ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲ਼ੀ
ਤੇਰੇ ਕੌਲ ‘ਤੇ ਅਸਾਂ ਵਸਾਹ ਕਰਕੇ
ਕੌੜਾ ਘੁੱਟ ਕੀਤੀ ਮਿੱਠੜੇ ਯਾਰ ਮੇਰੇ
ਮਿੱਠੜੇ ਯਾਰ ਮੇਰੇ, ਜਾਨੀ ਯਾਰ ਮੇਰੇ
ਤੇਰੇ ਕੌਲ ‘ਤੇ ਅਸਾਂ ਵਸਾਹ ਕਰਕੇ
ਝਾਂਜਰਾਂ ਵਾਂਗ, ਜ਼ੰਜੀਰਾਂ ਛਣਕਾਈਆਂ ਨੇ
ਕਦੀਂ ਪੈਰੀਂ ਬੇੜੀਆਂ ਚਾਈਆਂ ਨੇ
ਕਦੀਂ ਕੰਨੀਂ ਮੁੰਦਰਾਂ ਪਾਈਆਂ ਨੇ
ਤੇਰੀ ਤਾਂਘ ਵਿੱਚ ਪੱਟ ਦਾ ਮਾਸ ਦੇ ਕੇ
ਅਸਾਂ ਕਾਗ ਸੱਦੇ, ਅਸਾਂ ਸੀਂਹ ਘੱਲੇ
ਰਾਤ ਮੁੱਕਦੀ ਏ, ਯਾਰ ਆਂਵਦਾ ਏ
ਅਸੀਂ ਤੱਕਦੇ ਰਹੇ ਹਜ਼ਾਰ ਵੱਲੇ
ਕੋਈ ਆਇਆ ਨ ਬਿਨਾ ਖੁਨਾਮੀਆਂ ਦੇ
ਕੋਈ ਪੁੱਜਾ ਨਾ ਸਿਵਾ ਉਲ੍ਹਾਮਿਆਂ ਦੇ
ਅੱਜ ਲਾਹ ਉਲਾਹੰਮੇ ਮਿੱਠੜੇ ਯਾਰ ਮੇਰੇ
ਅੱਜ ਆ ਵਿਹੜੇ ਵਿੱਛੜੇ ਯਾਰ ਮੇਰੇ
ਫ਼ਜਰ ਹੋਵੇ ਤੇ ਆਖੀਏ ਬਿਸਮਿੱਲਾ
ਅੱਜ ਦੌਲਤਾਂ ਸਾਡੇ ਘਰ ਆਈਆਂ ਨੇ
ਜਿਦ੍ਹੇ ਕੌਲ ‘ਤੇ ਅਸਾਂ ਵਸਾਹ ਕੀਤਾ
ਉਹਨੇ ਓੜਕ ਤੋੜ ਨਿਭਾਈਆਂ ਨੇ।
ਗੀਤ: ਕਿੱਧਰੇ ਨਾ ਪੈਂਦੀਆਂ ਦੱਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਕਾਗ ਉਡਾਵਾਂ ਸ਼ਗਨ ਮਨਾਵਾਂ
ਵਗਦੀ ਵਾ ਦੇ ਤਰਲੇ ਪਾਵਾਂ
ਤੇਰੀ ਯਾਦ ਆਵੇ ਤੇ ਰੋਵਾਂ
ਤੇਰਾ ਜ਼ਿਕਰ ਕਰਾਂ ਤੇ ਹੱਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਦਰਦ ਨਾ ਦੱਸਾਂ ਘੁਲ਼ਦੀ ਜਾਵਾਂ
ਰਾਜ਼ ਨਾ ਖੋਲ੍ਹਾਂ, ਮੁੱਕਦੀ ਜਾਵਾਂ
ਕਿਸ ਨੂੰ ਦਿਲ ਦੇ ਦਾਗ਼ ਦਿਖਾਵਾਂ
ਕਿਸ ਡਰ ਅੱਗੇ ਝੋਲ਼ੀ ਡਾਹਵਾਂ
ਵੇ ਮੈਂ ਕਿਸ ਦਾ ਦਾਮਨ ਖਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਸ਼ਾਮ ਉਡੀਕਾਂ, ਫ਼ਜਰ ਉਡੀਕਾਂ
ਆਖੇ ਤਾਂ ਸਾਰੀ ਉਮਰ ਉਡੀਕਾਂ
ਆਂਢ ਗਵਾਂਢੀ ਦੀਵੇ ਬਲ਼ਦੇ
ਰੱਬਾ ਸਾਡਾ ਚਾਨਣ ਘੱਲ ਦੇ
ਜੱਗ ਵੱਸਦਾ ਏ ਮੈਂ ਵੀ ਵੱਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਕਿੱਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਅੱਜ ਰਾਤ ਇੱਕ ਰਾਤ ਦੀ ਰਾਤ ਜੀ ਕੇ
ਅਸਾਂ ਜੁੱਗ ਹਜ਼ਾਰਾਂ ਜੀ ਲੀਤਾ ਏ
ਅੱਜ ਰਾਤ ਅੰਮ੍ਰਿਤ ਦੇ ਜਾਮ ਵਾਂਗੂ
ਇਹਨਾਂ ਹੱਥਾਂ ਨੇ ਯਾਰ ਨੂੰ ਪੀ ਲੀਤਾ ਏ।