ਅਮਨਦੀਪ ਸਿੰਘ
ਹਰ ਸਾਲ 22 ਅਪਰੈਲ ਨੂੰ 'ਧਰਤੀ ਦਿਵਸ' ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ 1970 ਵਿੱਚ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਵਿੱਚ 2 ਕਰੋੜ ਲੋਕ ਪ੍ਰਦੂਸ਼ਣ ਖ਼ਿਲਾਫ਼ ਸੜਕਾਂ 'ਤੇ ਉੱਤਰੇ ਸਨ। ਉਨ੍ਹਾਂ ਨੇ ਮਨੁੱਖੀ ਸਿਹਤ ਉੱਤੇ ਮਾੜੇ ਪ੍ਰਭਾਵ ਪਾ ਰਹੇ ਵਾਤਾਵਰਣ ਦੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਈ ਸੀ। ਅੱਜ ਇਹ ਸਿਰਫ਼ ਅਮਰੀਕਾ ਦਾ ਨਹੀਂ, ਸਗੋਂ ਪੂਰੀ ਦੁਨੀਆ ਦਾ ਦਿਨ ਬਣ ਚੁੱਕਾ ਹੈ—ਇੱਕ ਅਰਬ ਤੋਂ ਵੱਧ ਲੋਕ ਇਸ ਨੂੰ ਮਨਾਉਂਦੇ ਹਨ! ਇਹ ਸਾਡੀ ਧਰਤੀ ਨੂੰ ਬਚਾਉਣ ਦਾ ਇੱਕ ਵੱਡਾ ਉਪਰਾਲਾ ਹੈ। ਇਸ ਸਾਲ ਦਾ ਪ੍ਰਸੰਗ 'ਸਾਡੀ ਧਰਤੀ, ਸਾਡੀ ਸ਼ਕਤੀ' ਹੈ, ਜੋ ਵਾਤਾਵਰਣ ਤਰੱਕੀ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ।
ਇਸ ਦਿਨ ਵਾਤਾਵਰਣ ਨਾਲ ਜੁੜੀਆਂ ਸੰਸਥਾਵਾਂ ਧਰਤੀ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਗ੍ਹਾ-ਜਗ੍ਹਾ ਬੂਟੇ ਤੇ ਫੁੱਲ ਲਗਾਏ ਜਾਂਦੇ ਹਨ। ਇਹ ਸਾਨੂੰ ਸਾਰਿਆਂ ਨੂੰ ਸਿੱਖਿਅਤ ਕਰਨ ਦਾ ਮੌਕਾ ਵੀ ਹੈ, ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਿਆਰੀ ਧਰਤੀ ਮਾਂ ਨੂੰ ਸਾਫ਼ ਤੇ ਸੁੰਦਰ ਬਣਾ ਕੇ ਰੱਖ ਸਕੀਏ।
ਪਰ ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਸਭ ਨੂੰ ਹਰ ਰੋਜ਼ ਹੀ 'ਧਰਤੀ ਦਿਵਸ' ਮਨਾਉਣਾ ਚਾਹੀਦਾ ਹੈ। ਸਾਨੂੰ ਅਜਿਹਾ ਜੀਵਨ ਢੰਗ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਸਾਡਾ 'ਕਾਰਬਨ ਪਦ-ਚਿੰਨ੍ਹ' (Carbon Footprint) ਘੱਟ ਹੋਵੇ। ਇਸਦਾ ਮਤਲਬ ਹੈ ਕਿ ਕਾਰਬਨ ਨਿਕਾਸ, ਕੁਦਰਤੀ ਸਰੋਤਾਂ ਦੀ ਵਰਤੋਂ, ਪਾਣੀ ਦੀ ਬਰਬਾਦੀ ਅਤੇ ਕੂੜੇ ਨੂੰ ਘਟਾਉਣ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ, ਉਹ ਜ਼ਰੂਰ ਕਰੀਏ। ਛੋਟੇ-ਛੋਟੇ ਕੰਮ ਵੀ ਵੱਡਾ ਫ਼ਰਕ ਪਾ ਸਕਦੇ ਹਨ।
ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਇਹਨਾਂ ਨੁਕਤਿਆਂ ਨੂੰ ਸ਼ਾਮਲ ਕਰਕੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹੋ:
♻️ਕੂੜਾ ਘਟਾਓ (Reduce): ਕੋਸ਼ਿਸ਼ ਕਰੋ ਕਿ ਤੁਸੀਂ ਘੱਟ ਤੋਂ ਘੱਟ ਕੂੜਾ ਪੈਦਾ ਕਰੋ। ਲੋੜ ਅਨੁਸਾਰ ਹੀ ਚੀਜ਼ਾਂ ਖਰੀਦੋ ਅਤੇ ਖਾਣਾ ਬਣਾਓ। ਦੁਨੀਆਂ ਵਿੱਚ 40% ਖਾਣਾ ਵਿਅਰਥ ਜਾਂਦਾ ਹੈ।
♻️ਮੁੜ ਵਰਤੋਂ (Reuse): ਜੇ ਹੋ ਸਕੇ, ਤਾਂ ਹਰ ਇੱਕ ਚੀਜ਼ ਨੂੰ ਦੁਬਾਰਾ ਵਰਤੋ। ਸਾਨੂੰ ਉਹ ਚੀਜ਼ਾਂ ਜਾਂ ਵਸਤਾਂ ਖ਼ਰੀਦਣੀਆਂ ਚਾਹੀਦੀਆਂ ਹਨ ਜਿਹੜੀਆਂ ਵਰਤੇ ਹੋਏ (Recycled) ਸਾਮਾਨ ਤੋਂ ਬਣੀਆਂ ਹੋਣ ਤੇ ਜਿਨ੍ਹਾਂ ਦੀ ਪੈਕਿੰਗ ਘੱਟੋ-ਘੱਟ ਹੋਵੇ ਤਾਂ ਕਿ ਸਾਨੂੰ ਘੱਟ ਕੂੜਾ ਸੁੱਟਣਾ ਹੀ ਨਾ ਪਏ।
♻️ਮੁੜ-ਵਰਤੋਂਯੋਗ ਬਣਾਉਣਾ ਜਾਂ ਰੀਸਾਈਕਲ ਕਰਨਾ (Recycle): ਵਰਤੇ ਹੋਏ ਸਮਾਨ ਨੂੰ ਇੱਕ ਹੋਰ ਜੀਵਨ ਦੇਣਾ, ਕੂੜੇ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਦਾ ਇੱਕ ਵਧੀਆ ਤਰੀਕਾ ਹੈ। ਮੁੜ-ਵਰਤੋਂਯੋਗ ਬਣਾਉਣ ਲਈ ਯੋਗ ਚੀਜ਼ਾਂ ਜਿਵੇਂ ਕਿ ਕਾਗਜ਼, ਪਲਾਸਟਿਕ, ਧਾਤਾਂ, ਕੱਚ ਆਦਿ ਲਈ ਇੱਕ ਖ਼ਾਸ ਕੂੜੇਦਾਨ ਰੱਖੋ ਜੋ ਤੁਸੀਂ ਆਪਣੇ ਸ਼ਹਿਰ ਦੇ ਨਗਰ-ਨਿਗਮ ਜਾਂ ਗੈਰ-ਸਰਕਾਰੀ ਸੰਸਥਾਵਾਂ (NGO) ਨੂੰ ਦੇ ਸਕਦੇ ਹੋ। ਪੁਰਾਣੀਆਂ ਇਲੈਕਟ੍ਰੋਨਿਕਸ ਵਸਤਾਂ (e-waste) ਜਿਵੇਂ ਕਿ ਮੋਬਾਈਲ ਫੋਨ, ਕੰਪਿਊਟਰ, ਟੈਲੀਵਿਜ਼ਨ ਆਦਿ ਨੂੰ ਮੁੜ ਵਰਤੋਂ ਲਈ ਜਾਂ ਉਨ੍ਹਾਂ ਦਾ ਸਹੀ ਤਰੀਕੇ ਨਾਲ਼ ਨਿਪਟਾਰਾ ਕਰਨ ਲਈ ਦੁਕਾਨਾਂ ਜਾਂ ਈ-ਵੇਸਟ ਸੈਂਟਰਾਂ ਵਿੱਚ ਵਾਪਸ ਕਰ ਸਕਦੇ ਹੋ। ਇਸ ਤਰ੍ਹਾਂ ਰੀਸਾਈਕਲ ਕਰਕੇ ਅਸੀਂ ਜੇ ਇੱਕ ਟਨ ਪੇਪਰ ਮੁੜ ਵਰਤਿਆ ਜਾਵੇ ਤਾਂ ਲਗਭਗ 22 ਦਰੱਖਤ ਬਚ ਸਕਦੇ ਹਨ। ਇਸ ਤੋਂ ਇਲਾਵਾ ਇਸ ਨਾਲ 71% ਬਿਜਲੀ ਦੀ ਬੱਚਤ ਵੀ ਹੁੰਦੀ ਹੈ ਅਤੇ ਹਵਾ ਵੀ 74% ਘੱਟ ਪ੍ਰਦੂਸ਼ਿਤ ਹੁੰਦੀ ਹੈ ਜੋ ਕਿ ਨਵਾਂ ਕਾਗਜ਼ ਤਿਆਰ ਕਰਨ ਵਿੱਚ ਲੱਗਦੀ ਹੈ।
💩ਢੇਰ ਜਾਂ ਕੰਪੋਸਟ (Compost): ਫਲਾਂ ਅਤੇ ਸਬਜ਼ੀਆਂ ਦੇ ਛਿੱਲੜ ਤੇ ਹੋਰ ਜੈਵਿਕ ਨਿਕ ਸੁੱਕ ਦੇ ਢੇਰ ਤੋਂ ਖਾਦ (compost) ਬਣਾ ਕੇ ਕੂੜਾ ਘਟਾਓ।
💦ਪਾਣੀ ਬਚਾਓ: ਪਾਣੀ ਜੋ ਜੀਵਨ ਦੀ ਹੋਂਦ ਲਈ ਜ਼ਰੂਰੀ, ਨੂੰ ਬਚਾਉਣਾ ਵਾਤਾਵਰਣ ਦੀ ਰੱਖਿਆ ਕਰਨ ਦਾ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਪਾਣੀ ਦੀ ਇੱਕ-ਇੱਕ ਬੂੰਦ ਕੀਮਤੀ ਹੈ। ਪਾਣੀ ਵਿਅਰਥ ਜਾਇਆ ਨਾ ਹੋਣ ਦੀਓ, ਆਪਣੇ ਨਲਕੇ ਤੇ ਟੂਟੀਆਂ ਬੰਦ ਰੱਖੋ, ਇਸ਼ਨਾਨ ਕਰਨ ਲਈ ਘੱਟ ਤੋਂ ਘੱਟ ਪਾਣੀ ਵਰਤੋਂ। ਤੁਸੀਂ ਮੀਂਹ ਦਾ ਪਾਣੀ ਸੰਭਾਲ ਕੇ ਪੌਦਿਆਂ ਲਈ ਵਰਤ ਸਕਦੇ ਹੋ।
ਆਓ ਅੰਤ ਵਿੱਚ ਇਹ ਨਾ ਭੁੱਲੀਏ ਕਿ ਸਾਡਾ ਗ੍ਰਹਿ ਸਾਡੀ ਪਿਆਰੀ ਧਰਤੀ, ਸਾਡੇ ਕੋਲ ਸਭ ਤੋਂ ਮਹੱਤਵਪੂਰਨ ਸਰੋਤ ਹੈ। ਇਸ ਧਰਤੀ ਦਿਵਸ 'ਤੇ, ਦੁਨੀਆ ਭਰ ਦੇ ਲੱਖਾਂ ਲੋਕਾਂ ਨਾਲ ਸ਼ਾਮਲ ਹੋ ਕੇ ਕੁਝ ਚੰਗਾ ਕਰੀਏ ਤੇ ਆਪਣੇ ਜੀਵਨ ਨੂੰ ਲੇਖੇ ਲਾਈਏ। ਉਦਾਹਰਣ ਵਜੋਂ, ਤੁਸੀਂ ਸਿੱਖ ਸਕਦੇ ਹੋ ਕਿ ਜੈਵਿਕ ਕੂੜੇ ਤੋਂ ਖਾਦ ਕਿਵੇਂ ਬਣਾਈਏ ਜਾਂ ਆਪਣਾ ਛੋਟਾ ਜਿਹਾ ਪੌਦਾ ਕਿਵੇਂ ਉਗਾਇਆ ਜਾਵੇ। ਤੁਸੀਂ ਪਲਾਸਟਿਕ ਦਾ ਇੱਕ ਟੁਕੜਾ ਵੀ ਚੁੱਕ ਸਕਦੇ ਹੋ ਜੋ ਤੁਹਾਨੂੰ ਬਾਹਰ ਡਿਗਿਆ ਮਿਲਦਾ ਹੈ।