਛੱਡੀ ਹੈ। ਧਰਤੀ ਦਾ ਤਾਪਮਾਨ ਤਕਰੀਬਨ ਸਥਿਰ ਰਹਿੰਦਾ ਹੈ। ਜੇ ਧਰਤੀ ਵਾਯੂਮੰਡਲ ਵਿਚ ਜ਼ਿਆਦਾ ਕਾਰਬਨ ਡਾਈਆਕਸਾਈਡ ਗੈਸ ਹੋਣ ਕਰਕੇ ਘੱਟ ਤਪਿਸ਼ ਵਾਪਿਸ ਪੁਲਾੜ ਵਿਚ ਛੱਡਦੀ ਹੈ ਤਾਂ ਉਸਦਾ ਤਾਪਮਾਨ ਇੱਕ-ਇੱਕ ਡਿਗਰੀ ਵਧਦਾ ਜਾਵੇਗਾ। ਇੱਕ ਡਿਗਰੀ ਵਾਧਾ ਬਹੁਤ ਮਹੱਤਵਪੂਰਨ ਹੈ ਕਿਓਂਕਿ ਧਰਤੀ ਦੇ ਸਾਰੇ ਸਮੁੰਦਰਾਂ ਤੇ ਜ਼ਮੀਨ ਨੂੰ ਇੱਕ ਡਿਗਰੀ ਗਰਮ ਕਰਨ ਲਈ ਬਹੁਤ ਜ਼ਿਆਦਾ ਤਾਪਮਾਨ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸੰਸਾਰਿਕ ਤਾਪਮਾਨ ਵਿਚ ਇੱਕ ਡਿਗਰੀ ਦੇ ਘਾਟੇ ਨੇ ਧਰਤੀ ਨੂੰ ਛੋਟੇ ਬਰਫ਼ ਯੁੱਗ ਵਿਚ ਧੱਕ ਦਿੱਤਾ ਸੀ। ਪਰ ਉਸ ਛੋਟੀ ਜਿਹੀ ਬੜ੍ਹਤ ਨਾਲ਼ ਇੰਨੀ ਗਰਮੀ ਹੋ ਗਈ ਜੋ ਕਿ ਜੀਵਾਂ ਤੇ ਬਨਸਪਤੀ ਦੀ ਸਿਹਤ ਲਈ ਬਹੁਤ ਘਾਤਕ ਸਾਬਤ ਹੋਈ। ਜੋ ਕਿ ਅਸੀਂ ਸਭ ਹੁਣ ਵੀ ਦੇਖ ਹੀ ਰਹੇ ਹਾਂ। ਉਸ ਨਾਲ਼ ਪੂਰੀ ਧਰਤੀ ਦੇ ਸਮੁੰਦਰ ਵਿਚ ਕੋਰਲ ਰੀਫ਼ ਖਤਮ ਹੋ ਗਈਆਂ। ਧਰਤੀ ਦੇ ਧਰੁਵਾਂ 'ਤੇ ਬਰਫ਼ ਦੇ ਗਲੇਸ਼ੀਅਰ ਪਿਘਲ ਗਏ। ਗਰਮੀ ਨੇ ਸਭ ਰਿਕਾਰਡ ਤੋੜ ਦਿੱਤੇ। ਅੰਤਾਂ ਦੀ ਗਰਮੀ ਨਾਲ਼ ਜੀਵ-ਜੰਤੂ ਤਾਂ ਕੀ ਮਨੁੱਖ ਵੀ ਮਰਨ ਲੱਗੇ।"
ਕਹਾਣੀ ਸੁਣਦੇ ਹੋਏ ਸਾਰੇ ਕੇਕੜੇ ਬੱਚੇ ਹੈਰਾਨ ਹੋ ਰਹੇ ਹਨ!
"ਮਨੁੱਖਾਂ ਨੇ ਧਰਤੀ, ਹਵਾ, ਪਾਣੀ, ਵਿਚਾਰੇ ਜੀਵ-ਜੰਤੂਆਂ ਤੇ ਰਹਿਮਦਿਲ ਲੋਕਾਂ ਦੀ ਫਰਿਆਦ ਨਾ ਸੁਣੀ! ਉਹ ਜੈਵਿਕ ਬਾਲਣ ਬਾਲ਼ਦੇ ਗਏ ਤੇ ਹਵਾ ਵਿਚ ਵਿਚ ਕਾਰਬਨ ਡਾਈਆਕਸਾਈਡ ਤੇ ਹੋਰ ਗੈਸਾਂ ਦਾ ਜ਼ਹਿਰ ਭਰਦੇ ਗਏ। ਅਸਮਾਨ, ਧਰਤੀ ਤੇ ਜੰਗਲ ਅੱਗ ਨਾਲ਼ ਸੜਨ ਲੱਗੇ।’
ਕਹਾਣੀ ਸੁਣਦੇ ਹੋਏ ਬੱਚੇ ਜਲਦੇ ਸੰਸਾਰ ਬਾਰੇ ਸੋਚ ਕੇ ਡੂੰਘੇ ਸਾਹ ਲੈ ਰਹੇ ਹਨ। ਉਹਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ, ਉਹ ਸਭ ਰੋਜ਼ ਇਹ ਵਰਤਾਰਾ ਦੇਖਦੇ ਹਨ।
"ਫੇਰ ਕੀ ਹੋਇਆ?’
ਵਿਸ਼ਾਲ ਕੇਕੜਾ ਗੰਭੀਰਤਾ ਨਾਲ਼ ਕਹਿ ਰਿਹਾ ਹੈ, "ਉਸਤੋਂ ਬਾਅਦ ਬਰਫ਼ ਪਿਘਲ ਗਈ, ਸਮੁੰਦਰ ਚੜ੍ਹ ਗਏ। ਕੁਦਰਤ ਦਾ ਸੰਤੁਲਨ ਬਿਗੜ ਗਿਆ। ਤੂਫਾਨ ਪ੍ਰਚੰਡ ਹੋ ਗਏ, ਜ਼ਰਖੇਜ਼ ਜ਼ਮੀਨਾਂ ਰੇਗਿਸਤਾਨ ਵਿਚ ਬਦਲ ਗਈਆਂ, ਅਤੇ ਸਮੁੰਦਰ ਦੇ ਜੀਵ ਜਾਂ ਤਾਂ ਅਲੋਪ ਹੋ ਗਏ ਜਾਂ ਸਮੁੰਦਰ ਦੇ ਵਿਚ ਡੂੰਘਾ ਉੱਤਰ ਗਏ।"
"ਫੇਰ ਕੀ ਹੋਇਆ?" ਕੇਕੜੇ ਬੱਚੇ ਚੀਕ ਕੇ ਪੁੱਛਦੇ ਹਨ।
ਵਿਸ਼ਾਲ ਕੇਕੜੇ ਨੇ ਸਾਹ ਭਰਿਆ, "ਅੰਤ ਵਿਚ, ਮਨੁੱਖ ਅਤੇ ਬਹੁਤ ਸਾਰੇ ਜਾਨਵਰ ਵਾਤਾਵਰਣ ਤਬਦੀਲੀਆਂ ਤੋਂ ਬਚ ਨਹੀਂ ਸਕੇ ਜੋ ਉਹਨਾਂ ਨੇ ਆਪ ਹੀ ਕੀਤੀਆਂ ਸਨ। ਸਭ ਖੂਬਸੂਰਤ ਜੀਵਾਂ ਦੀਆਂ ਅਵਾਜ਼ਾਂ ਇੱਕ-ਇੱਕ ਕਰਕੇ ਹਮੇਸ਼ਾ ਲਈ ਚੁੱਪ ਹੋ ਗਈਆਂ।"
ਬੱਚੇ ਵਿਸ਼ਾਲ ਕੇਕੜੇ ਦੇ ਨੇੜੇ ਹੋ ਰਹੇ ਹਨ, ਉਹਨਾਂ 'ਤੇ ਉਦਾਸੀ ਦੀ ਲਹਿਰ ਪਸਰ ਰਹੀ ਹੈ। ਕਈਆਂ ਨੂੰ ਨੀਂਦ ਆ ਰਹੀ ਹੈ ਤੇ ਕਈ ਡਰਦੇ ਹੋਏ ਸੌਂ ਰਹੇ ਹਨ ਜਾਂ ਕੰਬ ਰਹੇ ਹਨ।
"ਪਰ," ਵਿਸ਼ਾਲ ਕੇਕੜਾ ਕਹਿ ਰਿਹਾ ਹੈ, "ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਮਨੁੱਖਾਂ ਦੇ ਅਲੋਪ ਹੋਣ ਤੋਂ ਬਾਅਦ, ਭਿਆਨਕ ਵਾਤਾਵਰਣ ਵਿਚ ਵੀ ਹੋਰ ਨਵੀਂ ਜ਼ਿੰਦਗੀ ਪਣਪਣ ਲੱਗੀ। ਸਮੁੰਦਰ ਇੱਕ ਸ਼ਰਣਗਾਹ ਬਣ ਗਿਆ - ਹਰ ਪ੍ਰਕਾਰ ਦੇ ਜੀਵ-ਜੰਤੂਆਂ ਨਾਲ ਭਰਿਆ ਹੋਇਆ। ਸਾਡੇ ਵਰਗੇ ਜੀਵ ਵੀ ਜੀਵੰਤ ਰੰਗਾਂ ਨਾਲ ਖਿੜ ਗਏ।"
ਕੇਕੜੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਖੁਸ਼ਹਾਲ ਘਰ ਧਰਤੀ ਤੇ ਸਮੁੰਦਰ ਵੱਲ ਦੇਖਿਆ।
"ਮੇਰੇ ਬੱਚਿਓ, ਸਾਨੂੰ ਅਤੀਤ ਤੋਂ ਸਿੱਖਣਾ ਚਾਹੀਦਾ ਹੈ।" ਵਿਸ਼ਾਲ ਕੇਕੜੇ ਨੇ ਸਬਕ ਸੁਣਾਇਆ, "ਸਾਨੂੰ ਆਪਣੇ ਸੰਸਾਰ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸਦੀ ਰੱਖਿਆ ਕਰਨੀ ਚਾਹੀਦੀ ਹੈ, ਇਹ ਯਕੀਨੀ ਬਣਾਉਣ ਲਈ ਕਿ ਸਾਡੇ ਤੋਂ ਪਹਿਲਾਂ ਆਏ ਜੀਵਾਂ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ। ਕਿਉਂਕਿ ਸਾਡੇ ਵਿਚ ਭਵਿੱਖ ਨੂੰ ਬਦਲਣ ਦੀ ਸ਼ਕਤੀ ਹੈ।"
“ਬਿਲਕੁਲ, ਅਸੀਂ ਧਰਤੀ ਨੂੰ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।” ਜਾਗਦੇ ਤੇ ਉਤਸੁਕ ਕੇਕੜੇ ਬੱਚੇ ਕਹਿੰਦੇ ਹਨ।
ਅਚਾਨਕ ਇਕਦਮ ਅਕਾਸ਼ ਕਾਲ਼ਾ ਪੈ ਗਿਆ ਤੇ ਮੋਹਲ਼ੇਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ।
"ਚਲੋ ਜਲਦੀ ਨਾਲ਼ ਸਭ ਆਪਣੀ ਗੁਫ਼ਾ ਵੱਲ ਨੱਠੋ।’ ਇੰਨਾ ਸੁਣਦਿਆਂ ਸਭ ਕੇਕੜੇ ਮੀਂਹ ਤੋਂ ਬਚਣ ਲਈ ਆਪਣੀ ਗੁਫ਼ਾ ਵੱਲ ਨੂੰ ਚੱਲ ਪੈਂਦੇ ਹਨ। ਉਹ ਸਭ ਸੋਚਦੇ ਹਨ, "ਅਜੇ ਵੀ ਉਮੀਦ ਤੇ ਜ਼ਿੰਦਗੀ ਜਿੰਦਾ ਹੈ - ਜੋ ਬਦਲਦੇ ਮੌਸਮਾਂ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਫੁੱਲਤ ਹੋ ਰਹੀ ਹੈ!”