ਸ਼ੇਖ਼ ਫ਼ਰੀਦ ਜੀ (ਪੂਰਾ ਨਾਮ ਫਰੀਦੁੱ-ਦੀਨ ਮਸਊਦ) ਜਾਂ ਬਾਬਾ ਫ਼ਰੀਦ ਜੀ 13ਵੀਂ ਸਦੀ ਦੇ ਮਹਾਨ ਪੰਜਾਬੀ ਸੂਫ਼ੀ ਕਵੀ ਤੇ ਪੀਰ ਹੋਏ ਹਨ ਜਿਨ੍ਹਾਂ ਨੂੰ ਮੁਸਲਮਾਨ ਤੇ ਹਿੰਦੂ ਦੋਵੇਂ ਪਿਆਰ ਤੇ ਸਤਿਕਾਰ ਦਿੰਦੇ ਸਨ।
ਆਪ ਜੀ ਦਾ ਜਨਮ ਖੇਤਵਾਲ ਜ਼ਿਲ੍ਹਾ ਮੁਲਤਾਨ ਵਿੱਚ ਮਾਤਾ ਮਰੀਅਮ ਤੇ ਪਿਤਾ ਸ਼ੇਖ਼ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਹੋਇਆ 1173 ਈਸਵੀ ਨੂੰ ਹੋਇਆ। ਆਪ ਜੀ ਦੇ ਗੁਰੂ ਜਾਂ ਮੁਰਸ਼ਦ ਖ਼ੁਆਜਾ ਕੁਤਬਦੀਨ ਬਖ਼ਤਿਆਰ ਕਾਕੀ ਸਨ।
ਆਪ ਜੀ ਦਾ ਸੁਭਾਅ ਬਹੁਤ ਮਿੱਠਾ ਸੀ ਜਿਸ ਕਰਕੇ ਪਿਆਰ ਨਾਲ਼ ਆਪ ਨੂੰ ਗੰਜੇ-ਸ਼ੱਕਰ ਭਾਵ ਮਿਠਾਸ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਆਪ ਜੀ ਦੀ ਬਾਣੀ ਵੀ ਬਹੁਤ ਮਿੱਠੀ ਹੈ।
ਆਪ ਜੀ ਦੀਆਂ ਕਾਵਿ-ਰਚਨਾਵਾਂ ਜਾਂ 112 ਸਲੋਕ ਤੇ 4 ਸ਼ਬਦ, ‘ਸ੍ਰੀ ਗੁਰੂ ਗਰੰਥ ਸਾਹਿਬ’ ਵਿੱਚ ਦਰਜ ਹਨ। ਆਪ ਜੀ ਦੀਆਂ ਰਚਨਾਵਾਂ ਵਿੱਚ ਮਨੁੱਖੀ ਪਿਆਰ, ਦੁੱਖ-ਦਰਦ, ਬਿਰਹਾ ਆਦਿ ਦੀਆਂ ਭਾਵਨਾਵਾਂ ਦਾ ਖੂਬਸੂਰਤ ਤਰੀਕੇ ਨਾਲ਼ ਵਰਣਨ ਕੀਤਾ ਗਿਆ ਹੈ ਉਹ ਮਨੁੱਖ ਨੂੰ ਸਦਾਚਾਰੀ (ਚੰਗੇ ਆਚਰਣ ਵਾਲ਼ਾ) ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਜੀ ਦੇ ਜੀਵਨ ਦੀ ਛੋਹ ਨਾਲ ਲੱਖਾਂ ਬੰਦਿਆਂ ਨੂੰ ਜ਼ਿੰਦਗੀ ਦਾ ਸਹੀ ਰਾਹ ਲੱਭਿਆ।
ਆਪ ਜੀ ਨੇ 93 ਸਾਲ ਦੀ ਉਮਰ ਵਿਚ ਅਜੋਧਣ (ਪਾਕ-ਪਟਨ) ਵਿਖੇ ਅਕਾਲ ਚਲਾਣਾ ਕੀਤਾ।
ਆਪ ਜੀ ਦੀ ਬਾਣੀ ਵਿੱਚੋਂ ਕੁਝ ਸ਼ਬਦ ਤੇ ਸਲੋਕ ਹੇਠਾਂ ਦਿੱਤੇ ਜਾ ਰਹੇ ਹਨ -
ਆਸਾ ਸੇਖ ਫਰੀਦ ਜੀਉ ਕੀ ਬਾਣੀ ੴ ਸਤਿਗੁਰ ਪ੍ਰਸਾਦਿ ॥ ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥ ਜਿੰਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ {ਪੰਨਾ 488}
ਪਦ ਅਰਥ: ਜਿੰਨ੍ ਮੁਹਬਤਿ = ਜਿਨ੍ਹਾਂ ਦੀ ਮੁਹੱਬਤਿ। ਸਚਿਆ = ਸੱਚੇ ਆਸ਼ਕ, ਸੱਚੀ ਮੁਹੱਬਤਿ ਕਰਨ ਵਾਲੇ। ਸੇਈ = ਉਹੀ ਬੰਦੇ। ਜਿੰਨ੍ ਮਨਿ = ਜਿਨ੍ਹਾਂ ਦੇ ਮਨ ਵਿਚ। ਮੁਖਿ = ਮੂੰਹ ਵਿਚ। ਕਾਂਢੇ = ਕਹੇ ਜਾਂਦੇ ਹਨ। ਕਚਿਆ = ਕੱਚੀ ਪ੍ਰੀਤ ਵਾਲੇ।1।
ਰਤੇ = ਰੱਤੇ, ਰੰਗੇ ਹੋਏ। ਇਸਕ = ਮੁਹੱਬਤਿ, ਪਿਆਰ। ਰੰਗਿ = ਰੰਗ ਵਿਚ। ਭੁਇ = ਧਰਤੀ ਉੱਤੇ। ਥੀਏ = ਹੋ ਗਏ ਹਨ।1। ਰਹਾਉ।
ਲੜਿ = ਲੜ ਨਾਲ, ਪੱਲੇ ਨਾਲ। ਦਰਿ = (ਪ੍ਰਭੂ ਦੇ) ਦਰ ਤੇ। ਸੇ = ਉਹੀ ਬੰਦੇ। ਜਣੇਦੀ = ਜੰਮਣ ਵਾਲੀ। ਧੰਨੁ = ਭਾਗਾਂ ਵਾਲੀ। ਮਾਉ = ਮਾਂ।2।
ਪਰਵਦਗਾਰ = ਹੇ ਪਾਲਣਹਾਰ! ਅਗਮ = ਹੇ ਅਪਹੁੰਚ! ਤੂ = ਤੈਨੂੰ। ਸਚੁ = ਸਦਾ-ਥਿਰ ਰਹਿਣ ਵਾਲੇ ਨੂੰ। ਮੂੰ = ਮੈਂ।3।
ਪਨਹ = ਓਟ, ਪਨਾਹ। ਖੁਦਾਇ = ਹੇ ਖ਼ੁਦਾ! ਹੇ ਪ੍ਰਭੂ! ਬਖਸੰਦਗੀ = ਬਖ਼ਸ਼ਣ ਵਾਲਾ। ਫਰੀਦੈ = ਫ਼ਰੀਦ ਨੂੰ।4।
ਅਰਥ: ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ) ; ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ।1। ਰਹਾਉ।
ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ; ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ।1।
ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ, ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ।2।
ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ।3।
ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ; ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ।4।1।
ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥ ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥ {ਪੰਨਾ 794}
ਪਦਅਰਥ: ਤਪਿ ਤਪਿ = ਖਪ ਖਪ ਕੇ, ਦੁਖੀ ਹੋ ਹੋ ਕੇ। ਲੁਹਿ ਲੁਹਿ = ਲੁੱਛ ਲੁੱਛ ਕੇ, ਤੜਪ ਤੜਪ ਕੇ। ਹਾਥ ਮਰੋਰਉ = ਮੈਂ ਹੱਥ ਮਲਦੀ ਹਾਂ, ਮੈਂ ਪਛੁਤਾਉਂਦੀ ਹਾਂ। ਬਾਵਲਿ = ਕਮਲੀ, ਝੱਲੀ। ਲੋਰਉ = ਮੈਂ ਲੱਭਦੀ ਹਾਂ। ਸਹਿ = ਸਹ ਨੇ, ਖਸਮ ਨੇ। ਰੋਸੁ = ਗੁੱਸਾ। ਸਹ = ਖਸਮ ਦਾ।੧।
ਸਾਰ = ਕਦਰ। ਖੋਇ = ਗਵਾ ਕੇ।੧।ਰਹਾਉ।
ਕਿਤ ਗੁਨ = ਕਿਨ੍ਹਾਂ ਗੁਣਾਂ ਦੇ ਕਾਰਨ। ਹਉ = ਮੈਂ। ਬਿਰਹੈ– ਵਿਛੋੜੇ ਵਿਚ। ਜਾਲੀ = ਸਾੜੀ।੨।
ਵਿਧਣ = (ਵਿਧ੍ਵਨ) ਕੰਬਾਉਣ ਵਾਲੀ, ਡਰਾਉਣ ਵਾਲੀ, ਭਿਆਨਕ। ਮੁੰਧ = ਇਸਤ੍ਰੀ। ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਤ ਸੰਗ ਵਿਚ। ਬੇਲੀ = ਮਦਦਗਾਰ।੩।
ਵਾਟ = ਜੀਵਨ = ਸਫ਼ਰ। ਉਡੀਣੀ = ਦੁਖਦਾਈ, ਚਿੰਤਾਤੁਰ ਕਰਨ ਵਾਲੀ। ਖੰਨਿਅਹੁ = ਖੰਡੇ ਨਾਲੋਂ। ਪਿਈਣੀ = ਤੇਜ਼ ਧਾਰ ਵਾਲੀ, ਪਤਲੀ। ਸਮ੍ਹ੍ਹਾਰਿ = ਸੰਭਾਲ। ਸਵੇਰਾ = ਸੁਵਖਤੇ।੪।
ਅਰਥ: ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ, ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ।ਰਹਾਉ।
ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ, ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਖਸਮ-ਪ੍ਰਭੂ! ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ, ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।੧।
(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ? (ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। (ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ? (ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ।੨।
(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ) ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ। ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ, (ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ।੩।
ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ; ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ।੪।੧।
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥ {ਪੰਨਾ 1378}
ਪਦ ਅਰਥ: ਅਕਲਿ ਲਤੀਫੁ = ਲਤਫ਼ਿ ਅਕਲ ਵਾਲਾ, ਬਰੀਕ ਸਮਝ ਵਾਲਾ। ਕਾਲੇ ਲੇਖੁ = ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ-ਪੜਚੋਲ। ਗਿਰੀਵਾਨ = ਬੁੱਕਲ।
ਅਰਥ: ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ; ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ।6।
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥ {ਪੰਨਾ 1378}
