ਅੰਗ੍ਰੇਜ਼ੀ ਤੋਂ ਅਨੁਵਾਦ: ਅਮਨਦੀਪ ਸਿੰਘ
ਦਸੰਬਰ ਦੇ ਅਖੀਰ ਦੀ ਹੱਡ-ਚੀਰਵੀਂ ਹਵਾ ਸ਼ਹਿਰ ਵਿੱਚੋਂ ਲੰਘ ਰਹੀ ਸੀ, ਜੋ ਆਪਣੇ ਨਾਲ ਉਸ ਯਾਦ ਦਾ ਭਾਰ ਲੈ ਕੇ ਆਈ ਸੀ ਜਿਸ ਨੂੰ ਹਰਪ੍ਰੀਤ ਸਿੰਘ ਹਰ ਸਾਲ ਇਸ ਪਵਿੱਤਰ ਹਫ਼ਤੇ ਦੌਰਾਨ ਮਹਿਸੂਸ ਕਰਦਾ ਸੀ। ਅਫਸੋਸ ਦੀ ਗੱਲ ਹੈ ਕਿ ਉਸਦੇ ਬੱਚਿਆਂ ਨੇ ਸਾਲਾਂ ਦੌਰਾਨ ਇਸ ਨੂੰ ਨਾਦਾਨੀ ਨਾਲ ਨਜ਼ਰਅੰਦਾਜ਼ ਕੀਤਾ ਸੀ।
"ਡੈਡੀ! ਅਸੀਂ ਅਸਲ ਵਿੱਚ ਕਿਤੇ ਬਾਹਰ ਘੁੰਮਣ ਕਦੋਂ ਜਾ ਰਹੇ ਹਾਂ?" ਹਰਮਨ ਦੀ ਆਵਾਜ਼ ਬੈਠਕ ਵਿੱਚ ਗੂੰਜੀ, ਸੋਲਾਂ ਸਾਲਾਂ ਦੇ ਵਿਸ਼ੇਸ਼ ਅਧਿਕਾਰ ਉਸਦੀ ਗੈਰ-ਰਸਮੀ ਮੰਗ ਵਿੱਚ ਸਾਫ਼ ਦਿਖਾਈ ਦੇ ਰਹੇ ਸਨ। ਉਸਨੇ ਆਪਣੇ ਫੋਨ ਤੋਂ ਉੱਪਰ ਤੱਕ ਨਹੀਂ ਦੇਖਿਆ, ਜਿੱਥੇ ਛੁੱਟੀਆਂ ਦੀਆਂ ਫੋਟੋਆਂ ਦੀ ਕਦੇ ਨਾ ਖਤਮ ਹੋਣ ਵਾਲੀ ਰੀਲ ਜਿਵੇਂ ਉਸਦੀਆਂ ਨੀਰਸ ਸਰਦੀਆਂ ਦਾ ਮਜ਼ਾਕ ਉਡਾ ਰਹੀ ਹੋਵੇ। "ਹਰ ਕੋਈ ਗੋਆ, ਦੁਬਈ ਅਤੇ ਸਵਿਟਜ਼ਰਲੈਂਡ ਤੋਂ ਪੋਸਟ ਕਰ ਰਿਹਾ ਹੈ। ਮੈਂ ਬੱਸ ਐਵੇਂ ਹੀ ਇੱਥੇ ਬੈਠੀ ਹਾਂ।"
ਨਵਦੀਪ, ਜੋ ਚੌਦਾਂ ਸਾਲ ਦਾ ਸੀ ਅਤੇ ਸਾਹਮਣੇ ਵਾਲੇ ਸੋਫੇ 'ਤੇ ਪਸਰਿਆ ਹੋਇਆ ਸੀ, ਨੇ ਆਪਣੀ ਖੇਡ ਰੋਕੇ ਬਿਨਾਂ ਸਿਰ ਹਿਲਾਇਆ। "ਸੱਚੀਂ। ਮੇਰੇ ਸਾਰੇ ਦੋਸਤ ਘੁੰਮ ਰਹੇ ਹੈ ਤੇ ਮੈਂ ਇੱਕ ਹਾਰੇ ਹੋਏ ਖਿਡਾਰੀ ਵਾਂਗ ਲੱਗ ਰਿਹਾ ਹਾਂ।"
ਹਰਪ੍ਰੀਤ ਦਰਵਾਜ਼ੇ 'ਤੇ ਰੁਕ ਗਿਆ। ਕੱਲ੍ਹ 21 ਦਸੰਬਰ ਸੀ, ਸ਼ਹੀਦੀ ਹਫ਼ਤੇ ਦੀ ਸ਼ੁਰੂਆਤ। ਉਸਦੀ ਪਤਨੀ ਸੁਰਜੀਤ ਉਸਦੇ ਪਿੱਛੇ ਸੀ, ਉਸਨੇ ਹੌਲੀ ਜਿਹੇ ਉਸਦੇ ਮੋਢੇ 'ਤੇ ਹੱਥ ਰੱਖਿਆ।
"ਘੁੰਮਣਾ?" ਹਰਪ੍ਰੀਤ ਨਪੇ-ਤੁਲੇ ਕਦਮਾਂ ਨਾਲ ਅੰਦਰ ਆਇਆ, ਉਸਦੀ ਨੀਲੀ ਪੱਗ ਦੁਪਹਿਰ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ। "ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਗੁਰਮਤ ਸਮਾਗਮ ਸ਼ੁਰੂ ਹੋ ਰਿਹਾ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਤਿੰਨ ਦਿਨ ਕੀਰਤਨ ਅਤੇ ਕਥਾ ਹੋਵੇਗੀ। ਇਹ ਹਫ਼ਤਾ, 21 ਦਸੰਬਰ ਤੋਂ 27 ਦਸੰਬਰ ਤੱਕ, ਉਹ ਸਮਾਂ ਹੈ ਜਦੋਂ ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਅਸੀਂ ਸਾਰੇ ਉਸ ਵਿੱਚ ਸ਼ਾਮਲ ਹੋ ਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਰ ਝੁਕਾ ਸਕਦੇ ਹਾਂ।"
ਹਰਮਨ ਨੇ ਇੱਕਦਮ ਸਿਰ ਉੱਪਰ ਚੁੱਕਿਆ। "ਕੀ ਤੁਸੀਂ ਠੀਕ ਹੋ? ਸਾਡੀਆਂ ਛੁੱਟੀਆਂ ਦੌਰਾਨ?"
"ਡੈਡ, ਪਲੀਜ਼।" ਨਵਦੀਪ ਨੇ ਆਖਰਕਾਰ ਆਪਣੀ ਖੇਡ ਰੋਕ ਦਿੱਤੀ। "ਸਾਨੂੰ ਸ਼ਹੀਦੀ ਦਿਹਾੜਿਆਂ ਬਾਰੇ ਪਤਾ ਹੈ। ਉਹ ਹਰ ਸਾਲ ਦਸੰਬਰ ਵਿੱਚ ਆਉਂਦੇ ਹਨ। ਅਸੀਂ ਕੋਈ ਨਿਰਾਦਰ ਨਹੀਂ ਕਰਨਾ ਚਾਹੁੰਦੇ, ਪਰ ਆਪਣੀਆਂ ਛੁੱਟੀਆਂ ਗੁਰਦੁਆਰੇ ਵਿੱਚ ਬਿਤਾਉਣੀਆਂ? ਇਹ ਨਹੀਂ ਹੋ ਸਕਦਾ।"
"ਕਿਉਂ ਨਹੀਂ?" ਹਰਪ੍ਰੀਤ ਆਪਣੀ ਆਰਾਮਦਾਇਕ ਕੁਰਸੀ 'ਤੇ ਬੈਠ ਗਿਆ। "ਤੁਸੀਂ ਸਿਨੇਮਾ ਹਾਲਾਂ ਵਿੱਚ ਤਿੰਨ ਤੋਂ ਚਾਰ ਘੰਟੇ ਕਲਪਿਤ ਕਹਾਣੀਆਂ ਵੇਖ ਸਕਦੇ ਹੋ। ਮਹਿੰਗੇ ਸ਼ੌਕ ਤੇ ਭਰਮ।"
"ਕਿਉਂਕਿ ਉਹ ਮਜ਼ੇਦਾਰ ਹੁੰਦੇ ਹਨ!" ਹਰਮਨ ਦੀ ਆਵਾਜ਼ ਉੱਚੀ ਹੋ ਗਈ। "ਤੁਹਾਡੇ ਲਈ ਇਹ ਸਮਝਣਾ ਇੰਨਾ ਮੁਸ਼ਕਲ ਕਿਉਂ ਹੈ?"
