ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਭਾਈ ਗੁਰਦਾਸ ਜੀ)
ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈਸਵੀ ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖੋਂ ਪਿੰਡ ਵਡਾਲੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਇਸੇ ਕਰਕੇ ਵਡਾਲੀ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ।
ਜਦੋਂ ਉਨ੍ਹਾਂ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਲਕ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਫਰਮਾਇਆ, “ਇਹ ਬਾਲਕ ਬਹੁਤ ਪ੍ਰਤਾਪੀ ਪੁਰਖ ਹੋਵੇਗਾ।’’ ਉਨ੍ਹਾਂ ਦੇ ਪ੍ਰਕਾਸ਼ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਨੇ ਉਸ ਇਲਾਕੇ ਵਿੱਚ ਛੇ ਮਾਹਲਾਂ ਵਾਲਾ ਵੱਡਾ ਖੂਹ ਲਗਵਾਇਆ ਜਿਸ ਕਰਕੇ ਉਸ ਨਗਰੀ ਦਾ ਨਾਂ ਛੇਹਰਟਾ ਪੈ ਗਿਆ।
ਸੰਨ 1603 ਈ: ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਬਾਲ ਗੁਰੂ ਹਰਿਗੋਬਿੰਦ ਸਾਹਿਬ ਸ਼ਸਤਰ ਵਿੱਦਿਆ ਜਲਦੀ ਹੀ ਨਿਪੁੰਨ ਹੋ ਗਏ। ਬਾਲਕ ਹਰਿਗੋਬਿੰਦ ਸਾਹਿਬ ਜੀ ਜਦੋਂ ਸਿਰਫ ਗਿਆਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਗੁਰੂ ਪਿਤਾ ਅਰਜਨ ਦੇਵ ਜੀ ਨੂੰ ਬਾਦਸ਼ਾਹ ਜਹਾਂਗੀਰ ਦੇ ਦਿੱਤੇ ਨਿਰਦੇਸ਼ਾਂ ਕਾਰਨ ਲਾਹੌਰ ਵਿੱਚ ਜਾ ਕੇ ਆਪਣੀ ਸ਼ਹਾਦਤ ਦੇਣੀ ਪਈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਬਾਲਕ ਹਰਿਗੋਬਿੰਦ ਨੂੰ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਗਿਆ। ਗੁਰਿਆਈ ਦੀ ਗੱਦੀ ‘ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਲਿਆਉਣ ਦੀ ਬੇਨਤੀ ਕੀਤੀ ਇਕ ਤਲਵਾਰ ਸੱਜੇ ਪਾਸੇ ਪਹਿਨੀ ਤੇ ਦੂਜੀ ਤਲਵਾਰ ਖੱਬੇ ਪਾਸੇ ਧਾਰਨ ਕਰਕੇ ਇੱਕ ਵਿਲੱਖਣ ਰੀਤ ਚਲਾਈ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਵਿਲੱਖਣ ਘਟਨਾ ਚੱਕਰ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।
