ਬਾਬਾ ਬੁਲ੍ਹੇ ਸ਼ਾਹ ਜੀ (ਪੂਰਾ ਨਾਮ ਸਯਦ ਅਬਦੁੱਲਾ ਸ਼ਾਹ ਕਾਦਰੀ) ਦਾ ਜਨਮ ਪਿੰਡ ਪਾਂਡੋਕੇ, ਜ਼ਿਲ੍ਹਾ ਲਾਹੌਰ ਵਿਖੇ, ਮਾਤਾ ਫ਼ਾਤਿਮਾ ਬੀਬੀ ਤੇ ਪਿਤਾ ਮੀਆਂ ਮੁਹੰਮਦ ਦਰਵੇਸ਼ ਦੇ ਗ੍ਰਹਿ ਵਿਖੇ 1680 ਨੂੰ ਹੋਇਆ। ਭਰ ਜਵਾਨੀ ਵਿੱਚ ਉਨ੍ਹਾਂ ਦੇ ਮਨ ਅੰਦਰ ਵਿਰਾਗ ਪੈਦਾ ਹੋ ਗਿਆ ਤੇ ਭਗਤੀ ਭਾਵਨਾ ਜਾਗ ਪਈ ਤੇ ਉਹ ਰੱਬ ਨੂੰ ਪਾਉਣ ਦਾ ਤੇ ਖ਼ੁਦ ਨੂੰ ਸਮਝਣ ਦਾ ਰਸਤਾ ਲੱਭਣ ਲਈ ਕਿਸੇ ਮੁਰਸ਼ਦ (ਗੁਰੂ) ਦੀ ਤਲਾਸ਼ ਵਿੱਚ ਟੁਰ ਪਏ, ਜੋ ਉਨ੍ਹਾਂ ਨੂੰ ਸ਼ਾਹ ਇਨਾਇਤ ਕੋਲ਼ ਲੈ ਆਇਆ। ਉਨ੍ਹਾਂ ਨੇ ਸ਼ਾਹ ਇਨਾਇਤ ਨੂੰ ਆਪਣਾ ਮੁਰਸ਼ਦ ਧਾਰ ਲਿਆ।
ਬੁਲ੍ਹੇ ਸ਼ਾਹ ਭਗਤੀ ਤੇ ਮਸਤੀ ਵਾਲ਼ੇ ਇੱਕ ਮਹਾਨ ਸੂਫ਼ੀ ਕਵੀ ਸਨ। ਉਨ੍ਹਾਂ ਨੇ ਕਾਫ਼ੀਆ, ਅਠਵਾਰੇ, ਬਾਰਾਂਮਾਹ ਆਦਿ ਵਿਚ ਭਾਵ-ਭਰੀਆਂ ਕਵਿਤਾਵਾਂ ਰਚੀਆਂ। ਉਨ੍ਹਾਂ ਦੇ ਕਾਵਿ ਦੀ ਬੋਲੀ ਲਾਹੌਰੀ ਤੇ ਮੁਲਤਾਨੀ ਹੈ।
ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਕੁਫ਼ਰ ਈਮਾਨ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ?
ਇਸ਼ਕ ਦੀ ਨਵੀਉਂ ਨਵੀਂ ਬਹਾਰ
ਫੂਕ ਮੁਸੱਲਾ ਭੰਨ ਸਿੱਟ ਲੋਟਾ
ਨਾ ਫੜ ਤਸਬੀ ਕਾਸਾ ਸੋਟਾ
ਆਲਿਮ ਕਹਿੰਦਾ ਦੇ ਦੇ ਹੋਕਾ
ਤਰਕ ਹਲਾਲੋਂ, ਖਾ ਮੁਰਦਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਉਮਰ ਗਵਾਈ ਵਿਚ ਮਸੀਤੀ
ਅੰਦਰ ਭਰਿਆ ਨਾਲ ਪਲੀਤੀ
ਕਦੇ ਨਮਾਜ਼ ਵਹਿਦਤ ਨਾ ਕੀਤੀ
ਹੁਣ ਕਿਉਂ ਕਰਨਾ ਏਂ ਧਾੜੋ ਧਾੜ।
ਇਸ਼ਕ ਦੀ ਨਵੀਉਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ
ਮਸਜਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕਰ ਦਵਾਰੇ ਵੜਿਆ
ਘਰ ਵਿਚ ਪਾਇਆ ਮਹਿਰਮ ਯਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਜਾਂ ਮੈਂ ਰਮਜ਼ ਇਸ਼ਕ ਦੀ ਪਾਈ
ਮੈਨਾ ਤੂਤੀ ਮਾਰ ਗਵਾਈ
ਅੰਦਰ ਬਾਹਰ ਹੋਈ ਸਫ਼ਾਈ
ਜਿਤ ਵੱਲ ਵੇਖਾਂ ਯਾਰੋ ਯਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਹੀਰ ਰਾਂਝੇ ਦੇ ਹੋ ਗਏ ਮੇਲੇ
ਭੁੱਲੀ ਹੀਰ ਢੂੰਡੇਦੀ ਬੇਲੇ
ਰਾਂਝਾ ਯਾਰ ਬੁੱਕਲ ਵਿਚ ਖੇਲੇ