"ਇਹੀ ਗੱਲ ਮੈਨੂੰ ਚਿੰਤਤ ਕਰਦੀ ਹੈ," ਹਰਪ੍ਰੀਤ ਅੱਗੇ ਵਧਿਆ, "ਤੁਸੀਂ ਆਪਣੇ ਆਪ ਨੂੰ ਉਨ੍ਹਾਂ ਚੀਜ਼ਾਂ ਦਾ ਆਨੰਦ ਲੈਣ ਲਈ ਤਿਆਰ ਕੀਤਾ ਹੈ ਜੋ ਝੂਠੀਆਂ ਹਨ। ਤੁਸੀਂ ਤਿੰਨ ਘੰਟੇ ਬਿਨਾਂ ਹਿੱਲੇ ਫਿਲਮਾਂ ਦੇ ਭਰਮਾਂ ਨੂੰ ਦੇਖ ਸਕਦੇ ਹੋ, ਪਰ ਹਕੀਕਤ ਨਾਲ ਨਹੀਂ ਜੁੜ ਸਕਦੇ, ਜਿਸ ਹਕੀਕਤ ਨੇ ਤੁਹਾਨੂੰ ਇਹ ਸਰੂਪ ਬਖ਼ਸ਼ਿਆ ਹੈ। ਇੱਹ ਗੱਲ ਮੇਰੇ ਲਈ ਅਸਹਿ ਹੈ।"
"ਓ ਰੱਬਾ।" ਨਵਦੀਪ ਨੇ ਆਪਣਾ ਫੋਨ ਫਿਰ ਤੋਂ ਫੜ ਲਿਆ। ਇਹ ਇਸ਼ਾਰਾ ਸੀ ਕਿ ਗੱਲਬਾਤ ਖਤਮ ਹੋ ਗਈ ਹੈ। "ਹਰ ਕੋਈ ਇਹੀ ਕਰਦਾ ਹੈ। ਇਹ ਇੰਨੀ ਸੋਚਣ ਵਾਲ਼ੀ ਗੱਲ ਨਹੀਂ ਹੈ।"
ਹਰਪ੍ਰੀਤ ਨੇ ਮਹਿਸੂਸ ਕੀਤਾ ਕਿ ਸੱਚਾਈ ਅਜਿਹੀਆਂ ਪਰਤਾਂ ਤੋਂ ਟਕਰਾ ਕੇ ਵਾਪਸ ਆ ਰਹੀ ਸੀ ਜੋ ਉਸਨੂੰ ਫੜ ਕੇ ਰੱਖਣ ਲਈ ਬਹੁਤ ਪੱਧਰੀਆਂ ਸਨ। ਉਸਨੇ ਸੁਰਜੀਤ ਵੱਲ ਦੇਖਿਆ। ਉਸ ਨੇ ਹਲਕਾ ਜਿਹਾ ਸਿਰ ਹਿਲਾ ਕੇ ਇਸ਼ਾਰਾ ਕੀਤਾ: ਹਾਲੇ ਜ਼ਿਆਦਾ ਜ਼ੋਰ ਨਾ ਪਾਓ।
******
ਉਸ ਸ਼ਾਮ, ਹਰਪ੍ਰੀਤ ਨੇ ਸੁਰਜੀਤ ਨੂੰ ਆਪਣੇ ਬੈੱਡਰੂਮ ਵਿੱਚ ਆਖਿਆ, "ਉਹ ਡੁੱਬ ਰਹੇ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤੈਰ ਰਹੇ ਹਨ।"
"ਉਹ ਬੱਚੇ ਹਨ ਜੋ ਉਹੀ ਕਰਨਾ ਚਾਹੁੰਦੇ ਹਨ ਜੋ ਦੂਜੇ ਬੱਚੇ ਕਰਦੇ ਹਨ," ਸੁਰਜੀਤ ਨੇ ਨਰਮੀ ਨਾਲ ਕਿਹਾ, "ਅਸੀਂ ਉਨ੍ਹਾਂ ਤੋਂ ਵੱਖਰੇ ਤਰੀਕੇ ਨਾਲ ਦੇਖਣ ਦੀ ਆਸ ਕਿਵੇਂ ਕਰ ਸਕਦੇ ਹਾਂ? ਸਿਰਫ਼ ਕਹਿਣ ਨਾਲ ਕੁਝ ਨਹੀਂ ਬਣਨਾ। ਤੁਹਾਨੂੰ ਉਨ੍ਹਾਂ ਨੂੰ ਆਪਣੇ ਆਪ ਸਮਝਣ ਲਈ ਛੱਡ ਦੇਣਾ ਚਾਹੀਦਾ ਹੈ।"
"ਜਦੋਂ ਮੈਂ ਉਨ੍ਹਾਂ ਦੀ ਉਮਰ ਦਾ ਸੀ, ਤਾਂ ਮੇਰੇ ਪਿਤਾ ਜੀ ਮੈਨੂੰ ਫਤਹਿਗੜ੍ਹ ਸਾਹਿਬ ਲੈ ਗਏ ਸਨ। ਮੈਂ ਉਹ ਖ਼ੂਨੀ ਦੀਵਾਰ ਵੇਖੀ ਜਿੱਥੇ..." ਉਹ ਗੱਲ ਪੂਰੀ ਨਹੀਂ ਕਰ ਸਕਿਆ, “ਅੱਜ ਦਹਾਕਿਆਂ ਬਾਅਦ ਵੀ, ਉਸ ਜਗ੍ਹਾ ਦੇ ਸਾਹਮਣੇ ਖੜਾ, ਮੈਂ ਅਜੇ ਵੀ ਇਹ ਮਹਿਸੂਸ ਕਰਦਾ ਹਾਂ ਜਿਵੇਂ ਕਿ ਉਨ੍ਹਾਂ ਇੱਟਾਂ ਨੇ ਮੇਰੇ ਅੰਦਰ ਕੁਝ ਤੋੜ ਦਿੱਤਾ ਸੀ ਅਤੇ ਮੈਨੂੰ ਮੁੜ ਤੋਂ ਵੱਖਰੇ ਤਰੀਕੇ ਨਾਲ ਜੋੜਿਆ ਸੀ। ਉਹ 26 ਦਸੰਬਰ ਸੀ। ਸ਼ਹੀਦੀ ਦਿਵਸ।"
"ਫਿਰ ਉਨ੍ਹਾਂ ਨੂੰ ਵੀ ਉਹੀ ਅਨੁਭਵ ਦਿਓ," ਸੁਰਜੀਤ ਨੇ ਕਿਹਾ, "ਭਾਸ਼ਣ ਨਹੀਂ। ਇੱਕ ਅਨੁਭਵ, ਇੱਕ ਅਹਿਸਾਸ। ਤੁਸੀਂ ਬੜੀ ਵਧੀਆ ਬਾਤ ਪਾਉਂਦੇ ਹੋ। ਤੁਹਾਨੂੰ ਬੱਸਸਹੀ ਮਾਹੌਲ ਦੀ ਲੋੜ ਹੈ।"
******
ਅਗਲੀ ਸਵੇਰ, ਹਰਪ੍ਰੀਤ ਨੇ ਬੜੇ ਧਿਆਨ ਨਾਲ ਇਕੱਠੇ ਕੀਤੇ ਉਤਸ਼ਾਹ ਦੇ ਨਾਲ ਆਪਣੇ ਬੱਚਿਆਂ ਨਾਲ ਗੱਲ ਕੀਤੀ। "ਅੱਜ ਰਾਤ, ਖਾਣੇ ਤੋਂ ਬਾਅਦ, ਇੱਕ ਵਿਸ਼ੇਸ਼ ਪਰਿਵਾਰਕ ਮੀਟਿੰਗ ਕਰਾਂਗੇ। ਇੱਕ ਰਹੱਸਮਈ ਮਿਸ਼ਨ। ਤੁਸੀਂ ਦੋਵੇਂ, ਬੈਠਕ ਵਿੱਚ, ਰਾਤ ਨੂੰ ਪੂਰੇ ਸਾਢੇ ਨੌ ਵਜੇ ਪਹੁੰਚ ਜਾਣਾ।"
"ਕਿਸ ਤਰ੍ਹਾਂ ਦਾ ਮਿਸ਼ਨ?" ਹਰਮਨ ਨੇ ਸ਼ੱਕ ਨਾਲ ਉੱਪਰ ਦੇਖਿਆ।
"ਜੇ ਮੈਂ ਤੁਹਾਨੂੰ ਦੱਸ ਦਿੱਤਾ, ਤਾਂ ਇਹ ਰਹੱਸ ਨਹੀਂ ਰਹੇਗਾ। ਪਰ ਮੈਂ ਵਾਅਦਾ ਕਰਦਾ ਹਾਂ ਕਿ ਇਹ ਕੋਈ ਭਾਸ਼ਣ ਨਹੀਂ ਹੈ। ਇਸ ਵਿੱਚ ਮੰਮੀ ਦੇ ਖ਼ਾਸ ਸੁਆਦਲੇ ਬਿਸਕੁਟ ਵੀ ਸ਼ਾਮਲ ਹੋ ਸਕਦੇ ਹਨ।"
ਜਾਦੂਈ ਸ਼ਬਦ ਨੇ ਕੰਮ ਕੀਤਾ।
"ਠੀਕ ਹੈ," ਹਰਮਨ ਨੇ ਅਣ ਮਨੇ ਜਿਹੇ ਮਨ ਨਾਲ ਕਿਹਾ, "ਪਰ ਉਹ ਰਹੱਸ ਅਸਲ ਵਿੱਚ ਦਿਲਚਸਪ ਹੋਣਾ ਚਾਹੀਦਾ ਹੈ।"
******
ਰਾਤ ਸਵਾ ਨੌ ਵਜੇ, ਹਰਪ੍ਰੀਤ ਅਤੇ ਸੁਰਜੀਤ ਨੇ ਬੈਠਕ ਦਾ ਨਕਸ਼ਾ ਬਦਲ ਦਿੱਤਾ, ਰੌਸ਼ਨੀਆਂ ਮੱਧਮ ਕਰ ਦਿੱਤੀਆਂ, ਮੋਮਬੱਤੀਆਂ ਨੂੰ ਚੰਗੇ ਤਰੀਕੇ ਨਾਲ ਸਜਾਇਆ, ਅਤੇ ਫਰਸ਼ 'ਤੇ ਕੁਸ਼ਨ ਇੱਕ ਗੋਲਾਈ ਵਿੱਚ ਰੱਖੇ। ਜਦੋਂ ਹਰਮਨ ਅਤੇ ਨਵਦੀਪ ਸਾਢੇ ਨੌਂ ਵਜੇ ਆਏ, ਤਾਂ ਦੋਵੇਂ ਹੈਰਾਨ ਹੋ ਕੇ ਰੁਕ ਗਏ।
"ਵਾਹ," ਨਵਦੀਪ ਨੇ ਕਿਹਾ, "ਬੜਾ ਵਧੀਆ ਮਾਹੌਲ ਹੈ।"
ਉਹ ਕੁਸ਼ਨਾਂ 'ਤੇ ਬੈਠ ਗਏ। ਮੋਮਬੱਤੀ ਦੀ ਰੋਸ਼ਨੀ ਵਿੱਚ, ਅਚਾਨਕ ਉਹ ਹੋਰ ਛੋਟੇ ਬੱਚੇ ਲੱਗ ਰਹੇ ਸਨ।
"ਮੈਂ ਇੱਕ ਸਵਾਲ ਨਾਲ ਸ਼ੁਰੂਆਤ ਕਰਨਾ ਚਾਹੁੰਦਾ ਹਾਂ," ਹਰਪ੍ਰੀਤ ਨੇ ਨਰਮੀ ਨਾਲ ਕਿਹਾ, "ਹਰਮਨ, ਜ਼ਿੰਦਗੀ ਬਾਰੇ ਤੇਰਾ ਕੀ ਨਜ਼ਰੀਆ ਹੈ? ਤੂੰ ਇਸ ਪੂਰੀ ਲੋਕਾਈ ਨੂੰ ਕਿਵੇਂ ਵੇਖਦੀ ਹੈਂ?"
ਸੋਚਣ ਲਈ ਸਮਾਂ ਲੈਂਦਿਆਂ, ਹਰਮਨ ਨੇ ਇੱਕ ਬਿਸਕੁਟ ਚੁੱਕਿਆ। ਉਸ ਨੂੰ ਫਿਲਾਸਫੀ ਦੀ ਉਮੀਦ ਨਹੀਂ ਸੀ, ਪਰ ਫੇਰ ਵੀ ਊਹ ਧਿਆਨ ਨਾਲ ਬੋਲਈ, "ਮੇਰਾ ਮਤਲਬ... ਤੁਹਾਨੂੰ ਇੱਕੋ ਇੱਕ ਜ਼ਿੰਦਗੀ ਹੀ ਮਿਲਦੀ ਹੈ। ਇਸ ਲਈ ਉਸ ਨੂੰ ਪੂਰੀ ਤਰ੍ਹਾਂ ਜੀਓ। ਮਜ਼ੇ ਕਰੋ, ਘੁੰਮੋ ਫਿਰੋ, ਸੈਰ ਸਪਾਟਾ ਕਰੋ, ਯਾਦਾਂ ਬਣਾਓ। ਯਾਦਗਾਰੀ ਪਲਾਂ ਨੂੰ ਪੋਸਟ ਕਰੋ। ਖ਼ੁਸ਼ ਰਹੋ।"
"ਅਤੇ ਤੂੰ, ਨਵਦੀਪ?"
ਨਵਦੀਪ ਸਿੱਧਾ ਹੋ ਕੇ ਬੈਠ ਗਿਆ, "ਬੱਸ ਇਹੀ ਜੋ ਹਰਮਨ ਕਹਿ ਰਹੀ ਹੈ। ਜੀਵਨ ਵਿੱਚ ਸਭ ਕੁਝ ਕਰੋ, ਸਖ਼ਤ ਮਿਹਨਤ ਕਰੋ, ਅਤੇ ਆਪਣੀ ਸਫ਼ਲਤਾ ਦੀ ਡੀਂਗ ਮਾਰੋ। ਚੋਟੀ ਦੀ ਕਾਰ ਲਓ, ਉਨ੍ਹਾਂ ਮਸ਼ਹੂਰ ਲੋਕਾਂ ਵਾਂਗ ਬਣੋ ਜਿਨ੍ਹਾਂ ਨੂੰ ਲੱਖਾਂ ਲੋਕ ਪਸੰਦ ਕਰਦੇ ਨੇ ਤੇ ਪਿੱਛੇ ਲਗਦੇ ਹਨ। ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਜਲਣ ਮਹਿਸੂਸ ਕਰਵਾਓ।"
"ਲੋਕਾਂ ਨੂੰ ਜਲਣ ਮਹਿਸੂਸ ਕਰਵਾਓ," ਹਰਪ੍ਰੀਤ ਨੇ ਨਰਮੀ ਨਾਲ ਦੁਹਰਾਇਆ, "ਜੀਵਨ ਦਾ ਇਹ ਇੱਕ ਦਿਲਚਸਪ ਉਦੇਸ਼ ਹੈ।" ਉਸਨੇ ਆਪਣੀ ਚਾਹ ਦੀ ਚੁਸਕੀ ਲਈ। "ਮੇਰੇ ਸਿਰ ‘ਚ ਕੋਈ ਗੱਲ ਫਸ ਗਈ ਹੈ, ਜੋ ਮੈਨੂੰ ਸੌਂਣ ਨਹੀਂ ਦਿੰਦੀ ਤੇ ਜਗਾਈ ਰੱਖਦੀ ਹੈ। ਸ਼ਾਇਦ ਤੁਸੀਂ ਇਸ ਨੂੰ ਸਮਝਣ ਵਿੱਚ ਮੇਰੀ ਮਦਦ ਕਰ ਸਕੋ।"
ਦੋਵੇਂ ਬੱਚੇ ਥੋੜ੍ਹਾ ਅੱਗੇ ਨੂੰ ਝੁਕ ਗਏ।
"ਚਾਰ ਸਾਹਿਬਜ਼ਾਦੇ: ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਫ਼ਰਜ਼ੰਦ — ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਅਠਾਰਾਂ ਅਤੇ ਚੌਦਾਂ ਸਾਲ ਦੇ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ, ਨੌਂ ਅਤੇ ਛੇ ਸਾਲ ਦੇ। ਕੀ ਤੁਸੀਂ ਜਾਣਦੇ ਹੋ ਉਨ੍ਹਾਂ ਨਾਲ ਕੀ ਵਾਪਰਿਆ ਸੀ?"
"ਉਹ ਸ਼ਹੀਦ ਹੋ ਗਏ ਸਨ," ਹਰਮਨ ਨੇ ਹੌਲੇ ਜਿਹੇ ਕਿਹਾ।
"ਹਾਂਜੀ, ਉਹ ਸ਼ਹੀਦ ਹੋਏ ਸਨ," ਹਰਪ੍ਰੀਤ ਨੇ ਸਿਰ ਹਿਲਾਇਆ। "ਪਰ ਇੱਥੇ ਇੱਕ ਗੱਲ ਮੈਨੂੰ ਹੈਰਾਨ ਕਰਦੀ ਹੈ। ਉਨ੍ਹਾਂ ਬੱਚਿਆਂ ਕੋਲ ਸਭ ਕੁਝ ਸੀ: ਦੌਲਤ, ਆਰਾਮ ਅਤੇ ਮਹਿਲ-ਮੁਨਾਰੇ। ਉਹ ਗੁਰਗੱਦੀ ਦੇ ਵਾਰਿਸ ਸਨ। ਲੰਬੀ, ਸ਼ਕਤੀਸ਼ਾਲੀ, ਮਸ਼ਹੂਰ ਜ਼ਿੰਦਗੀ ਦੀ ਹਰ ਸੰਭਾਵਨਾ ਉਨ੍ਹਾਂ ਦੇ ਅੱਗੇ ਸੀ।"
ਥੋੜ੍ਹੀ ਦਿਲ ਲਈ ਉਹ ਰੁਕਿਆ, ਤਾਂ ਜੋ ਤਸਵੀਰ ਸਪੱਸ਼ਟ ਹੋ ਜਾਏ, "ਅਤੇ ਫਿਰ ਵੀ 1704 ਵਿੱਚ 21 ਦਸੰਬਰ ਅਤੇ 27 ਦਸੰਬਰ ਦੇ ਵਿਚਕਾਰ, ਬਿਲਕੁਲ ਉਸੇ ਹਫ਼ਤੇ ਜਿਸ ਵਿੱਚ ਅਸੀਂ ਹੁਣ ਹਾਂ, ਉਨ੍ਹਾਂ ਨੇ ਇਹ ਸਭ ਕੁਝ ਤਿਆਗ ਦੇਣ ਦਾ ਫੈਸਲਾ ਕੀਤਾ।"
ਕਮਰੇ ਵਿੱਚ ਸੰਨਾਟਾ ਛਾ ਗਿਆ।
"ਹਰਮਨ, ਵੱਡੇ ਭਰਾ ਤੁਹਾਡੇ ਵਰਗੇ ਹੀ ਜਵਾਨ ਬੱਚੇ ਸਨ, ਉਹ 22 ਦਸੰਬਰ ਨੂੰ ਚਮਕੌਰ ਸਾਹਿਬ ਦੇ ਯੁੱਧ ਦੇ ਮੈਦਾਨ ਵਿੱਚ ਉੱਤਰੇ, ਇਹ ਜਾਣਦੇ ਹੋਏ ਵੀ ਕਿ ਹਾਲਾਤ ਕਿੰਨੇ ਮੁਸ਼ਕਲ ਸਨ। ਹਜ਼ਾਰਾਂ ਮੁਗਲ ਸਿਪਾਹੀਆਂ ਦੇ ਖਿਲਾਫ਼ ਚਾਲੀ ਸਿੱਖ। ਉਹ ਪਿੱਛੇ ਰਹਿ ਸਕਦੇ ਸਨ। ਉਨ੍ਹਾਂ ਨੇ ਆਪਣੇ ਪਿਤਾ ਤੋਂ ਲੜਨ ਦੀ ਇਜਾਜ਼ਤ ਮੰਗੀ, ਇਹ ਜਾਣਦੇ ਹੋਏ ਕਿ ਇਸਦਾ ਨਤੀਜਾ ਕੀ ਹੋਵੇਗਾ। ਅਤੇ ਉਹ ਅਜਿਹੀ ਦਲੇਰੀ ਨਾਲ ਲੜੇ ਕਿ ਅੱਜ ਸਦੀਆਂ ਬਾਅਦ ਵੀ ਅਸੀਂ ਅਜੇ ਵੀ ਉਨ੍ਹਾਂ ਨੂੰ ਯਾਦ ਕਰਦੇ ਹਾਂ।"
ਨਵਦੀਪ ਨੇ ਹਿੱਲਣਾ-ਜੁਲਣਾ ਬੰਦ ਕਰ ਦਿੱਤਾ ਸੀ।
"ਪਰ ਇਹ ਛੋਟੇ ਸਾਹਿਬਜ਼ਾਦੇ ਹਨ ਜੋ ਮੇਰਾ ਦਿਲ ਦਹਿਲਾ ਦਿੰਦੇ ਹਨ," ਹਰਪ੍ਰੀਤ ਨੇ ਆਪਣੀ ਆਵਾਜ਼ ਭਾਰੀ ਕਰਦਿਆਂ ਜਾਰੀ ਰੱਖਿਆ। "ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਸਰਸਾ ਨਦੀ ਦੇ ਨੇੜੇ ਲੜਾਈ ਦੌਰਾਨ ਆਪਣੇ ਪਿਤਾ ਤੋਂ ਜਲਦੀ ਹੀ ਵਿੱਛੜ ਗਏ ਸਨ। ਸੂਬੇ ਸਰਹਿੰਦ ਨੇ ਉਨ੍ਹਾਂ ਨੂੰ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਸਰਹਿੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਸੀ।"
ਉਸਨੇ ਆਪਣਾ ਪੁਰਾਣਾ ਗੁਟਕਾ ਸਾਹਿਬ ਕੱਢਿਆ ਤੇ ਉਸਨੂੰ ਇੱਕ ਸਹਾਰੇ ਵਾਂਗ ਫੜ ਲਿਆ, "24 ਦਸੰਬਰ ਨੂੰ, ਉਨ੍ਹਾਂ ਨੂੰ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸਨੇ ਉਨ੍ਹਾਂ ਨੂੰ ਸਭ ਕੁਝ ਦੇਣ ਦੀ ਪੇਸ਼ਕਸ਼ ਕੀਤੀ: ਦੌਲਤ, ਆਰਾਮ, ਅਮੀਰ ਜ਼ਿੰਦਗੀ। ਉਨ੍ਹਾਂ ਨੂੰ ਬੱਸ ਆਪਣਾ ਧਰਮ ਬਦਲਣਾ ਸੀ। ਬੱਸ ਸਿਰਫ਼ ਇੱਕ ਵਾਰ ਸਿਰ ਝੁਕਾਉਣਾ ਸੀ। ਉਹ ਬੱਚੇ ਸਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਦਾਦੀ ਉਨ੍ਹਾਂ ਦੀ ਜ਼ਿੰਦਗੀ ਲਈ ਭਿਖਿਆ ਮੰਗ ਰਹੀ ਸੀ। ਬੇਸ਼ੱਕ, ਇਹ ਇੱਕ ਝੂਠ ਸੀ, ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਇੱਕ ਚਾਲ ਤੇ ਦਬਾਅ ਸੀ।"
"ਫਿਰ ਉਨ੍ਹਾਂ ਨੇ ਕੀ ਕਿਹਾ?" ਹਰਮਨ ਨੇ ਹੌਲੀ ਜਿਹੀ ਪੁੱਛਿਆ।
"ਨੌਂ ਸਾਲ ਦੇ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ, “ਜਦੋਂ ਅਸੀਂ ਪਹਿਲਾਂ ਹੀ ਜ਼ਿੰਦਗੀ ਲੱਭ ਲਈ ਹੈ ਤਾਂ ਅਸੀਂ ਮੌਤ ਤੋਂ ਕਿਉਂ ਡਰੀਏ? ਜਦੋਂ ਵਾਹਿਗੁਰੂ ਸਾਡੇ ਅੰਗ-ਸੰਗ ਹੈ ਤਾਂ ਅਸੀਂ ਤੁਹਾਡੇ ਅੱਗੇ ਕਿਉਂ ਝੁਕੀਏ?'"