ਗੁਰਗੱਦੀ ਤੇ ਵਿਰਾਜਮਾਨ ਹੁੰਦਿਆਂ ਉਨ੍ਹਾਂ ਨੇ ਸਿੱਖ ਸੰਗਤ ਨੂੰ ਹੁਕਮਨਾਮੇ ਜਾਰੀ ਕਰਕੇ ਵਧੀਆ ਨਸਲ ਦੇ ਘੋੜੇ ਅਤੇ ਉੱਚ ਕੋਟੀ ਦੇ ਹਥਿਆਰ ਭੇਟ ਕਰਨ ਦਾ ਹੁਕਮ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਤਿੰਨ ਪਤਨੀਆਂ ਸਨ: ਮਾਤਾ ਦਾਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ। ਉਨ੍ਹਾਂ ਦੇ ਛੇ ਬੱਚੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਮਾਤਾ ਦਾਮੋਦਰੀ ਜੀ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਹੋਏ। ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਅਤੇ ਬਾਬਾ ਸੂਰਜ ਮੱਲ ਜੀ ਤੇ ਬਾਬਾ ਅਨੀ ਰਾਏ ਜੀ ਦਾ ਜਨਮ ਮਾਤਾ ਮਰਵਾਹੀ ਜੀ ਦੀ ਕੁੱਖੋਂ ਹੋਇਆ।
ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1609 ਈ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੀ ਦੇਖ ਦੇਖ ਵਿੱਚ ਕਰਵਾਈ। ਧੰਨ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 12 ਫੁੱਟ ਉੱਚਾ ਥੜਾ ਬਣਾਇਆ ਕਿਉਂਕਿ ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਕਿ ਉਸ ਦੇ ਤਿੰਨ ਫੁੱਟ ਤਖ਼ਤ ਤੋਂ ਉੱਚਾ ਕੋਈ ਨਹੀਂ ਬੈਠ ਸਕਦਾ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖ਼ਤ ਬਣਾਇਆ ਗਿਆ ਹੈ ਜੋ ਦਰਸਾਉਂਦਾ ਹੈ ਕਿ ਰੂਹਾਨੀਅਤ ਹਮੇਸ਼ਾ ਸਿਆਸੀ ਫਰਜ਼ਾਂ ਨਾਲੋਂ ਉੱਚੀ ਹੁੰਦੀ ਹੈ। ਸ੍ਰੀ ਅਕਾਲ ਤਖ਼ਤ ਸਿੱਖ ਧਰਮ ਦਾ ਸਭ ਤੋਂ ਉੱਚਾ ਤੇ ਪਵਿੱਤਰ ਅਸਥਾਨ ਬਣਾਇਆ ਗਿਆ ਸੀ। ਅਕਾਲ ਤਖ਼ਤ ਵਿਖੇ ਰਾਜਸੀ ਅਤੇ ਹੋਰ ਮਾਮਲੇ ਨਜਿੱਠੇ ਜਾਂਦੇ।
ਆਪਣੇ ਗੁਰੂ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲ ਹਕੂਮਤ ਖਿਲਾਫ ਸਿੱਖ ਕੌਮ ਦੀ ਅਗਵਾਈ ਕੀਤੀ। ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋ ਕੇ ਆਪਣੇ ਧਰਮ ਦਾ ਨਿਰਵਾਹ ਕਰਨ ਦੀ ਆਗਿਆ ਦਿੱਤੀ ਅਤੇ ਜਬਰੀ ਇਸਲਾਮ ਧਰਮ ਕਬੂਲ ਕਰਨ ਦੇ ਹੁਕਮ ਦਾ ਵਿਰੋਧ ਕੀਤਾ।ਗੁਰੂ ਸਾਹਿਬ ਦੀ ਧਰਮੀ ਫ਼ੌਜ ਨੇ ਜ਼ੁਲਮ ਅਤੇ ਅਨਿਆਂ ਵਿਰੁੱਧ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਗੁਰੂ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਲੋਕਾਂ ਦੇ ਫੈਸਲੇ ਕਰਦੇ। ਅਕਾਲ ਤਖ਼ਤ ’ਤੇ ਹੀ ਢਾਡੀ ਯੋਧਿਆਂ ਦੀਆਂ ਬੀਰ ਰਸੀ ਵਾਰਾਂ ਗਾ ਕੇ ਸੰਗਤ ਦੇ ਵਿਚ ਬੀਰ ਰਸ ਪੈਦਾ ਕਰਦੇ। ਗੁਰੂ ਘਰ ਦੇ ਵਿਚ ਹੋਈ ਇੰਨੀ ਵੱਡੀ ਤਬਦੀਲੀ ਮੁਗਲ ਸਲਤਨਤ ਦੇ ਲਈ ਵੰਗਾਰ ਸੀ। ਮੁਗਲ ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵੱਧਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਖਤਰੇ ਦੀ ਘੰਟੀ ਜਾਪੀ। ਇਸ ਦੇ ਸਿੱਟੇ ਵਜੋਂ ਉਸ ਨੇ ਸੰਨ 1612 ਈਸਵੀ ਨੂੰ ਆਗਰੇ ਤੋਂ ਹੁਕਮ ਜਾਰੀ ਕੀਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਜਾਵੇ। ਗੁਰੂ ਜੀ ਨੇ ਕਿਲ੍ਹੇ ਦੇ ਵਿਚ ਪੁੱਜ ਕੇ ਉਥੇ ਪਹਿਲਾਂ ਕੈਦ ਕੀਤੇ ਹੋਏ ਰਾਜਸੀ ਕੈਦੀ ਹਿੰਦੂ ਰਾਜਿਆਂ ਨੂੰ ਆਪਣੀ ਗੱਲਵਕੜੀ ਦੇ ਵਿਚ ਲਿਆ ਅਤੇ ਹੌਂਸਲਾ ਦਿੱਤਾ। ਦੂਰੋਂ ਨੇੜਿਆਂ ਦੇ ਇਲਾਕਿਆਂ ਤੋਂ ਸੰਗਤਾਂ ਧੰਨ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਗਵਾਲੀਅਰ ਦੇ ਕਿਲੇ ਵਿਖੇ ਆਉਂਦੀਆਂ ਪਰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਾ ਦਿੱਤੀ ਗਈ। ਸਤਿਗੁਰਾਂ ਨੂੰ ਹੋਈ ਕੈਦ ਦੇ ਵਿਰੁੱਧ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਕਈ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਉਠਾਈ। ਸੰਨ 1614 ਈਸਵੀ ਨੂੰ ਬਾਦਸ਼ਾਹ ਜਹਾਂਗੀਰ ਨੂੰ ਦਮੇ ਦਾ ਸਖਤ ਦੌਰਾ ਪੈ ਗਿਆ ਅਤੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਨੇ ਬਾਦਸ਼ਾਹ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਰਿਹਾ ਕਰਨ ਲਈ ਬੇਨਤੀ ਕੀਤੀ। ਜਿਸਦਾ ਨਤੀਜਾ ਇਹ ਹੋਇਆ ਕਿ ਗੁਰੂ ਸਾਹਿਬ ਜੀ ਨੂੰ ਜਲਦੀ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਪਰ ਗੁਰੂ ਸਾਹਿਬ ਜੀ ਨੇ ਆਪਣੀ ਰਿਹਾਈ ਵੀ ਇਨ੍ਹਾਂ ਰਾਜਸੀ ਕੈਦੀ ਹਿੰਦੂ ਰਾਜਿਆਂ ਦੇ ਨਾਲ ਹੀ ਲੈਣ ਦਾ ਫੈਸਲਾ ਕੀਤਾ। ਆਪਣੇ ਨਾਲ਼ ਹੀ ਗੁਰੂ ਸਾਹਿਬ ਜੀ ਦੇ 52 ਕਲੀਆਂ ਵਾਲਾ ਚੋਲਾ ਧਾਰਨ ਕਰਕੇ, ਕੈਦ ਕੀਤੇ 52 ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ। ਇਸ ਮਹਾਨ ਕਾਰਜ ਦੇ ਸਦਕਾ ਗੁਰੂ ਸਾਹਿਬ ਜੀ ਨੂੰ ‘ਬੰਦੀ ਛੋੜ’ ਦਾਤਾ ਕਿਹਾ ਜਾਣ ਲੱਗਾ।
ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋ ਕੇ ਦਿੱਲੀ ਪੁੱਜੇ ਅਤੇ ਮਜਨੂੰ ਦੇ ਟਿਲੇ ’ਤੇ ਜਾ ਕੇ ਠਹਿਰੇ। ਬਾਦਸ਼ਾਹ ਜਹਾਂਗੀਰ ਆਪ ਜੀ ਦੇ ਦਰਸ਼ਨਾਂ ਲਈ ਆਇਆ। ਵਜ਼ੀਰ ਖਾਂ ਦੇ ਸਾਰੀ ਗੱਲ ਦੱਸਣ ’ਤੇ ਬਾਦਸ਼ਾਹ ਜਹਾਂਗੀਰ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਬਾਰੇ ਉਸ ਨੂੰ ਗਲਤ ਖ਼ਬਰ ਦਿੱਤੀ ਗਈ ਸੀ। ਬਾਦਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਸ਼ਟ, ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਾਰਾ ਦੋਸ਼ ਚੰਦੂ ਦੇ ਸਿਰ ਲਾਇਆ ਤੇ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਚੰਦੂ ਨੂੰ ਮੁਸ਼ਕਾਂ ਦੇ ਕੇ ਦਿੱਲੀ ਤੋਂ ਲਹੌਰ ਲਿਆ ਕੇ ਬਾਜ਼ਾਰਾਂ ’ਚ ਫਿਰਾਇਆ ਗਿਆ। ਚਾਰੇ ਪਾਸੇ ਲੋਕਾਂ ਵਿਚ ਉਸ ਪ੍ਰਤੀ ਨਫ਼ਰਤ ਪੈਦਾ ਹੋ ਗਈ। ਗੁਰਦਿੱਤਾ ਭੜਭੂੰਜਾ, ਜਿਸ ਨੇ ਚੰਦੂ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ, ਉਸ ਨੇ ਹੀ ਉਸ ਪਾਪੀ ਨੂੰ ਉਹੀ ਰੇਤ ਪਾਉਣ ਵਾਲੇ ਕੜਛੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ।
ਕੁਝ ਚਿਰ ਮਗਰੋਂ ਕਸ਼ਮੀਰ ਜਾਂਦਾ ਹੋਇਆ ਜਹਾਂਗੀਰ ਬਾਦਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਜੇ ਗੁਰੂ ਸਾਹਿਬ ਆਗਿਆ ਦੇਣ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸਰਕਾਰੀ ਖਰਚੇ ਤੇ ਬਣਵਾ ਦੇਵੇਗਾ। ਗੁਰੂ ਜੀ ਨੇ ਜਵਾਬ ’ਚ ਕਿਹਾ ਕਿ ਇਹ ਧਰਮ ਤੇ ਨਿਆਂ ਦਾ ਤਖ਼ਤ ਹੈ ਇਸ ਦੀ ਇਮਾਰਤ ਸਿੱਖਾਂ ਦੀ ਮਿਹਨਤ ਤੇ ਧਰਮ-ਕਿਰਤ ਨਾਲ ਬਣਨੀ ਚਾਹੀਦੀ ਹੈ। ਇਸ ਤੋਂ ਮਗਰੋਂ ਜਹਾਂਗੀਰ ਦੇ ਸਮੇਂ ਗੁਰੂ ਜੀ ਪੂਰਨ ਅਮਨ ਤੇ ਸ਼ਾਂਤੀ ’ਚ ਰਹੇ ਅਤੇ ਪੂਰਾ-ਪੂਰਾ ਧਿਆਨ ਸਿੱਖੀ ਦੇ ਪ੍ਰਚਾਰ ਵੱਲ ਲਾਇਆ ਗਿਆ। ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੁਝ ਸਮਾਂ ਬਤੀਤ ਕਰਨ ਉਪਰੰਤ ਸਿੱਖੀ ਦੇ ਪ੍ਰਚਾਰ ਲਈ ਲਾਹੌਰ, ਗੁਜਰਾਂਵਾਲਾ, ਵਜ਼ੀਰਾਬਾਦ ਆਦਿ ਥਾਵਾਂ ਤੋਂ ਹੁੰਦੇ ਹੋਏ ਕਸ਼ਮੀਰ ਪਹੁੰਚ ਗਏ। ਕਸ਼ਮੀਰ ਵਿਖੇ ਹਜ਼ਾਰਾਂ ਹਿੰਦੂਆਂ ਨੂੰ ਜਬਰੀ ਇਸਲਾਮ ਧਰਮ ਕਬੂਲ ਕਰਵਾਇਆ ਜਾ ਰਿਹਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਜਬਰ ਜੁਲਮ ਦਾ ਡੱਟ ਕੇ ਮੁਕਾਬਲਾ ਕੀਤਾ।
ਕਸ਼ਮੀਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ਼ਿਵਾਜੀ ਮਰਹੱਟੇ ਦੇ ਧਾਰਮਿਕ ਗੁਰੂ ਸ੍ਰੀ ਸਮਰਥ ਰਾਮਦਾਸ ਜੀ ਮਿਲੇ ਅਤੇ ਉਹਨਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਹੋ ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨਦੇ ਹੋ, ਫੌਜ ਤੇ ਘੋੜੇ ਵੀ ਰੱਖੇ ਹੋਏ ਹਨ ਤੇ ‘ਸੱਚੇ ਪਾਤਸ਼ਾਹ’ ਅਖਵਾਉਂਦੇ ਹੋ, ਅਜਿਹਾ ਕਿਉਂ?