ਪਦ ਅਰਥ: ਤੈ = ਤੈਨੂੰ। ਤਿਨ੍ਹ੍ਹਾ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਮਾਰੇ = ਮਾਰਿ। ਨ ਮਾਰੇ = ਨਾਹ ਮਾਰ। ਘੁੰਮਿ = ਘੁੰਮ ਕੇ, ਪਰਤ ਕੇ। ਆਪਨੜੈ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਸ਼ਾਂਤ ਅਵਸਥਾ ਵਿਚ। ਚੁੰਮਿ = ਚੁੰਮ ਕੇ। ਜਾਈਐ = ਅੱਪੜ ਜਾਈਦਾ ਹੈ।
ਅਰਥ: ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ) ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ।7।
ਨੋਟ: ਫਰੀਦ ਜੀ ਇਹਨਾਂ ਸਾਰੇ ਸ਼ਲੋਕਾਂ ਵਿਚ ਦੱਸ ਰਹੇ ਹਨ ਕਿ ਜਿਸ ਬੰਦੇ ਉੱਤੇ ਸਾਈਂ ਦੀ ਮਿਹਰ ਹੋਵੇ ਉਹ ਇਹਨਾਂ ਉਪਰ ਲਿਖਿਆਂ ਜੁਗਤੀਆਂ ਨਾਲ ਦੁਨੀਆ ਵਾਲੀ 'ਪੋਟਲੀ' ਸਿਰ ਤੋਂ ਲਾਹ ਦੇਂਦਾ ਹੈ।
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥ {ਪੰਨਾ 1378}
ਪਦ ਅਰਥ: ਖਾਕੁ = ਮਿੱਟੀ (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ, ਇਸੇ ਤਰ੍ਹਾਂ ਦੇ ਹੋਰ ਲਫ਼ਜ਼ ਖੰਡੁ, ਵਿਸੁ, ਜਿੰਦ। ਜਦੋਂ ਇਹਨਾਂ (ੁ) ਅੰਤ ਵਿਚ ਲਫ਼ਜ਼ਾਂ ਨਾਲ ਕੋਈ 'ਸੰਬੰਧਕ' ਵਰਤੀਦਾ ਹੈ ਜਾਂ ਇਹਨਾਂ ਨੂੰ ਕਿਸੇ 'ਕਾਰਕ'-ਰੂਪ ਵਿਚ ਵਰਤੀਦਾ ਹੈ ਤਾਂ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ', 'ਵਿਸੁ' ਅਤੇ 'ਵਿਸੂ') । ਜੇਡੁ = ਜੇਡਾ, ਵਰਗਾ।
ਅਰਥ: ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। (ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ 'ਗ਼ਰੀਬੀ-ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗ਼ਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) । 17।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}
ਪਦ ਅਰਥ: ਜੰਗਲੁ ਜੰਗਲੁ = ਹਰੇਕ ਜੰਗਲ। ਕਿਆ ਭਵਹਿ = ਗਾਹਣ ਦਾ ਕੀਹ ਲਾਭ? ਵਣਿ = ਵਣ ਵਿਚ, ਜੰਗਲ ਵਿਚ। ਕਿਆ ਮੋੜੇਹਿ = ਕਿਉਂ ਲਤਾੜਦਾ ਹੈਂ? ਵਸੀ = ਵੱਸਦਾ ਹੈ। ਹਿਆਲੀਐ = ਹਿਰਦੇ ਵਿਚ। ਕਿਆ ਢੂਢੇਹਿ = ਭਾਲਣ ਦਾ ਕੀਹ ਲਾਭ?
ਅਰਥ: ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ?। 19।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ {ਪੰਨਾ 1379}
ਪਦ ਅਰਥ: ਕਾਠ ਕੀ ਰੋਟੀ = ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ = ਭਾਜੀ, ਸਲੂਣਾ। ਘਣੇ = ਬੜੇ। ਚੋਪੜੀ = ਚੰਗੀ-ਚੋਖੀ, ਸੁਆਦਲੀ (ਰੋਟੀ) ।
ਅਰਥ: ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ। ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) । 28।
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ {ਪੰਨਾ 1379}
ਪਦ ਅਰਥ: ਦੇਖਿ = ਵੇਖ ਕੇ।
ਅਰਥ: ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ। ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ। 29।
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ {ਪੰਨਾ 1379}
ਪਦ ਅਰਥ: ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ। ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ।