ਹਰਪ੍ਰੀਤ ਦੀ ਆਵਾਜ਼ ਭਰ ਆਈ, "ਉਨ੍ਹਾਂ ਨੂੰ ਸੋਚਣ ਲਈ ਦੋ ਹੋਰ ਦਿਨ ਦਿੱਤੇ ਗਏ, ਪਰ ਉਨ੍ਹਾਂ ਨੇ ਈਨ ਨਹੀਂ ਮੰਨੀ ਤੇ ਮਨ੍ਹਾ ਕਰ ਦਿੱਤਾ। ਅੰਤ ਵਿੱਚ, 26 ਦਸੰਬਰ ਨੂੰ, ਅੱਜ ਤੋਂ ਦੋ ਦਿਨ ਬਾਅਦ, ਠੀਕ 321 ਸਾਲ ਪਹਿਲਾਂ, ਵਜ਼ੀਰ ਖਾਨ ਨੇ ਉਨ੍ਹਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਇੱਕ ਕੰਧ ਦੇ ਅੰਦਰ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਇਹ ਉਨ੍ਹਾਂ ਦੇ ਆਲੇ-ਦੁਆਲੇ ਉਸਾਰੀ ਗਈ ਸੀ। ਸ਼ਾਂਤ ਖੜ੍ਹੇ, ਜਪੁਜੀ ਦਾ ਪਾਠ ਕਰਦੇ, ਉਹ ਇੱਟਾਂ ਨੂੰ ਆਪਣੇ ਛੋਟੇ ਸਰੀਰਾਂ ਦੇ ਦੁਆਲੇ ਉੱਸਰਦੇ ਵੇਖਦੇ ਰਹੇ, ਇੱਟਾਂ ਉਨ੍ਹਾਂ ਦੇ ਗੋਡਿਆਂ ਤੱਕ, ਲੱਕ ਤੱਕ, ਛਾਤੀਆਂ ਤੱਕ, ਮੋਢਿਆਂ ਤੱਕ ਤੇ ਫੇਰ ਉਨ੍ਹਾਂ ਦੀਆਂ ਗਰਦਨਾਂ ਤੱਕ ਆ ਗਈਆਂ।"
ਸੁਰਜੀਤ ਨੇ ਅੱਗੇ ਵਧ ਕੇ ਉਸਦਾ ਹੱਥ ਛੂਹਿਆ।
"ਅਤੇ ਉਹ ਗੁਰਬਾਣੀ ਦਾ ਜਾਪ ਕਰਦੇ ਰਹੇ," ਹਰਪ੍ਰੀਤ ਨੇ ਹੌਲੀ ਜਿਹੀ ਕਿਹਾ, "ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ। ਉਹ ਮੁਸਕਰਾ ਰਹੇ ਸਨ। ਜਦੋਂ ਉਨ੍ਹਾਂ ਦੇ ਸਾਹ ਰੁਕ ਗਏ ਅਤੇ ਸਰੀਰ ਢਹਿ ਗਏ, ਤਾਂ ਕੰਧ ਡਿੱਗ ਪਈ, ਅਤੇ ਫਿਰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਜਾਣ ਕੇ, ਉਨ੍ਹਾਂ ਦੀ ਦਾਦੀ ਜੀ ਮਾਤਾ ਗੁਜਰ ਕੌਰ ਜੀ ਵੀ ਉਸੇ ਦਿਨ ਅਕਾਲ ਚਲਾਣਾ ਕਰ ਗਏ।"
ਚਾਰੇ ਪਾਸੇ ਚੁੱਪ ਛਾ ਗਈ। ਹਰਮਨ ਬਿਸਕੁਟ ਭੁੱਲ ਚੁੱਕੀ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਰਹੇ ਸਨ।"
"ਇਸ ਲਈ ਇਹ ਮੇਰੀ ਦੁਬਿਧਾ ਹੈ," ਹਰਪ੍ਰੀਤ ਨੇ ਕਿਹਾ। "ਉਹ ਕਿਸ ਲਈ ਖੜ੍ਹੇ ਸਨ? ਉਨ੍ਹਾਂ ਬੱਚਿਆਂ ਨੇ... ਮੌਤ ਨੂੰ ਇਸ ਤਰ੍ਹਾਂ ਗਲੇ ਲਗਾਉਣ ਦੀ ਤਾਕਤ ਕਿੱਥੋਂ ਲਈ? ਕੀ ਉਹ ਕੋਈ ਵੱਖਰੇ ਪੈਦਾ ਹੋਏ ਸਨ? ਜਾਂ ਕੀ ਉਹ ਜ਼ਿੰਦਗੀ ਬਾਰੇ ਕੁਝ ਅਜਿਹਾ ਸਮਝ ਗਏ ਸਨ ਜੋ ਅਸੀਂ ਭੁੱਲ ਗਏ ਹਾਂ?"
ਦੋਵਾਂ ਵਿੱਚੋਂ ਕੋਈ ਵੀ ਬੱਚਾ ਕੁਝ ਨਾ ਕਹਿ ਸਕਿਆ।
"ਮੈਨੂੰ ਨਹੀਂ ਪਤਾ," ਹਰਮਨ ਨੇ ਆਖਰਕਾਰ ਹੌਲੀ ਜਿਹੀ ਕਿਹਾ, "ਮੈਨੂੰ ਸਮਝ ਨਹੀਂ ਆ ਰਹੀ ਕਿ ਕੋਈ ਕਿਵੇਂ...", ਉਸ ਦੇ ਮੁੱਖੋਂ ਸ਼ਬਦ ਨਹੀਂ ਨਿੱਕਲ ਰਹੇ ਸਨ।
"ਨਾ ਹੀ ਮੈਨੂੰ ਪਤਾ ਸੀ," ਹਰਪ੍ਰੀਤ ਨੇ ਕਿਹਾ, "ਜਦੋਂ ਤੱਕ ਮੈਂ ਇਹ ਨਹੀਂ ਸੀ ਸਿੱਖਿਆ ਕਿ ਗੁਰਬਾਣੀ ਜੀਵਨ ਅਤੇ ਮੌਤ ਬਾਰੇ ਕੀ ਸਿਖਾਉਂਦੀ ਹੈ। ਇਹੀ ਉਹ ਚੀਜ਼ ਹੈ ਜੋ ਮੈਂ ਅੱਜ ਰਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਭਾਸ਼ਣ ਦੇਣ ਲਈ ਨਹੀਂ... ਬਲਕਿ ਕੁਝ ਸਾਂਝਾ ਕਰਨ ਲਈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਫਿਲਟਰਾਂ ਅਤੇ ਪਿਛਲੱਗੂਆਂ (ਫਾਲੋਅਰਜ਼) ਦੇ ਹੇਠਾਂ ਕੁਝ ਅਸਲ ਲੱਭ ਰਹੇ ਹੋ, ਪਰ ਤੁਹਾਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਲੱਭਣਾ ਹੈ?"
ਨਵਦੀਪ ਨੇ ਹੈਰਾਨ ਹੋ ਕੇ ਉੱਪਰ ਦੇਖਿਆ। "ਤੁਹਾਨੂੰ ਕਿਵੇਂ ਪਤਾ..."
"ਕਿਉਂਕਿ ਮੈਂ ਤੁਹਾਨੂੰ ਵੇਖਦਾ ਹਾਂ। ਤੁਸੀਂ ਦੋਵਾਂ ਨੂੰ। ਆਪਣੇ ਫੋਨਾਂ ਨਾਲ ਚੰਬੜੇ ਹੋਏ, ਲਗਾਤਾਰ ਸਕ੍ਰੌਲ (Scroll) ਕਰਦੇ ਹੋਏ, ਲਗਾਤਾਰ ਪੋਸਟ ਕਰਦੇ ਹੋਏ, ਪਰ ਕਦੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ। ਹਮੇਸ਼ਾ ਤੁਲਨਾ ਕਰਦੇ ਹੋਏ, ਹਮੇਸ਼ਾ ਦਿਖਾਵਾ ਕਰਦੇ ਹੋਏ। ਇਹ ਸਭ ਥਕਾ ਦੇਣ ਵਾਲਾ ਹੈ, ਹੈ ਨਾ?"
