True Friendship ਸੱਚੀ ਮਿੱਤਰਤਾ

ਸੱਚੀ ਮਿੱਤਰਤਾ - ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਭਗਤ 

ਸੁਦਾਮਾ ਇੱਕ ਗਰੀਬ ਬ੍ਰਾਹਮਣ (ਬਿਪ) ਸੀ, ਜੋ ਸ੍ਰੀ ਕ੍ਰਿਸ਼ਨ ਜੀ ਦਾ ਬਚਪਨ ਦਾ ਇੱਕ ਪਿਆਰਾ ਮਿੱਤਰ ਸੀ। ਬਚਪਨ ਵਿੱਚ ਸ੍ਰੀ ਕ੍ਰਿਸ਼ਨ ਜੀ, ਸੁਦਾਮਾ ਤੇ ਹੋਰ ਮਿੱਤਰਾਂ ਨਾਲ਼ ਖੇਡਦੇ ਸਨ। ਸੁਦਾਮੇ ਦੀ ਪਤਨੀ ਹਮੇਸ਼ਾਂ ਉਸਨੂੰ ਕਹਿੰਦੀ ਰਹਿੰਦੀ ਸੀ ਕਿ ਉਹ ਕਿਓਂ ਨਹੀਂ ਆਪਣੇ ਮਿੱਤਰ ਰਾਜਾ ਕ੍ਰਿਸ਼ਨ ਨੂੰ ਮਿਲਣ ਜਾਂਦਾ, ਜਿਨ੍ਹਾਂ 'ਤੇ ਉਸਨੂੰ ਮਾਣ ਸੀ, ਤੇ ਜੋ ਉਹਨਾਂ ਦੀ ਗਰੀਬੀ ਦੂਰ ਕਰ ਸਕਦੇ ਹਨ। ਉਹ ਸੋਚਦਾ ਸੀ ਕਿ ਉਹ ਕਿਸ ਤਰ੍ਹਾਂ ਆਪਣੇ ਮਿੱਤਰ ਕੋਲ਼ ਮੰਗਣ ਜਾਵੇ?

...ਤੇ ਫਿਰ ਇੱਕ ਦਿਨ ਉਹ ਦਵਾਰਕਾ ਨਗਰ ਪਹੁੰਚ ਗਿਆ। ਰਾਜ ਮਹਿਲ ਦੇ ਅੱਗੇ ਜਾ ਕੇ ਉਸਨੇ ਪਹਿਰੇਦਾਰ ਨੂੰ ਦੱਸਿਆ ਕਿ ਸ੍ਰੀ ਕ੍ਰਿਸ਼ਨ ਜੀ ਉਸਦੇ ਮਿੱਤਰ ਹਨ। ਉਸਦੇ ਫਟੇ ਪੁਰਾਣੇ ਕੱਪੜੇ ਦੇਖ ਕੇ ਪਹਿਰੇਦਾਰ ਹੈਰਾਨੀ ਨਾਲ਼ ਕਹਿਣ ਲੱਗਾ ਕਿ ਸ੍ਰੀ ਕ੍ਰਿਸ਼ਨ ਜੀ ਇੱਕ ਗਰੀਬ ਦੇ ਮਿੱਤਰ ਕਿਸ ਤਰ੍ਹਾਂ ਹੋ ਸਕਦੇ ਹਨ। ਪਰ ਸੁਦਾਮਾ ਦੇ ਬਹੁਤ ਜ਼ੋਰ ਦੇਣ ਤੇ ਪਹਿਰੇਦਾਰ ਰਾਜ ਮਹਿਲ ਅੰਦਰ ਸਿੰਘਾਸਨ 'ਤੇ ਬੈਠੇ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਣ ਚਲਿਆ ਗਿਆ।

ਜਦੋਂ ਹੀ ਸ੍ਰੀ ਕ੍ਰਿਸ਼ਨ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬਚਪਨ ਦਾ ਮਿੱਤਰ ਸੁਦਾਮਾ ਆਇਆ ਹੈ ਤਾਂ ਉਹ ਇੱਕ ਦਮ ਸਿੰਘਾਸਨ ਛੱਡ ਕੇ ਆਪਣੇ ਮਿੱਤਰ ਕੋਲ਼ ਦੋੜ੍ਹੇ ਗਏ! ਪਹਿਲਾਂ ਉਹਨਾਂ ਨੇ ਸਤਿਕਾਰ ਸਹਿਤ ਸੁਦਾਮਾ (ਬ੍ਰਾਹਮਣ) ਦੀ ਪਰਿਕਰਮਾ ਕੀਤੀ ਤੇ ਫੇਰ ਉਸਦੇ ਪੈਰਾਂ ਨੂੰ ਛੂਹ ਕੇ ਨਮਸਕਾਰ ਕੀਤੀ ਤੇ ਆਪਣੇ ਗਲ਼ੇ ਨਾਲ਼ ਲਗਾਇਆ। ਬੜੇ ਪਿਆਰ ਨਾਲ਼ ਉਹਨਾਂ ਨੇ ਸੁਦਾਮਾ ਦੇ ਪੈਰ ਜਲ ਲੈ ਕੇ ਆਪਣੇ ਕਰ ਕਮਲ ਨਾਲ਼ ਧੋਤੇ ਤੇ ਫੇਰ ਉਸਨੂੰ ਆਪਣੇ ਸਿੰਘਾਸਨ ਦੇ ਉੱਤੇ ਬਿਠਾਇਆ, ਸੁੱਖ-ਸਾਂਦ ਪੁੱਛੀ, ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ, ਤੇ ਆਖਿਆ ਕਿ ਉਹਨਾਂ ਦੀ ਭਾਬੀ ਨੇ ਉਹਨਾਂ ਵਾਸਤੇ ਕੀ ਤੋਹਫ਼ਾ ਭੇਜਿਆ ਹੈ?

ਘਬਰਾਉਂਦੇ ਤੇ ਹਿਚਕਚਾਉਂਦੇ ਹੋਏ ਸੁਦਾਮਾ ਨੇ ਉਸਦੀ ਪਤਨੀ ਵਲ੍ਹੋਂ ਭੇਜਿਆ ਸੱਤੂ (ਚੌਲ) ਕ੍ਰਿਸ਼ਨ ਜੀ ਨੂੰ ਦੇ ਭੇਂਟ ਕੀਤ, ਉਹ  ਉਹ ਸ਼ਰਮਿੰਦਾ ਸੀ ਕਿ ਉਹ ਕੋਈ ਵੱਡਾ ਤੋਹਫਾ ਨਹੀਂ ਸੀ ਲੈ ਕਿ ਆਇਆ! ਪਰ ਕ੍ਰਿਸ਼ਨ ਜੀ ਨੇ ਸੁਦਾਮਾ ਦੀ ਪਤਨੀ ਦੁਆਰਾ ਪਿਆਰ ਨਾਲ਼ ਬਣਾਏ ਚੌਲ਼ ਖ਼ੁਸ਼ੀ ਨਾਲ਼ ਖਾਧੇ ਤੇ ਉਹਨਾਂ ਨੂੰ ਬੜੇ ਸੁਆਦਲੇ ਲੱਗੇ, ਕਿਓਂ ਜੋ ਉਹਨਾਂ ਵਿੱਚ ਪਿਆਰ ਵੀ ਭਰਿਆ ਹੋਇਆ ਸੀ!

ਪਰਮੇਸ਼ਰ ਦੀ ਕਿਰਪਾ ਸਦਕਾ ਸ਼੍ਰੀ ਕ੍ਰਿਸ਼ਨ ਜੀ ਨੇ ਸੁਦਾਮਾ ਨੂੰ ਵਾਪਿਸ ਤੋਹਫ਼ੇ ਵਜੋਂ ਧਰਮ (ਫ਼ਰਜ਼), ਦੌਲਤ, ਕਾਮਨਾ ਤੇ ਅਜ਼ਾਦੀ (ਮੋਖ਼ਸ਼) ਚਾਰ ਪਦਾਰਥ ਦਿੱਤੇ, ਜਿਹਨਾਂ ਨੂੰ ਪ੍ਰਾਪਤ ਕਰਨਾ ਹਰ ਸੰਸਾਰੀ ਪੁਰਖ ਦਾ ਸੁਪਨਾ ਹੁੰਦਾ ਹੈ। ਕਹਿੰਦੇ ਹਨ ਜਦੋ ਸੁਦਾਮਾ ਵਾਪਿਸ ਘਰ ਪਰਤਿਆ ਤਾਂ ਉਸਦੀ ਝੌਂਪੜੀ ਦੀ ਜਗ੍ਹਾ ਤੇ ਇੱਕ ਮਹਿਲ ਸੀ ਤੇ ਉਸਦੇ ਅੰਦਰ ਉਸਦੀ ਪਤਨੀ ਰਾਣੀ ਬਣ ਉਸਦਾ ਇੰਤਜ਼ਾਰ ਕਰ ਰਹੀ ਸੀ।

ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਸੱਚੀ ਮਿੱਤਰਤਾ ਦਾ ਫ਼ਰਜ਼ ਨਿਭਾਇਆ ਤੇ ਸੁਦਾਮਾ ਉਹਨਾਂ 'ਤੇ ਬਲਿਹਾਰੇ ਗਿਆ!

ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਸੁਦਾਮਾ ਭਗਤ ਦੀ ਕਥਾ ਇੰਝ ਬਿਆਨ ਕਰਦੇ ਹਨ:

ਬਿਪੁ ਸੁਦਾਮਾ ਦਾਲਿਦੀ ਬਾਲ ਸਖਾਈ ਮਿਤ੍ਰ੍ਰ ਸਦਾਏ।

ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿਦ੍ਰ੍ਰ ਗਵਾਏ।

ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।

ਪਹੁਤਾ ਨਗਰਿ ਦੁਆਰਕਾ ਸਿੰਘ ਦੁਆਰਿ ਖਲੋਤਾ ਜਾਏ।

ਦੂਰਹੁ ਦੇਖਿ ਡੰਡਉਤਿ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।

ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲਿ ਲਾਏ।

ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।

ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।

ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।

ਚਾਰਿ ਪਦਾਰਥ ਸਕੁਚਿ ਪਠਾਏ ॥੯॥

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 345 ਤੇ ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ਵਿੱਚ ਭਗਤ ਨਾਮਦੇਵ ਜੀ ਵੀ ਪਰਮੇਸ਼ਰ ਦੀ ਉਪਾਸਨਾ ਕਰਦੇ ਹੋਏ ਫੁਰਮਾਉਂਦੇ ਹਨ ਕਿ ਪੱਥਰਾਂ ਨੂੰ ਵੀ ਤਾਰਨ ਵਾਲ਼ਾ ਭਗਵਾਨ ਆਪਣੇ ਭਗਤਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ। ਉਹ ਉਹਨਾਂ ਤੇ ਸਦਕੇ ਜਾਂਦੇ ਹਨ, ਜੋ ਭਗਵਾਨ ਦਾ ਨਾਮ ਜਪਦੇ ਹਨ। ਜਿਵੇਂ ਪਰਮਾਤਮਾ ਨੇ ਬਿਦਰ, ਸੁਦਾਮਾ ਤੇ ਉਗ੍ਰਸੈਨ ਨੂੰ ਤਾਰਿਆ।

ਦੇਵਾ ਪਾਹਨ ਤਾਰੀਅਲੇ ॥

...

ਹਉ ਬਲਿ ਬਲਿ ਜਿਨ ਰਾਮ ਕਹੇ ॥੧॥

ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥

ਬਸੰਤੁ ਹਿੰਡੋਲੁ ਰਾਗ ਵਿੱਚ, ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ, ਜਦੋਂ ਸੁਦਾਮਾ ਸ਼ਰਧਾ ( ਭਾਵਨੀ ) ਨਾਲ਼ ਕ੍ਰਿਸ਼ਨ ਜੀ ਨੂੰ ਮਿਲ਼ਣ ਗਿਆ ਤਾਂ ਉਸਦੇ ਘਰ ਪੁੱਜਣ ਤੋਂ ਪਹਿਲਾਂ ਹੀ ਉਸਦੀ ਗਰੀਬੀ (ਦਾਲਦੁ) ਨੱਸ ਚੁੱਕੀ ਸੀ।

ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥ [ਅੰਗ 1191]