ਗੁਰੂ ਜੀ ਨੇ ਉੱਤਰ ਦਿੱਤਾ, ‘ਬਾਤਨ ਫ਼ਕੀਰੀ, ਜ਼ਾਹਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਕੀ ਭੱਖਿਆ। ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ।’ ਇਹ ਉੱਤਰ ਮਹਾਤਮਾ ਰਾਮਦਾਸ ਦੇ ਦਿਲ ਲੱਗ ਗਿਆ ਤੇ ਉਨ੍ਹਾਂ ਗੁਰੂ ਜੀ ਨੂੰ ਨਮਸਕਾਰ ਕੀਤੀ।
ਕਸ਼ਮੀਰ ਵਿਖੇ ਸਿੱਖ ਧਰਮ ਦਾ ਪ੍ਰਚਾਰ ਕਰਨ ਉਪਰੰਤ ਗੁਰੂ ਸਾਹਿਬ ਪੰਜਾਬ ਵਾਪਸ ਵਰਤ ਗਏ। ਪੰਜਾਬ ਤੋਂ ਬਾਅਦ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਜਰਾਤ ਵੱਲ ਚਾਲੇ ਪਾਏ ਜਿੱਥੇ ਆਪ ਜੀ ਨੂੰ ਫਕੀਰ ਸ਼ਾਹ ਦੌਲਾ ਮਿਲਿਆ ਅਤੇ ਗੁਰੂ ਸਾਹਿਬ ਤੇ ਮੀਰੀ ਪੀਰੀ ਅਤੇ ਸੰਤ ਸਿਪਾਹੀ ਵਾਲੇ ਵੇਸ ਨੂੰ ਵੇਖ ਕੇ ਉਸਨੇ ਗੁਰੂ ਸਾਹਿਬ ਨੂੰ 4 ਸਵਾਲ ਕੀਤੇ :
(1) ਹਿੰਦੂ ਕੀ ਤੇ ਫ਼ਕੀਰੀ ਕੀ?
(2) ਔਰਤ ਕੀ ਤੇ ਪੀਰੀ ਕੀ?
(3) ਪੁੱਤਰ ਕੀ ਤੇ ਵੈਰਾਗ ਕੀ?
(4) ਦੌਲਤ ਕੀ ਤੇ ਤਿਆਗ ਕੀ?
ਗੁਰੂ ਜੀ ਨੇ ਇਨ੍ਹਾਂ ਚਾਰੇ ਸਵਾਲਾਂ ਦੇ ਜਵਾਬ ਇਉਂ ਦਿੱਤੇ :
(1) ਫ਼ਕੀਰ ਨਾ ਹਿੰਦੂ ਨਾ ਮੁਸਲਮਾਨ।
(2) ਔਰਤ ਇਮਾਨ।
(3) ਪੁੱਤਰ ਨਿਸ਼ਾਨ।
(4) ਦੌਲਤ ਗੁਜ਼ਰਾਨ।
ਗੁਰੂ ਸਾਹਿਬ ਦੇ ਉੱਤਰ ਸੁਣ ਕੇ ਫਕੀਰ ਸ਼ਾਹ ਦੌਲਾ ਗੁਰੂ ਹਰਿਗੋਬਿੰਦ ਸਾਹਿਬ ਦਾ ਮੁਰੀਦ ਹੋ ਗਿਆ।
ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੇ ਕਿਲਿਆਂ ਦਾ ਨਿਰਮਾਣ ਕਰਵਾਇਆ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਵੀ ਵਸਾਇਆ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦਾ ਆਖਰੀ ਦਹਾਕਾ ਸਤਲੁਜ ਦਰਿਆ ਦੇ ਕੰਢੇ ਵਸੇ ਕਸਬੇ ਕੀਰਤਪੁਰ ਸਾਹਿਬ ਵਿਖੇ ਬਿਤਾਇਆ ਸੀ ਅਤੇ 49 ਸਾਲ ਦੀ ਉਮਰ ਵਿੱਚ 3 ਮਾਰਚ 1644 ਈ: ਨੂੰ ਓਥੇ ਹੀ ਆਪ ਜੀ ਜੋਤੀ ਜੋਤ ਸਮਾ ਗਏ। ਉਸ ਥਾਂ ਤੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਨੇ ਗੁਰਗੱਦੀ ਆਪਣੇ ਪੋਤਰੇ ਸ੍ਰੀ ਹਰਿਰਾਇ ਜੀ ਨੂੰ ਦਿੱਤੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਕਤੀ ਤੇ ਭਗਤੀ ਦਾ ਸੁਮੇਲ, ਇੱਕ ਲਾਸਾਨੀ ਜੋਧਾ ਤੇ ਮਹਾਨ ਗੁਰੂ ਸਨ।