ਸਾਦੀ ਜਿਹੀ ਗੱਲ ਤੇ ਸਧਾਰਨ ਪਛਾਣ ਨੇ ਅੱਖਾਂ ਖੋਲ੍ਹ ਦਿੱਤੀਆਂ।
ਹਰਪ੍ਰੀਤ ਨੇ ਆਪਣਾ ਗੁਟਕਾ ਸਾਹਿਬ ਖੋਲ੍ਹਿਆ, "ਸਿੱਖੀ ਸਾਨੂੰ ਕੁਝ ਇਨਕਲਾਬੀ ਸਿਖਾਉਂਦੀ ਹੈ। ਇਸ ਵਾਕ ਨੂੰ ਸੁਣੋ: ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਜੇਕਰ ਪ੍ਰਮਾਤਮਾ ਲਈ ਤੁਹਾਡਾ ਪਿਆਰ ਸੱਚਾ ਹੈ, ਤਾਂ ਉਸਦੇ ਅੱਗੇ ਸਭ ਕੁਝ ਸਮਰਪਿਤ ਕਰ ਦਿਓ। ਤੁਹਾਡੀ ਹਉਮੈ, ਤੁਹਾਡਾ ਡਰ, ਤੁਹਾਡੀਆਂ ਇੱਛਾਵਾਂ, ਤੁਹਾਡਾ ਮੋਹ, ਕੰਟਰੋਲ ਕਰਨ ਦੀ ਤੁਹਾਡੀ ਜ਼ਰੂਰਤ — ਉਨ੍ਹਾਂ ਨੂੰ ਮਰਨ ਦਿਓ।”
"ਉਨ੍ਹਾਂ ਨੂੰ ਮਰਨ ਦਿਓ?" ਹਰਮਨ ਉਲਝਣ ਵਿੱਚ ਲੱਗ ਰਹੀ ਸੀ। "ਪਰ ਸਾਨੂੰ ਤਾਂ ਜਿਉਣਾ ਚਾਹੀਦਾ ਹੈ?"
"ਬਿਲਕੁਲ!" ਹਰਪ੍ਰੀਤ ਦੀਆਂ ਅੱਖਾਂ ਚਮਕ ਉੱਠੀਆਂ। "ਇਹੀ ਤਾਂ ਵਿਰੋਧਾਭਾਸ ਹੈ। ਇਹੀ ਗੁੱਝਾ ਭੇਤ ਹੈ। “ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥” ਸੱਚਾ ਸ਼ਬਦ, ਗੁਰਬਾਣੀ ਨਾਲ ਆਪਣੀ ਹਉਮੈ ਨੂੰ ਮਰਨ ਦਿਓ। ਜਦੋਂ ਤੁਹਾਡੀ ਹਉਮੈ ਮਰ ਜਾਂਦੀ ਹੈ, ਤੁਹਾਡਾ ਸੁਆਰਥ, ਤੁਹਾਡੀਆਂ ਅਸੁਰੱਖਿਆਵਾਂ, ਅਤੇ ਤੁਹਾਡੀ ਤੁਲਨਾ ਕਰਨ ਅਤੇ ਮੁਕਾਬਲਾ ਕਰਨ ਦੀ ਨਿਰੰਤਰ ਲੋੜ ਵੀ ਮਰ ਜਾਂਦੀ ਹੈ, ਤਦ ਤੁਸੀਂ ਸੱਚਮੁੱਚ ਜਿਉਂਦੇ ਹੋ। ਤੁਹਾਡਾ ਪੁਨਰ ਜਨਮ ਹੁੰਦਾ ਹੈ — ਸਦੀਵੀ ਜੀਵਨ। ਅਤੇ ਫੇਰ ਤੁਸੀਂ ਅਮਰ ਹੋ ਜਾਂਦੇ ਹੋ ਤੇ ਕਦੇ ਨਹੀਂ ਮਰਦੇ।"
ਉਸ ਨੇ ਦੋਵਾਂ ਬੱਚਿਆਂ ਵੱਲ ਗਹੁ ਨਾਲ ਦੇਖਿਆ। "ਇਹ ਕੋਈ ਅਲੰਕਾਰ ਨਹੀਂ ਹੈ। ਇਹ ਇੱਕ ਸ਼ਾਬਦਿਕ ਸੱਚਾਈ ਹੈ। ਹਉਮੈ ਦੀ ਮੌਤ ਆਤਮਿਕ ਜੀਵਨ ਵੱਲ ਲੈ ਜਾਂਦੀ ਹੈ। ਅਤੇ ਜਦੋਂ ਤੁਹਾਡੇ ਕੋਲ ਆਤਮਿਕ ਜੀਵਨ ਹੁੰਦਾ ਹੈ, ਤਾਂ ਫਿਰ ਸਰੀਰਕ ਮੌਤ ਦਾ ਕੋਈ ਅਰਥ ਨਹੀਂ ਰਹੀ ਜਾਂਦਾ।"
ਨਵਦੀਪ ਨੇ ਗੰਭੀਰਤਾ ਨਾਲ ਸੋਚਦਿਆਂ ਮੱਥੇ 'ਤੇ ਤਿਉੜੀ ਪਾਉਂਦਿਆਂ ਕਿਹਾ, "ਪਰ ਸਾਹਿਬਜ਼ਾਦੇ ਸਰੀਰਕ ਤੌਰ 'ਤੇ ਸ਼ਹੀਦ ਹੋ ਗਏ ਸਨ।"
"ਕੀ ਸੱਚਮੁੱਚ?" ਹਰਪ੍ਰੀਤ ਅੱਗੇ ਵਧਿਆ। "ਇਸ ਬਾਰੇ ਸੋਚੋ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਪਹਿਲਾਂ ਹੀ ਆਪਣੀ ਹਉਮੈ ਉੱਤੇ ਕਾਬੂ ਪਾ ਲਿਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਸ਼ਬਦ ਨਾਲ ਹੋਇਆ ਸੀ। ਨਿਰਭਉਤਾ, ਸੱਚਾਈ, ਧਰਮ ਅਤੇ ਵਾਹਿਗੁਰੂ ਅੱਗੇ ਪੂਰਨ ਸਮਰਪਣ ਉਨ੍ਹਾਂ ਲਈ ਸਿਰਫ਼ ਵਿਚਾਰ ਨਹੀਂ ਸਨ। ਉਹ ਉਨ੍ਹਾਂ ਦੀ ਹੋਂਦ ਦੀ ਅਸਲ ਅਵਸਥਾ ਸਨ। ਉਹ ਮਹਿਮਾ ਜਾਂ ਕਿਸੇ ਪਛਾਣ ਲਈ ਨਹੀਂ ਲੜੇ ਸਨ। ਉਹ ਇਸ ਲਈ ਲੜੇ ਕਿਉਂਕਿ ਉਹ ਸਹੀ ਸੀ। ਕਿਉਂਕਿ ਉਨ੍ਹਾਂ ਦੀਆਂ ਰੂਹਾਂ ਤਾ ਪਹਿਲਾਂ ਹੀ ਸੱਚਾਈ ਨਾਲ ਮਿਲ ਚੁੱਕੀਆਂ ਸਨ।"
"ਅਤੇ ਛੋਟੇ ਸਾਹਿਬਜ਼ਾਦਿਆਂ ਨੇ," ਸੁਰਜੀਤ ਨੇ ਨਰਮੀ ਨਾਲ ਅੱਗੇ ਕਿਹਾ, "ਉਨ੍ਹਾਂ ਨੇ ਪਹਿਲਾਂ ਹੀ ਸ਼ਬਦੇ ਮਰਨਾ, ਹਉਮੈ ਦੀ ਮੌਤ ਪ੍ਰਾਪਤ ਕਰ ਲਈ ਸੀ, ਜ਼ਾਲਮਾਂ ਦੁਆਰਾ ਉਨ੍ਹਾਂ ਦੇ ਸਰੀਰਾਂ ਨੂੰ ਛੂਹਣ ਤੋਂ ਪਹਿਲਾਂ ਹੀ। ਇਸ ਲਈ ਜਦੋਂ ਉਨ੍ਹਾਂ ਦੇ ਸਰੀਰਕ ਰੂਪਾਂ 'ਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਦੀਆਂ ਆਤਮਾਵਾਂ ਪਹਿਲਾਂ ਹੀ ਅਮਰ ਸਨ।"
"ਪਰ ਉਹ ਚਲੇ ਗਏ," ਹਰਮਨ ਨੇ ਵਿਰੋਧ ਕੀਤਾ, ਉਸਦੀ ਆਵਾਜ਼ ਵਿੱਚ ਨਿਰਾਸ਼ਾ ਅਤੇ ਹੰਝੂ ਝਲਕ ਰਹੇ ਸਨ, "ਉਹ ਸ਼ਹੀਦ ਹੋ ਗਏ। ਉਹ ਹੁਣ ਇੱਥੇ ਨਹੀਂ ਹਨ।"
"ਕੀ ਉਹ ਇੱਥੇ ਨਹੀਂ ਹਨ?" ਹਰਪ੍ਰੀਤ ਨੇ ਨਰਮੀ ਨਾਲ ਪੁੱਛਿਆ। "ਤੇਰਾ ਨਾਮ ਕੀ ਹੈ?"
"ਹਰਮਨ ਕੌਰ।"
"ਕੌਰ। ਸਹਿਜ਼ਾਦੀ। ਖ਼ਾਲਸੇ ਦੀ ਧੀ। ਅਤੇ ਖ਼ਾਲਸਾ ਕੌਣ ਹੈ?"
"ਗੁਰੂ ਦੇ ਸਿੱਖ?"