ਅਰਥ: ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ) । ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ) , ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) । 36।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥ ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥ {ਪੰਨਾ 1380}
ਪਦ ਅਰਥ: ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ। ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ।
ਅਰਥ: ਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ। ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ। 46।
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ {ਪੰਨਾ 1381}
ਪਦ ਅਰਥ: ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ। ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ, ਇਹ ਗੱਲ ਸਮਝਣ ਲਈ ਪੜ੍ਹੋ ਮੇਰਾ 'ਗੁਰਬਾਣੀ ਵਿਆਕਰਣ') । ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ।
ਅਰਥ: ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ, ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ। 59।
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥ {ਪੰਨਾ 1381}
ਪਦ ਅਰਥ: ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ। ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ।
ਅਰਥ: ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ। ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ। 60।
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ {ਪੰਨਾ 1381}
ਪਦ ਅਰਥ: ਮੈਡੇ = ਮੇਰੇ। ਵੇਸੁ = ਪਹਿਰਾਵਾ, ਪੋਸ਼ਾਕ। ਗੁਨਹੀ = ਗੁਨਾਹਾਂ ਨਾਲ। ਫਿਰਾ = ਫਿਰਾਂ, ਫਿਰਦਾ ਹਾਂ। ਲੋਕੁ = ਜਗਤੁ। ਕਹੈ– ਆਖਦਾ ਹੈ।
ਅਰਥ: ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ (ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ। 61।
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ {ਪੰਨਾ 1382}
ਪਦ ਅਰਥ: ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ। ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ।
ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}
ਪਦ ਅਰਥ: ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ। ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਜੋਗ ਹੈ, ਸਦਾ (ਿ) -ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ।
ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ) , (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ। ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) । 81।