ਸੁਦਾਮਾ ਦੇ ਮਨ ਵਿੱਚ ਆਪਣੇ ਮਿੱਤਰ ਲਈ ਅਥਾਹ ਪਿਆਰ ਤੇ ਸ਼ਰਧਾ ਸੀ ਜੋ ਕ੍ਰਿਸ਼ਨ ਜੀ ਵੀ ਮਹਿਸੂਸ ਕਰਦੇ ਸਨ। ਜੇ ਮਨੁੱਖ ਸੱਚੀ ਸ਼ਰਧਾ ਨਾਲ਼ ਕੋਈ ਵੀ ਕੰਮ ਕਰੇ ਤਾਂ ਉਸਦੇ ਦੇ ਮੰਤਵ ਨੂੰ ਸਰਬ ਸ਼ਕਤੀਮਾਨ ਰੱਬ ਆਪ ਪੂਰਾ ਕਰਦਾ ਹੈ। ਸਾਡੇ ਮਨ ਵਿੱਚ ਹਉਮੈ, ਲਾਲਚ ਜਾਂ ਹੰਕਾਰ ਨਹੀਂ, ਸ਼ਰਧਾ ਦਾ ਹੋਣਾ ਅਤਿ ਜ਼ਰੂਰੀ ਹੈ!

ਸਾਨੂੰ ਸਭ ਨੂੰ ਪਿਆਰ ਤੇ ਸ਼ਰਧਾ ਦੇ ਮਾਅਨੇ ਪਤਾ ਹਨ, ਪਿਆਰ ਬਹੁਤ ਅਸਾਨ ਹੈ, ਪਿਆਰ ਕਰਨਾ ਮਨੁੱਖ ਦੇ ਸੁਭਾਅ ਵਿੱਚ ਕੁਦਰਤੀ ਹੈ, ਪਰ ਸ਼ਰਧਾ ਬਹੁਤ ਔਖੀ ਹੈ, ਤੇ ਇਹ ਉਦੋਂ ਹੀ ਹੋ ਸਕਦੀ ਹੈ ਜਦੋਂ ਅਸੀਂ ਸੱਚੇ ਮਨ ਨਾਲ਼ ਕੋਸ਼ਿਸ ਕਰੀਏ - ਜਿਸ ਤਰ੍ਹਾਂ ਅਸੀਂ ਆਪਣੇ ਸੁਪਨਿਆਂ ਲਈ ਕਰਦੇ ਹਾਂ, ਆਪਣੀਆਂ ਉਮੰਗਾਂ  (Passions) ਲਈ ਕਰਦੇ ਹਾਂ। ਜੇ ਉਸ ਤਰ੍ਹਾਂ ਅਸੀਂ ਪਰਮਾਤਮਾ ਪ੍ਰਤੀ ਸ਼ਰਧਾ ਰੱਖੀਏ ਤੇ ਸੱਚੇ ਮਨ ਨਾਲ਼ ਉਸਦੀ ਭਗਤੀ ਕਰੀਏ ਤਾਂ ਮਿਹਰਵਾਨ ਪਰਮਾਤਮਾ ਸਾਨੂੰ ਇਸ ਸੰਸਾਰ-ਸਾਗਰ ਤੋਂ ਤਾਰ ਸਕਦਾ ਹੈ। ਫਿਰ ਵੀ ਇਹ ਪਰਮਾਤਮਾ ਦੀ ਮਿਹਰ ਦੀ ਨਜ਼ਰ ਤੇ ਨਿਰਭਰ ਕਰਦਾ ਹੈ, ਜੋ ਕਿਸੇ ਵੀ ਭਗਤ ਤੇ ਕਦੇ ਵੀ ਹੋ ਸਕਦੀ ਹੈ। ਭਗਤ ਦਾ ਕਰਮ ਸਿਰਫ਼ ਭਗਤੀ ਕਰਨਾ ਹੈ, ਤੇ ਬਾਕੀ ਉਸ ਪਰਮਾਤਮਾ ਦੀ ਮਿਹਰ 'ਤੇ ਛੱਡ ਦੇਣਾ ਚਾਹੀਦਾ ਹੈ। ਕਿਸੇ ਸੁਭਾਗ ਵੇਲ਼ੇ ਹੋ ਸਕਦਾ ਹੈ ਸਾਡੇ ਤੇ ਵੀ 'ਉਸਦੀ' ਮਿਹਰ ਹੋ ਜਾਏ!

ਹਵਾਲੇ:

http://www.gurugranthdarpan.net/1191.html

https://www.sikhitothemax.org