"ਉਸ ਤੋਂ ਵੀ ਵੱਧ। ਖ਼ਾਲਸਾ ਸਾਹਿਬਜ਼ਾਦਿਆਂ ਦੀ ਰੂਹ ਨੂੰ ਜਿੰਦਾ ਰੱਖਦਾ ਹੈ। ਹਰ ਵਾਰ ਜਦੋਂ ਸਿੱਖ ਅਰਦਾਸ ਕਰਦੇ ਹਨ, ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਹਰ ਵਾਰ ਜਦੋਂ ਕੋਈ ਆਰਾਮ ਦੀ ਬਜਾਏ ਹਿੰਮਤ ਨੂੰ ਚੁਣਦਾ ਹੈ, ਉਹ ਉਸ ਵਿੱਚ ਜਿਉਂਦੇ ਹਨ। ਸਾਰੀ ਦੁਨੀਆ ਉਨ੍ਹਾਂ ਨੂੰ ਯਾਦ ਕਰਦੀ ਹੈ। ਪੀੜਤਾਂ ਵਜੋਂ ਨਹੀਂ। ਅਮਰ ਯੋਧਿਆਂ ਵਜੋਂ। ਇੱਕ ਪ੍ਰੇਰਨਾ ਵਜੋਂ।"
ਹਰਪ੍ਰੀਤ ਦੀ ਆਵਾਜ਼ ਭਾਵੁਕਤਾ ਨਾਲ ਭਰ ਗਈ, "ਉਹ ਤੁਹਾਡੇ ਵਿੱਚ ਰਹਿੰਦੇ ਹਨ, ਹਰ ਕੌਰ ਅਤੇ ਸਿੰਘ ਵਿੱਚ ਜੋ ਸੱਚਾਈ ਲਈ ਖੜ੍ਹੇ ਹੁੰਦੇ ਹਨ। ਹਰ ਉਸ ਵਿਅਕਤੀ ਵਿੱਚ ਜੋ ਕਿਸੇ ਮਹਾਨ ਚੀਜ਼ ਲਈ ਹਉਮੈ ਨੂੰ ਤਿਆਗਦਾ ਹੈ। ਉਹੀ ਹੈ ਜੀਵਹੁ ਸਦ ਹੀ, ਸਦੀਵੀ ਜੀਵਨ। ਉਹ ਸਦਾ ਚਿਰ ਜਿਉਂਦੇ ਹਨ।"
ਉਸ ਤੋਂ ਬਾਅਦ ਜਿਹੜੀ ਚੁੱਪ ਛਾਈ, ਹੁਣ ਉਹ ਵੱਖਰੀ ਕਿਸਮ ਦੀ ਮਹਿਸੂਸ ਹੋ ਰਹੀ ਸੀ — ਵਿਚਾਰਸ਼ੀਲ ਤੇ ਖੋਜ ਭਰਪੁਰ।"
"ਭਗਤ ਕਬੀਰ ਜੀ ਕਹਿੰਦੇ ਹਨ: ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥ ਉਹ ਮੌਤ ਜਿਸ ਤੋਂ ਦੁਨੀਆ ਡਰਦੀ ਹੈ, ਉਹ ਮੇਰੇ ਲਈ ਖੁਸ਼ੀ ਲਿਆਉਂਦੀ ਹੈ। ਕਿਉਂ? ਕਿਉਂਕਿ ਇਹ ਮੌਤ ਸਰੀਰ ਦੀ ਨਹੀਂ ਹੈ। ਉਹ ਹਉਮੈ, ਡਰ, ਮੋਹ ਅਤੇ ਅਗਿਆਨਤਾ ਦੀ ਮੌਤ ਹੈ। ਇਹ ਮੌਤ ਆਜ਼ਾਦੀ ਵੱਲ ਲੈ ਜਾਂਦੀ ਹੈ। ਪੂਰਨ ਪਰਮਾਨੰਦ, ਪੂਰਨ ਆਨੰਦ ਵੱਲ।"
"ਤਾਂ ਕੀ ਸਾਹਿਬਜ਼ਾਦੇ ਡਰੇ ਨਹੀਂ ਸਨ?" ਨਵਦੀਪ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ।
"ਉਨ੍ਹਾਂ ਨੇ ਪਹਿਲਾਂ ਹੀ ਆਪਣੀ ਹਉਮੈ ਦੀ ਮੌਤ ਦਾ ਅਨੁਭਵ ਕਰ ਲਿਆ ਸੀ। ਉਨ੍ਹਾਂ ਦੀਆਂ ਰੂਹਾਂ ਪ੍ਰਮਾਤਮਾ ਵਿੱਚ ਲੀਨ ਹੋ ਚੁੱਕੀਆਂ ਸਨ। ਇਸ ਲਈ ਜਦੋਂ ਸਰੀਰਕ ਮੌਤ ਦਾ ਪਲ ਆਇਆ, ਦੁਨੀਆ ਨੇ ਦੁਖਾਂਤ ਵੇਖਿਆ। ਪਰ ਉਨ੍ਹਾਂ ਨੇ ਪਰਮ ਆਨੰਦ ਮਹਿਸੂਸ ਕੀਤਾ। ਵਾਹਿਗੁਰੂ ਨਾਲ ਮਿਲਾਪ ਦਾ ਆਨੰਦ। ਉਹ ਨਿਰਭਉਤਾ ਜੋ ਸ਼ਬਦ ਤੋਂ ਪੈਦਾ ਹੁੰਦੀ ਹੈ।"
ਉਸਨੇ ਗੁਟਕਾ ਸਾਹਿਬ ਪਿਆਰ ਤੇ ਸਤਿਕਾਰ ਨਾਲ ਬੰਦ ਕਰਦਿਆ ਫਿਰ ਕਿਹਾ, "ਇਹੀ ਉਹ ਗੱਲ ਹੈ ਜੋ ਮੈਂ ਚਾਹੁੰਦਾ ਸੀ ਕਿ ਤੁਸੀਂ ਸਮਝੋ। ਜਵਾਨ ਹੋਣ ਦਾ ਮਤਲਬ ਲਾਪਰਵਾਹ ਹੋਣਾ ਨਹੀਂ ਹੈ। ਆਧੁਨਿਕ ਹੋਣ ਦਾ ਮਤਲਬ ਖੋਖਲਾ ਹੋਣਾ ਨਹੀਂ ਹੈ। ਸਾਹਿਬਜ਼ਾਦੇ ਤੁਹਾਡੀ ਉਮਰ ਦੇ ਸਨ। ਉਨ੍ਹਾਂ ਕੋਲ ਉਹ ਸਭ ਕੁਝ ਸੀ ਜੋ ਤੁਹਾਡੇ ਕੋਲ ਹੈ। ਪਰ ਉਨ੍ਹਾਂ ਨੇ ਦਿਖਾਵੇ ਦੀ ਬਜਾਏ ਕਦਰਾਂ-ਕੀਮਤਾਂ ਨੂੰ ਚੁਣਿਆ। ਆਰਾਮ ਦੀ ਬਜਾਏ ਹਿੰਮਤ ਨੂੰ ਤਰਜੀਹ ਦਿੱਤੀ। ਸੁਆਰਥ ਦੀ ਬਜਾਏ ਕੁਰਬਾਨੀ ਮੰਗੀ। ਪ੍ਰਦਰਸ਼ਨ ਦੀ ਬਜਾਏ ਸੱਚਾਈ ਦੇ ਮਾਰਗ ‘ਤੇ ਚੱਲੇ।"
"ਪਰ ਕਿਵੇਂ?" ਹਰਮਨ ਦੀ ਆਵਾਜ਼ ਭਰ ਆਈ। "ਤੁਸੀਂ ਅਜਿਹਾ ਕਿਵੇਂ ਬਣਦੇ ਹੋ? ਮੈਂ ਤਾਂ ਇੱਕ ਘੰਟੇ ਲਈ ਆਪਣਾ ਫੋਨ ਵੀ ਨਹੀਂ ਛੱਡ ਸਕਦੀ।"
ਹਰਪ੍ਰੀਤ ਪਿਆਰ ਨਾਲ ਹਲਕਾ ਜਿਹਾ ਮੁਸਕਰਾਇਆ, "ਤੁਸੀਂ ਛੋਟੀ ਸ਼ੁਰੂਆਤ ਕਰੋ। ਇਹ ਸਵਾਲ ਪੁੱਛ ਕੇ ਸ਼ੁਰੂ ਕਰੋ ਕਿ ਤੁਸੀਂ ਕਿਸ ਚੀਜ਼ ਦਾ ਪਿੱਛਾ ਕਰ ਰਹੇ ਹੋ। ਗੁਰਬਾਣੀ ਪੜ੍ਹ ਕੇ ਤੇ ਅਸਲ ਵਿੱਚ ਇਸ ਬਾਰੇ ਸੋਚ ਕੇ, ਤੁਸੀਂ ਛੋਟੇ ਤਰੀਕਿਆਂ ਨਾਲ ਆਪਣੀ ਹਉਮੈ ਨੂੰ ਮਰਨ ਦੇਣ ਦਾ ਅਭਿਆਸ ਕਰਦੇ ਹੋ, ਇੱਕ ਝੂਠੀ ਚੀਜ਼ ਨਾਲੋਂ ਇੱਕ ਅਸਲੀ ਚੀਜ਼ ਦੀ ਚੋਣ ਕਰਦੇ ਹੋ, ਇਸ ਤੋਂ ਪਹਿਲਾਂ ਕਿ ਜ਼ਿੰਦਗੀ ਤੁਹਾਨੂੰ ਵੱਡੇ ਇਮਤਿਹਾਨਾਂ ਦਾ ਸਾਹਮਣਾ ਕਰਨ ਲਈ ਕਹੇ।"
"ਅਤੇ ਤੁਹਾਨੂੰ ਇਹ ਇਕੱਲਿਆਂ ਕਰਨ ਦੀ ਲੋੜ ਨਹੀਂ ਹੈ," ਸੁਰਜੀਤ ਨੇ ਕਿਹਾ, "ਇਸੇ ਲਈ ਤਾਂ ਸਾਧ ਸੰਗਤ ਹੈ। ਇਸੇ ਲਈ ਗੁਰਦੁਆਰਾ ਸਾਹਿਬ ਹੈ। ਇਸੇ ਲਈ ਯਾਦ ਦਾ ਇਹ ਸ਼ਹੀਦੀ ਹਫ਼ਤਾ ਹੈ।"
ਨਵਦੀਪ ਨੇ ਆਪਣੇ ਪਿਤਾ ਵੱਲ ਇੱਕ ਨਵੀਂ ਨਜ਼ਰ ਨਾਲ ਦੇਖਦਿਆਂ ਆਖਿਆ, "ਕੀ ਇਹੀ ਕਾਰਨ ਹੈ ਕਿ ਤੁਸੀਂ ਚਾਹੁੰਦੇ ਸੀ ਕਿ ਅਸੀਂ ਸਮਾਗਮ ਵਿੱਚ ਜਾਈਏ?"
