ਪ੍ਰੋ: ਪੂਰਨ ਸਿੰਘ
ਸ੍ਰੀ ਗੁਰੂ ਨਾਨਕ ਇੱਕ ਰੂਹਾਨੀ ਗੀਤ ਵਾਂਗ ਆਏ, ਜਿਵੇਂ ਹੀ ਉਨ੍ਹਾਂ ਨੇ ਸੀਤਲ ਹਵਾ ਨੂੰ ਮਹਿਸੂਸ ਕੀਤਾ ਤੇ ਗਹਿਰਾ ਨੀਲਾ ਆਕਾਸ਼ ਦੇਖਿਆ ਤਾਂ ਉਹ ਗਾਉਣ ਲੱਗੇ।
ਉਹ ਮੁਸਕਾਨ ਨਾਲ ਭਰਪੂਰ ਬਾਲਕ ਸਨ, ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ਾਮੋਸ਼ੀ ਤੇ ਸਿਆਣਪ ਝਲਕਦੀ ਸੀ; ਉਹ ਰੂਹ ਦੀ ਤਸਕੀਨ (ਮਨ ਦੀ ਸ਼ਾਂਤੀ) ਨੂੰ ਪਸੰਦ ਕਰਦੇ ਸਨ, ਉਹ ਖ਼ੁਸ਼ੀ ਤੇ ਬ੍ਰਹਮ-ਵਿਚਾਰਾਂ ਨੂੰ ਪਸੰਦ ਕਰਦੇ ਸਨ।
ਜਿਸ ਕਿਸੇ ਨੇ ਵੀ ਉਨ੍ਹਾਂ ਦੇ ਦੀਦਾਰ ਕੀਤੇ ਜਾਂ ਅਚਨਚੇਤ ਸਪਰਸ਼ ਕੀਤਾ, ਤਾਂ ਉਹ ਰੱਬ ਦੀ ਵਡਿਆਈ ਕੀਤੇ ਬਿਨਾ ਨਾ ਰਹਿ ਸਕਿਆ। ਜਿਸ ਕਿਸੇ ਨੀ ਵੀ ਉਨ੍ਹਾਂ ਨੂੰ ਚੁੱਕਿਆ ਜਾਂ ਉਨ੍ਹਾਂ ਨਾਲ਼ ਖੇਡਿਆ, ਉਸ ਦੇ ਧੁਰ ਅੰਦਰ ਅਨੰਦਮਈ ਝਰਨਾਹਟ ਫੈਲ ਗਈ। ਪਰ ਕੋਈ ਨਹੀਂ ਸੀ ਜਾਣਦਾ ਕਿ ਉਸ ਨੂੰ ਰੂਹ ਦੀ ਉਹ ਖੁਸ਼ੀ ਕਿੱਥੋਂ ਮਿਲੀ?
ਹਰ ਕਿਸੇ ਨੇ ਦੇਖਿਆ ਕਿ ਉਹ ਰੱਬੀ ਨੂਰ ਸਨ; ਉਹ ਅਤਿਅੰਤ ਖੂਬਸੂਰਤ ਸਨ, ਵਿਲੱਖਣ ਰਮਜ਼ ਭਰਿਆ ਉਨ੍ਹਾਂ ਦਾ ਰੰਗ ਤੇ ਜੁੱਸਾ ਸੀ, ਜਿਸ ਵਿੱਚੋਂ ਇੱਕ ਨਵੇਂ ਹੀ ਨੂਰ ਦੇ ਝਲਕਾਰੇ ਪੈਂਦੇ ਸਨ। ਉਨ੍ਹਾਂ ਨੇ ਹਰ ਕਿਸੇ ‘ਤੇ ਅਜਿਹਾ ਜਾਦੂ ਕਰ ਦਿੱਤਾ ਜਿਸ ਤੋਂ ਉਹ ਬਚ ਨਾ ਸਕਿਆ, ਰਾਏ ਬੁਲਾਰ, ਉਨ੍ਹਾਂ ਦੀ ਜਨਮ ਭੋਂਇ ਦਾ ਮੁਸਲਿਮ ਜ਼ਿਮੀਦਾਰ, ਉਨ੍ਹਾਂ ਨੂੰ ਬੇਹੱਦ ਪਿਆਰ ਕਰਦਾ ਸੀ; ਬ੍ਰਾਹਮਣ ਪਾਂਧਾ ਵੀ ਉਨ੍ਹਾਂ ਦਾ ਕਾਇਲ ਸੀ; ਜੋ ਕੋਈ ਵੀ ਉਨ੍ਹਾਂ ਨੂੰ ਮਿਲਿਆ, ਉਨ੍ਹਾਂ ਵੱਲ ਖਿੱਚਿਆ ਚਲਿਆ ਗਿਆ।
ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨੇ ਸ਼ੁਰੂ ਤੋਂ ਹੀ ਉਨ੍ਹਾਂ ਵਿੱਚ ਰੱਬੀ ਨੂਰ ਵੇਖ ਲਿਆ ਸੀ, ਅਤੇ ਇਸ ਗੱਲ ਨੂੰ ਇੱਕ ਗਹਿਰਾ ਰਾਜ਼ ਹੀ ਰੱਖਿਆ ਸੀ। ਰੱਬੀ ਮਿਹਰ ਨਾਲ਼ ਉਹ ਉਨ੍ਹਾਂ ਦੇ ਸਭ ਤੋਂ ਪਹਿਲੇ ਸਿੱਖ ਸਨ। ਰਾਏ ਬੁਲਾਰ ਦੂਜੇ ਸਿੱਖ ਸਨ; ਉਨ੍ਹਾਂ ਨੇ ਨਾਨਕ ਦੇ ਅੰਦਰ ਅਜਿਹਾ ਰੂਹਾਨੀ ਨੂਰ ਦੇਖਿਆ ਜੋ ਸਦੀਆਂ ਵਿੱਚ ਕਦੇ ਸਿਰਫ਼ ਇੱਕ ਵਾਰ ਹੀ ਦਿਖਾਈ ਦਿੰਦਾ ਹੈ। ਬਜ਼ੁਰਗ ਅਵਸਥਾ ਵਿੱਚ ਵੀ ਰਾਏ ਬੁਲਾਰ ਆਪਣੇ ਮੁਰਸ਼ਦ ਲਈ ਕਿਸੇ ਬੱਚੇ ਵਾਂਗ ਵਿਲਕਦੇ ਸਨ।
ਬਾਲ ਨਾਨਕ ਦੇ ਸੰਤ-ਪੁਰਖ ਤੇ ਗੁਰੂ ਹੋਣ ਦੇ ਸੰਕੇਤ ਬਚਪਨ ਤੋਂ ਹੀ ਪ੍ਰਤੱਖ ਸਨ। ਉਨ੍ਹਾਂ ਨੇ ਬਾਣੀ ਤੇ ਸੰਗੀਤਕ ਬੰਦਿਸ਼ਾਂ ਰਚੀਆਂ, ਰੱਬ ਤੇ ਜ਼ਿੰਦਗੀ ਦੀ ਗੱਲ ਕੀਤੀ, ਉਨ੍ਹਾਂ ਦਾ ਭੋਲਾ ਮਨ ਸਭ ਲਈ ਇੱਕ ਅਚੰਭਾ ਸੀ।
ਅੰਗ੍ਰੇਜ਼ੀ ਤੋਂ ਅਨੁਵਾਦ: ਅਮਨਦੀਪ ਸਿੰਘ
(ਚੱਲਦਾ)