ਮੈਨੂੰ ਸੁੱਧ ਬੁਧ ਰਹੀ ਨਾ ਸਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਵੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸੱਜਦੇ ਕਰਦਿਆਂ ਘੱਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਇਆ ਤਿਸ ਨੂਰ ਅਨਵਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਇਸ਼ਕ ਭੁਲਾਇਆ ਸਿਜਦਾ ਤੇਰਾ
ਹੁਣ ਕਿਉਂ ਐਵੇਂ ਪਾਵੇ ਝੇੜਾ
ਬੁੱਲ੍ਹਾ ਹੋ ਰਹੁ ਚੁੱਪ ਚੁਪੇੜਾ
ਚੱਕੀ ਸਗਲੀ ਕੂਕ ਪੁਕਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਤੇਰਾ ਨਾਮ ਧਿਆਈਦਾ ਸਾਈਂ
ਸਾਈਂ ਤੇਰਾ ਨਾਮ ਧਿਆਈਦਾ।
ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ
ਜਿਸ ਪਰ ਤਾਮ ਪਕਾਈਦਾ।
ਰਲ ਫਕੀਰਾਂ ਮਜਲਸ ਕੀਤੀ
ਭੋਰਾ-ਭੋਰਾ ਖਾਈਦਾ।
ਰੰਗੜ ਨਾਲੋਂ ਖਿੰਗਰ ਚੰਗਾ
ਜਿਸ ਪਰ ਪੈਰ ਘਸਾਈਦਾ
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ
ਜੋ ਬੱਕਰਾ ਬਣੇ ਕਸਾਈ ਦਾ।
ਮੋਮਨ - ਮੁਸਲਮਾਨ, ਕੁਫ਼ਰ - ਝੂਠ, ਪਾਕਾਂ - ਪਵਿੱਤਰ ਲੋਕਾਂ, ਪਲੀਤਾਂ - ਪਾਪੀਆਂ, ਮੂਸਾ - ਇਜ਼ਰਾਈਲ ਵੰਸ਼ ਦਾ ਇੱਕ ਪੈਗੰਬਰ ਜੋ ਹਜ਼ਰਤ ਈਸਾ ਮਸੀਹ ਤੋਂ1200 ਵਰ੍ਹੇ ਪਹਿਲਾਂ ਹੋਏ, ਫਿਰਔਨ - ਮਿਸਰ ਦਾ ਬਾਦਸ਼ਾਹ, ਜਿਸ ਦਾ ਮਾਣ ਮੂਸਾ ਨੇ ਤੋੜਿਆ, ਰਿੰਦਾਂ - ਮਲੰਗਾਂ, ਸ਼ਾਦੀ - ਖ਼ੁਸ਼ੀ, ਗ਼ਮਨਾਕੀ - ਗ਼ਮੀ, ਆਬੀ - ਪਾਣੀ ਦਾ ਬਣਿਆ ਹੋਇਆ, ਖ਼ਾਕੀ - ਮਿੱਟੀ ਦਾ ਬਣਿਆ ਹੋਇਆ, ਆਤਸ਼ - ਅੱਗ, ਨਗੌਰੀ - ਨਗੌਰ ਸ਼ਹਿਰ ਦਾ, ਨਦੌਣ - ਕਾਂਗੜੇ (ਹਿਮਾਚਲ) ਦਾ ਇੱਕ ਸ਼ਹਿਰ ਜਿੱਥੇ ਸੂਫ਼ੀਆਂ ਦਾ ਪ੍ਰਸਿੱਧ ਤਕੀਆ ਹੈ, ਨਾ ਵਿਚ ਬੈਠਣ ਨਾ ਵਿਚ ਭੌਣ - ਦੋ ਤਰ੍ਹਾਂ ਦੇ ਫਕੀਰ: ਇੱਕ ਡੇਰਾ ਬਣਾ ਕੇ ਬੈਠਣ ਵਾਲ਼ੇ ਜਿਨ੍ਹਾਂ ਨੂੰ ਕੁਟੀਚਰ ਆਖਦੇ ਹਨ, ਦੂਜੇ ਥਾਂ ਭੌਣ ਵਾਲ਼ੇ ਜਿਨ੍ਹਾਂ ਨੂੰ ਜੰਗਮ ਆਖਦੇ ਹਨ, ਮੁਸੱਲਾ - ਨਮਾਜ਼ ਪੜ੍ਹਨ ਦਾ ਆਸਣ, ਤਸਬੀ - ਮਾਲ਼ਾ, ਕਾਸਾ - ਪਿਆਲਾ, ਕਚਕੌਲ, ਵਹੀਦਤ - ਰੱਬੀ ਏਕਤਾ, ਆਲਿਮ - ਪੜ੍ਹਿਆ ਹੋਇਆ ਜਾਂ ਇਲਮ ਵਾਲ਼ਾ, ਮੈਨਾ ਤੂਤੀ - ਹੰਕਾਰ ਮੈਂ-ਮੈਂ ਤੂੰ-ਤੂੰ, ਨੂਰ ਅਨਵਾਰ - ਨੂਰਾਂ ਦਾ ਨੂਰ, ਤਾਮ - ਖਾਣਾ ਭੋਜਨ, ਮਜਲਸ - ਸਭਾ, ਇਕੱਠੇ ਹੋ ਕੇ ਬੈਠਣ ਦੀ ਥਾਂ, ਰੰਗੜ - ਇਸਲਾਮ ਮੱਤ ਧਾਰਨ ਕਰਨ ਵਾਲ਼ਾ ਰਾਜਪੂਤ, ਖਿੰਗਰ - ਆਵੇ ਦੀ ਅੱਗ ਨਾਲ਼ ਬਹੁਤ ਇੱਟਾਂ ਦਾ ਪੰਘਰ ਕੇ ਬਣਿਆ ਪੱਥਰ ਦੇ ਆਕਾਰ ਦਾ ਭਿੱਟਾ