"ਹਾਂ। ਬੋਰ ਹੋ ਕੇ ਬੈਠਣ ਲਈ ਨਹੀਂ। ਜੁੜਨ ਲਈ। ਉਹ ਮਹਿਸੂਸ ਕਰਨ ਲਈ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ। ਉਨ੍ਹਾਂ ਲੋਕਾਂ ਤੋਂ ਕਥਾ ਸੁਣਨ ਲਈ ਜਿਨ੍ਹਾਂ ਨੇ ਇਸ ਸੱਚ ਨੂੰ ਸਮਝਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ।"
"ਮੈਂ ਜਾਣਾ ਚਾਹੁੰਦੀ ਹਾਂ," ਹਰਮਨ ਨੇ ਅਚਾਨਕ ਆਪਣੇ ਅੱਥਰੂ ਪੂੰਝਦੇ ਹੋਏ ਕਿਹਾ, "ਕੱਲ੍ਹ। ਮੈਂ ਇਸਨੂੰ ਸਮਝਣਾ ਚਾਹੁੰਦੀ ਹਾਂ।"
"ਮੈਂ ਵੀ," ਨਵਦੀਪ ਨੇ ਕਿਹਾ। "ਪਰ ਡੈਡ... ਕੀ ਤੁਸੀਂ ਸਾਡੇ ਨਾਲ ਆਵੋਗੇ? ਸਾਨੂੰ ਸਮਝਣ ਵਿੱਚ ਮਦਦ ਕਰੋਗੇ?"
ਹਰਪ੍ਰੀਤ ਨੇ ਭਾਵੁਕ ਹੁੰਦਿਆਂ ਕਿਹਾ, "ਇਸ ਤੋਂ ਵੱਧ ਮੈਨੂੰ ਹੋਰ ਕੋਈ ਖੁਸ਼ੀ ਨਹੀਂ ਹੋਵੇਗੀ।"
******
ਅਗਲੀ ਸਵੇਰ, 22 ਦਸੰਬਰ, ਚਮਕੌਰ ਦੇ ਯੁੱਧ ਦੀ ਵਰ੍ਹੇਗੰਢ, ਉਨ੍ਹਾਂ ਦੀ ਕਾਰ ਗੁਰਦੁਆਰਾ ਸਾਹਿਬ ਅੱਗੇ ਰੁਕੀ। ਦੋਵੇਂ ਬੱਚੇ ਨਵੀਆਂ ਨਜ਼ਰਾਂ ਨਾਲ ਬਾਹਰ ਆਏ। ਉਹ ਇਮਾਰਤ ਜਿਸ ਨੂੰ ਉਨ੍ਹਾਂ ਨੇ ਸੌ ਵਾਰ ਵੇਖਿਆ ਸੀ, ਅਚਾਨਕ ਵੱਖਰੀ ਦਿਖਾਈ ਦੇ ਰਹੀ ਸੀ।
ਅੰਦਰ ਸੰਗਤ ਇਕੱਠੀ ਹੋ ਰਹੀ ਸੀ। ਚਾਹ ਅਤੇ ਅਗਰਬੱਤੀ ਦੀ ਖ਼ੁਸ਼ਬੂ ਸ਼ਾਂਤ ਸ਼ਰਧਾ ਨਾਲ ਮਿਲ ਕੇ ਆਨੰਦਮਈ ਮਹੌਲ ਸਿਰਜ ਰਹੀ ਸੀ। ਹਰਮਨ ਅਤੇ ਨਵਦੀਪ ਆਪਣੇ ਮਾਪਿਆਂ ਦੇ ਪਿੱਛੇ ਜ਼ਮੀਨ 'ਤੇ ਬੈਠ ਗਏ, ਅਤੇ ਜਦੋਂ ਕੀਰਤਨ ਸ਼ੁਰੂ ਹੋਇਆ, ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਸੱਚਮੁੱਚ ਸੁਣਿਆ ਹੀ ਨਹੀਂ ਸਗੋਂ ਮਹਿਸੂਸ ਕੀਤਾ।"
ਗੁਰਮੁਖੀ ਵਿੱਚ ਸ਼ਬਦ ਪ੍ਰਵਾਹਿਤ ਹੋ ਰਹੇ ਸਨ; ਉਹ ਪੂਰੀ ਤਰ੍ਹਾਂ ਭਾਸ਼ਾ ਨੂੰ ਨਹੀਂ ਸਮਝਦੇ ਸਨ, ਪਰ ਬੋਲਾਂ ਅੰਦਰ ਕੁਝ ਹੋਰ ਸੀ। ਇੱਕ ਪ੍ਰਵਾਹ… ਇੱਕ ਤਰੰਗ… ਜਿਵੇਂ ਸਦੀਆਂ ਦੇ ਪਾਰ ਤੋਂ ਇੱਕ ਸਦਾ ਉੱਠ ਰਹੀ ਸੀ।
ਜਦੋਂ ਕਥਾਵਾਚਕ ਨੇ ਚਮਕੌਰ ਦੀ ਲੜਾਈ ਦਾ ਵਰਣਨ ਕਰਨਾ ਸ਼ੁਰੂ ਕੀਤਾ, ਇਹ ਦੱਸਿਆ ਕਿ ਕਿਵੇਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅੱਜ ਦੇ ਦਿਨ 321 ਸਾਲ ਪਹਿਲਾਂ ਬਹਾਦਰੀ ਨਾਲ ਲੜੇ ਸਨ, ਹਰਮਨ ਨੇ ਉਸ ਨੂੰ ਆਪਣੇ ਧੁਰ-ਅੰਦਰ ਮਹਿਸੂਸ ਕੀਤਾ। ਵੱਡੇ ਸਾਹਿਬਜ਼ਾਦੇ ਹੁਣ ਸਿਰਫ਼ ਦੂਰ ਦੇ ਨਾਇਕ ਨਹੀਂ ਸਨ। ਉਹ ਸ਼ੀਸ਼ੇ ਸਨ ਜੋ ਦਿਖਾ ਰਹੇ ਸਨ ਕਿ ਹਿੰਮਤ ਅਸਲ ਵਿੱਚ ਕਿਹੋ ਜਿਹੀ ਹੁੰਦੀ ਹੈ। ਕਿਸੇ ਅਸਲੀ ਚੀਜ਼ ਲਈ ਖੜ੍ਹੇ ਹੋਣ ਦਾ ਕੀ ਮਤਲਬ ਹੈ।"
ਉਸਦੇ ਕੋਲ ਬੈਠਾ ਨਵਦੀਪ ਆਪਣੀਆਂ ਮੁੱਠੀਆਂ ਕੱਸ ਕੇ ਬੰਦ ਕਰਕੇ ਬੈਠਾ ਸੀ, ਤੇ ਜਜ਼ਬੇ ਨਾਲ ਬਹੁਤ ਪ੍ਰਭਾਵਿਤ ਲੱਗ ਰਿਹਾ ਸੀ। ਉਸਨੇ ਉਨ੍ਹਾਂ ਸਾਰੀਆਂ ਵੀਡੀਓ ਖੇਡਾਂ ਬਾਰੇ ਸੋਚਿਆ ਜੋ ਉਹ ਇੱਕ ਯੋਧੇ ਵਜੋਂ ਖੇਡਦਾ ਸੀ, ਜਿੱਥੇ ਬਹਾਦਰੀ ਦਾ ਮਤਲਬ ਬਟਨ ਦਬਾਉਣਾ ਸੀ। ਪਰ ਇਹ ਅਸਲ ਸੀ। ਉਸ ਤੋਂ ਮਸਾਂ ਹੀ ਵੱਡੀ ਉਮਰ ਦੇ ਬੱਚਿਆਂ ਨੇ ਅਸਲ ਹਥਿਆਰਾਂ, ਅਸਲੀ ਲੜਾਈ, ਅਸਲੀ ਮੌਤ ਦਾ ਸਾਹਮਣਾ ਬਹਾਦਰੀ, ਸਲੀਕੇ, ਮਕਸਦ ਅਤੇ ਵਿਸ਼ਵਾਸ ਨਾਲ ਕੀਤਾ ਸੀ।"
ਪ੍ਰੋਗਰਾਮ ਤੋਂ ਬਾਅਦ, ਜਦੋਂ ਉਹ ਘਰ ਜਾ ਰਹੇ ਸਨ, ਕਿਸੇ ਵੀ ਬੱਚੇ ਨੇ ਆਪਣੇ ਫੋਨ ਨਹੀਂ ਫੜੇ। ਉਨ੍ਹਾਂ ਨੂੰ ਅੱਜ ਦਸੰਬਰ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ, ਸਭ ਕੁਝ ਵੱਖਰਾ ਦਿੱਖ ਰਿਹਾ ਸੀ, ਜੋ ਕਿ ਵਧੇਰੇ ਕੋਮਲ ਅਤੇ ਵਧੇਰੇ ਕੀਮਤੀ ਸੀ।"
"ਡੈਡ," ਹਰਮਨ ਨੇ ਹੌਲੀ ਜਿਹੀ ਕਿਹਾ, "ਤੁਹਾਡਾ ਧੰਨਵਾਦ। ਕੱਲ੍ਹ ਰਾਤ ਲਈ ਤੇ ਸਾਡੇ 'ਤੇ ਉਮੀਦ ਨਾ ਛੱਡਣ ਲਈ।"
"ਹਾਂ," ਨਵਦੀਪ ਨੇ ਅੱਗੇ ਕਿਹਾ। "ਮਿਸ਼ਨ ਲਈ ਧੰਨਵਾਦ।"
ਹਰਪ੍ਰੀਤ ਨੇ ਪਿੱਛੇ ਦੇਖਣ ਵਾਲੇ ਸ਼ੀਸ਼ੇ ਵਿੱਚ ਸੁਰਜੀਤ ਦੀਆਂ ਅੱਖਾਂ ਵੇਖੀਆਂ। ਉਹ ਨਿੰਮਾ ਜਿਹਾ ਮੁਸਕਰਾਈ।
"ਮਿਸ਼ਨ ਅਜੇ ਖਤਮ ਨਹੀਂ ਹੋਇਆ," ਉਸਨੇ ਕਿਹਾ, "ਇਹ ਤਾਂ ਸਿਰਫ਼ ਸ਼ੁਰੂਆਤ ਹੈ। ਅਸੀਂ ਝੂਠੇ ਮੈਂ ਨੂੰ ਮਰਨ ਦੇਣਾ ਸਿੱਖਣਾ ਹੈ ਤਾਂ ਜੋ ਸੱਚਾ ਮੈਂ ਜੀ ਸਕੇ। ਨਿਰਭੈ ਹੋਣਾ ਸਿੱਖਣਾ ਹੈ, ਇਸ ਲਈ ਨਹੀਂ ਕਿ ਤੁਹਾਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ, ਬਲਕਿ ਇਸ ਲਈ ਕਿਉਂਕਿ ਤੁਸੀਂ ਡਰ ਤੋਂ ਵੱਡੀ ਚੀਜ਼ ਨਾਲ ਜੁੜੇ ਹੋਏ ਹੋ। ਸਾਡੇ ਕੋਲ ਸਮਾਗਮ ਦੇ ਚਾਰ ਦਿਨ ਹੋਰ ਹਨ। ਕੀ ਤੁਸੀਂ ਸਾਡੇ ਨਾਲ ਆਵੋਗੇ?"