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ {ਪੰਨਾ 1382}
ਪਦ ਅਰਥ: ਥੀਆ = ਹੋ ਗਿਆ ਹੈ। ਪਿੰਜਰੁ ਥੀਆ = ਹੱਡੀਆਂ ਦੀ ਮੁੱਠ ਹੋ ਗਿਆ ਹੈ। ਖੂੰੰਡਹਿ = ਠੂੰਗ ਰਹੇ ਹਨ। ਕਾਗ = ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ। ਅਜੈ = ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ) । ਨ ਬਾਹੁੜਿਓ = ਨਹੀਂ ਤੁੱਠਾ, ਤਰਸ ਨਹੀਂ ਕੀਤਾ।
ਅਰਥ: ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ) । ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) । 90।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ {ਪੰਨਾ 1382}
ਪਦ ਅਰਥ: ਕਾਗਾ = ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ। ਕਰੰਗ = ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ। ਸਗਲਾ = ਸਾਰਾ। ਮਤਿ ਛੁਹਉ = ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: 25 ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ') । ਆਸ = ਤਾਂਘ।
ਅਰਥ: ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ) । ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ। 91।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ {ਪੰਨਾ 1382}
ਪਦ ਅਰਥ: ਕਾਗਾ = ਹੇ ਕਾਂ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ! ਚੂੰਡਿ ਨ = ਨਾਹ ਠੂੰਗ। ਪਿੰਜਰਾ = ਸੁੱਕਾ ਹੋਇਆ ਸਰੀਰ। ਬਸੈ = (ਜੇ) ਵੱਸ ਵਿਚ (ਹੈ) , ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇਂ। ਤ = ਤਾਂ। ਜਿਤੁ = ਜਿਸ ਵਿਚ। ਜਿਤੁ ਪਿੰਜਰੈ = ਜਿਸ ਸਰੀਰ ਵਿਚ। ਤਿਦੂ = ਉਸ ਸਰੀਰ ਵਿਚੋਂ।
ਅਰਥ: ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ, ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) । 92।
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ {ਪੰਨਾ 1383}
ਪਦ ਅਰਥ: ਕੰਨੈ = ਕੰਢੇ ਤੇ। ਕੇਲ = ਕਲੋਲ। ਹੰਝ = ਹੰਸ (ਜਿਹਾ ਚਿੱਟਾ ਬਗੁਲਾ) । ਅਚਿੰਤੇ = ਅਚਨ-ਚੇਤ। ਤਿਹੁ = ਉਸ (ਹੰਝ) ਨੂੰ। ਵਿਸਰੀਆਂ = ਭੁੱਲ ਗਈਆਂ। ਮਨਿ = ਮਨ ਵਿਚ। ਚੇਤੇ ਸਨਿ = ਚੇਤੇ ਵਿਚ ਸਨ, ਯਾਦ ਸਨ। ਗਾਲੀ = ਗੱਲਾਂ।
ਅਰਥ: ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ (ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ) । ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ) । ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ। 99।
ਪਾਠ ਅਭਿਆਸ:
ਸ਼ੇਖ਼ ਫ਼ਰੀਦ ਜੀ ਦੇ ਸ਼ਬਦ ਤੇ ਸਲੋਕ ਪੜ੍ਹ ਕੇ ਕਿਹੜੇ-ਕਿਹੜੇ ਸਦਾਚਾਰਿਕ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਮਿਲ਼ਦੀ ਹੈ?
ਹਵਾਲੇ:
ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ, ਸਲੋਕ ਸੇਖ ਫਰੀਦ ਕੇ
ਸਾਹਿਤ ਮਾਲ਼ਾ:10, ਪੰਜਾਬ ਸਕੂਲ ਸਿੱਖਿਆ ਬੋਰਡ, ਪੰਨਾ 26