"ਹਾਂ, ਜ਼ਰੂਰ" ਉਨ੍ਹਾਂ ਨੇ ਇਕੱਠਿਆਂ ਕਿਹਾ।"
******
ਉਸ ਰਾਤ, ਹਰਮਨ ਆਪਣੇ ਬੈੱਡਰੂਮ ਦੇ ਫਰਸ਼ 'ਤੇ ਆਪਣਾ ਗੁਟਕਾ ਸਾਹਿਬ ਲੈ ਕੇ ਬੈਠੀ ਸੀ, ਜੋ ਉਸਦੀ ਦਾਦੀ ਦਾ ਦਿੱਤਾ ਹੋਇਆ ਤੋਹਫ਼ਾ ਸੀ ਅਤੇ ਸਾਲਾਂ ਤੋਂ ਬੰਦ ਪਿਆ ਸੀ। ਉਸਨੇ ਇਸਨੂੰ ਬੜੀ ਸਾਵਧਾਨੀ ਅਤੇ ਸਤਿਕਾਰ ਨਾਲ ਖੋਲ੍ਹਿਆ। ਗੁਰਮੁਖੀ ਲਿਖਤ ਕਲਾ ਵਰਗੀ ਲੱਗ ਰਹੀ ਸੀ। ਉਸਨੇ ਆਪਣੇ ਫੋਨ 'ਤੇ ਇੱਕ ਅਨੁਵਾਦ ਕਰਨ ਵਾਲੀ ਐਪ ਲੱਭੀ, ਉਹੀ ਫੋਨ ਜਿਸ ਨੇ ਉਸਨੂੰ ਗੁਲਾਮ ਬਣਾਇਆ ਸੀ, ਅਤੇ ਹੌਲੀ-ਹੌਲੀ, ਰੁਕ-ਰੁਕ ਕੇ ਆਪਣਾ ਪਹਿਲਾ ਸ਼ਬਦ ਸਿੱਖਣਾ ਸ਼ੁਰੂ ਕੀਤਾ।"
ਕਮਰੇ ਤੋਂ ਬਾਹਰ, ਨਵਦੀਪ ਆਪਣੀ ਖਿੜਕੀ ਕੋਲ ਖੜ੍ਹਾ ਦਸੰਬਰ ਦੇ ਤਾਰਿਆਂ ਵੱਲ ਦੇਖ ਰਿਹਾ ਸੀ। ਉਸਨੇ ਸਾਹਿਬਜ਼ਾਦਿਆਂ ਬਾਰੇ ਸੋਚਿਆ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਬਾਰੇ ਜੋ 26 ਦਸੰਬਰ ਨੂੰ ਨੀਹਾਂ ਦੇ ਵਿਚਕਾਰ ਖੜ੍ਹੇ ਸਨ, ਇੱਕ ਦੂਜੇ ਦੇ ਹੱਥ ਫੜੇ ਹੋਏ, ਗੁਰਬਾਣੀ ਦਾ ਜਾਪ ਕਰਦੇ ਹੋਏ, ਕਿਸੇ ਅਜਿਹੀ ਚੀਜ਼ ਨੂੰ ਲੱਭਣ ਬਾਰੇ ਜੋ ਡਟ ਕੇ ਮੈਦਾਨ ਵਿੱਚ ਖੜ੍ਹੇ ਹੋਣ ਦੇ ਲਾਇਕ ਹੋਵੇ। ਕੋਈ ਅਜਿਹਾ ਮਨੁੱਖ ਬਣਨ ਬਾਰੇ ਜੋ ਸੱਚਮੁੱਚ ਦਾ ਆਜ਼ਾਦ ਮਨੁੱਖ ਹੋਵੇ - ਸੱਚਾ ਖ਼ਾਲਸਾ।"
ਅੱਜ ਤੋਂ ਦੋ ਦਿਨ ਬਾਅਦ, 26 ਦਸੰਬਰ ਨੂੰ, ਉਹ ਸਭ ਤੋਂ ਮਹੱਤਵਪੂਰਨ ਯਾਦਗਾਰ ਮਨਾਉਣ ਲਈ ਗੁਰਦੁਆਰਾ ਸਾਹਿਬ ਵਾਪਸ ਜਾਣਗੇ। ਅਤੇ ਪਹਿਲੀ ਵਾਰ, ਉਹ ਸਮਝਣਗੇ ਕਿ ਉਹ ਕੀ ਯਾਦ ਕਰ ਰਹੇ ਹਨ। ਸਿਰਫ਼ ਇੱਕ ਇਤਿਹਾਸਕ ਦੁਖਾਂਤ ਨਹੀਂ, ਬਲਕਿ ਸੱਚਮੁੱਚ ਜੀਉਣ ਦੇ ਤਰੀਕੇ ਦੀ ਇੱਕ ਜਿਉਂਦੀ ਜਾਗਦੀ ਮਿਸਾਲ।"
ਬੈਠਕ ਵਿੱਚ, ਹਰਪ੍ਰੀਤ ਅਤੇ ਸੁਰਜੀਤ ਇੱਕ ਸਹਿਜ ਚੁੱਪ ਵਿੱਚ ਇਕੱਠੇ ਬੈਠੇ ਸਨ।
"ਉਨ੍ਹਾਂ ਨੇ ਇਸਨੂੰ ਸੁਣਿਆ," ਸੁਰਜੀਤ ਨੇ ਹੌਲੀ ਜਿਹੀ ਕਿਹਾ।
"ਨਹੀਂ ਉਨ੍ਹਾਂ ਨੇ ਇਸਨੂੰ ਮਹਿਸੂਸ ਕੀਤਾ ਹੈ," ਹਰਪ੍ਰੀਤ ਨੇ ਉਸ ਨੂੰ ਸਹੀ ਕਰਦਿਆਂ ਕਿਹਾ, "ਸੁਣਨ ਤੇ ਮਹਿਸੂਸ ਕਰਨ ਵਿੱਚ ਫਰਕ ਹੈ।"
ਖਿੜਕੀਆਂ ਨਾਲ ਟਕਰਾਉਂਦੀ ਹੋਈ ਦਸੰਬਰ ਦੀ ਹਵਾ ਕੁਝ ਕਹਿ ਰਹੀ ਸੀ, ਜੋ ਆਪਣੇ ਨਾਲ ਬੀਤੀਆਂ ਸਦੀਆਂ ਦੀ ਹਿੰਮਤ ਦੀ ਗੂੰਜ, ਜਾਗਣ ਦਾ ਵਾਅਦਾ, ਅਤੇ ਸੱਚਮੁੱਚ ਜਿਉਣ ਦਾ ਸੰਦੇਸ਼ ਲੈ ਕੇ ਆਈ ਸੀ।"
ਦੋ ਨੌਜਵਾਨ ਦਿਲਾਂ ਨੇ ਆਖਰਕਾਰ ਉਸ ਸੰਦੇਸ਼ ਨੂੰ ਸੁਣ ਲਿਆ ਸੀ। ਪੂਰਨਤਾ ਲਈ ਨਹੀਂ, ਉਹ ਅਜੇ ਵੀ ਬੱਚੇ ਸਨ, ਅਜੇ ਵੀ ਸਿੱਖ ਰਹੇ ਸਨ, ਅਜੇ ਵੀ ਠੋਕਰਾਂ ਖਾ ਰਹੇ ਸਨ। ਪਰ ਹੁਣ ਕਿਸੇ ਮਕਸਦ ਲਈ — ਸੱਚਾਈ ਲਈ। ਕੰਧਾਂ ਨੂੰ ਸ਼ੀਸ਼ੇ ਬਣਨ ਦੇਣ ਦੇ ਇਕ ਲੰਬੇ, ਖੂਬਸੂਰਤ ਸਫ਼ਰ ਲਈ, ਅਤੇ ਸ਼ੀਸ਼ਿਆਂ ਨੂੰ ਸਦੀਵੀ ਰੌਸ਼ਨੀ ਵਾਲੀਆਂ ਖਿੜਕੀਆਂ ਬਣਨ ਦੇਣ ਲਈ।"
ਉਨ੍ਹਾਂ ਲਈ ਚਾਰ ਸਾਹਿਬਜ਼ਾਦਿਆਂ ਦੀ ਕਹਾਣੀ ਹੁਣ ਸਿਰਫ਼ ਇਤਿਹਾਸ ਨਹੀਂ ਸੀ। ਇਹ ਉਨ੍ਹਾਂ ਦੀ ਕਹਾਣੀ ਵੀ ਬਣ ਰਹੀ ਸੀ, ਅਤੇ ਉਹ ਤਬਦੀਲੀ, ਉਹ ਜਾਗ੍ਰਿਤੀ, ਹਰ ਉਸ ਚੀਜ਼ ਵਿੱਚ ਅੱਗੇ ਵਧੇਗੀ ਜਿਸ ਨੂੰ ਉਨ੍ਹਾਂ ਨੇ ਛੂਹਿਆ, ਹਰ ਉਹ ਵਿਅਕਤੀ ਜਿਸਨੂੰ ਉਹ ਮਿਲੇ, ਹਰ ਉਹ ਚੋਣ ਜੋ ਉਨ੍ਹਾਂ ਨੇ ਦਸੰਬਰ ਦੀ ਇਸ ਰਾਤ ਤੋਂ ਬਾਅਦ ਕੀਤੀ।
ਸ਼ਹੀਦ ਕਰਨ ਵਾਲੀਆਂ ਕੰਧਾਂ ਅਤੇ ਸੱਚਾਈ ਨੂੰ ਪ੍ਰਗਟ ਕਰਨ ਵਾਲੀਆਂ ਨੀਹਾਂ ਦੇ ਵਿਚਕਾਰ, ਉਨ੍ਹਾਂ ਨੇ ਆਪਣਾ ਰਸਤਾ ਲੱਭ ਲਿਆ ਸੀ।
…ਤੇ ਉਨ੍ਹਾਂ ਦਾ ਅੰਦਰੂਨੀ ਮਿਸ਼ਨ ਸ਼ੁਰੂ ਹੋ ਗਿਆ ਸੀ।
ਸੰਪਰਕ: drdpsn@gmail.com